ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ 'ਤੇ ਸ਼ੱਕ

ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ 'ਤੇ ਸ਼ੱਕ

    ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ 'ਤੇ ਸ਼ੱਕ   

* ਮਾਨ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਦੀ ਮੰਗ

* ਸਿੱਧੂ ਦੀ ਮੌਤ 'ਤੇ ਕਾਂਗਰਸ ਨੇ ਖੜ੍ਹੇ ਕੀਤੇ ਸਵਾਲ-ਕੀਤੀ ਜਾਂਚ ਦੀ ਮੰਗ

* ਦੀਪ ਕਾਰਣ ਪੰਜਾਬ ਦੀ ਖੁਦਮੁਖਤਿਆਰੀ ਦਾ ਪੁਨਰ ਮੁੁੁਦਾ ਜੀਉਂਦਾ ਹੋਇਆ-ਬਾਬਾ ਬੇਦੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਉੱਪਰ ਸ਼ੰਕੇ ਖੜ੍ਹੇ ਹੋਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਹਾਦਸੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ੀ ਸ਼ੰਕਿਆਂ ਦੇ ਨਜ਼ਰੀਏ ਤੋਂ ਲਾਂਭੇ ਨਹੀਂ ਕੀਤਾ ਜਾ ਸਕਦਾ ਕਿਉਂਕਿ 26 ਜਨਵਰੀ, 2021 ਨੂੰ ਕਿਸਾਨੀ ਅੰਦੋਲਨ ਦੌਰਾਨ ਉਸ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦ੍ਰਿੜਤਾ ਨਾਲ ਤਰਜਮਾਨੀ ਕੀਤੀ ਸੀ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੀ ਮੌਤ ਦੀ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਵਰਤਾਰੇ ਨੂੰ ਸਾਜ਼ਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਐਫਐਸਐਲ ਦੀ ਟੀਮ ਨੇ ਕੀਤੀ ਜਾਂਚ

 ਸੜਕ ਹਾਦਸੇ ਵਿੱਚ ਮਾਰੇ ਗਏ ਦੀਪ ਸਿੱਧੂ ਦੇ ਮਾਮਲੇ ਵਿੱਚ ਕੋਈ ਸ਼ੱਕ ਨਾ ਰਹੇ, ਇਸ ਲਈ ਸੋਨੀਪਤ ਪੁਲਿਸ ਨੇ ਬੀਤੇ ਦਿਨੀਂ ਐਫਐਸਐਲ ਟੀਮ ਨੂੰ ਮੌਕੇ 'ਤੇ ਬੁਲਾਇਆ ਤੇ ਜਾਂਚ ਕੀਤੀ। ਐਫਐਸਐਲ ਟੀਮ ਨੇ ਬਾਰੀਕੀ ਨਾਲ ਸਬੂਤ ਇਕੱਠੇ ਕੀਤੇ। ਦੀਪ ਸਿੱਧੂ ਸਕਾਰਪੀਓ ਕਾਰ ਚਲਾ ਰਿਹਾ ਸੀ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਹ ਕਾਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ। ਸੜਕ ਦੇ ਵਿਚਕਾਰ ਮੋਟੇ ਟਾਇਰਾਂ ਦੇ ਨਿਸ਼ਾਨ ਹਨ, ਜੋ ਕਰੀਬ 40 ਮੀਟਰ ਤੱਕ ਹੈ। ਟੱਕਰ ਤੋਂ ਬਾਅਦ ਦੀਪ ਸਿੱਧੂ ਦੀ ਕਾਰ ਇੰਨੀ ਦੂਰ ਤੱਕ ਰਗੜਦੀ ਹੋਈ ਗਈ ਕਈ ਸੜਕ 'ਤੇ ਸ਼ੀਸ਼ੇ ਖਿੱਲਰੇ ਪਏ ਹਨ।ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਸੋਨੀਪਤ ਵਿਖੇ ਕੀਤਾ ਗਿਆ। ਇਸ ਦੇ ਲਈ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। ਡੀਐਸਪੀ ਵਿਪਿਨ ਕਾਦਿਆਨ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਮਾਮਲਾ ਸੜਕ ਹਾਦਸੇ ਦਾ ਜਾਪਦਾ ਹੈ ਤੇ ਇਸ ਧਾਰਾ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ। 3 ਡਾਕਟਰਾਂ ਦੇ ਪੈਨਲ ਨੇ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਐਫਐਸਐਲ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ। ਜੇਕਰ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 

 ਦੋਸ਼ੀ ਡਰਾਈਵਰ ਨੂੰ ਕੋਰਟ ਨੇ ਦਿੱਤੀ ਜ਼ਮਾਨਤ

 ਸੋਨੀਪਤ ਵਿਚ ਅਦਾਕਾਰ  ਦੀਪ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਦੇ ਮਾਮਲੇ ਵਿਚ ਨੂੰਹ ਜ਼ਿਲ੍ਹੇ ਦੇ ਪਿੰਡ ਸਿੰਗਾਰ ਦੇ ਨਿਵਾਸੀ ਟਰਾਲਾ ਡਰਾਈਵਰ ਕਾਸਿਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੀਪ ਦੇ ਭਰਾ ਦੇ ਬਿਆਨ 'ਤੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ।   ਦਾ ਰਹਿਣ ਵਾਲਾ ਹੈ। ਕੋਰਟ ਨੇ ਕਾਸਿਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਦੀਪ ਸਿੱਧੂ ਬੀਤੇ ਬੁੱਧਵਾਰ ਰਾਤ ਆਪਣੀ ਕੁਲੀਗ  ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਸਕਾਰਪੀਓ ਕਾਰ ਹਾਈਵੇਅ 'ਤੇ ਚੱਲ ਰਹੇ ਟਰੱਕ ਦੇ ਪਿੱਛਿਓਂ ਟਕਰਾ ਗਈ ਅਤੇ ਹਾਦਸੇ 'ਵਿਚ ਦੀਪ ਸਿੱਧੂ ਦੀ ਮੌਤ ਹੋ ਗਈ। ਜਦੋਂ ਕਿ  ਕੁਲੀਗ ਰੀਨਾ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ ਸੀ। 

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਸਮੇਤ ਸੀਨੀਅਰ  ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਕਈ  ਕਿਸਾਨ ਜਥੇਬੰਦੀਆਂ ਦੀਆਂ ਨਜ਼ਰਾਂ ਵਿਚ ਖੜਕ ਰਹੇ ਸਨ, ਇਸ ਲਈ ਇਸ ਮਾਮਲੇ ਵਿਚ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਸਿਰਫ਼ ਇਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕਿਸੇ ਦੀ ਸਾਜ਼ਿਸ਼ ਸੀ  ।ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਦੀਪ ਸਿਧੂ ਦੇ ਸ਼ੱਕੀ ਹਾਦਸੇ ਬਾਰੇ  ਕਿਹਾ ਕਿ ਮੋੋਦੀ ਸਰਕਾਰ ਸੁਪਰੀਮ ਕੋਰਟ ਦੀ ਅਗਵਾਈ ਵਿਚ ਇਸਦੀ ਜਾਂਂਚ ਕਰਵਾਾਏ। ਉਹਨਾਂ ਕਿਹਾ ਕਿ ਦੀਪ ਸਿਧੂ ਹੋੋੋਣਹਾਰ ਗਭਰੂ ਸੀ ,ਜਿਸ ਨੇ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਜੀਵਨ ਜਾਂਚ ਦੇ ਚੌਖਟੇ ਵਿੱਚ ਰੱਖਕੇ 21ਵੀਂ ਸਦੀ ਦੀ ਰਾਜਨੀਤੀ,ਆਰਥਕ ਨੀਤੀ ਤੇ ਸਿਖ ਸੰਘਰਸ਼ ਨੂੰ  ਪਰਿਭਾਸ਼ਤ ਕੀਤਾ ਹੈ । ਇਸ ਨਾਲ ਪੰਜਾਬ ਦੀ ਖੁਦਮੁਖਤਿਆਰੀ ਦਾ ਪੁਨਰ ਮੁੁੁਦਾ ਜੀਉਂਦਾ ਹੋਇਆ ਹੈ ਜੋ ਬਾਦਲਾਂਂ ਨੇ ਆਪਣੇ ਰਾਜਸੀ ਹਿਤਾਂਂ ਲਈ ਦਬਾ ਦਿਤਾ ਸੀ।ਜਦ ਕਿ ਦੀਪ ਸਿਧੂ ਨੇ ਦੋ ਕੁ ਸਾਲਾਂ ਵਿੱਚ ਹੀ ਸਿੱਖ ਨੌਜਵਾਨੀ ਦੀ ਮਾਨਸਿਕਤਾ ਵਿੱਚ ਉਤਾਰ ਦਿੱਤਾ। ਉਹਨਾਂ ਕਿਹਾ ਕਿ ਵਾਕਿਆ ਹੀ ਉਹ ਦੀਪ ਸੀ ਜਿਸਨੇ ਹਾਲੇ ਦਹਾਕਿਆਂ ਤੱਕ ਚਮਕਣਾ ਸੀ ਪਰ ਵਾਹਿਗੁਰੂ ਦੀ ਰਜ਼ਾ ਨੇ ਉਹ ਸਾਡੇ ਤੋਂ ਦੂਰ ਕਰ ਦਿੱਤਾ ਹੈ। 

ਦੀਪ ਦਾ ਸ਼ੰਭੂ ਬਾਰਡਰ ਤੋਂ ਟਰੈਕਟਰ ਪਰੇਡ ਰਾਹੀਂ ਲਾਲ ਕਿਲੇ ਤੱਕ ਦਾ ਸਫ਼ਰ

26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੇ ਮਿੱਥੇ ਰੂਟ ਤੋਂ ਵੱਖ ਹੋ ਕੇ ਭੀੜ ਦਾ ਇੱਕ ਹਿੱਸਾ ਲਾਲ ਕਿਲੇ ਪਹੁੰਚਿਆ ਸੀ। ਉੱਥੇ ਮੁਜ਼ਾਹਰਾਕਾਰੀਆਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਅਤੇ ਕਿਸਾਨ ਯੂਨੀਅਨ ਦਾ ਝੰਡਾ ਲਾਲ ਕਿਲੇ ਦੀ ਫ਼ਸੀਲ 'ਤੇ ਚੜ੍ਹਾ ਦਿੱਤਾ ਸੀ।ਜਦੋਂ ਇਹ ਘਟਨਾਕ੍ਰਮ ਵਾਪਰ ਰਿਹਾ ਸੀ ਤਾਂ ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਦੀਪ ਸਿੱਧੂ ਵੀ ਉੱਥੇ ਮੌਜੂਦ ਸਨ ਅਤੇ ਵੀਡੀਓ ਬਣਾ ਰਹੇ ਸਨ। ਇਸ ਤੋਂ ਬਾਅਦ ਦੀਪ ਸਿੱਧੂ ਚਰਚਾ ਵਿੱਚ ਰਹੇ ਸਨ।ਦੀਪ ਸਿੱਧੂ ਸਤੰਬਰ 2020 ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਸਨ ਅਤੇ ਜਲਦੀ ਹੀ ਸੋਸ਼ਲ ਮੀਡੀਆ ਉੱਪਰ ਬਹੁਤ ਸਾਰਾ ਧਿਆਨ ਖਿੱਚਣ ਵਿੱਚ ਸਫ਼ਲ ਹੋ ਗਏ ਸਨ।ਦੀਪ ਸਿੱਧੂ ਦੀ ਪੁਲਿਸ ਅਫ਼ਸਰਾਂ ਨਾਲ ਅੰਗੇਰਜ਼ੀ ਵਿੱਚ ਬਹਿਸਣ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਕਹਿੰਦੇ ਸੁਣੇ ਗਏ ਸਨ,"ਇਹ ਇਨਕਲਾਬ ਹੈ, ਇਹ ਰੈਵੋਲਿਊਸ਼ਨ ਹੈ, ਜੇ ਉਹ ਮੁੱਦੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਤਾਂ ਇਹ ਇਸ ਦੇਸ਼ ਅਤੇ ਦੱਖਣੀ ਏਸ਼ੀਆ ਦੇ ਜੀਓਪੋਲੀਟੀਕਸ ਨੂੰ ਪਰਿਭਾਸ਼ਿਤ ਕਰੇਗਾ।"

ਇਸ ਵੀਡੀਓ ਬਿਆਨ ਨੇ ਦੀਪ ਸਿੱਧੂ ਨੂੰ ਕੌਮੀ ਪੱਧਰ ਉੱਪਰ ਜਾਣੂ ਕਰਵਾਇਆ ਸੀ।

ਜਦੋਂ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਤੋਂ ਆਪਣੇ-ਆਪ ਨੂੰ ਵੱਖ ਕੀਤਾ ਸੀ ਤਾਂ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਭਖਵੀਂ ਬਹਿਸ ਵੀ ਹੋਈ ਸੀ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਦੀਪ ਸਿੱਧੂ ਇਹੀ ਕਹਿ ਰਹੇ ਸਨ ਕਿ ਉਹ ਇਹ ਅੰਦੋਲਨ ਕਿਸਾਨਾਂ ਲਈ ਤੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਅਤੇ ਯੂਨੀਅਨਾਂ ਦੇ ਝੰਡੇ ਥੱਲੇ ਲੜ ਰਹੇ ਹਨ।ਕੁਝ ਸਮੇਂ ਬਾਅਦ ਹੀ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੇ ਫ਼ੈਸਲਿਆਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀ ਅਤੇ ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬਾਰਡਰ ਉੱਪਰ ਆਪਣਾ ਵੱਖਰਾ ਸਟੇਜ ਲਗਾ ਲਿਆ ਸੀ।ਹਾਲਾਂਕਿ, ਉਨ੍ਹਾਂ ਦੇ ਭਾਸ਼ਣ ਜ਼ਿਆਦਾਤਰ ਤਿੰਨ ਖੇਤੀ ਕਾਨੂੰਨਾਂ ਦੀ ਥਾਂ ਭਾਰਤ ਦੇ ਸੰਵਿਧਾਨ ਵਿੱਚ ਨਿਹਿੱਕ ਸੰਘੀ ਢਾਂਚੇ ਦੁਆਲੇ ਕੇਂਦਰਿਤ ਰਹਿੰਦੇ ਸਨ।ਖੇਤੀ ਕਾਨੂੰਨਾਂ ਬਾਰੇ ਗੱਲ ਨਾ ਕਰਨ ਕਰਕੇ ਕਿਸਾਨ ਸੰਗਠਨਾਂ ਨੇ ਉਨ੍ਹਾਂ ਉੱਪਰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਬੋਲਣ 'ਤੇ ਰੋਕ ਲਗਾ ਦਿੱਤੀ ਸੀ।ਇਨ੍ਹਾਂ ਯੂਨੀਅਨਾਂ ਵਿੱਚ ਉਗਰਾਂਹਾਂ ਗਰੁੱਪ ਨੇ ਸਪੱਸ਼ਟ ਰੂਪ ਵਿੱਚ ਕਿਹਾ ਸੀ ਕਿ ਉਹ ਕਿਸਾਨ ਅੰਦੋਲਨ ਦੀ ਦਿਸ਼ਾ ਬਦਲ ਰਹੇ ਹਨ।

ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਉੱਪਰ  ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੋਸਟਾਂ ਕਰਦੇ ਰਹਿੰਦੇ ਸਨ ਜਿਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਤੋਂ ਹੋਰ ਦੂਰੀ ਬਣਾ ਲਈ ਗਈ ਸੀ।ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਵਧਣ ਦਾ ਸੱਦਾ ਦਿੱਤਾ ਗਿਆ ।26 ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਦੀਪ ਸਿੱਧੂ  ਨੇ ਲੋਕਾਂ ਨੂੰ ਇਸ ਮਾਰਚ ਲਈ ਲਾਮਬੰਦ ਕਰਨਾ ਸ਼ੁਰੂ ਦਿੱਤਾ ਸੀ। ਹਾਲਾਂਕਿ ਉਹ ਇਹ ਲਾਮਬੰਦੀ ਆਊਟਰ ਰਿੰਗ ਰੋਡ ਉੱਪਰ ਮਾਰਚ ਲਈ ਕਰ ਰਹੇ ਸਨ।ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲਾਂ ਤੋਂ ਤੈਅ ਦਿੱਲੀ ਦੇ ਆਊਟਰ ਰਿੰਗ ਰੋਡ ਉੱਪਰ ਹੀ ਮਾਰਚ ਕਰਨ ਦੀ ਗੱਲ ਕੀਤੀ ਸੀ।ਇਨ੍ਹਾਂ ਬਿਆਨਾਂ ਨੇ ਦੀਪ ਸਿੱਧੂ ਨੂੰ ਸਾਂਝੇ ਕਿਸਾਨ ਮੋਰਚੇ ਵੱਲੋਂ ਪੁਲਿਸ ਨਾਲ ਸਹਿਮਤੀ ਵਾਲੇ ਰੂਟ ਤੋਂ ਵੱਖਰੇ ਪਾਸੇ ਜਾਣ ਦਾ ਮੌਕਾ ਦਿੱਤਾ ਸੀ।ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਹਾ ਸੀ ਕਿ ਉਹ ਤਾਂ ਦਿੱਲੀ ਦੇ ਅੰਦਰ ਜਾ ਕੇ ਪੁਲਿਸ ਤੇ ਜਥੇਬੰਦੀਆਂ ਵੱਲੋਂ ਤੈਅ ਕੀਤੇ ਰੂਟ ਤੋਂ ਵੱਖ ਹੋ ਕੇ ਮਾਰਚ ਕਰਨਗੇ।ਜਿਸ ਤੋਂ ਬਾਅਦ ਜਦੋਂ 26 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇੱਕ ਧੜਾ ਲਾਲ ਕਿਲੇ ਤੇ ਪਹੁੰਚਿਆ ਤਾਂ ਉੱਥੇ ਦੀਪ ਸਿੱਧੂ ਖੜ੍ਹੇ ਨਜ਼ਰ ਆਏ ਸਨ। ਜਦੋਂ ਨੌਜਵਾਨਾਂ ਵੱਲੋਂ ਲਾਲ ਕਿਲੇ ’ਤੇ ਕੇਸਰੀ ਤੇ ਕਿਸਾਨੀ ਝੰਡੇ ਲਗਾਏ ਜਾ ਰਹੇ ਸਨ ਤਾਂ ਉੱਥੇ ਦੀਪ ਸਿੱਧੂ ਮੌਜੂਦ ਸਨ।ਉਸ ਵੇਲੇ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਵੀ ਬਣਾਇਆ ਸੀ।ਦੀਪ ਸਿੱਧੂ ਨੇ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ 26 ਜਨਵਰੀ ਦੀ ਹੀ ਦੇਰ ਸ਼ਾਮ ਨੂੰ ਫੇਸਬੁੱਕ ਲਾਈਵ ਰਾਹੀਂ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਸੀ।"ਅਸੀਂ ਕੋਈ ਵੀ ਝੰਡਾ ਨਹੀਂ ਲਾਹਿਆ ਸਗੋਂ ਆਪਣਾ ਨਿਸ਼ਾਨ ਸਾਹਿਬ ਅਤੇ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲਾਇਆ। ਇਹ ਸਾਰੀ ਸੰਗਤ ਦਾ ਰੌਂਅ ਸੀ ਨਾ ਕਿ ਮੇਰੇ ਇਕੱਲੇ ਦੀ ਕਾਰਵਾਈ ਸੀ। ਇਹ ਸਭ ਕੁਝ ਵਹਿਣ ਵਿੱਚ ਹੋਇਆ, ਕਿਸੇ ਇੱਕ ਦੇ ਭੜਕਾਇਆਂ ਨਹੀਂ ਹੋਇਆ।"

ਦੀਪ ਸਿੱਧੂ ਦਾ ਪਰਿਵਾਰਕ ਪਿਛੋਕੜ

ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।ਦੀਪ ਦੇ ਬਠਿੰਡਾ ਰਹਿੰਦੇ ਸਕੇ ਚਾਚਾ ਬਿਧੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਛੇ ਭਰਾ ਸਨ ਅਤੇ ਦੀਪ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਸਨ। ਉਨ੍ਹਾਂ ਦੱਸਿਆ ਸੀ ਕਿ ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ, ਜਿੰਨਾ ਵਿੱਚ ਨਵਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਅਤੇ ਮਨਦੀਪ ਵਕਾਲਤ ਕਰਦਾ ਹੈ ਅਤੇ ਦੀਪ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਹਨ।ਦੀਪ ਦੇ ਚਾਚਾ ਬਿਧੀ ਸਿੰਘ ਮੁਤਾਬਕ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਹੈ ਪਰ ਦੀਪ ਦੇ ਪਿਤਾ ਵਕੀਲ ਹੋਣ ਕਰ ਕੇ ਲੁਧਿਆਣਾ ਵਿੱਚ ਆਪਣੀ ਵਕਾਲਤ ਕਰਦੇ ਸਨ।ਦੀਪ ਬਾਰੇ ਗੱਲ ਕਰਦਿਆਂ ਬਿਧੀ ਸਿੰਘ ਨੇ ਕਿਹਾ ਸੀ, ''ਉਹ ਮਹਾਸ਼ਟਰ ਦੇ ਪੂਣੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਮੁੰਬਈ ਵਿੱਚ ਸੈੱਟ ਹੋ ਗਿਆ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ।''ਉਨ੍ਹਾਂ ਦੱਸਿਆ ਸੀ ਕਿ ਪਹਿਲਾਂ ਦੀਪ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਹੌਲੀ-ਹੌਲੀ ਉਸ ਦੀ ਦਿਓਲ ਪਰਿਵਾਰ ਨਾਲ ਨੇੜਤਾ ਹੋ ਗਈ ਅਤੇ ਇੱਥੋਂ ਹੀ ਉਸ ਦੀ ਫ਼ਿਲਮੀ ਦੁਨੀਆ ਵਿੱਚ ਐਂਟਰੀ ਹੋ ਗਈ। ਦੀਪ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਇੱਕ ਬੇਟੀ ਵੀ ਹੈ।

ਦੀਪ ਸਿੱਧੂ ਦਾ ਫਿਲਮੀ ਸਫ਼ਰ

ਸਾਲ 2017 ਵਿੱਚ ਗੀਤਕਾਰ ਤੋਂ ਫਿਲਮਕਾਰ ਬਣੇ ਅਮਰਦੀਪ ਸਿੰਘ ਗਿੱਲ ਦੀ ਫਿਲਮ 'ਜੋਰਾ 10 ਨੰਬਰੀਆ' ਵਿੱਚ ਜੋਰਾ ਦੇ ਕਿਰਦਾਰ ਨੇ ਪੰਜਾਬੀਆਂ ਦੀ ਪਛਾਣ ਦੀਪ ਸਿੱਧੂ ਦੀ ਨਾਲ ਕਰਵਾਈ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਐਂਟਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਈ ਸੀ। ਦੀਪ ਨੇ ਮੁੰਬਈ ਵਿੱਚ ਹੀ ਕਈ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਹਿੱਸਾ ਲਿਆ ਸੀ ਅਤੇ ਆਖਿਰਕਾਰ ਮਾਡਲ ਤੋਂ ਅਦਾਕਾਰੀ ਵੱਲ ਪੈਰ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ।ਦਿਓਲ ਪਰਿਵਾਰ ਦੇ ਹੀ ਘਰੇਲੂ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਨੇ ਬਤੌਰ ਹੀਰੋ ਆਪਣੀ ਪਹਿਲੀ ਪੰਜਾਬੀ ਫਿਲਮ 'ਰਮਤਾ ਜੋਗੀ' ਸਾਲ 2015 ਵਿੱਚ ਕੀਤੀ ਸੀ।ਫਿਲਮ ਦੇ ਨਿਰਦੇਸ਼ਕ ਗੁੱਡੂ ਧਨੋਆ ਸਨ, ਜੋ ਸੰਨੀ ਦਿਓਲ ਦੀਆਂ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹਾਲਾਂਕਿ ਫਿਲਮ ਨੇ ਦੀਪ ਨੂੰ ਚਰਚਾ ਵਿੱਚ ਨਹੀਂ ਲਿਆਂਦਾ ਸੀ।ਸਾਲ 2017 ਵਿੱਚ 'ਜੋਰਾ 10 ਨੰਬਰੀਆ' ਤੋਂ ਬਾਅਦ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ 'ਰੰਗ ਪੰਜਾਬ' ਆਈ ਸੀ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਸੀ।ਇਸ ਤੋਂ ਬਾਅਦ 2019 ਵਿੱਚ 'ਸਾਡੇ ਆਲੇ' ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਨਜ਼ਰ ਆਏ ਸਨ।

ਸਾਲ 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ਜੋਰਾਦਾ ਦੂਜਾ ਹਿੱਸਾ 'ਜੋਰਾ, ਸੈਕੇਂਡ ਚੈਪਟਰ' ਰੀਲੀਜ਼ ਹੋਇਆ ਸੀ, ਇਸ ਵਿੱਚ ਵੀ ਦੀਪ ਸਿੱਧੂ ਨਾਲ ਪਹਿਲਾਂ ਵਾਂਗ ਹੀ ਧਰਮਿੰਦਰ ਤਾਂ ਸਨ ਹੀ ਉਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।ਹੁਣ ਤੱਕ ਜੋਰਾ ਟਾਈਟਲ ਹੇਠ ਆਈਆਂ ਦੋਹਾਂ ਫਿਲਮਾਂ ਦੀਪ ਸਿੱਧੂ ਇੱਕ ਗੈਂਗਸਟਰ ਦੇ ਕਿਰਦਾਰ ਵਿੱਚ ਨਜ਼ਰ ਆਏ।