ਲੋਕ ਸਭਾ ਵਿਚ ਭਾਰਤੀ ਮੰਤਰੀ ਨੇ ਨਿਰੰਕਾਰੀ ਗ੍ਰਨੇਡ ਹਮਲੇ ਪਿੱਛੇ ਖਾਲਿਸਤਾਨੀ ਜਥੇਬੰਦੀਆਂ ਦਾ ਹੱਥ ਹੋਣ ਦੀ ਗੱਲ ਕਹੀ

ਲੋਕ ਸਭਾ ਵਿਚ ਭਾਰਤੀ ਮੰਤਰੀ ਨੇ ਨਿਰੰਕਾਰੀ ਗ੍ਰਨੇਡ ਹਮਲੇ ਪਿੱਛੇ ਖਾਲਿਸਤਾਨੀ ਜਥੇਬੰਦੀਆਂ ਦਾ ਹੱਥ ਹੋਣ ਦੀ ਗੱਲ ਕਹੀ

ਨਵੀਂ ਦਿੱਲੀ: ਭਾਰਤ ਦੀ ਪਾਰਲੀਮੈਂਟ ਵਿਚ ਕਾਮਰੇਡ ਪਾਰਟੀ ਸੀਪੀਆਈਐਮ ਦੇ ਐਮਪੀ ਅਨਿਰੁਧਨ ਸੰਪਤ ਦੇ ਧਾਰਮਿਕ ਇਕੱਠਾਂ 'ਤੇ ਹਮਲਿਆਂ ਦੀ ਜਾਂਚ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਲੋਕ ਸਭਾ ਵਿਚ ਕਿਹਾ ਕਿ 2018 ਨਵੰਬਰ ਵਿਚ ਅੰਮ੍ਰਿਤਸਰ ਨਜ਼ਦੀਕ ਨਿਰੰਕਾਰੀ ਡੇਰੇ 'ਤੇ ਹੋਏ ਗ੍ਰਨੇਡ ਹਮਲੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਤੇ ਕੌਮਾਂਤਰੀ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ਼) ਦਾ ਹੱਥ ਸੀ।

ਮੰਤਰੀ ਅਹੀਰ ਵਲੋਂ ਦਿੱਤੇ ਗਏ ਲਿਖਤੀ ਜਵਾਬ ਵਿਚ ਕਿਹਾ ਗਿਆ ਕਿ ਪੰਜਾਬ ਪੁਲੀਸ ਹੁਣ ਤਕ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂਕਿ ਵਿਦੇਸ਼ ਰਹਿੰਦੇ ਤਿੰਨ ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ, ਜਿਹਨਾਂ ਖਿਲਾਫ ਓਪਨ ਡੇਟਿਡ ਵਰੰਟ ਹਾਸਿਲ ਕਰ ਲਏ ਗਏ ਹਨ, ਜਿਹਨਾਂ ਦੀ ਕੋਈ ਮਿਆਦ ਨਹੀਂ ਹੈ। 

ਸੀਪੀਆਈਐਮ ਦੇ ਐਮਪੀ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਦੇਸ਼ ਵਿਚ ਧਾਰਮਿਕ ਇਕੱਠਾਂ ਉੱਤੇ ਹਮਲਿਆਂ ਦੀ ਜਾਂਚ ਕੀਤੀ ਹੈ; ਜੇ ਕੀਤੀ ਜੈ, ਤਾਂ ਕੀ ਇਹਨਾਂ ਘਟਨਾਵਾਂ ਵਿਚ ਕਿਸੇ ਅੱਤਵਾਦੀ ਜਥੇਬੰਦੀ ਦੀ ਸ਼ਮੂਲੀਅਤ ਪਾਈ ਗਈ ਸੀ; ਇਹਨਾਂ ਘਟਨਾਵਾਂ ਵਿਚ ਕੁੱਲ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਕਿੰਨੀ ਅੱਗੇ ਵਧੀ ਹੈ; ਅਤੇ ਭਵਿੱਖ ਵਿਚ ਖਾਸ ਕਰਕੇ ਧਾਰਮਿਕ ਇਕੱਠਾਂ 'ਤੇ ਅਜਿਹੇ ਹਮਲਿਆਂ ਨੂੰ ਨਾਕਾਮ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ?

ਇਹਨਾਂ ਸਵਾਲਾਂ ਦੇ ਜਵਾਬ ਵਿਚ ਮੰਤਰੀ ਅਹੀਰ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੇਂਦਰ ਤੇ ਰਾਜ ਮਿਲ ਕੇ ਕੰਮ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਨਾਲ ਨਜਿੱਠਣ ਲਈ ਇਕ ਖਾਸ ਫੌਜ ਤਿਆਰ ਕੀਤੀ ਜਾ ਰਹੀ ਹੈ ਤੇ ਸੂਬਿਆਂ ਵਿਚ ਵੱਖ-ਵੱਖ ਥਾਵਾਂ 'ਤੇ ਸੀਆਰਪੀਐਫ ਅਤੇ ਐਨਐਸਜੀ ਦੀ ਤੈਨਾਤੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨਿਰੰਕਾਰੀ ਡੇਰੇ 'ਤੇ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ 'ਤੇ ਵੱਡੇ ਸਵਾਲ ਖੜ੍ਹੇ ਹੋਏ ਸਨ ਕਿਉਂਕਿ ਮੌਕੇ ਦੇ ਗਵਾਹਾਂ ਨੇ ਪਹਿਲਾਂ ਇਹ ਬਿਆਨ ਦਿੱਤੇ ਸੀ ਕਿ ਹਮਲਾਵਰ ਮੋਨੇ ਸਨ ਜਦਕਿ ਬਾਅਦ ਵਿਚ ਪੁਲਿਸ ਨੇ ਦੋ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਦੋਸ਼ੀ ਕਹਿ ਕੇ ਗ੍ਰਿਫਤਾਰ ਕਰ ਲਿਆ ਸੀ।