ਨਸ਼ੇ ਨੇ ਪੰਜਾਬ ਦੀ ਜਵਾਨੀ ਰੋਲਤੀ.....

ਨਸ਼ੇ ਨੇ ਪੰਜਾਬ ਦੀ ਜਵਾਨੀ ਰੋਲਤੀ.....

ਕੇਵਲ ਸਿੰਘ ਧਰਮਪੁਰਾ
(98788 01561)

ਬੜੇ ਹੀ ਸ਼ਰਮ ਦੀ ਗੱਲ ਹੈ ਸਾਡੇ ਲਈ ਕਿ ਗੁਰੂਆਂ, ਪੀਰਾਂ ਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਪੰਜਾਬ ਅੱਜ ਨਸ਼ੇ ਦੀ ਗ੍ਰਿਫਤ ਵਿਚ ਆ ਕੇ ਬੇਵਸੀ ਵਿਚ ਝੂਰ ਰਹੀ ਹੈ। ਨਸ਼ੇ ਨੇ ਹਜ਼ਾਰਾਂ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਹਸਦੇ- ਵੱਸਦੇ ਘਰਾਂ ਨੂੰ ਉਜਾੜ ਦਿੱਤਾ ਹੈ ਤੇ ਸਾਡੇ ਸਮਾਜ ਨੂੰ ਖੋਖਲਾ ਕਰ ਦਿੱਤਾ ਹੈ। ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਲਿਆ, ਸਾਡੇ ਸੰਸਕਾਰਾਂ ਨੂੰ ਮਾਰ ਦਿੱਤਾ । ਨਸ਼ੇ ਸਾਨੂੰ ਤਿੰਨ ਚੀਜ਼ਾਂ ਤਾਂ ਪੱਕੀਆਂ ਹੀ ਦਿੰਦੇ ਹਨ; ਤਨ ਦੀ ਬਰਬਾਦੀ, ਮਨ ਦੀ ਬਰਬਾਦੀ ਤੇ ਧਨ ਦੀ ਬਰਬਾਦੀ। ਨਸ਼ੇ ਦੇ ਵਪਾਰੀਆਂ ਨੇ ਐਸਾ ਜਾਲ ਵਿਛਾਇਆ ਹੈ ਕਿ ਸਾਡੇ ਨੌਜਵਾਨ ਮੱਛੀ ਦੀ ਤਰ੍ਹਾਂ ਫਸਦੇ ਜਾ ਰਹੇ ਹਨ ਸਾਡੀ ਰਾਜਨੀਤੀ ਵਿਚਲੇ ਦੋਗਲੇਪਣ ਨੇ ਵੀ ਨਸ਼ਿਆਂ ਨੂੰ ਬੜਾਵਾ ਦਿੱਤਾ ਹੈ ।
ਅੱਜ ਪੰਜਾਬੀਆਂ ਨੂੰ ਨਸ਼ਿਆਂ ਨੇ ਐਨਾ ਜ਼ਿਆਦਾ ਤਬਾਹ ਕਰ ਦਿੱਤਾ ਹੈ ਕਿ ਮੁੜ ਤੋਂ  ਤੰਦਰੁਸਤ ਪੰਜਾਬ ਬਣਾਉਣ ਲਈ ਅਨੇਕਾਂ ਯਤਨ ਕਰਨੇ ਪੈਣਗੇ, ਅਨੇਕਾਂ ਘਾਲਣਾਵਾਂ ਘਾਲਣੀਆਂ ਪੈਣਗੀਆਂ।ਪਹਿਲਵਾਨੀਆਂ, ਛਿੰਝਾਂ ਤੇ ਕਬੱਡੀਆਂ ਦਾ ਦੌਰ ਸ਼ੁਰੂ ਕਰਨਾ ਪਵੇਗਾ। ਪੰਜਾਬ 'ਚ ਜੰਗਲ ਦੀ ਅੱਗ ਵਾਂਗ ਫੈਲ ਰਹੇ ਚਿੱਟੇ ਦੇ ਨਸ਼ੇ ਨੂੰ ਠੱਲਣਾ ਬੜੀ ਮੁਸ਼ਕਿਲ ਹੋ ਗਿਆ ਹੈ। ਇਸ ਨਸ਼ੇ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਕਿੰਨੀਆਂ ਮਾਵਾਂ ਰੋ ਰੋ ਕੇ ਕਮਲੀਆਂ ਹੋ ਗਈਆਂ।ਕਿੰਨੀਆਂ ਭੈਣਾਂ ਦੇ ਵੀਰ ਮੌਤ ਨੂੰ ਪਿਆਰੇ ਹੋ ਗਏ । ਸੱਚ ਪੁੱਛੋ ਤਾਂ ਪੰਜਾਬ ਹੁਣ ਪੰਜਾਬ ਹੀ ਨਹੀਂ ਲੱਗਦਾ। ਥਾਂ-ਥਾਂ 'ਤੇ ਠੇਕੇ , ਥਾਂ-ਥਾਂ ਉਤੇ ਨਸ਼ਿਆਂ ਦੀਆਂ ਗੱਲਾਂ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੇਲੇ ਨੂੰ ਯਾਦ ਕਰ ਕਰ ਕੇ ਰੋਇਆ ਕਰਾਂਗੇ । ਆਖਿਆ ਕਰਾਂਗੇ ਕਿ ਜੇ ਅਸੀਂ ਆਪਣੀ ਜਵਾਨੀ ਨੂੰ ਸਾਂਭ ਲੈਂਦੇ, ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਲੈਂਦੇ, ਤਾਂ ਅਜਿਹੇ ਹਾਲਾਤ ਨਾ ਦੇਖਣੇ ਪੈਂਦੇ। ਕਾਸ਼ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਦਿੰਦੇ ਜਾਂ ਅਸੀਂ ਖੁਦ ਨਸ਼ੇ ਤੋਂ ਬਚ ਗਏ ਹੁੰਦੇ। ਅਸੀਂ ਬੱਚਿਆਂ ਨੂੰ ਕੁਝ ਚੰਗਾ ਪਾਠ ਪੜ੍ਹਾ ਦਿੱਤਾ ਹੁੰਦਾ। ਕਿਸੇ ਚੰਗੇ ਪਾਸੇ ਲਾ ਦਿੱਤਾ ਹੁੰਦਾ। ਆਪਣੇ ਪਿੰਡ ਵਿਚੋਂ ਠੇਕਾ ਚੁਕਵਾ ਦਿੱਤਾ ਹੁੰਦਾ। ਝੂਠੇ ਲੀਡਰਾਂ ਦੀਆਂ ਗੱਲਾਂ ਵਿਚ ਨਾ ਆ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਹੁੰਦਾ ।ਵੋਟਾਂ ਵੇਲੇ ਲਾਲਚ 'ਚ ਆ ਕੇ ਆਪਾ ਨਾ ਗਵਾਇਆ ਹੁੰਦਾ। ਚਾਅ ਚਾਅ ਦੇ ਵਿੱਚ ਇੱਕ ਪੈੱਗ ਬਣਾ ਕੇ ਨਾ ਪੀਤਾ ਹੁੰਦਾ। ਕਾਸ਼ ਆਪਣੀ  ਕੌਮ ਲਈ ਕੁਝ ਬਚਾ ਕੇ ਰੱਖਿਆ ਹੁੰਦਾ ।
ਸੋ ਦੋਸਤੋ ਅੱਜ ਸਾਨੂੰ ਲੋੜ ਹੈ ਨਸ਼ਿਆਂ ਤੋਂ ਬਚਣ ਦੀ। ਲੋਕਾਂ ਨੂੰ ਬਚਾਉਣ ਦੀ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ, ਹਰ ਉਸ ਸ਼ਖ਼ਸ ਨੂੰ ਸਬਕ ਸਿਖਾਉਣ ਦੀ ਜੋ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ, ਜੋ ਨਸ਼ੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਬੜਾਵਾ ਦੇ ਰਿਹਾ ਹੈ। ਚਾਹੇ ਉਹ ਲੀਡਰ ਹੈ, ਚਾਹੇ ਉਹ ਅਫਸਰ ਹੈ, ਚਾਹੇ ਉਹ ਕੋਈ ਵੀ ਸਮਾਜ ਵਿਰੋਧੀ ਅਨਸਰ ਹੈ, ਗਾਇਕ ਹੈ ਜਾਂ ਗੀਤਕਾਰ ਹੈ, ਨੇਤਾ ਹੈ ਚਾਹੇ ਅਭਿਨੇਤਾ ਹੈ, ਸਾਨੂੰ ਨਸ਼ਾ ਪੱਖੀ ਹਰ ਸ਼ੈਅ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ। ਸੋ ਦੋਸਤੋ ਨਸ਼ੇ ਤੋਂ ਖੁਦ ਵੀ ਬਚੋ ਤੇ ਦੂਸਰਿਆਂ ਨੂੰ ਵੀ ਬਚਾਓ, ਆਪਣੇ ਭਵਿੱਖ ਨੂੰ ਖੂਬਸੂਰਤ ਬਣਾਓ। ਕਿਸੇ ਨੇ ਕਿਹਾ ਹੈ ਕਿ- 
''ਹਜ਼ਾਰਾਂ ਵਹਿ ਗਏ ਬੋਤਲ ਦੇ ਇਸ ਬੰਦ ਪਾਣੀ 'ਚ। 
ਜੋ ਡੁੱਬੇ ਇਨ੍ਹਾਂ ਗਲਾਸਾਂ ਵਿੱਚ ਨਹੀਂ ਉੱਭਰੇ ਜ਼ਿੰਦਗਾਨੀ ਵਿਚ।”
ਪਰ ਅਸੀਂ ਅਕਸਰ ਇਹ ਸੋਚ ਲੈਂਦੇ ਹਾਂ ਕਿ ਸਾਨੂੰ ਕੀ ਲੈਣਾ ਹੈ। ਅਸੀਂ ਕੀ ਲੈਣਾ ਹੈ ਪ੍ਰੰਤੂ ਜਿਸ ਦਿਨ ਅੱਗ ਸਾਡੇ ਘਰੇ ਆ ਗਈ, ਸਾਨੂੰ ਉਸ ਦਿਨ ਦਰਦ ਲੱਗੇਗਾ। ਕਿਸੇ ਨੇ ਠੀਕ ਹੀ ਕਿਹਾ ਹੈ-
''ਚੰਦ ਸਿੱਕਿਆਂ ਦੇ ਲਈ ਜਿਹੜੇ ਲੋਕੀਂ ਵੇਚਣ ਸਮੈਕਾਂ 
ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ।”
ਪੰਜਾਬੀ ਸ਼ਾਇਰ ਸੁਰਜੀਤ ਪਾਤਰ ਜੀ ਲਿਖਦੇ ਨੇ-
''ਖੁਭੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ,
ਇਹ ਨਾ ਸਮਝੀਂ ਕਿ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ।”