ਪੰਜਾਬ ਚੋਂ ਪੜ੍ਹਾਈ ਓਹਲੇ ਹਿਜ਼ਰਤ 

ਪੰਜਾਬ ਚੋਂ ਪੜ੍ਹਾਈ ਓਹਲੇ ਹਿਜ਼ਰਤ 

ਡਾ. ਬਲਜਿੰਦਰ ਸਿੰਘ (ਸੰਪਰਕ : 94170-79720)
ਮਨੁੱਖ ਜਾਤੀ ਦੇ ਇਸ ਗ੍ਰਹਿ 'ਤੇ ਆਮਦ ਨਾਲ ਹੀ ਪ੍ਰਵਾਸ ਦੇ ਸਿਲਸਿਲੇ ਦਾ ਮੁੱਢ ਬੱਝ ਜਾਂਦਾ ਹੈ। ਆਦਿ ਕਾਲ ਤੋਂ ਹੀ ਆਪਣੇ ਭੋਜਨ ਦੀ ਤਲਾਸ਼ 'ਚ ਮਨੁੱਖ ਆਪਣੇ ਨੇੜੇ ਤੇੜੇ ਪ੍ਰਵਾਸ ਕਰਦਾ ਆ ਰਿਹਾ ਹੈ।  ਹੜ੍ਹ, ਸੋਕਾ, ਬਿਮਾਰੀ, ਅੱਗ, ਭੂਚਾਲ ਆਦਿ ਵਰਗੇ ਕੁਦਰਤੀ ਵਰਤਾਰਿਆਂ ਸਾਂਹਵੇ ਮਨੁੱਖ ਨਿਤਾਣਾ ਮਹਿਸੂਸ ਕਰਦਾ ਸੀ। ਮੁਆਫ਼ਕ ਮੌਸਮ ਨਾ ਹੋਣ ਕਾਰਨ, ਭੁੱਖਮਰੀ ਅਤੇ ਮੌਤ ਸਾਹਵੇਂ ਪ੍ਰਵਾਸ ਕਰਕੇ ਮੁਕਾਬਲਤਨ ਵੱਧ ਮੁਆਫ਼ਕ ਖੇਤਰਾਂ ਵਿੱਚ ਚਲੇ ਜਾਣ ਦਾ ਰੁਝਾਨ ਮਨੁੱਖ ਜਾਤੀ ਦੇ ਨਾਲ ਨਾਲ ਸਮੁੱਚੀ ਜੀਵ ਜਾਤੀ 'ਚ ਵੀ ਪਾਇਆ ਜਾਂਦਾ ਹੈ। ਪ੍ਰਵਾਸੀ ਪੰਛੀ ਕੂੰਜਾਂ ਤੋਂ ਕੌਣ ਵਾਕਫ਼ ਨਹੀਂ ਹੈ , ਇਹ ਪੰਛੀ ਸਾਇਬੇਰੀਆ ਦੀਆਂ ਠੰਢੀਆਂ ਯੱਖ ਹਵਾਵਾਂ 'ਚੋਂ ਉਡਾਰੀ ਮਾਰਕੇ ਧੁਰ ਦੱਖਣ ਵੱਲ ਕੂਚ ਕਰਕੇ ਭਾਰਤ ਦੇ ਊਸ਼ਣ ਜਲਵਾਯੂ ਵਾਲੇ ਖੇਤਰਾਂ ਵਿਚ ਆ ਡੇਰੇ ਲਾਉਂਦੀਆਂ ਨੇ ਅਤੇ ਮੌਸਮ ਬਦਲਦੇ ਸਾਰ ਮੁੜ ਚਾਲੇ ਪਾ ਜਾਂਦੀਆਂ ਨੇ ।
ਪ੍ਰਵਾਸ ਦੇ ਇੱਕ ਅਜਿਹੇ ਹੀ ਵਿਸ਼ੇ 'ਤੇ ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾ ਖੇਤਰੀ ਕੈਂਪਸ ਦੇ ਡਾਕਟਰ ਕਮਲਜੀਤ ਸਿੰਘ ਅਤੇ ਡਾਕਟਰ ਰਕਸ਼ਿੰਦਰ ਕੌਰ ਨੇ ''ਪੰਜਾਬ ਚੋਂ ਪੜ੍ਹਾਈ ਉਹਲੇ ਪ੍ਰਵਾਸ” ਦੇ ਸਿਰਲੇਖ ਹੇਠ ਅੰਗਰੇਜ਼ੀ ਜ਼ੁਬਾਨ 'ਚ ਲਿਖੀ ਇਕ ਪੁਸਤਕ ਪੰਜਾਬੀ ਲੋਕਾਂ ਦੀ ਝੋਲੀ ਪਾਈ ਹੈ। ਜਿਵੇਂ ਕਿ ਇਸ ਦੇ ਸਿਰਲੇਖ ਤੋਂ ਹੀ ਇਹ ਗੱਲ ਸਪੱਸ਼ਟ ਹੈ ਕਿ ਇਸ ਵਿਚਲਾ ਵਿਸ਼ਾ ਪੰਜਾਬ ਦੇ ਮੁੰਡੇ ਕੁੜੀਆਂ ਦਾ ਆਪਣੀ ਪੜ੍ਹਾਈ ਲਈ ਬਾਹਰਲੇ ਮੁਲਕਾਂ ਵੱਲ ਨੂੰ ਪ੍ਰਵਾਸ ਕਰਨ ਨਾਲ ਸਬੰਧਤ ਹੈ। ਵਿਦਵਾਨ ਲੇਖਕਾਂ ਦੀ ਇਸ ਪੁਸਤਕ ਅੰਦਰ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਪੜ੍ਹਾਈ ਬਹਾਨੇ ਪਰਵਾਸ ਦੇ ਇਸ ਮਸਲੇ ਦੀਆਂ ਜੜ੍ਹਾਂ ਧੁਰ ਤੱਕ ਡੂੰਘੀਆਂ ਹਨ।
ਪੰਜਾਬੀ ਵਿਦਿਆਰਥੀਆਂ ਦੇ ਪਰਵਾਸ ਦੀ ਗੱਲ ਕਰਦਿਆਂ ਕਿਹਾ ਗਿਆ ਹੈ ਕਿ ਵਿਦਿਆ ਦੇ ਕਾਰੋਬਾਰ ਬਣਨ ਨਾਲ  ਆਲਮੀ ਪੱਧਰ ਤੇ ਹੋਏ ਸਮਝੌਤੇ ਨੇ ਪੰਜਾਬੀ ਵਿਦਿਆਰਥੀਆਂ ਸਾਹਮਣੇ ਵਿਕਸਤ ਪੱਛਮੀ ਮੁਲਕਾਂ ਅਤੇ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ 'ਚ ਦਾਖਲੇ ਲੈਣ ਦੇ ਮੌਕਿਆਂ 'ਚ ਵੱਡੀ ਪੱਧਰ ਤੇ ਵਾਧਾ ਕੀਤਾ ਹੈ ਅਤੇ ਇਉਂ ਉਹਨਾਂ ਦਾ ਰੁਝਾਨ ਬਾਹਰਲੇ ਮੁਲਕਾਂ 'ਚ ਜਾ ਕੇ ਪੜ੍ਹਾਈ ਕਰਨ ਵੱਲ ਵਧਿਆ ਹੈ।
ਉਚ-ਵਿਦਿਆ ਪ੍ਰਦਾਨ ਕਰਨ ਵਾਲੀਆਂ ਇਹਨਾਂ ਵਿਦੇਸ਼ੀ ਯੂਨੀਵਰਸਿਟੀਆਂ 'ਚ ਦਾਖਲਾ ਲੈਣ ਲਈ 95L“S, “O56L ਅਤੇ P5“ ਵਰਗੇ ਅੰਗਰੇਜ਼ੀ ਭਾਸ਼ਾ 'ਤੇ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਦਾ  ਇਕ ਖਾਸ ਪੈਮਾਨਾ ਨਿਰਧਾਰਤ ਕੀਤਾ ਹੋਇਆ ਹੈ। ਇਹਨਾਂ ਟੈਸਟਾਂ 'ਚ ਉਸ ਘੱਟੋ ਘੱਟ ਮਿਆਰੀ ਮੁਹਾਰਤ ਨੂੰ ਹਾਸਲ ਕਰਨ ਲਈ ਛੋਟੇ-ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਮਹਾਂਨਗਰਾਂ 'ਚ ਹਜ਼ਾਰਾਂ ਦੀ ਗਿਣਤੀ ਵਿਚ ਖੁੱਲ੍ਹੇ ਟਰੇਨਿੰਗ ਸੈਂਟਰਾਂ ਦੀਆਂ ਚਕਾਚੌਂਧ ਰੌਸ਼ਨੀ ਵਾਲੀਆਂ ਮਸ਼ਹੂਰੀਆਂ ਅਤੇ ਰੰਗ-ਬਰੰਗੇ ਦਫ਼ਤਰਾਂ ਤੋਂ ਹੀ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਪੰਜਾਬ ਦਾ ਨੌਜਵਾਨ ਵਰਗ ਪੜ੍ਹਾਈ ਬਹਾਨੇ ਪਰਵਾਸ ਕਰਨ ਲਈ ਕਿਸ ਹੱਦ ਤਕ ਤਹੂ ਹੈ। ਇਸ ਵਰਤਾਰੇ ਦੀ ਵਿਆਪਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਸੌਖਿਆਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਕਿਸੇ ਵੀ 11ਵੀਂ 12ਵੀਂ ਵਾਲੇ ਵਿਦਿਆਰਥੀ ਨੂੰ ਉਸਦੀ ਅਗਲੀ ਪੜ੍ਹਾਈ ਸਬੰਧੀ ਸੁਆਲ ਕੀਤਾ ਜਾਂਦਾ ਹੈ ਤਾਂ ਝੱਟ ਹੀ ਘੜਿਆ ਘੜਾਇਆ ਜੁਆਬ ਮਿਲਦਾ ਹੈ ਕਿ ਅਬਰੌਡ ਸਟੱਡੀ ਕਰਨਾ ਹੈ।”
ਕੁਝ ਤਾਜ਼ਾ ਸਟੱਡੀਜ਼ ਦੇ ਹਵਾਲੇ ਨਾਲ ਪਰਵਾਸ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ  ਪੰਜਾਬ ਵਿਚੋਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੇ ਰਾਹ ਪੈਣ ਦਾ ਇੱਕ ਵੱਡਾ ਕਾਰਨ ਬੇਰੁਜ਼ਗਾਰੀ ਬਣਦਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਖੇਤੀ ਅਤੇ ਇਸ ਨਾਲ ਜੁੜੇ ਹੋਏ ਹੋਰ ਰਵਾਇਤੀ ਧੰਦਿਆਂ ਨੂੰ ਅਪਣਾਉਣਾ ਨਹੀਂ ਚਾਹੁੰਦੀ। ਦੂਜਾ ਪੇਂਡੂ ਨੌਜਵਾਨ ਆਪਣੇ ਮੁਲਕ ਅੰਦਰ ਹੀ ਉਪਲੱਬਧ ਰੋਜ਼ਗਾਰ ਦੇ ਹੋਰਨਾਂ ਮੌਕਿਆਂ ਦੇ ਮਾਮਲੇ ਵਿੱਚ ਵੀ ਸ਼ਹਿਰੀ ਨੌਜਵਾਨਾਂ ਨਾਲ ਸਖਤ ਮੁਕਾਬਲੇ 'ਚ ਪਛੜ ਜਾਂਦਾ ਹੈ ਕਿਉਂਕਿ ਪੇਂਡੂ ਨੌਜਵਾਨ ਕੋਲ ਰਵਾਇਤੀ ਵਿਦਿਆ ਅਤੇ ਤਕਨੀਕੀ ਮੁਹਾਰਤ ਦੀ ਘਾਟ ਹੈ। ਅਜਿਹੀ ਹਾਲਤ ਵਿੱਚ ਉਹਨਾਂ ਸਾਹਮਣੇ ਵਿਦੇਸ਼ ਜਾ ਕੇ ਕੰਮ ਦੇ ਮੌਕਿਆਂ ਦੀ ਤਲਾਸ਼ ਕਰਨਾ ਅਤੇ ਉੱਥੇ ਵਸਣਾ ਹੀ ਇਕੋ ਇਕ ਰਾਹ ਬਾਕੀ ਰਹਿ ਜਾਂਦਾ ਹੈ।
ਪ੍ਰਸਿੱਧ ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਕੋਲ ਨੌਜਵਾਨਾਂ ਨੂੰ ਕੋਈ ਲਾਹੇਵੰਦ ਰੁਜ਼ਗਾਰ ਦੇਣ ਦੀ ਕੋਈ ਸਕੀਮ ਹੀ ਨਹੀਂ ਹੈ। ਖੇਤੀ ਖੇਤਰ ਵਿੱਚ ਰੁਜ਼ਗਾਰ ਦੇ ਵਸੀਲਿਆਂ 'ਚ ਭਾਰੀ ਕਟੌਤੀ ਦਰਜ ਕੀਤੀ ਗਈ ਹੈ । ਸੰਨ 2012 ਦੇ ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਔਸਤਨ ਹਰ ਪੰਜਾਬੀ ਕਾਨੂੰਨੀ ਜਾਂ ਗੈਰ-ਕਾਨੂੰਨੀ ਹਰ ਹੀਲਾ ਵਰਤ ਕੇ ਬਾਹਰਲੇ ਮੁਲਕ ਵਿਚ ਪਰਵਾਸ ਕਰਨ ਲਈ ਉਤਾਵਲਾ ਹੈ ।
ਪੜ੍ਹਾਈ ਲਈ ਪਰਵਾਸ ਦਾ ਇਤਿਹਾਸ ਵੀ ਪੁਰਾਣਾ ਹੈ। ਅਜਿਹੀ ਰਵਾਇਤ ਦਾ ਇਤਿਹਾਸ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ। ਚੌਥੀ ਸ਼ਤਾਬਦੀ 'ਚ ਨਾਲੰਦਾ ਦੇ  ਵਿਸ਼ਵਵਿਦਿਆਲੇ 'ਚ ਨੇਪਾਲ, ਤਿੱਬਤ, ਚੀਨ ਅਤੇ ਕੋਰੀਆ ਤੋਂ ਵਿਦਿਆਰਥੀਆਂ ਦਾ ਇਥੇ ਆ ਕੇ ਪੜ੍ਹਾਈ ਕਰਨ ਦਾ ਇਤਿਹਾਸ ਮਿਲਦਾ ਹੈ। ਅਜੋਕੇ ਸਮਿਆਂ 'ਚ ਦੁਨੀਆ ਭਰ ਅੰਦਰ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਯੂਨੈਸਕੋ ਦੇ ਅੰਕੜਿਆਂ ਅਨੁਸਾਰ 1960 ਚ 5 ਲੱਖ , 1980 ਚ 9 ਲੱਖ 20 ਹਜ਼ਾਰ, 1990 'ਚ 12 ਲੱਖ ਅਤੇ 1995 'ਚ 15 ਲੱਖ ਸੀ। 
ਭਾਰਤੀ ਲੋਕ ਸਭਾ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੁੱਛੇ ਜਾਣ ਦੇ ਸਬੰਧ ਵਿੱਚ ਇਕ ਸੁਆਲ ਦੇ ਜੁਆਬ 'ਚ 9 ਅਗਸਤ 2017 ਨੂੰ ਵਿਦੇਸ਼ ਮੰਤਰੀ ਨੇ ਦੱਸਿਆ ਸੀ ਕਿ ਦੁਨੀਆਂ ਦੇ 86 ਮੁਲਕਾਂ ਅੰਦਰ ਇਸ ਸਮੇਂ 5 ਲੱਖ 53 ਹਜ਼ਾਰ 440 ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਹਨਾਂ ਦੀ ਦੋ ਤਿਹਾਈ ਗਿਣਤੀ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਚ ਪੜ੍ਹਾਈ ਕਰ ਰਹੀ ਹੈ।
ਕਿਸੇ ਰਾਜ ਚੋਂ ਵੱਡੀ ਪੱਧਰ 'ਤੇ ਹੋ ਰਹੇ ਪਰਵਾਸ ਨੂੰ ਆਮ ਤੌਰ 'ਤੇ ਉਸ ਖੇਤਰ ਦੇ ਆਰਥਿਕ ਵਿਕਾਸ 'ਚ ਪਛੜੇਵੇਂ ਦੇ ਰੂਪ ਵਿੱਚ ਪੈਦਾ ਹੋਈ ਸਮਾਜਿਕ ਜਾਂ ਸਿਆਸੀ ਉਥਲ- ਪੁਥਲ ਦੇ ਨਤੀਜੇ ਵਜੋਂ ਦੇਖਿਆ ਜਾਂਦਾ ਹੈ। ਪਰ ਪੰਜਾਬ ਦੇ ਮਾਮਲੇ ਵਿਚ ਹਾਲਾਤ ਵੱਖਰੇ ਹਨ ਕਿਉਂਕਿ ਆਰਥਿਕ ਪੱਖ ਤੋਂ ਇਸ ਨੂੰ ਭਾਰਤ ਦੇ ਇਕ ਸਭ ਤੋਂ ਵੱਧ ਵਿਕਸਤ ਸੂਬੇ ਦੇ ਰੂਪ ਵਿੱਚ ਦੇਖਿਆ ਜਾਂਦਾ ਰਿਹਾ ਹੈ ਅਤੇ ਜਿਸ ਦਾ ਭਾਰਤ ਦੀ ਖੇਤੀ ਅਧਾਰਤ ਆਰਥਿਕਤਾ ਅਤੇ ਮਨੁੱਖੀ ਸਰੋਤ ਦੇ ਵਿਕਾਸ ਦੇ ਮਾਮਲੇ 'ਚ ਇਕ ਅਹਿਮ ਯੋਗਦਾਨ ਹਮੇਸ਼ਾ ਰਿਹਾ ਹੈ।
ਸੱਤਰਵਿਆਂ 'ਚ ਅਮਰੀਕੀ ਤਰਜ਼ 'ਤੇ ਕੀਤੀ ਜਾਣ ਵਾਲੀ ਆਧੁਨਿਕ ਖੇਤੀ ਉਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਆਏ ਹਰੇ ਇਨਕਲਾਬ 'ਚ ਖੇਤੀ ਉਤਪਾਦਨ 'ਚ ਹੋਏ ਵਾਧੇ ਦੇ ਨਾਲ ਖੇਤੀ ਅਧਾਰਿਤ ਸਨਅਤਾਂ ਲਗਾਉਣ ਸਬੰਧੀ ਵੱਖ ਵੱਖ ਸਰਕਾਰਾਂ ਵੱਲੋਂ ਕੋਈ ਉਤਸ਼ਾਹ ਕਰੂ ਨੀਤੀਆਂ ਨਾ ਘੜਨ ਕਾਰਨ ਰੁਜਗਾਰ ਦੇ ਮੌਕੇ ਬਹੁਤ ਘੱਟ ਵਿਕਸਤ ਹੋਏ ਹਨ। ਮਨੁੱਖੀ ਸ਼ਕਤੀ ਦੀ ਥਾਂ 'ਤੇ ਮਸ਼ੀਨੀ ਵਰਤੋਂ ਹੋਣ ਨਾਲ ਖੇਤੀ ਦੇ ਖੇਤਰ 'ਚ ਲੱਗੇ ਕਾਮਿਆਂ ਦੀ ਮੰਗ ਘਟੀ ਹੈ। ਸਿੱਟੇ ਵਜੋਂ ਕਿਸਾਨੀ ਅਤੇ ਖੇਤ ਮਜ਼ਦੂਰਾਂ ਅੰਦਰ ਬੇਰੁਜ਼ਗਾਰੀ ਦੀ ਨੌਬਤ ਆਈ ਹੈ। ਇਸ ਦੇ ਨਾਲ ਹੀ ਸਰਕਾਰ ਦੀ ਅਜੋਕੀ ਆਰਥਕ ਨੀਤੀ ਤਹਿਤ ਸਰਕਾਰੀ ਨੌਕਰੀਆਂ 'ਚ ਭਾਰੀ ਕਟੌਤੀਆਂ, ਸਰਕਾਰੀ ਅਦਾਰਿਆਂ ਨੂੰ ਠੇਕੇਦਾਰੀ ਪ੍ਰਬੰਧ ਅਧੀਨ ਕਰਨ, ਸਨਅਤੀ ਵਿਕਾਸ ਦੀ ਕੋਈ ਬੱਝਵੀਂ ਨੀਤੀ ਨਾ ਹੋਣ ਵਰਗੇ ਕਾਰਨਾਂ ਨੇ ਬੇਰੁਜ਼ਗਾਰੀ 'ਚ ਭਾਰੀ ਵਾਧਾ ਕੀਤਾ ਹੈ। ਸਨਅਤੀ ਖੇਤਰ 'ਚ ਨੌਕਰੀਆਂ ਦੇ ਮਾਮਲੇ ਵਿਚ ਪਿਛਲੇ ਸਮੇਂ ਦੌਰਾਨ ਸੂਬੇ ਅੰਦਰ ਬਠਿੰਡਾ ਰਿਫਾਈਨਰੀ ਤੋਂ ਇਲਾਵਾ ਹੋਰ ਕੋਈ ਵੀ ਭਾਰੀ ਸਨਅਤ ਨਹੀਂ ਲਾਈ ਗਈ ਅਤੇ ਦੂਜੇ ਪਾਸੇ ਬਠਿੰਡਾ ਦੇ ਥਰਮਲ ਪਲਾਂਟ ਵਰਗੇ 50 ਸਾਲ ਪੁਰਾਣੇ ਸਰਕਾਰੀ ਅਦਾਰੇ ਨੂੰ ਵੀ ਨਿੱਜੀਕਰਨ ਦੀ ਭੇਟ ਚਾੜ੍ਹਦਿਆਂ ਬੰਦ ਕਰਕੇ ਹਜ਼ਾਰਾਂ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। 
1980-92 ਦੇ ਬਾਰ੍ਹਾਂ ਸਾਲ ਦੇ ਖਾੜਕੂ ਲਹਿਰ ਦੇ ਸਮੇਂ ਪੰਜਾਬ ਦੀ ਆਰਥਿਕ ਹਾਲਤ ਨੂੰ ਖੋਰਾ ਲੱਗਿਆ। ਇਸ ਨੇ ਰਾਜ ਨੂੰ ਮਾਲੀ ਸੰਕਟ ਵਿਚ ਸੁੱਟਿਆ। ਖਾੜਕੂਵਾਦ ਨਾਲ ਨਜਿੱਠਣ ਦੇ ਨਾਮ ਹੇਠ ਕੇਂਦਰ ਸਰਕਾਰ ਕੋਲੋਂ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਉਸ ਅਰਸੇ ਦਾ ਕਰਜ਼ਾ ਜਿਓਂ ਦਾ ਤਿਓਂ ਖੜ੍ਹਾ ਹੈ। ਨਤੀਜੇ ਵਜੋਂ ਵਿੱਤੀ ਸੰਕਟ ਕਾਰਨ ਕੋਈ ਵੀ ਵਿਕਾਸ ਮੁਖੀ ਨੀਤੀ ਸਾਹਮਣੇ ਨਹੀਂ ਆ ਸਕੀ। ਉਪਰੋਂ ਸੰਕਟਗ੍ਰਸਤ ਖੇਤੀ ਆਰਥਿਕਤਾ, ਸਨਅਤੀ ਖੇਤਰ ਵਿਚ ਵਿਕਾਸ ਦੀ ਖੜੋਤ, ਰੁਜ਼ਗਾਰ ਦੇ ਵਧੀਆ ਮੌਕਿਆਂ ਦਾ ਸੁੰਗੜਦੇ ਜਾਣਾ, ਵਿਆਪਕ ਬੇਰੁਜ਼ਗਾਰੀ ਅੱਜ ਦੇ ਪੰਜਾਬ ਦੇ ਸਮਾਜ ਦਾ ਉਘੜਵਾਂ ਲੱਛਣ ਹੈ। ਘੋਰ ਨਿਰਾਸ਼ਾ ਵਾਲੀ ਅਜਿਹੀ ਹਾਲਤ ਵਿਚੋਂ ਨੌਜਵਾਨ ਨਸ਼ਿਆਂ ਵੱਲ ਜਾਂ ਆਤਮਹੱਤਿਆ ਵੱਲ ਨੂੰ ਵਧਦੇ ਜਾ ਰਹੇ ਹਨ। ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਇਸ ਦਾ ਗਵਾਹ ਹਨ।
ਇਸ ਪੁਸਤਕ ਵਿਚ ਅਜਿਹੀ ਨਿਰਾਸ਼ਾਜਨਕ ਹਾਲਤ 'ਚ ਇੱਕ ਅਹਿਮ ਨੁਕਤੇ ਨੂੰ ਵੀ ਨੋਟ ਕੀਤਾ ਗਿਆ ਹੈ ਕਿ ਇਥੇ “ਜਸ਼ਨਾਂ ਦਾ ਸੱਭਿਆਚਾਰ” ਵਧ-ਫੁਲ ਰਿਹਾ ਹੈ। ਵਿਕਾਊ ਮੀਡੀਏ ਰਾਹੀਂ ਖਪਤਕਾਰ ਵਸਤੂਆਂ ਵਾਂਗ ਪਰੋਸੇ ਜਾ ਰਹੇ ਪੰਜਾਬੀ ਲੋਕ ਸੱਭਿਆਚਾਰ ਦੀ ਮੁੱਖਧਾਰਾ 'ਚ ਪੰਜਾਬੀਆਂ ਦੀ ਆਨ ਸ਼ਾਨ ਨੂੰ ਇੱਕ ਹੋਰ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ - ਜਿਸ ਚੋਂ ਇਓਂ ਪ੍ਰਭਾਵ ਮਿਲਦਾ ਹੈ ਕਿ ਜਿਵੇਂ ਪੰਜਾਬ ਵਿਚ ਤਾਂ ਕੋਈ ਸੰਕਟ ਹੈ ਹੀ ਨਹੀਂ ਹੈ। ਸਾਰਾ ਪੰਜਾਬ ਹਮੇਸ਼ਾਂ ਨੱਚਦਾ ਗਾਉਂਦਾ ਹੀ ਰਹਿੰਦਾ ਹੈ। ਓਪਰੀ ਖੁਸ਼ਹਾਲੀ ਦਾ ਗੁਣਗਾਣ, ਹਥਿਆਰਾਂ ਅਤੇ ਨਸ਼ਿਆਂ ਦੀ ਮਹਿਮਾ, ਵੱਡੀਆਂ ਮਹਿੰਗੀਆਂ ਚਮਚਮਾਉਂਦੀਆਂ ਕਾਰਾਂ, ਬਰਾਂਡਡ ਕੱਪੜੇ, ਜੁੱਤੇ, ਐਨਕਾਂ ਤੇ ਪਹਿਨਣ-ਪਚਰਣ ਦਾ ਹੋਰ ਲਗਾਤੁਗਾ ਇਕੱਠਾ ਕਰਨ ਵੱਲ ਨੂੰ ਉਲਾਰ ਹੋਣਾ ਇਕ ਅਜਿਹੀ ਮਨੋਸਥਿਤੀ ਵੱਲ ਨੂੰ ਇਸ਼ਾਰਾ ਕਰਦਾ ਹੈ ਜਿਸ ਨੂੰ ਫਰੈਕਫਰਟ ਸਕੂਲ ਆਫ਼ ਕਰਿਟੀਕਲ ਸਟੱਡੀਜ਼ ਦੇ ਅਮਰੀਕੀ-ਜਰਮਨ ਫ਼ਿਲਾਸਫ਼ਰ ਹਰਬਰਟ ਮਰਕਿਊਜ਼ ਨੇ ਇਕ ਓਪਰੀ ਅਤੇ ਝੂਠੀ ਮਨੋਸਥਿਤੀ ਦਾ ਨਾਂ ਦਿੱਤਾ ਸੀ। ਇਸ ਵਿਚ ਮਨੁੱਖ ਖਪਤ ਅਤੇ ਵਸਤਾਂ 'ਚੋਂ  ਹੀ ਜਸ਼ਨ ਮਾਣਦਾ ਦਿਖਾਈ ਦਿੰਦਾ ਹੈ। ਅਜਿਹੀ ਮਾਨਸਿਕਤਾ ਵਾਲੇ ਨੌਜਵਾਨ ਆਪਣੇ ਜ਼ਿੰਦਗੀ ਜਿਊਣ ਦੇ ਮਕਸਦ ਬਾਰੇ ਵੀ ਪੂਰਨ ਰੂਪ ਵਿੱਚ ਜਾਗਰੂਕ ਨਹੀ. ਹੁੰਦੇ ਤੇ ਨਾ ਹੀ ਆਪਣੇ ਕੈਰੀਅਰ ਬਾਰੇ। ਜਦੋਂ ਵੀ ਉਹਨਾਂ ਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਲਾਈਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹੀ ਜਵਾਬ ਮਿਲਦਾ ਹੈ ਕਿ -ਜਿਸ ਮਰਜ਼ੀ ਲਾਈਨ ਵਿਚ ਦਾਖਲਾ ਮਿਲ ਜਾਵੇ ਜਾਣਾ ਤਾਂ ਆਪਾਂ ਕਨੇਡਾ-ਅਮਰੀਕਾ ਸੈਟਲ ਹੋਣ ਵਾਸਤੇ ਹੀ ਹੈ।
ਵਿਦਵਾਨ ਲੇਖਕਾਂ ਨੇ ਬਠਿੰਡੇ ਸ਼ਹਿਰ ਦੀਆਂ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਦੇਣ ਵਾਲੀਆਂ ਵੱਖ ਵੱਖ ਸੰਸਥਾਵਾਂ ਦੇ 540 ਵਿਦਿਆਰਥੀਆਂ ਦਾ ਸਰਵੇਖਣ ਕੀਤਾ।
ਸਮਾਜਕ ਆਰਥਿਕ ਪੱਖੋਂ  ਵਿਦਿਆਰਥੀਆਂ ਦਾ ਸਰਵੇਖਣ ਕਰਨ ਲਈ ਇਹਨਾਂ ਨੇ ਲਿੰਗ, ਰਿਹਾਇਸ਼ (ਪੇਂਡੂ/ਸ਼ਹਿਰੀ) , ਸਮਾਜਕ ਕੈਟੇਗਰੀ, ਸਕੂਲੀ ਵਿਦਿਆ ਦਾ ਪਿਛੋਕੜ, ਮਾਪਿਆਂ ਦਾ ਵਿਦਿਅਕ ਪਿਛੋਕੜ, ਪਰਿਵਾਰ ਦੀ ਆਰਥਕ ਹਾਲਤ, ਪਰਿਵਾਰ ਦੀ ਸਮਾਜਕ ਹੈਸੀਅਤ ਆਦਿ ਨੂੰ ਵਿਚਾਰ ਅਧੀਨ ਲਿਆਂਦਾ ਹੈ। ਇਹਨਾਂ ਸੁਆਲਾਂ ਦੇ ਨਾਲ ਹੀ ਮਾਈਗਰੇਸ਼ਨ ਕਰਕੇ ਪੜ੍ਹਾਈ ਦੇ ਵਿਸ਼ੇ, ਕਾਲਜ ਦੀ ਪੜ੍ਹਾਈ ਦਾ ਖਰਚਾ ਕੌਣ ਕਰੂ, ਪੜ੍ਹਾਈ ਦੇ ਨਾਲੋ-ਨਾਲ ਕੰਮ ਕਰਨ ਬਾਰੇ ਅਤੇ ਉੱਥੇ ਰਹਿਣ ਬਾਰੇ ਭਵਿੱਖ ਦੀਆਂ ਵਿਉਂਤਬੰਦੀਆਂ ਦੇ ਸਬੰਧ 'ਚ ਉਠਾਏ ਸੁਆਲਾਂ ਨੂੰ ਵੀ ਸੁਆਲਨਾਮੇ ਵਿਚ ਲਿਆ। 
ਸਮਾਜਕ ਵਰਗਾਂ ਦੇ ਸਬੰਧ 'ਚ ਸਰਵੇ 'ਚ ਪਾਇਆ ਗਿਆ  ਕਿ ਅੰਗਰੇਜ਼ੀ ਭਾਸ਼ਾ ਦੀਆਂ ਇਹਨਾਂ ਸੰਸਥਾਵਾਂ 'ਚ 90 ਫੀਸਦੀ ਵਿਦਿਆਰਥੀ ਜਰਨਲ ਕੈਟੇਗਰੀ ਨਾਲ ਸਬੰਧਿਤ ਹਨ ਅਤੇ ਪੱਛੜੀ ਜਾਤੀ ਦੇ 8 ਫੀਸਦੀ ਜਦ ਕਿ ਦਲਿਤ ਸ੍ਰੇਣੀ ਦੇ ਸਿਰਫ ਦੋ ਫੀਸਦੀ ਵਿਦਿਆਰਥੀ ਹੀ ਇਹਨਾਂ ਸੰਸਥਾਵਾਂ 'ਚ ਟਰੇਨਿੰਗ ਲੈ ਰਹੇ ਹਨ। ਇਸ 'ਚੋਂ. ਹੀ ਵਿਦੇਸ਼ ਜਾ ਕੇ ਪੜ੍ਹਾਈ 'ਤੇ ਹੋਣ ਵਾਲੇ ਖਰਚੇ ਨੂੰ ਝੱਲ ਸੱਕਣ ਦੀ ਸਮਰੱਥਾ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਜਾਇਦਾਦ ਵਿਹੂਣੀ ਜਮਾਤ ਐਨੀ ਮਹਿੰਗੀ ਵਿਦਿਆ ਦੀ ਪਰੋਖੋਂ ਝੱਲਣ ਤੋਂ ਅਸਮਰੱਥ ਹੈ।
ਵਿਦਿਆ ਦਾ ਬੁਨਿਆਦੀ ਮਕਸਦ ਮਨੁੱਖੀ ਦਿਮਾਗਾਂ ਨੂੰ ਰੁਸ਼ਨਾਉਣਾ ਹੁੰਦਾ ਹੈ, ਉਹਨਾਂ ਦਿਮਾਗਾਂ ਨੂੰ ਹਰ ਵਰਤ-ਵਰਤਾਰੇ ਨੂੰ ਕਿਉਂ, ਕਿਵੇਂ ਦੇ ਨੁਕਤਾ ਨਜ਼ਰ ਤੋਂ ਪਰਖ ਪੜਤਾਲ ਕਰਨ ਦੇ ਕਾਬਲ ਬਣਾਉਣਾ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਭਵਿੱਖ 'ਚ ਰੋਸ਼ਨ ਦਿਮਾਗ ਵਿਦਵਾਨ ਇਸ ਸੇਧ 'ਚ ਅੱਗੇ ਵਧ ਕੇ ਵਿਦਿਅਕ ਢਾਂਚੇ ਅੰਦਰ ਅਜਿਹੀਆਂ ਵਿਆਪਕ ਤਬਦੀਲੀਆਂ ਲਿਆਉਣ ਲਈ ਉਪਰਾਲੇ ਜੁਟਾਉਣਗੇ। ਤਦ ਹੀ ਸਾਡੀ ਵਿੱਦਿਆ ਸਹੀ ਮਾਅਨਿਆਂ 'ਚ ਸਾਰਥਕ ਰੂਪ 'ਚ ਸਹਾਈ ਹੋ ਸਕਦੀ ਹੈ।