ਦੇਸ਼ ਅੰਦਰ ਖਾਲਿਸਤਾਨ ਕਹਿਣਾ ਗੁਨਾਹ ਨਹੀਂ, ਇਹ ਹੱਕ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵੀ ਦਿੰਦੀ ਹੈ : ਪੰਜੋਲੀ 

ਦੇਸ਼ ਅੰਦਰ ਖਾਲਿਸਤਾਨ ਕਹਿਣਾ ਗੁਨਾਹ ਨਹੀਂ, ਇਹ ਹੱਕ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵੀ ਦਿੰਦੀ ਹੈ : ਪੰਜੋਲੀ 

ਪਟਿਆਲਾ ਸ਼ਹਿਰ ’ਚ ਵਾਪਰੀ ਹਿੰਸਕ ਘਟਨਾ ’ਤੇ ਸਿੱਖ ਜਥੇਬੰਦੀਆਂ ਦੀ ਹੋਈ ਇਕੱਤਰਤਾ

 ਜਥੇਦਾਰ ਟੌਹੜਾ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ ਵਾਲੇ ਹਿੰਦੂ ਨੇਤਾ ਖਿਲਾਫ਼ ਦਰਜ ਹੋਵੇ ਪਰਚਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 30 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਬੀਤੇ ਦਿਨੀਂ ਪਟਿਆਲਾ ਸ਼ਹਿਰ ਚ ਵਾਪਰੀ ਹਿੰਸਕ ਘਟਨਾ ਦੇ ਸਬੰਧ ਵਿਚ ਅੱਜ ਗਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦੀ ਅਗਵਾਈ ਚ ਸ਼ਹਿਰ ਸਿੱਖ ਜਥੇਬੰਦੀਆਂ ਨਾਲ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ, ਬਾਬਾ ਕਰਮਵੀਰ ਸਿੰਘ ਬੇਦੀ ਆਦਿ ਸਖਸ਼ੀਅਤਾਂ ਪੁੱਜੀਆਂ ਸਨ।

ਇਸ ਮੌਕੇ ਹਿੰਸਕ ਘਟਨਾ ਤੇ ਹੋਈਆਂ ਦੀਰਘ ਵਿਚਾਰਾਂ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਪ੍ਰਤੀਕਿਰਿਆ ਦਿੰਦਿਆਂ ਨੇ ਕਿਹਾ ਕਿ ਪੂਰੀ ਘਟਨਾ ਤੇ ਨਜ਼ਰ ਮਾਰੀਏ ਤੇ ਅਮਨ ਸ਼ਾਂਤੀ ਭੰਗ ਕਰਨ ਪਿੱਛੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹਨ ਅਤੇ ਏਨੀ ਵੱਡੀ ਨਲਾਇਕੀ ਕਾਰਨ ਹੀ ਦੋ ਧਿਰਾਂ ਚ ਆਪਸੀ ਟਕਰਾਅ ਹੋਇਆ। ਜਥੇਦਾਰ ਪੰਜੌਲੀ ਨੇ ਕਿਹਾ ਕਿ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਘਟਨਾ ਪਿੱਛੇ ਹਿੰਦੂ ਆਗੂ ਹਰੀਸ਼ ਸਿੰਗਲਾ ਦਾ ਹੱਥ ਰਿਹਾ, ਜਿਸ ਨੇ ਸਭ ਤੋਂ ਪਹਿਲਾਂ ਖਾਲਿਸਤਾਨ ਦੇ ਵਿਰੋਧ ਚ ਮਾਰਚ ਕੱਢੇ ਜਾਣ ਦਾ ਸੰਦੇਸ਼ ਦੇ ਕੇ ਉਕਸਾਉਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਸਾਰੀ ਘਟਨਾ ਵਾਪਰੀ ਜਾਂਦੀ ਹੈ। ਜਥੇਦਾਰ ਪੰਜੌਲੀ ਨੇ ਸਪੱਸ਼ਟ ਕੀਤਾ ਕਿ ਮੰਦਰ, ਮਸਜਿਦ ਅਤੇ ਗੁਰਦੁਆਰੇ ਹਮੇਸ਼ਾ ਹੀ ਆਸਥਾ ਦਾ ਵੱਡਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਕੁਰਬਾਨੀਆਂ ਦੀ ਵੱਡੀਆਂ ਮਿਸਾਲਾਂ ਮਿਲਦੀਆਂ ਹਨ ਅਤੇ ਸਿੱਖ ਪੰਥ ਅੰਦਰ ਮੰਦਰਾਂ, ਮਸਜਿਦਾਂ ਦੀ ਰਾਖੀ ਲਈ ਜੰਗਲਾਂ ਚ ਰਹਿ ਕੇ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ, ਪ੍ਰੰਤੂ ਅੱਜ ਤੱਕ ਕਿਸੇ ਵੀ ਤਰ੍ਹਾਂ ਅਪਮਾਨ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਚ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਪੰਥ ਦੇ ਰਹੀਆਂ ਹਨ ਅਤੇ ਕਦੇ ਵੀ ਦੇਸ਼ ਦੀ ਏਕਤਾ ਅਖੰਡਤਾ ਨੂੰ ਭੰਗ ਨਹੀਂ ਹੋਣ ਦਿੱਤਾ ਗਿਆ। ਜਥੇਦਾਰ ਪੰਜੋਲੀ ਨੇ ਕਿਹਾ ਕਿ ਖਾਲਿਸਤਾਨ ਕਹਿਣਾ ਗੁਨਾਹ ਨਹੀਂ ਹੈ ਅਤੇ ਇਹ ਹੱਕ ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵੀ ਦਿੰਦੀ ਹੈ।

ਇਕ ਸਵਾਲ ਦਾ ਜਵਾਬ ਦਿੰਦਿਆਂ ਜਥੇਦਾਰ ਪੰਜੌਲੀ ਨੇ ਕਿਹਾ ਕਿ ਹਿੰਸਕ ਟਕਰਾਅ ਦੌਰਾਨ ਹੋਈ ਫਾਇਰਿੰਗ ਦੌਰਾਨ ਇਕ ਸਿੱਖ ਨੂੰ ਗੋਲੀ ਮਾਰਕੇ ਜ਼ਖਮੀ ਕੀਤਾ ਜਾਂਦਾ ਹੈ ਅਤੇ ਇਹ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਚਲਾਈ ਗਈ ਹੈ, ਜੋ ਵੱਡੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਕ ਡਾਕਟਰੀ ਪੈਨਲ ਬਣਾ ਕੇ ਇਹ ਜਾਂਚ ਕਰਵਾਈ ਜਾਵੇ ਕਿ ਇਹ ਗੋਲੀ ਆਖਿਰ ਕਿਸ ਦੀ ਬੰਦੂਕ ਚੋਂ ਨਿਕਲੀ ਹੈ ਤਾਂ ਕਿ ਪਤਾ ਲੱਗ ਸਕੇ ਗੋਲੀ ਚਲਾਉਣ ਵਾਲਾ ਕੌਣ ਹੈ, ਜਿਸ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਹੈ ਉਸ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਜਾਵੇ।

ਜਥੇਦਾਰ ਪੰਜੌਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਕਿਹਾ ਕਿ ਸੀ ਦਿੱਲੀ ਦਾ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਮਨ ਸ਼ਾਂਤੀ ਮਾਹੌਲ ਨੂੰ ਲਾਬੂੰ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰਜ਼ ਤੇ ਅਰਜਾਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ, ਜੋ ਇੰਦਰਾ ਗਾਂਧੀ ਵਾਂਗ ਬਹੁਗਿਣਤੀ ਨੂੰ ਖੁਸ਼ ਕਰਨ ਵਿਚ ਲੱਗਿਆ ਹੋਇਆ ਹੈ। ਜਥੇਦਾਰ ਪੰਜੌਲੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸੱਤਾ ਚ ਲਿਆਉਣ ਲਈ ਹਰ ਵਰਗ ਨੇ ਵੋਟਾਂ ਪਾਈਆਂ ਅਤੇ ਉਹ ਸਿੱਖ ਵੀ ਸ਼ਾਮਲ ਹਨ, ਜਿਨ੍ਹਾਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਪਰਚੇ ਦਰਜ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਪਰਵਾਨਾ ਤੇ ਕੀਤਾ ਗਿਆ ਪਰਚਾ ਵੀ ਗਲਤ ਹੈ, ਜਦਕਿ ਹਰੀਸ਼ ਸਿੰਗਲਾ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਚ ਜਥੇਦਾਰ ਪੰਜੌਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਇਸ ਟਕਰਾਅ ਨੂੰ ਸ਼ਿਵ ਸੈਨਾ ਅਤੇ ਅਕਾਲੀ ਆਗੂਆਂ ਦਾ ਟਕਰਾਅ ਕਹਿਣਾ ਬੇਹੱਦ ਮੰਦਭਾਗਾ, ਜਦਕਿ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਆਗੂ ਅਤੇ ਵਰਕਰ ਘਟਨਾ ਦੌਰਾਨ ਮੌਜੂਦ ਨਹੀਂ ਸੀ।

ਜਥੇਦਾਰ ਪੰਜੌਲੀ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਖਿਲਾਫ਼ ਹਿੰਦੂ ਨੇਤਾ ਗੱਗੀ ਪੰਡਤ ਵੱਲੋਂ ਸ਼ੋਸ਼ਲ ਮੀਡੀਏ ਤੇ ਵੀਡੀਓ ਵਾਇਰਲ ਕਰਕੇ ਕੀਤੀ ਟਿੱਪਣੀ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਅਤੇ ਕਿਹਾ ਕਿ ਜਥੇਦਾਰ ਟੌਹੜਾ ਨੇ ਹਮੇਸ਼ਾ ਪੰਥਪ੍ਰਸਤ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਕੀਤੀ ਟਿੱਪਣੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਹਮੇਸ਼ਾ ਗੁਰਮਤਿ ਦੇ ਰੰਗ ਚ ਆਪਣਾ ਜੀਵਨ ਬਤੀਤ ਕੀਤਾ ਅਤੇ ਕਦੇ ਵੀ ਭਾਈਚਾਰਕ ਸਾਂਝ ਚ ਤਰੇੜ ਪਾਉਣ ਵਾਲਾ ਕੋਈ ਕਾਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਜ਼ਿਕਰ ਹਿੰਦੂ ਨੇਤਾ ਵੱਲੋਂ ਕੀਤਾ ਜਾ ਰਿਹਾ ਉਸ ਥਾਂ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਗਏ ਹੀ ਨਹੀਂ। ਉਨ੍ਹਾਂ ਨੇ ਧਰਨੇ ਅਤੇ ਮੁਜ਼ਾਹਰੇ ਚ ਪੁੱਜ ਕੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ। ਜਥੇਦਾਰ ਪੰਜੌਲੀ ਨੇ ਪਟਿਆਲਾ ਦੇ ਆਈਜੀ. ਐਸਐਸਪੀ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਖਿਲਾਫ਼ ਅਜਿਹੀ ਅਪਮਾਨਜਨਕ ਟਿੱਪਣੀ ਕਰਨ ਵਾਲੇ ਹਿੰਦੂ ਨੇਤਾ ਖਿਲਾਫ਼ ਜਲਦ ਤੋਂ ਜਲਦ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੇ ਸੂਰਤ ਚ ਅਗਲੀ ਗੱਲ ਪੰਥ ਵਿਚਾਰੇਗਾ ਕਿ ਗਲਤ ਟਿੱਪਣੀਆਂ ਕਰਨ ਵਾਲੇ ਹਿੰਦੂ ਨੇਤਾ ਖਿਲਾਫ਼ ਕਿਹੜਾ ਪ੍ਰੋਗਰਾਮ ਉਲੀਕਣਾ ਹੈ। ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਸਿੱਖ ਅਤੇ ਹਿੰਦੂ ਜਥੇਬੰਦੀਆਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਗਵੰਤ ਸਿੰਘ ਧੰਗੇੜਾ, ਐਡੀਸ਼ਨਲ ਮੈਨੇ. ਕਰਨੈਲ ਸਿੰਘ ਵਿਰਕ, ਹਰਿੰਦਰਪਾਲ ਸਿੰਘ ਟੌਹੜਾ ਕੰਵਲਜੀਤ ਸਿੰਘ ਗੋਨਾ, ਸਿਮਰਨ ਸਿੰਘ ਗਰੇਵਾਲ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।