ਨਕੋਦਰ ਬੇਅਦਬੀ ਕਾਂਡ : ਪੰਜਾਬ ਸਰਕਾਰ ਵੱਲੋਂ ਕਾਰਵਾਈ ਦੇ ਸੰਕੇਤ

ਨਕੋਦਰ ਬੇਅਦਬੀ ਕਾਂਡ : ਪੰਜਾਬ ਸਰਕਾਰ ਵੱਲੋਂ ਕਾਰਵਾਈ ਦੇ ਸੰਕੇਤ

ਅਮਰੀਕਾ ਦੇ ਗੁਰੂਘਰਾਂ 'ਚ ਲੱਗਣਗੀਆਂ ਸ਼ਹੀਦਾਂ ਦੀਆਂ ਤਸਵੀਰਾਂ
ਜਲੰਧਰ/ਏਟੀ ਨਿਊਜ਼ :
ਨਕੋਦਰ ਬੇਅਦਬੀ ਕਾਂਡ ਦੇ 33 ਸਾਲ ਬੀਤਣ ਤੋਂ ਬਾਅਦ ਉਸ ਦੀ ਗੂੰਜ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਅਮਰੀਕਾ ਦੇ ਗੁਰੂਘਰਾਂ ਤਕ ਪੈ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸ਼ਰਧਾਂਜਲੀਆਂ ਦੇਣ ਸਮੇਂ ਇਸ ਮਾਮਲੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਉਠਾਇਆ । 
ਪੰਜਾਬ ਸਰਕਾਰ ਨੇ ਇਸ ਭਖੇ ਮਾਮਲੇ ਨੂੰ ਸ਼ਾਂਤ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦਾ ਇਕ ਨੁਮਾਇੰਦਾ ਇਸ ਕਾਂਡ ਵਿਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੂੰ ਉਨ੍ਹਾਂ ਦੇ ਪਿੰਡ ਲਿੱਤਰਾਂ ਵਿਚ ਆ ਕੇ ਮਿਲਿਆ। ਸਰਕਾਰੀ ਨੁਮਾਇੰਦੇ ਵੱਲੋਂ ਕੀਤੀ ਗਈ ਗੱਲਬਾਤ ਦੀ ਪੁਸ਼ਟੀ ਕਰਦਿਆਂ ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਹ ਆਸ ਰੱਖਦੇ ਹਨ ਕਿ 2 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸਾੜਨ ਅਤੇ 4 ਫਰਵਰੀ 1986 ਨੂੰ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਬਾਰੇ ਕੀਤੀ ਗਈ ਜਾਂਚ ਰਿਪੋਰਟ ਨੂੰ ਜਨਤਕ ਕਰਨ। ਉਨ੍ਹਾਂ ਸਰਕਾਰੀ ਨੁਮਾਇੰਦੇ ਨੂੰ ਦੱਸਿਆ ਕਿ ਉਸ ਵੇਲੇ ਜ਼ਿਲ੍ਹਾ ਜਲੰਧਰ ਦੇ ਐੱਸਐੱਸਪੀ ਇਜ਼ਹਾਰ ਆਲਮ ਸਨ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੀ ਭੂਮਿਕਾ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ।
ਇਸੇ ਤਰ੍ਹਾਂ ਕੈਲੀਫੋਰਨੀਆ ਸਟੇਟ ਦੇ ਗੁਰਦੁਆਰਾ ਫਰੀਮੌਂਟ ਵਿਚ ਬੇਅਦਬੀ ਕਾਂਡ 'ਚ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਗਏ ਚਾਰ ਨੌਜਵਾਨਾਂ ਵਿਚੋਂ ਦੋ ਜਣਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਕੈਲੀਫੋਰਨੀਆ ਵਿਚ ਇਨ੍ਹਾਂ ਚਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਉਨ੍ਹਾਂ ਦੀ ਯਾਦ ਵਿਚ 17 ਫਰਵਰੀ ਨੂੰ 33ਵੀਂ ਬਰਸੀ ਮਨਾਈ ਜਾਵੇਗੀ। ਕੈਲੀਫੋਰਨੀਆ ਦੇ ਫਰੀਮੌਂਟ ਗੁਰਦੁਆਰੇ ਵਿਚ ਹੋਏ ਸਮਾਗਮ ਦੌਰਾਨ ਇਸ ਕਾਂਡ ਵਿਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੀ ਮਾਤਾ ਬਲਦੀਪ ਕੌਰ ਅਤੇ ਭਰਾ ਹਰਿੰਦਰ ਸਿੰਘ ਲਿੱਤਰਾਂ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਦੀ ਭੈਣ ਹਰਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਸੰਤ ਅਨੂਪ ਸਿੰਘ ਊਨੇ ਵਾਲੇ, ਦਮਦਮੀ ਟਕਸਾਲ ਦੇ ਕਥਾਵਾਚਕ ਭਾਈ ਸੁਖਵਿੰਦਰ ਸਿੰਘ, ਭਾਈ ਜਤਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਸੰਨ 1986 ਵਿਚ ਵਾਪਰੇ ਨਕੋਦਰ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ।