ਬਾਦਲਕੇ-ਬਰਗਾੜੀ ਤੇ ਬਹਿਬਲ ਗੋਲੀ ਕਾਂਡ

ਬਾਦਲਕੇ-ਬਰਗਾੜੀ ਤੇ ਬਹਿਬਲ ਗੋਲੀ ਕਾਂਡ


ਮਨਜੀਤ ਸਿੰਘ ਟਿਵਾਣਾ

ਪੰਜਾਬ ਨੇ ਬਾਦਲਕਿਆਂ ਅਤੇ ਭਗਵਿਆਂ ਦੇ ਸਿਆਸੀ ਸੀਰ ਦੌਰਾਨ ਬਹੁਤ ਹੀ ਮਾੜਾ ਦੌਰ ਹੰਢਾਇਆ ਹੈ। ਇਸ ਦੌਰ ਵਿਚ ਹੀ ਬਰਗਾੜੀ ਸਮੇਤ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਬੇਅਦਬੀ ਕੀਤੀ ਗਈ। ਇਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ, ਜਿਸ ਵਿਚ ਬੇਅਦਬੀ ਦੇ ਰੋਸ 'ਚ ਸੜਕਾਂ ਤੇ ਸ਼ਾਂਤਮਈ ਧਰਨਾ ਲਾ ਕੇ ਬੈਠੀਆਂ ਸਿੱਖ ਸੰਗਤਾਂ ਉਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸੇ ਤਰ੍ਹਾਂ ਕੋਟਕਪੁਰੇ 'ਚ ਵੀ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਉਤੇ ਬਿਨਾ ਕਿਸੇ ਚੇਤਾਵਨੀ ਤੋਂ ਅੰਨ੍ਹੇਵਾਹ ਲਾਠੀਚਾਰਜ ਤੇ ਫਾਇਰਿੰਗ ਕੀਤੀ ਗਈ ਸੀ। ਪਰਕਾਸ਼ ਸਿੰਘ ਬਾਦਲ ਦਾ ਭਗਵਿਆਂ ਨਾਲ ਸਿਆਸੀ ਗੱਠਜੋੜ, ਉਸ ਦੇ ਨਾਗਪੁਰੀ ਕੁਨੈਕਸ਼ਨ ਤੇ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰ ਕੇ ਉਨ੍ਹਾਂ ਦੇ ਵਕਾਰ ਤੇ ਉਨ੍ਹਾਂ ਦੀ ਇਤਿਹਾਸਕ ਆਭਾ ਨੂੰ ਖਤਮ ਕਰਨ ਦੀਆਂ ਕਾਲੀਆਂ ਕਰਤੂਤਾਂ ਵੱਖਰੇ ਤੌਰ ਉਤੇ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਹਨ। ਤਾਜ਼ਾ ਘਟਨਾਕ੍ਰਮ ਵਿਚ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਵਿਚ ਬਾਦਲਕਿਆਂ ਦੀ ਸਿੱਧੀ-ਅਸਿੱਧੀ ਸ਼ਮੂਲੀਅਤ ਦੇ ਪ੍ਰਤੱਖ ਸਬੂਤ ਅਤੇ ਕਾਨੂੰਨਨ ਕਾਰਵਾਈ ਸੀਨ ਉਤੇ ਹਨ। 
ਬਾਦਲਕਿਆਂ ਤੇ ਬਰਗਾੜੀ ਬੇਅਦਬੀ ਕਾਂਡ ਦਾ ਗੂੜ੍ਹਾ ਰਿਸ਼ਤਾ ਹੈ। ਇਕ ਸਿੱਖ ਲਈ ਗੁਰੂ ਦੀ ਬੇਅਦਬੀ ਤੋਂ ਵੱਡਾ ਕੋਈ ਗੁਨਾਹ ਨਹੀਂ ਹੋ ਸਕਦਾ। ਸਾਡੇ ਸਮਿਆਂ ਦਾ ਇਹ ਇਕ ਕੌੜਾ ਸੱਚ ਹੈ ਕਿ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਡੇਰਾ ਸਿਰਸਾ ਤੇ ਉਸ ਦਾ ''ਗੁਰੂ-ਡੰਮ” ਸਿੱਖ ਪੰਥ ਦੇ ਨਾਮ ਉਤੇ ਵੋਟਾਂ ਲੈ ਕੇ ਰਾਜ-ਭਾਗ ਮਾਨਣ ਵਾਲਿਆਂ ਦੀ ਪਨਾਹ ਵਿਚ ਹੀ ਨਹੀਂ ਰਿਹਾ ਸਗੋਂ ਉਨ੍ਹਾਂ ਦੀ ਸ਼ਹਿ ਉਤੇ ਸਿੱਖਾਂ ਦਾ ਮੁੰਹ ਚਿੜਾਉਂਦਾ ਰਿਹਾ। ਸਿੱਖ ਕੌਮ ਦੇ ਦੁਸ਼ਮਣਾਂ ਨੇ ਬੀਤੇ ਵਿਚ ਵੀ ਬਹੁਤ ਸਾਰੇ ਡੇਰਿਆਂ ਨੂੰ ਸਿੱਖਾਂ ਖਿਲਾਫ ਰੱਜ ਕੇ ਵਰਤਿਆ ਹੈ ਪਰ ਪੰਥਕ ਮੁਖੌਟੇ ਹੇਠ ਲੁਕੇ ਦੁਸ਼ਮਣ ਨੇ ਜਿਹੜਾ ਡੰਗ ਆਸਤੀਨ ਦਾ ਸੱਪ ਬਣ ਕੇ ਮਾਰਿਆ, ਉਹ ਸਿੱਖ ਕੌਮ ਨੂੰ ਗਹਿਰਾ ਜ਼ਖਮ ਦੇ ਗਿਆ ਹੈ। 
ਅਸੀਂ ਅਕਸਰ ਹੀ ਬਰਗਾੜੀ ਜਾਂ ਪੰਜਾਬ ਦੀਆਂ ਹੋਰ ਥਾਵਾਂ ਉਤੇ ਹੋਈਆਂ ਗੁਰੂ ਦੀਆਂ ਬੇਅਦਬੀਆਂ ਨੂੰ ਮਹਿਜ਼ ਸਿਰਸੇ ਵਾਲੇ ਸਾਧ ਦੀ ਸਿੱਖਾਂ ਨਾਲ ਰੰਜ਼ਿਸ਼ ਜਾਂ ਟਕਰਾਅ ਵਿਚੋਂ ਨਿਕਲੇ ਵਰਤਾਰੇ ਦੇ ਰੂਪ ਵਿਚ ਹੀ ਦੇਖ ਲੈਂਦੇ ਹਾਂ। ਫਿਰ ਕਾਨੂੰਨੀ ਕਾਰਵਾਈਆਂ ਕਰਨ ਜਾਂ ਇਨਸਾਫ ਦੀ ਦੁਹਾਈ ਦਿੱਤੀ ਜਾਂਦੀ ਹੈ। ਇਹ ਮਹਿਜ਼ ਕਾਨੂੰਨ ਦੀ ਉਲੰੰਘਣਾ ਜਾਂ ਕਿਸੇ ਦੁਨਿਆਵੀ ਅਦਾਲਤਾਂ ਵਿਚੋਂ ਮਿਲਣ ਵਾਲੇ ਇਨਸਾਫ ਦਾ ਹੀ ਮਾਮਲਾ ਨਹੀਂ ਹੈ। ਇਸ ਵਰਤਾਰੇ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ। ਇਹ ਤਾਂ ਪੰਜ ਸਦੀਆਂ ਦਾ ਵੈਰ ਹੈ, ਜੋ ਕਦੇ ਗੁਰੂ ਨਾਨਕ ਸਾਹਿਬ ਖਿਲਾਫ ਕੂੜ ਪਰਚਾਰ ਕਰਦਾ ਹੈ, ਘਟੀਆ ਗੋਂਦਾਂ ਗੁੰਦਦਾ ਹੈ, ਚੰਦੂ ਦੇ ਰੂਪ ਵਿਚ ਪੰਜਵੀਂ ਪਾਤਿਸ਼ਾਹੀ ਦੀ ਸ਼ਹਾਦਤ ਦਾ ਕਾਰਨ ਬਣਦਾ ਹੈ। ਕਦੇ ਬਾਈਧਾਰ ਦੇ ਰਾਜਿਆਂ ਰਾਹੀਂ ਪੇਸ਼ ਆਉਂਦਾ ਹੈ ਤੇ ਕਦੇ ਗੰਗੂ ਤੇ ਸੁੱਚਾ ਨੰਦ ਦੇ ਰੂਪ ਵਿਚ ਸਾਕਾ ਸਰਹਿੰਦ ਦੇ ਪਿੱਛੇ ਖੜ੍ਹਾ ਦਿਖਾਈ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਸਮੇਤ ਪੂਰੀ ਮਾਨਵਤਾ ਦੇ ਦੁਸ਼ਮਣ ਇਸ 'ਬਿਪਰਵਾਦ' ਖਿਲਾਫ ਜੰਗ ਦਾ ''ਲਿਖਤੀ ਐਲਾਨਨਾਮਾ” ਹਨ। ਇਸ ਕਰਕੇ ਸਿੱਖਾਂ ਦਾ ਗੁਰੂ ਅਤੇ ਗੁਰੂ ਦਾ ਸਾਜਿਆ ਖਾਲਸਾ ਹਮੇਸ਼ਾ ਇਸ ਦੀਆਂ ਅੱਖਾਂ ਵਿਚ ਰੜਕਦਾ ਆ ਰਿਹਾ ਹੈ। ਆਪਣੀ ਇਸ ਬਦਕਾਰੀ ਤੇ ਅਣਦਿਸਦੇ ਰਾਜ-ਭਾਗ ਲਈ ਬਿਪਰਵਾਦ ਹਮੇਸ਼ਾ ਵੱਖ-ਵੱਖ ਸਰਕਾਰਾਂ ਤੇ ਸਿਸਟਮ ਨੂੰ ਵਰਤਦਾ ਹੈ। ਸੱਤਾ ਦੇ ਲਾਲਚ ਵਿਚ ਆ ਕੇ ਬਿਪਰਵਾਦ ਦੇ ਮਾਨਵਤਾ ਤੇ ਸਿੱਖ ਵਿਰੋਧੀ ਖਾਸੇ ਦਾ ਸੰਦ ਬਣਦੇ ਆ ਰਹੇ ਬਾਈਧਾਰੀਏ, ਸੁੱਚਾਨੰਦੀਏ ਤੇ ਬਾਦਲਦਕਿਆਂ ਵਰਗਿਆਂ ਦੀ ਥਾਂ ਵੀ ਇਤਿਹਾਸ ਨੇ ਨਿਰਧਾਰਿਤ ਕਰਨੀ ਹੀ ਹੁੰਦੀ ਹੈ। ਲਗਭਗ ਗੁਰੂ ਦਾ ਹਰ ਇਕ ਸੱਚਾ ਸਿੱਖ ਬਾਖੂਬੀ ਜਾਣਦਾ ਹੈ ਕਿ ਬੇਅਦਬੀ ਕਾਂਡ ਲਈ ਸੌਧਾ ਸਾਧ ਤੇ ਬਾਦਲਕੇ ਬਰਾਬਰ ਦੇ ਦੋਸ਼ੀ ਹਨ। ਬਾਦਲਕਿਆਂ ਦੇ ਸੱਤਾ ਦੇ ਜ਼ੋਰ ਤੇ ਅੰਦਰੂਨੀ ਸਮਝੌਤਿਆਂ ਸਦਕਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਭਾਵੇਂ ਮਿੱਟੀ ਘੱਟੇ ਪਾਉਣ ਦਾ ਕਿੰਨਾ ਵੀ ਯਤਨ ਕੀਤਾ ਜਾਵੇ ਪ੍ਰੰਤੂ ਇਸ ਪਾਪ ਨਾਲ ਬਾਦਲਕਿਆਂ ਦੀਆਂ ਜੜ੍ਹਾਂ ਪੁੱਟੀਆਂ ਹੀ ਜਾਣੀਆਂ ਹਨ। 
ਇਹ ਵੀ ਜ਼ਾਹਰ ਹੈ ਕਿ ਸਿਰਫ਼ ਇਕ-ਦੋ ਜਾਂ ਚਾਰ ਪੁਲਿਸ ਅਫ਼ਸਰਾਂ ਨੂੰ ਦੋਸ਼ੀ ਨਾਮਜ਼ਦ ਕਰਕੇ ਸਿੱਖਾਂ ਦੇ ਵਲੂੰਧਰੇ ਹਿਰਦੇ ਸ਼ਾਂਤ ਨਹੀਂ ਕੀਤੇ ਜਾ ਸਕਦੇ। ਮੁੱਖ ਸਵਾਲ ਇਹ ਹੈ ਕਿ ਆਖ਼ਰ ਸ਼ਾਂਤਮਈ ਸਿੱਖ ਸੰਗਤਾਂ ਉਤੇ ਗੋਲੀ ਚਲਾਉਣ ਦੇ ਹੁਕਮ ਆਏ ਕਿਥੋਂ ਸਨ? ਸਵਾਲ ਇਹ ਵੀ ਹੈ ਕਿ ਤਤਕਾਲੀਨ ਮੁੱਖ ਮੰਤਰੀ ਨੂੰ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਨੇ ਆਖ਼ਰ ਅੱਧੀ ਰਾਤ ਨੂੰ ਜਗਾ ਕੇ ਕਿਹੜੀਆਂ ਹਦਾਇਤਾਂ ਲਈਆਂ ਸਨ? ਸੁਮੇਧ ਸੈਣੀ ਨਾਂ ਦਾ ਇਹ ਪੁਲਿਸ ਅਫਸਰ ਖਾੜਕੂ ਲਹਿਰ ਦੌਰਾਨ ਵੀ ਸਿੱਖ ਨੌਜਵਾਨਾਂ ਨੂੰ ਮਾਰ-ਖਪਾਉਣ ਦੇ ਦੋਸ਼ਾਂ ਵਿਚ ਘਿਰਦਾ ਆ ਰਿਹਾ ਹੈ। ਕੈਪਟਨ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਇਨਸਾਫ਼ ਜੇ ਅਧੂਰਾ ਹੋਵੇ ਤਾਂ ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਸਹੀ ਅਰਥਾਂ ਵਿਚ ਇਨਸਾਫ਼ ਹੋਇਆ ਮੰਨਿਆ ਜਾਂਦਾ ਹੈ।
ਪੰਜਾਬ ਦਾ ਪੰਜ ਵਾਰ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਪੂਰਾ ਸਿਆਸੀ ਆਰ-ਪਰਿਵਾਰ ਹੁਣ ਵਕਤ ਦੇ ਉਸ ਮੋੜ ਉਤੇ ਆਣ ਖੜ੍ਹਾ ਹੋਇਆ ਹੈ, ਜਿੱਥੋਂ ਅੱਗੇ ਸਾਰੇ ਰਸਤੇ ਬਦਨਾਮੀ, ਸਜ਼ਾਵਾਂ ਤੇ ਕਾਲ ਕੋਠੜੀਆਂ ਵੱਲ ਜਾਂਦੇ ਹਨ। ਜੇ ਇਕ ਵਾਰ ਇਹ ਮੰਨ ਵੀ ਲਿਆ ਜਾਵੇ ਕਿ ਸੱਤਾ ਦੇ ਲਾਲਚ ਵਿਚ ਆ ਕੇ ਕੀਤੀਆਂ ਤਮਾਮ ਕਾਲੀਆਂ ਕਰਤੂਤਾਂ ਦੇ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਇਹ ਲੋਕ ਪੈਸੇ, ਤਾਕਤ ਤੇ ਭਾਰਤੀ ਭ੍ਰਿਸ਼ਟਤੰਤਰ ਦੀ ਆੜ ਵਿਚ ਦੁਨਿਆਵੀ ਇਨਸਾਫ ਦੇ ਅੱਡਿਆਂ ਵਿਚੋਂ ਬਚ ਨਿਕਲਦੇ ਹਨ, ਤਾਂ ਵੀ ਇਤਿਹਾਸ ਅਤੇ ਲੋਕਾਂ ਦੀ ਕਚਹਿਰੀ ਵਿਚ ਇਹ ਲੋਕ ਗੁਨਾਹਗਾਰ ਲਿਖੇ ਜਾ ਚੁੱਕੇ ਹਨ। ਦੁਨੀਆ ਦੇ ਕਾਨੂੰਨ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ, ਸਬੂਤਾਂ ਦੀ ਜੋਖ-ਪਰਖ ਹੁੰਦੀ ਹੈ ਤੇ ਡਾਢਿਆਂ ਦਾ ਜ਼ੋਰ ਵੀ ਚਲਦਾ ਹੁੰਦਾ ਹੈ। ਇਤਿਹਾਸ ਲਿਖਣ ਵਾਲੇ ਖਰੀਦੇ ਤੇ ਗੁੰਮਰਾਹ ਕੀਤੇ ਜਾ ਸਕਦੇ ਹਨ ਪਰ ਇਕ ਅਣਲਿਖਿਆ ਇਤਿਹਾਸ ਵੀ ਹੁੰਦਾ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਲੋਕ-ਮਨਾਂ ਵਿਚ ਸਫਰ ਕਰਦਾ ਹੈ। ਪੰਜਾਬ ਤੇ ਸਿੱਖ ਕੌਮ ਦੇ ਮਨਾਂ ਵਿਚ ਉਕਰੇ ਇਤਿਹਾਸ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੋਇਆ ਹੈ। ਲੋਕਾਂ ਦੀ ਕਚਹਿਰੀ ਵਿਚ ਦੋਸ਼ੀ ਕਰਾਰ ਦਿੱਤੇ ਗਏ ਬਾਦਲਕਿਆਂ ਤੇ ਉਨ੍ਹਾਂ ਦੇ ਸਿਆਸੀ ਲੁੰਗ-ਲਾਣੇ ਨੂੰ ''ਦੋਹੀਂ ਜਹਾਨੀਂ ਢੋਈ ਨਾ ਮਿਲਣ” ਦੀ ਦੁਰ-ਅਸੀਸ ਦੀ ਸਜ਼ਾ ਕਿਤੇ ਵੀ ਮੁਆਫ ਨਹੀਂ ਹੋ ਸਕਦੀ।