ਵਲੈਤਣ ਬੈਰਿਸਟਰ ਨੂੰ ਰਾਸ ਆਇਆ ਭਾਰਤੀ ਖਾਣਿਆਂ ਦਾ ਬਿਜਨਸ

ਵਲੈਤਣ ਬੈਰਿਸਟਰ ਨੂੰ ਰਾਸ ਆਇਆ ਭਾਰਤੀ ਖਾਣਿਆਂ ਦਾ ਬਿਜਨਸ

20 ਸਾਲ ਬੈਰਿਸਟਰ ਵਜੋਂ ਕੰਮ ਕਰਕੇ ਹੁਣ ਚਲਾ ਰਹੀ ਹੈ ਆਪਣੀ ਰੈਸਟੋਰੈਂਟ ਚੇਨ
ਸਾਲਾਨਾ 1 ਲੱਖ ਪੌਂਡ ਦਿੰਦੀ ਹੈ ਖੈਰਾਤੀ ਸੰਸਥਾਵਾਂ ਨੂੰ ਦਾਨ

ਲੰਡਨ/ਮਨਦੀਪ ਖੁਰਮੀ :
ਇੰਗਲੈਂਡ ਦੇ ਉੱਤਰ ਪੱਛਮੀ ਇਲਾਕੇ 'ਚ ਲਿਵਰਪੂਲ ਦੇ ਨਾਲ ਲਗਦੇ ਨਿੱਕੇ ਜਿਹੇ ਕਸਬੇ ਓਮਜ਼ਕਰਕ ਵਿੱਚ ਜੰਮੀ ਪਲੀ ਭਾਰਤੀ ਕੁੜੀ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਦਾਅ ਖੇਡਿਆ ਕਿ ਆਪਣੇ ਖੇਤਰ ਦੀ ਬਾਦਸ਼ਾਹਤ ਹਾਸਲ ਕਰ ਲਈ। ਜੀ ਹਾਂ, ਨਿਸ਼ਾ ਕਟੋਨਾ ਨਾਮ ਦੀ ਇਹ ਉੱਦਮੀ ਔਰਤ ਓਮਜ਼ਕਰਕ ਵਿੱਚ ਰਹਿੰਦਿਆਂ ਬਾਲ ਸੁਰੱਖਿਆ ਬੈਰਿਸਟਰ ਤੱਕ ਦੀ ਵਿੱਦਿਆ ਹਾਸਲ ਕਰਨ ਦੇ ਨਾਲ ਨਾਲ ਭਾਰਤੀ ਖਾਣਿਆਂ ਦੇ ਬਿਜਨਿਸ ਵੱਲ ਅਜਿਹਾ ਮੁੜੀ ਕਿ ਉਸਨੂੰ “ਮੈਂਬਰ ਆਫ ਬ੍ਰਿਟਿਸ਼ ਅੰਪਾਇਰ“ (ਐੱਮ ਬੀ ਈ) ਦਾ ਮਾਣਮੱਤਾ ਖਿਤਾਬ ਵੀ ਹਾਸਲ ਹੋਇਆ।
ਜ਼ਿਕਰਯੋਗ ਹੈ ਕਿ ਨਿਸ਼ਾ ਨੂੰ ਬੈਰਿਸਟਰ ਵਜੋਂ ਕੰਮ ਕਰਦੇ ਸਮੇਂ 2008 ਵਿੱਚ ਸੱਭਿਆਚਾਰ, ਖੇਡਾਂ ਅਤੇ ਮੀਡੀਆ ਵਿਭਾਗ ਨੇ ਨੈਸ਼ਨਲ ਮਿਊਜ਼ੀਅਮ ਲਿਵਰਪੂਲ ਦੀ ਟਰੱਸਟੀ ਵਜੋਂ ਚੁਣਿਆ। 2009 ਵਿੱਚ ਉਸਨੂੰ ਕੈਬਨਿਟ ਦਫ਼ਤਰ ਵੱਲੋਂ ਵੱਖ ਵੱਖ ਮੂਲਾਂ ਦੇ ਲੋਕਾਂ ਦੀਆਂ ਜਨਤਕ ਨਿਯੁਕਤੀਆਂ ਦੀ ਰਾਜਦੂਤ ਬਣਨ ਦਾ ਮਾਣ ਮਿਲਿਆ। ਬੈਰਿਸਟਰ ਦੇ ਕੰਮ ਨੂੰ ਲਾਂਭੇ ਰੱਖ ਕੇ ਉਸਨੇ ਭਾਰਤੀ ਖਾਣਿਆਂ ਦੀ ਰੈਸਟੋਰੈਂਟ ਲੜੀ “ਮੋਗਲੀ ਰੈਸਟੋਰੈਂਟ“ ਦਾ ਆਗਾਜ਼ ਕੀਤਾ। ਉਸਦਾ ਇਹ ਤਜ਼ਰਬਾ ਇੰਨਾ ਸਫ਼ਲ ਰਿਹਾ ਕਿ ਹੁਣ ਉਸਦੇ ਲਿਵਰਪੂਲ ਵਿੱਚ ਦੋ, ਮਾਨਚੈਸਟਰ ਵਿੱਚ ਦੋ, ਬਰਮਿੰਘਮ, ਆਕਸਫੋਰਡ, ਨੌਟਿੰਘਮ, ਕਾਰਡਿਫ ਵਿਖੇ ਰੈਸਟੋਰੈਂਟ ਭਾਰਤੀ ਖਾਣਿਆਂ ਦੀਆਂ ਮਹਿਕਾਂ ਖਿੰਡਾ ਰਹੇ ਹਨ। ਭਾਰਤ ਤੋਂ ਬੇਸ਼ੱਕ ਨਿਸ਼ਾ ਦੀ ਮਾਂ ਖਾਲੀ ਹੱਥ ਇੰਗਲੈਂਡ ਆਈ ਸੀ ਪਰ ਵਕਾਲਤ ਪੇਸ਼ੇ ਤੋਂ ਰਸੋਈ ਵੱਲ ਪਰਤੀ ਨਿਸ਼ਾ ਦੇ ਕਾਰੋਬਾਰ ਵਿੱਚੋਂ ਸਾਲਾਨਾ ਲਗਭਗ ਇੱਕ ਲੱਖ ਪੌਂਡ ਖੈਰਾਤੀ ਸੰਸਥਾਵਾਂ ਨੂੰ ਜਾਂਦਾ ਹੈ। ਉਹ ਸਿਰਫ ਆਪਣੇ ਰੈਸਟੋਰੈਂਟਾਂ ਦੇ ਕਾਰੋਬਾਰ ਤੱਕ ਹੀ ਸੀਮਤ ਨਾ ਰਹਿ ਕੇ ਇੱਕ ਭੋਜਨ ਬਨਾਉਣ ਦੇ ਤਰੀਕੇ ਸਿਖਾਉਣ ਵਾਲੀ ਲੇਖਿਕਾ ਅਤੇ ਟੈਲੀਵਿਜ਼ਨ ਪੇਸ਼ਕਾਰਾ ਵਜੋਂ ਵੀ ਜਾਣੀ ਜਾਂਦੀ ਹੈ। ਨਿਸ਼ਾ ਨੇ ਹੁਣ ਤੱਕ ਤਿੰਨ ਕਿਤਾਬਾਂ “ਪਿੰਪ ਮਾਈ ਰਾਈਸ“, “ਦ ਸਪਾਈਸ ਟਰੀ“ ਅਤੇ “ਦ ਮੋਗਲੀ ਸਟਰੀਟ ਫੂਡ“ ਵੀ ਭਾਰਤੀ ਖਾਣਿਆਂ ਦੇ ਸ਼ੌਕੀਨਾਂ ਲਈ ਲਿਖੀਆਂ ਹਨ। ਪਾਣੀ ਪੂਰੀ ਅਤੇ ਗੋਲ ਗੱਪਿਆਂ ਸਮੇਤ ਬਹੁਤ ਸਾਰੇ ਭਾਰਤੀ ਖਾਣਿਆਂ ਦਾ ਆਨੰਦ ਲੈਣ ਲਈ ਗੋਰੇ ਗੋਰੀਆਂ ਉਸਦੇ ਰੈਸਟੋਰੈਂਟਾਂ 'ਚ ਵਹੀਰਾਂ ਘੱਤ ਆਉਂਦੇ ਹਨ। ਨਿਸ਼ਾ ਦੱਸਦੀ ਹੈ ਕਿ ਬੈਰਿਸਟਰ ਵਰਗੀ ਨੌਕਰੀ ਵੱਲੋਂ ਇੱਕਦਮ ਪਾਸੇ ਹੋਣਾ, ਆਰਥਿਕ ਵਸੀਲਿਆਂ 'ਚ ਗੜਬੜ ਪੈਦਾ ਕਰਨ ਵਰਗਾ ਕਦਮ ਸੀ। ਪਰ ਮਜ਼ਬੂਤ ਇੱਛਾ ਸ਼ਕਤੀ ਤੇ ਮਿਹਨਤ ਕਰਕੇ ਉਸਨੂੰ ਹੁਣ ਕੋਈ ਪਛਤਾਵਾ ਨਹੀਂ। ਨਿਸ਼ਾ ਆਪਣੀ ਮੁਹਾਰਤ ਨੂੰ ਚੈੱਨਲ 4, ਬੀ ਬੀ ਸੀ, ਆਈ ਟੀ ਵੀ ਅਤੇ ਫੂਡ ਨੈੱਟਵਰਕ ਆਦਿ ਚੈੱਨਲਾਂ ਰਾਂਹੀਂ ਪ੍ਰਸਾਰਿਤ ਕਰਦੀ ਰਹਿੰਦੀ ਹੈ।