ਕਾਂਗਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ੇ ਲਈ ਖੁਲ੍ਹ ਕੇ ਸਾਹਮਣੇ ਆਈ: ਸ਼੍ਰੋਮਣੀ ਅਕਾਲੀ ਦਲ

ਕਾਂਗਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ੇ ਲਈ ਖੁਲ੍ਹ ਕੇ ਸਾਹਮਣੇ ਆਈ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪਾਸ ਕੀਤੇ ਮਤੇ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਵੱਲੋਂ ਸਿੱਖ ਗੁਰਧਾਮਾਂ ਦਾ ਪ੍ਰਬੰਧ ਵੇਖਦੀ ਸਰਵ ਉਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ੇ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼ ਇਕ ਵਾਰ ਫਿਰ ਬੇਨਕਾਬ ਹੋ ਗਈ ਹੈ। ਪਹਿਲਾਂ ਡੰਮੀ ਸੰਗਠਨ ਬਣਾ ਕੇ ਕਬਜ਼ੇ ਦੇ ਯਤਨ ਕਰਨ ਵਿਚ ਅਸਫਲ ਰਹੀ ਕਾਂਗਰਸ ਪਾਰਟੀ ਹੁਣ ਖੁਲ੍ਹ ਕੇ ਸਾਹਮਣੇ ਆ ਗਈ ਹੈ।

ਜ਼ਿਕਰਯੋਗ ਹੈ ਕਿ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਸਿਫਰ ਕਾਲ ਦੌਰਾਨ ਇਹ ਮਸਲਾ ਚੁਕਦਿਆਂ ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ ਲਈ ਕਹੇ। ਫੂਲਕਾ ਦੀ ਇਸ ਮੰਗ 'ਤੇ ਹਾਮੀ ਭਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਸਲਾ ਭਾਰਤ ਦੇ ਗ੍ਰਹਿ ਮੰਤਰੀ ਕੋਲ ਚੁੱਕਣ ਦਾ ਭਰੋਸਾ ਦਿੱਤਾ। ਇਸ ਮਤੇ ਨੂੰ ਬਾਦਲ ਦਲ ਅਤੇ ਭਾਜਪਾ ਦੇ ਵਿਰੋਧ ਦਰਮਿਆਨ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਗਿਆ।

ਇਸ ਮਤੇ ਬਾਰੇ ਟਿੱਪਣੀ ਕਰਦਿਆਂ ਜਾਰੀ ਪ੍ਰੈਸ ਬਿਆਨ ਵਿਚ ਬਾਦਲ ਦਲ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਇਕ ਲੋਕਤੰਤਰੀ ਸੰਸਥਾ ਜਿਸਨੂੰ 'ਇੰਟਰ ਸਟੇਟ ਬਾਡੀ ਕਾਰਪੋਰੇਟ' ਵਜੋਂ ਜਾਣਿਆ ਜਾਂਦਾ ਹੈ ਦਾ ਭਵਿੱਖ ਇਕ ਵਿਧਾਨ ਸਭਾ ਕਿਵੇਂ ਤੈਅ ਕਰ ਸਕਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪੰਜਾਬ, ਹਰਿਆਣਾ, ਹਿਮਾਚਲ  ਪ੍ਰਦੇਸ਼ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਹੁੰਦੀਆਂ ਹਨ ਅਤੇ ਇਸ ਤੋਂ ਇਲਾਵਾ 15 ਮੈਂਬਰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕੋ ਆਪਟ ਕੀਤੇ ਜਾਂਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪਿਛਲੇ ਕੁਝ ਦਹਾਕਿਆਂ ਤੋਂ ਕਾਂਗਰਸ ਪਾਰਟੀ ਨੇ ਆਪਣੀਆਂ ਕਠਪੁਤਲੀਆਂ ਰਾਹੀਂ ਸਿੱਖ ਸੰਸਥਾ 'ਤੇ ਕਬਜ਼ਾ ਕਰਨ ਦੇ ਯਤਨ ਕੀਤੇ ਹਨ। ਇਸਨੇ  ਇਹਨਾਂ ਸਾਲਾਂ ਦੌਰਾਨ ਹੋਈਆਂ ਚੋਣਾਂ ਵਿਚ ਵੱਖ ਵੱਖ ਫਰੰਟ ਬਣਾ ਕੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਪਰ ਸਿੱਖਾਂ ਨੇ ਕਾਂਗਰਸ ਪਾਰਟੀ ਦੇ ਡੰਮੀ ਉਮੀਦਵਾਰ ਹਮੇਸ਼ਾ ਰੱਦ ਕਰ ਦਿੱਤੇ।

ਡਾ. ਚੀਮਾ ਨੇ ਕਿਹਾ ਕਿ ਆਪਣੇ ਪਹਿਲੇ ਯਤਨਾਂ ਵਿਚ ਅਸਫਲ ਰਹਿਣ ਮਰਗੋਂ ਹੁਣ ਕਾਂਗਰਸ ਪਾਰਟੀ ਚੋਣਾਂ ਲੜਨ ਵਾਸਤੇ ਖੁਲ੍ਹ ਕੇ ਸਾਹਮਣੇ ਆ ਗਈ ਹੈ ਤੇ ਇਸਦਾ ਏਜੰਡਾ ਸਿੱਖ ਸੰਸਥਾ 'ਤੇ ਕਬਜ਼ਾ ਕਰਨਾ ਹੈ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸਨੇ ਆਪਣੇ ਏਜੰਡੇ ਦੀ ਪੂਰਤੀ ਵਾਸਤੇ ਆਮ ਆਦਮੀ ਪਾਰਟੀ ਨਾਲ ਗੰਢਤੁੱਪ ਕਰ ਲਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ  ਦੋਹਾਂ ਪਾਰਟੀਆਂ ਨੇ ਆਪਣੇ ਏਜੰਡੇ ਦੀ ਪੂਰਤੀ ਵਾਸਤੇ ਸੂਬਾ ਵਿਧਾਨ ਸਭਾ ਦੇ ਪਵਿੱਤਰ ਪਲੈਟਫਾਰਮ ਦੀ ਵਰਤੋਂ ਕੀਤੀ ਹੈ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਦ ਵੱਲੋਂ ਬਣਾਏ ਗਏ ਆਲ ਇੰਡੀਆ ਐਕਟ ਦੇ ਤਹਿਤ ਚਲਦੀ ਹੈ ਅਤੇ ਕਿਸੇ ਵੀ ਰਾਜ ਵਿਧਾਨ ਸਭਾ ਨੂੰ ਇਸਦੇ ਕੰਮਕਾਜ ਵਿਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਉਹਨਾਂ ਨੇ ਕਾਂਗਰਸ ਅਤੇ ਆਪ ਨੂੰ  ਚੇਤੇ ਕਰਵਾਇਆ ਕਿ  ਸ਼੍ਰੋਮਣੀ ਕਮੇਟੀ ਵਿਚ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਵੀ ਮੈਂਬਰ ਹੁੰਦੇ ਹਨ ਤੇ ਇਹ ਸਿਰਫ ਪੰਜਾਬ ਦੀ ਸੰਸਥਾ ਨਹੀਂ ਬਲਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਸਿੱਖਾਂ ਦੀ ਪ੍ਰਤੀਨਿਧਤ ਸੰਸਥਾ ਹੈ। ਉਹਨਾਂ ਕਿਹਾ ਕਿ  ਰਾਜ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਕਾਂਗਰਸ ਪਾਰਟੀ ਤੇ ਆਪ ਨੇ ਹੋਰਨਾਂ ਰਾਜਾਂ ਵਾਸਤੇ ਗਲਤ ਪਿਰਤ ਪਾਈ ਹੈ।

ਡਾ. ਚੀਮਾ ਨੇ ਹੋਰ ਕਿਹਾ ਕਿ ਇਹ ਚੋਣਾਂ ਕਰਵਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ 2016 ਵਿਚ ਸੁਪਰੀਮ ਕੋਰਟ ਨੇ ਸਹਿਜਧਾਰੀ ਪਾਰਟੀ, ਜੋ ਕਿ ਉਹਨਾਂ ਦੀ ਕਠਪੁਤਲੀ  ਹੈ, ਦੀ ਪਟੀਸ਼ਨ ਰੱਦ ਕੀਤੀ ਸੀ। ਉਦੋਂ ਸੁਪਰੀਮ ਕੋਰਟ ਦੇ ਫੈਸਲੇ ਨਾਲ 2011 ਵਿਚ ਚੁਣਿਆ ਗਿਆ ਸਦਨ ਬਹਾਲ ਹੋਇਆ ਸੀ ਤੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦਾ ਹਰ ਅਧਿਕਾਰ ਹੈ।

ਸ਼੍ਰੋਮਣੀ ਅਕਾਲੀ ਦਲ   ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਸੰਵਿਧਾਨ ਅਨੁਸਾਰ ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕਾਂਗਰਸ ਪਾਰਟੀ ਦੀ ਮੌਜੂਦਾ ਕਾਰਵਾਈ ਨੇ ਇਸਦਾ ਧਰਮ ਨਿਰਪੱਖ ਪਾਰਟੀ ਹੋਣ ਦਾ ਦਾਅਵਾ ਵੀ ਲੀਰੋ ਲੀਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਨੇ ਮੁੜ ਦੁਹਰਾਇਆ ਹੈ ਕਿ ਕਾਂਗਰਸ ਸਿੱਖਾਂ ਦੀ ਨੰਬਰ ਇਕ ਦੁਸ਼ਮਣ ਪਾਰਟੀ ਸੀ ਅਤੇ ਹਮੇਸ਼ਾ ਰਹੇਗੀ।