ਦਾਹੜੀ 'ਤੇ ਰੋਕ ਹਟਣ ਬਾਅਦ ਰਿੰਗ ਵਿਚ ਉੱਤਰੇ ਪਹਿਲੇ ਅੰਮ੍ਰਿਤਧਾਰੀ ਨੌਜਵਾਨ ਨੇ ਦਰਜ ਕੀਤੀ ਇਤਿਹਾਸਕ ਜਿੱਤ

ਦਾਹੜੀ 'ਤੇ ਰੋਕ ਹਟਣ ਬਾਅਦ ਰਿੰਗ ਵਿਚ ਉੱਤਰੇ ਪਹਿਲੇ ਅੰਮ੍ਰਿਤਧਾਰੀ ਨੌਜਵਾਨ ਨੇ ਦਰਜ ਕੀਤੀ ਇਤਿਹਾਸਕ ਜਿੱਤ

ਬਰਮਿੰਘਮ: ਬਰਤਾਨੀਆ ਦੇ ਬਰਮਿੰਘਮ ਨਾਲ ਸਬੰਧਿਤ 18 ਸਾਲਾ ਸਿੱਖ ਨੌਜਵਾਨ ਚਰਨਪਾਲ ਸਿੰਘ ਯੂਕੇ ਵਿਚ ਹੁੰਦੇ ਮੁਕੇਬਾਜ਼ੀ ਦੇ ਮੁਕਾਬਲੇ ਵਿਚ ਭਾਗ ਲੈਣ ਵਾਲਾ ਪਹਿਲਾ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਬਣ ਗਿਆ ਹੈ। ਇਸ ਦੇ ਨਾਲ ਹੀ ਉਸਨੇ ਆਪਣਾ ਪਹਿਲਾ ਮੁਕਾਬਲਾ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ ਹੈ। 

ਗੌਰਤਲਬ ਹੈ ਕਿ ਪਹਿਲਾਂ ਸਿੱਖ ਨੌਜਵਾਨਾਂ ਲਈ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿਚ ਭਾਗ ਲੈਣ ਦੇ ਰਾਹ ਬੰਦ ਹੋ ਜਾਂਦੇ ਸਨ ਕਿਉਂਕਿ ਦਾਹੜੀ ਵਾਲੇ ਖਿਡਾਰੀਆਂ ਨੂੰ  ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿਚ ਬਾਗ ਲੈਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਸੀ। ਪਰ 8 ਮਹੀਨੇ ਪਹਿਲਾਂ ਇਸ ਰੋਕ ਨੂੰ ਹਟਾ ਦਿੱਤਾ ਗਿਆ। 

ਚਰਨਪਾਲ ਸਿੰਘ ਨੇ ਕਿਹਾ ਕਿ ਇਹ ਰੋਕ ਹਟਣ ਤੋਂ ਪਹਿਲਾਂ ਵੀ ਉਹ ਇਸ ਸਬੰਧੀ ਸੋਚਦਾ ਹੀ ਨਹੀਂ ਸੀ ਕਿਉਂਕਿ ਉਹ ਦ੍ਰਿੜ ਸੀ ਕਿ ਕੇਸ ਕਤਲ ਕਰਾ ਕੇ ਉਹ ਆਪਣੇ ਧਰਮ ਦੇ ਸਿਧਾਂਤਾਂ ਦਾ ਘਾਣ ਨਹੀਂ ਕਰ ਸਕਦਾ। ਚਰਨਪਾਲ ਸਿੰਘ ਨੇ ਕਿਹਾ, "ਇਕ ਅੰਮ੍ਰਿਤਧਾਰੀ ਸਿੱਖ ਹੋਣ ਨਾਤੇ, ਕੇਸ ਮੇਰੀ ਹਸਤੀ ਦਾ ਹਿੱਸਾ ਹਨ।"


18 ਸਾਲਾ ਸਿੱਖ ਨੌਜਵਾਨ ਚਰਨਪਾਲ ਸਿੰਘ 

ਉਹਨਾਂ ਦਾਹੜੀ ਸਮੇਤ ਖੇਡਣ 'ਤੇ ਲੱਗੀ ਰੋਕ ਹਟਣ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਉਹ ਮੁੱਕੇਬਾਜ਼ੀ ਨੂੰ ਪੂਰੀ ਤਰ੍ਹਾਂ ਅਪਣਾ ਸਕਦੇ ਹਨ। ਉਹਨਾਂ ਕਿਹਾ ਕਿ ਸਿੱਖੀ ਵਿਚ ਸੰਤ-ਸਿਪਾਹੀ ਦਾ ਫਲਸਫਾ ਹੈ ਜੋ ਉਹਨਾਂ ਨੂੰ ਇਸ ਕੰਮ ਵਿਚ ਵੀ ਉਤਸ਼ਾਹਿਤ ਕਰਦਾ ਹੈ। 

ਜ਼ਿਕਰਯੋਗ ਹੈ ਕਿ ਮਾਰਚ 2018 ਵਿਚ ਇੰਗਲੈਂਡ ਮੁਕੇਬਾਜ਼ੀ ਸੰਸਥਾ ਨੇ ਦਾਹੜੀ 'ਤੇ ਰੋਕ ਨੂੰ ਹਟਾ ਦਿੱਤਾ ਸੀ। ਇਹ ਰੋਕ ਹਟਣ ਤੋਂ ਬਾਅਦ ਹੁਣ ਅੰਮ੍ਰਿਤਧਾਰੀ ਸਿੱਖ ਨੌਜਵਾਨ ਮੁੱਕਬਾਜ਼ੀ ਵਿਚ ਭਾਗ ਲੈ ਸਕਣਗੇ। 

ਇਸ ਸਬੰਧੀ ਜਾਰੀ ਬਿਆਨ ਵਿਚ ਸੰਸਥਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਹ ਫੈਂਸਲਾ ਫਿਲਹਾਲ ਭਾਵੇਂ ਇੰਗਲੈਂਡ ਦੇ ਅੰਦਰੂਨੀ ਮੁਕਾਬਲਿਆਂ ਤਕ ਸੀਮਤ ਹੈ ਪਰ ਉਹ ਕੋਸ਼ਿਸ਼ ਕਰਨਗੇ ਕਿ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਕੋਲੋਂ ਵੀ ਇਸ ਸਬੰਧੀ ਨਿਯਮਾਂ ਵਿਚ ਤਬਦੀਲੀ ਕਰਵਾਈ ਜਾ ਸਕੇ।