ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ : ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ 

ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ : ਲਹਿੰਦੇ ਪੰਜਾਬ ਦਾ ਪਹਿਲਾ ਸੁਪਰਸਟਾਰ 

ਅੰਗਰੇਜ਼ ਸਿੰਘ (ਸੰਪਰਕ: 94646-28857)

ਅਭਿਨੇਤਾ ਸੁਧੀਰ ਨੂੰ ਪਾਕਿਸਤਾਨੀ ਫ਼ਿਲਮਾਂ ਦੇ ਪਹਿਲੇ ਸੁਪਰਸਟਾਰ ਹੋਣ ਦਾ ਮਾਣ ਹਾਸਲ ਹੈ। ਸ਼ਾਹ ਜ਼ਮਾਨ ਖ਼ਾਨ ਅਫ਼ਰੀਦੀ ਉਰਫ਼ ਸੁਧੀਰ ਦਾ ਜਨਮ 25 ਜਨਵਰੀ, 1922 ਨੂੰ ਲਾਹੌਰ ਵਿਚ ਹੋਇਆ। ਮੂਲ ਰੂਪ ਵਿਚ ਪਸ਼ਤੋ ਇਲਾਕੇ ਦਾ ਰਹਿਣ ਵਾਲਾ ਇਹ ਨਾਇਕ ਪਾਕਿਸਤਾਨੀ ਫ਼ਿਲਮਾਂ ਦਾ ਪਹਿਲਾ ਐਕਸ਼ਨ ਹੀਰੋ ਸੀ। ਉਹ ਪੰਜਾਬੀ ਤੇ ਉਰਦੂ ਫ਼ਿਲਮਾਂ ਦਾ ਆਪਣੇ ਸਮੇਂ ਦਾ ਹਿੱਟ ਨਾਂ ਸੀ।
ਸੁਧੀਰ ਦਾ ਫ਼ਿਲਮੀ ਸਫ਼ਰ ਤਕਰੀਬਨ 40 ਸਾਲ ਦਾ ਰਿਹਾ। ਇਨ੍ਹਾਂ ਸਾਲਾਂ ਵਿਚ ਉਸ ਨੇ ਜ਼ਿਆਦਾਤਰ ਫ਼ਿਲਮਾਂ ਵਿਚ ਮੁੱਖ ਨਾਇਕ ਦੇ ਕਿਰਦਾਰ ਅਦਾ ਕੀਤੇ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਤੇ ਸੁਪਰਹਿੱਟ ਹੋਈਆਂ। ਉਸ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੇ ਸਿਲਵਰ, ਗੋਲਡਨ ਤੇ ਪਲੈਟੀਨਮ ਜੁਬਲੀ ਮਨਾਈ। ਨਿਊ ਹਿੰਦੁਸਤਾਨ ਫਿਲਮਜ਼ ਦੇ ਬੈਨਰ ਹੇਠ ਲਾਹੌਰ ਵਿਚ ਬਣੀ ਫ਼ਿਲਮ 'ਫਰਜ਼' ਉਸ ਦੀ ਪਹਿਲੀ ਫ਼ਿਲਮ ਸੀ ਜਿਹੜੀ ਪਾਕਿਸਤਾਨ ਬਣਨ ਤੋਂ ਪਹਿਲਾਂ 1947 ਵਿਚ ਰਿਲੀਜ਼ ਹੋਈ। ਇਸ ਫ਼ਿਲਮ ਦੇ ਨਿਰਦੇਸ਼ਕ ਸਨ ਨਿਰੰਜਨ ਅਤੇ ਫ਼ਿਲਮ ਵਿਚ ਨਾਇਕਾ ਦਾ ਕਿਰਦਾਰ ਰਾਗਨੀ ਨੇ ਅਦਾ ਕੀਤਾ ਸੀ। ਪਾਕਿਸਤਾਨ ਬਣਨ ਤੋਂ ਬਾਅਦ ਜਿੱਥੇ ਲਾਹੌਰ ਫ਼ਿਲਮ ਸਨਅਤ ਦੀਆਂ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਨੇ ਬੌਲੀਵੁੱਡ (ਮੁੰਬਈ) ਵੱਲ ਰੁਖ਼ ਕੀਤਾ ਉੱਥੇ ਸੁਧੀਰ ਸਾਬ ਨੇ ਲਾਹੌਰ ਹੀ ਰਹਿਣ ਦਾ ਫ਼ੈਸਲਾ ਲਿਆ। ਪਾਕਿਸਤਾਨ ਫ਼ਿਲਮ ਸਨਅਤ ਵਿਚ ਉਸਨੇ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ 1949 ਵਿਚ ਰਿਲੀਜ਼ ਹੋਈ ਫ਼ਿਲਮ 'ਹਿਚਕੋਲੇ' ਤੋਂ ਕੀਤਾ ਸੀ ਜੋ ਪਾਕਿਸਤਾਨੀ ਫ਼ਿਲਮ ਸਨਅਤ ਦੇ ਬਣਨ ਤੋਂ ਬਾਅਦ ਤੀਜੀ ਫ਼ਿਲਮ ਸੀ। ਸੁਧੀਰ ਦੀ ਆਖਰੀ ਫ਼ਿਲਮ 7 ਅਗਸਤ, 1987 ਨੂੰ ਰਿਲੀਜ਼ ਹੋਈ ਉਰਦੂ ਫ਼ਿਲਮ 'ਸਨ ਆਫ ਅੰਨਦਾਤਾ' ਸੀ। ਉਸ ਨੇ ਕੁੱਲ 173 ਫ਼ਿਲਮਾਂ ਵਿਚ ਅਦਾਕਾਰੀ ਕੀਤੀ ਜਿਸ ਵਿਚ 70 ਉਰਦੂ, 101 ਪੰਜਾਬੀ, ਇਕ ਪਸ਼ਤੋ ਅਤੇ ਇਕ ਇੰਡੀਅਨ (ਪਾਕਿਸਤਾਨ ਬਣਨ ਤੋਂ ਪਹਿਲਾਂ) ਸ਼ਾਮਲ ਹਨ।
ਉਹ ਪਾਕਿਸਤਾਨ ਫ਼ਿਲਮ ਸਨਅਤ ਦੇ ਇਤਿਹਾਸ ਵਿਚ ਪਹਿਲੇ ਦੋ ਦਹਾਕੇ ਸਭ ਤੋਂ ਵੱਧ ਸਫਲ ਫਿਲਮਾਂ ਦੇਣ ਵਾਲਾ ਪਹਿਲਾ ਅਦਾਕਾਰ ਬਣਿਆ। 1952 ਵਿਚ ਉਸਦੀ ਉਰਦੂ ਫ਼ਿਲਮ 'ਦੁਪੱਟਾ' ਰਿਲੀਜ਼ ਹੋਈ। 1952 ਵਿਚ ਹੀ ਰਿਲੀਜ਼ ਹੋਈ ਉਸਦੀ ਉਰਦੂ ਫ਼ਿਲਮ 'ਸੱਸੀ' ਪਹਿਲੀ ਅਜਿਹੀ ਫ਼ਿਲਮ ਸੀ ਜਿਸ ਨੇ ਗੋਲਡਨ ਜੁਬਲੀ ਮਨਾਈ। ਉਸ ਤੋਂ ਬਾਅਦ 1956 ਵਿਚ ਪੰਜਾਬੀ ਫ਼ਿਲਮ 'ਦੁੱਲਾ ਭੱਟੀ', 'ਮਾਹੀ ਮੁੰਡਾ' (1956) ਤੇ 'ਯੱਕੇ ਵਾਲੀ' (1957) ਉਸ ਜ਼ਮਾਨੇ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ਬਣੀਆਂ। ਇਨ੍ਹਾਂ ਫ਼ਿਲਮਾਂ ਦੀ ਸਫਲਤਾ ਤੋਂ ਬਾਅਦ ਬਹੁਤ ਸਾਰੇ ਫ਼ਿਲਮ ਸਟੂਡੀਓ ਬਣਨ ਦੀ ਸ਼ੁਰੂਆਤ ਹੋਈ।
ਸੁਧੀਰ ਦੀ ਫ਼ਿਲਮ 'ਯੱਕੇ ਵਾਲੀ' ਪਾਕਿਸਤਾਨ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਜਿਸ ਨੇ ਗੋਲਡਨ ਜੁਬਲੀ ਮਨਾਈ ਅਤੇ ਦੂਸਰੀ ਬਲਾਕ ਬਸਟਰ ਫ਼ਿਲਮ ਬਣੀ। ਇਸ ਫ਼ਿਲਮ ਨੇ ਉਸ ਸਮੇਂ ਇੰਨੀ ਕਮਾਈ ਕੀਤੀ ਸੀ ਜਿਸ ਨੂੰ ਅੱਜ ਤਕ ਵੀ ਕੋਈ ਹੋਰ ਪਾਕਿਸਤਾਨੀ ਫ਼ਿਲਮ ਪਾਰ ਨਹੀਂ ਕਰ ਸਕੀ।
ਸੁਧੀਰ ਦੀ ਹੀਰੋ ਦੇ ਤੌਰ 'ਤੇ ਉਰਦੂ ਫ਼ਿਲਮ 'ਬਾਗੀ' (1956) ਪਾਕਿਸਤਾਨ ਦੀ ਪਹਿਲੀ ਫ਼ਿਲਮ ਸੀ ਜਿਸ ਨੂੰ ਚੀਨ ਵਿਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਉਸ ਨੇ ਫ਼ਿਲਮਾਂ 'ਨੂਰਾਂ' (1957) 'ਝੂਮਰ' (1959) ਅਤੇ 'ਗੁਲ ਬਕਾਵਲੀ' (1961) ਵਿਚ ਵੀ ਸ਼ਾਨਦਾਰ ਅਦਾਕਾਰੀ ਕੀਤੀ। ਉਸ ਦੀ ਪਛਾਣ ਭਾਵੇਂ ਐਕਸ਼ਨ ਹੀਰੋ ਦੇ ਤੌਰ 'ਤੇ ਬਣ ਚੁੱਕੀ ਸੀ, ਪਰ ਇਸ ਪਛਾਣ ਤੋਂ ਹਟ ਕੇ ਉਸ ਨੇ 1956 ਵਿਚ ਪ੍ਰਦਰਸ਼ਿਤ ਹੋਈ ਫ਼ਿਲਮ 'ਹਾਤਮਤਾਈ' ਵਿਚ ਹਾਤਿਮ ਦਾ ਕਿਰਦਾਰ, ਫ਼ਿਲਮ 'ਅਨਾਰਕਲੀ' (1958) ਵਿਚ ਸਲੀਮ, 'ਮਿਰਜ਼ਾ ਸਾਹਿਬਾ' (1956) ਵਿਚ ਮਿਰਜ਼ਾ ਜੱਟ, 1955 ਵਿਚ ਬਣੀ 'ਸੋਹਣੀ' ਵਿਚ ਮਹੀਵਾਲ ਅਤੇ ਫ਼ਿਲਮ 'ਗਾਲਿਬ' (1961) ਵਿਚ ਗਾਲਿਬ ਦਾ ਕਿਰਦਾਰ ਬੜੇ ਸ਼ਾਨਦਾਰ ਢੰਗ ਨਾਲ ਅਦਾ ਕੀਤਾ। 19 ਜੂਨ 1959 ਵਿਚ ਫਿਲਮਸਾਜ਼ ਤੇ ਹਦਾਇਤਕਾਰ ਸ਼ੈਫ-ਉ-ਦੀਨ ਸ਼ੈਫ ਦੀ ਪੰਜਾਬੀ ਕਲਾਸਿਕ ਫ਼ਿਲਮ 'ਕਰਤਾਰ ਸਿੰਘ' ਵਿਚ ਉਮਰਦੀਨ ਦਾ ਕਿਰਦਾਰ ਅਦਾ ਕੀਤਾ ਜੋ ਬਿਹਤਰੀਨ ਤੇ ਬੇਹੱਦ ਸਫਲ ਪੰਜਾਬੀ ਫ਼ਿਲਮਾਂ ਵਿਚ ਗਿਣੀ ਜਾਂਦੀ ਹੈ। ਅੱਜ ਇਹ ਫ਼ਿਲਮ ਪਾਕਿਸਤਾਨ ਦੀਆਂ ਕਲਾਸਿਕ ਫ਼ਿਲਮਾਂ ਵਿਚ ਸ਼ੁਮਾਰ ਕੀਤੀ ਜਾਂਦੀ ਹੈ।
ਉਸਨੇ ਬ੍ਰਿਟਿਸ਼ ਰਾਜ 'ਤੇ ਬਣੀਆਂ ਫ਼ਿਲਮਾਂ 'ਫਰੰਗੀ' (1964) ਅਤੇ 'ਅਜ਼ਬ ਖਾਨ' (1961) ਵਿਚ ਬਿਹਤਰੀਨ ਅਦਾਕਾਰੀ ਕੀਤੀ। ਉਸ ਦੀ 1965 ਵਿਚ ਬਣੀ ਫ਼ਿਲਮ 'ਜੀਦਾਰ' ਨੇ ਪਲੈਟੀਨਮ ਜੁਬਲੀ ਮਨਾਈ। ਇਕ ਹੋਰ ਫ਼ਿਲਮ 'ਮਾਂ ਪੁੱਤਰ' (1970) ਨੇ ਵੀ ਪਲੈਟੀਨਮ ਜੁਬਲੀ ਮਨਾਈ ਸੀ। 1960 ਵਿਚ ਪ੍ਰਦਰਸ਼ਿਤ ਫ਼ਿਲਮ 'ਸਾਹਿਲ' ਵਿਚ ਉਸਨੇ ਅਸਲੀ ਸ਼ੇਰ ਨਾਲ ਲੜਾਈ ਦਾ ਦ੍ਰਿਸ਼ ਕੀਤਾ ਸੀ। ਉਸਨੇ 1978 ਵਿਚ ਆਪਣੇ ਵੱਡੇ ਪੁੱਤਰ ਸ਼ਾਹ ਜਮਾਨ ਨੂੰ ਹੀਰੋ ਦੇ ਤੌਰ 'ਤੇ ਲੈ ਕੇ ਉਰਦੂ ਫ਼ਿਲਮ 'ਦੁਸ਼ਮਨ ਕੀ ਤਲਾਸ਼' ਬਣਾਈ ਜਿਸ ਵਿਚ ਸੁਧੀਰ ਨੇ ਸਾਈਡ ਹੀਰੋ ਦਾ ਕਿਰਦਾਰ ਅਦਾ ਕੀਤਾ।
1970 ਵਿਚ ਫ਼ਿਲਮ 'ਮਾਂ ਪੁੱਤਰ' ਲਈ ਉਸ ਨੂੰ ਬੈਸਟ ਐਕਟਰ ਦਾ ਨਿਗਾਰ ਐਵਾਰਡ ਹਾਸਲ ਹੋਇਆ। 1974 ਵਿਚ ਇਕ ਵਾਰ ਫਿਰ ਪੰਜਾਬੀ ਫ਼ਿਲਮ 'ਲੁਟੇਰੇ' ਵਿਚ ਸ਼ਾਨਦਾਰ ਅਦਾਕਾਰੀ ਲਈ ਬੈਸਟ ਐਕਟਰ ਦਾ ਨਿਗਾਰ ਐਵਾਰਡ ਦਿੱਤਾ ਗਿਆ। ਉਸਨੂੰ ਸ਼ਾਨਦਾਰ ਫ਼ਿਲਮ ਕਰੀਅਰ ਲਈ ਸਪੈਸ਼ਲ ਨਿਗਾਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਸੁਧੀਰ ਨੇ ਤਿੰਨ ਵਿਆਹ ਕਰਵਾਏ, ਪਹਿਲਾ ਵਿਆਹ ਆਪਣੇ ਖਾਨਦਾਨ ਵਿਚ ਹੀ ਕੀਤਾ ਜਿਸ ਤੋਂ ਉਸਦਾ ਪੁੱਤਰ ਨੂਰ ਜ਼ਮਾਨ ਖ਼ਾਨ ਫ਼ਿਲਮੀ ਨਾਂ ਸ਼ਾਹ ਜ਼ਮਾਨ ਹੋਇਆ। ਦੂਜਾ ਵਿਆਹ ਫ਼ਿਲਮ ਅਦਾਕਾਰਾ ਸੰਮੀ ਨਾਲ ਕੀਤਾ ਜਿਸ ਤੋਂ ਇਕ ਪੁੱਤਰ ਮੀਰ ਜ਼ਮਾਨ ਖ਼ਾਨ ਹੋਇਆ ਅਤੇ ਤੀਜਾ ਵਿਆਹ ਅਦਾਕਾਰਾ ਜ਼ੇਬਾ ਨਾਲ ਕੀਤਾ ਜੋ ਕੁਝ ਸਮੇਂ ਤਕ ਹੀ ਰਿਹਾ। 19 ਜਨਵਰੀ, 1997 ਵਿਚ 75 ਸਾਲ ਦੀ ਉਮਰ ਵਿਚ ਸੁਧੀਰ ਦਾ ਲਾਹੌਰ ਵਿਚ ਦੇਹਾਂਤ ਹੋ ਗਿਆ। ਫ਼ਿਲਮੀ ਦੁਨੀਆਂ ਦੇ ਲੋਕ ਉਸਨੂੰ ਪਿਆਰ ਨਾਲ ਲਾਲਾ ਸੁਧੀਰ ਕਹਿ ਕੇ ਬੁਲਾਇਆ ਕਰਦੇ ਸਨ। ਪਸ਼ਤੋ ਵਿਚ ਲਾਲਾ ਵੱਡੇ ਭਰਾ ਨੂੰ ਕਿਹਾ ਜਾਂਦਾ ਹੈ।