ਪੰਜਾਬ ਦੇ ਮਰਦੇ ਦਰਿਆਵਾਂ ਦੀ ਮਰਦੀ ਮੱਛੀ ਡੌਲਫਿਨ ਨੂੰ ਸਰਕਾਰ ਨੇ ਸੂਬਾਈ ਜਲ ਜੀਵ ਐਲਾਨਿਆ

ਪੰਜਾਬ ਦੇ ਮਰਦੇ ਦਰਿਆਵਾਂ ਦੀ ਮਰਦੀ ਮੱਛੀ ਡੌਲਫਿਨ ਨੂੰ ਸਰਕਾਰ ਨੇ ਸੂਬਾਈ ਜਲ ਜੀਵ ਐਲਾਨਿਆ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਰਿਆਈ ਡੌਲਫ਼ਿਨ ਮੱਛੀ ਨੂੰ ਪੰਜਾਬ ਦਾ ਸੂਬਾਈ ਜਲ ਜੀਵ ਐਲਾਨ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ' ਮੇਰੀ ਸਰਕਾਰ ਇਸ ਜੀਵ ਨੂੰ ਬਚਾਉਣ ਲਈ ਸਭ ਕੁਝ ਕਰੇਗੀ।'

ਜ਼ਿਕਰਯੋਗ ਹੈ ਕਿ ਸਿੰਧ ਦਰਿਆ ਦੀ ਇਹ ਮੱਛੀ ਦਰਿਆਈ ਪਾਣੀ ਵਿਚ ਮਿਲਣ ਵਾਲੀਆਂ ਡੌਲਫਿਨ ਮੱਛੀਆਂ ਦੀ ਅਜਿਹੀ ਨਸਲ ਹੈ ਜੋ ਖਤਮ ਹੋਣ ਦੀ ਕਗਾਰ 'ਤੇ ਹੈ। ਇਕ ਅੰਕੜੇ ਮੁਤਾਬਕ ਮੋਜੂਦਾ ਸਮੇਂ ਪਾਕਿਸਤਾਨ ਵਿਚ ਪੈਂਦੇ ਸਿੰਧ ਦਰਿਆ ਵਿਚ ਇਹਨਾਂ ਦੀ ਗਿਣਤੀ 1800 ਦੇ ਕਰੀਬ ਹੈ। ਜਦਕਿ ਬਿਆਸ ਦਰਿਆ ਵਿਚ ਇਹਨਾਂ ਦੀ ਕੁੱਲ ਗਿਣਤੀ 10 ਦੱਸੀ ਜਾਂਦੀ ਹੈ। 

2018 ਦੇ ਮਈ ਮਹੀਨੇ ਪੰਜਾਬ ਸਰਕਾਰ ਵਲੋਂ ਵਿਸ਼ਵ ਜੰਗਲੀਜੀਵ ਫੰਡ ਨਾਲ ਮਿਲ ਕੇ ਇਕ ਸਰਵੇ ਕਰਵਾਇਆ ਗਿਆ ਸੀ। ਬਿਆਸ ਦਰਿਆ ਵਿਚ ਹੋਏ ਇਸ ਸਰਵੇ ਵਿਚ ਚਾਰ ਡੌਲਫਿਨ ਦੇਖੀਆਂ ਗਈਆਂ ਸੀ। 

ਖੋਜ ਮੁਤਾਬਿਕ ਦਰਿਆਵਾਂ ਵਿਚੋਂ ਬਣਾਈਆਂ ਗਈ ਨਹਿਰਾਂ ਕਾਰਨ ਇਹ ਮੱਛੀਆਂ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਈਆਂ ਹਨ। ਨਹਿਰਾਂ ਕਾਰਨ ਦਰਿਆਵਾਂ ਵਿਚ ਪਾਣੀ ਘਟ ਗਿਆ ਹੈ ਤੇ ਦੂਜਾ ਦਰਿਆ ਦਾ ਪਾਣੀ ਘਟਣ ਦੇ ਨਾਲ ਨਾਲ ਪ੍ਰਦੂਸ਼ਿਤ ਵੀ ਹੋ ਰਿਹਾ ਹੈ। 

ਪੰਜਾਬ ਸਰਕਾਰ ਨੇ ਡੌਲਫਿਨ ਨੂੰ ਤਾਂ ਸੂਬਾਈ ਜਲ ਜੀਵ ਐਲਾਨ ਦਿੱਤਾ ਹੈ ਪਰ ਪੰਜਾਬ ਦਾ ਇਹ ਜਲ ਜੀਵ ਤਾਂ ਹੀ ਬਚ ਸਕੇਗਾ ਜੇ ਪੰਜਾਬ ਦੇ ਦਰਿਆ ਬਚ ਸਕਣਗੇ। ਪੰਜਾਬ ਦੇ ਦਰਿਆਵਾਂ ਦਾ ਪਾਣੀ ਨਹਿਰਾਂ ਰਾਹੀਂ ਚੂਸ ਲਿਆ ਗਿਆ ਹੈ ਤੇ ਸਾਲ ਦਾ ਬਹੁਤਾ ਸਮਾਂ ਇਹ ਦਰਿਆ ਇਕ ਨਾਲੇ ਵਾਂਗ ਵਹਿੰਦੇ ਹਨ।