ਨਵਜੋਤ ਸਿੱਧੂ ਅਤੇ ਮਜੀਠੀਆ ਦੀ ਵਿਧਾਨ ਸਭਾ ਵਿਚ ਤਿੱਖੀ ਬਹਿਸ; ਸਿੱਧੂ ਨੇ ਸਰਕਾਰ ਖਿਲਾਫ ਵੀ ਕੱਢਿਆ ਗੁੱਸਾ

ਨਵਜੋਤ ਸਿੱਧੂ ਅਤੇ ਮਜੀਠੀਆ ਦੀ ਵਿਧਾਨ ਸਭਾ ਵਿਚ ਤਿੱਖੀ ਬਹਿਸ; ਸਿੱਧੂ ਨੇ ਸਰਕਾਰ ਖਿਲਾਫ ਵੀ ਕੱਢਿਆ ਗੁੱਸਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਅੱਜ ਬਜਟ ਭਾਸ਼ਣ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਤਿੱਖੀ ਬਹਿਸ ਹੋਈ ਤੇ ਬਾਕੀ ਵਿਧਾਇਕਾਂ ਨੇ ਵਿੱਚ ਪੈ ਕੇ ਟਕਰਾਅ ਹੋਣ ਤੋਂ ਰੋਕਿਆ। ਇਸ ਦੌਰਾਨ ਚੱਲੇ ਟਕਰਾਅ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਮਜੀਠੀਆ 'ਤੇ ਵਰ੍ਹਦਿਆਂ ਨਵਜੋਤ ਸਿੱਧੂ ਉਸਨੂੰ ਗੁੰਡਾ, ਚੋਰ, ਡਾਕੂ ਕਹਿ ਰਹੇ ਹਨ। 

ਅੱਜ ਜਦੋਂ ਮਨਪ੍ਰੀਤ ਬਾਦਲ ਬਜਟ ਪੇਸ਼ ਕਰ ਰਹੇ ਸਨ ਤਾਂ ਬਾਦਲ ਦਲ ਅਤੇ ਭਾਜਪਾ ਦੇ ਵਿਧਾਇਕਾਂ ਵਲੋਂ ਪੁਲਵਾਮਾ ਹਮਲੇ ਸਬੰਧੀ ਨਵਜੋਤ ਸਿੱਧੂ ਵਲੋਂ ਦਿੱਤੇ ਬਿਆਨ 'ਤੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਚਕਾਰ ਕਾਫੀ ਸਮੇਂ ਤੋਂ ਚੁੱਕ ਬੈਠੇ ਨਵਜੋਤ ਸਿੱਧੂ ਆਖਰ ਭੜਕ ਉੱਠੇ ਅਤੇ ਮਜੀਠੀਆ ਖਿਲਾਫ ਜਮ ਕੇ ਵਰ੍ਹੇ। ਦੋਹਾਂ ਵਿਚਕਾਰ ਖੂਬ ਤੂ-ਤੂ ਮੈ-ਮੈ ਹੋਈ। ਜਿਸ ਤੋਂ ਬਾਅਦ ਸਪੀਕਰ ਵਿਧਾਨ ਸਭਾ ਨੇ ਅਕਾਲੀ ਭਾਜਪਾ ਨੂੰ ਸਦਨ 'ਚੋਂ ਬਾਹਰ ਜਾਣ ਦੇ ਹੁਕਮ ਦਿੱਤੇ ਅਤੇ ਮਾਰਸ਼ਲ ਨੂੰ ਹੁਕਮ ਦਿੱਤੇ ਕਿ ਉਹ ਅਕਾਲੀਆਂ ਨੂੰ ਸਦਨ 'ਚੋਂ ਬਾਹਰ ਕਰ ਦੇਣ। ਇਸੇ ਮੌਕੇ ਸਪੀਕਰ ਨੇ ਸਦਨ ਦੀ ਕਾਰਵਾਈ 1 ਵਜੇ ਤੱਕ ਮੁਲਤਵੀ ਕਰ ਦਿੱਤੀ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਇਕ ਹੋਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ 'ਤੇ ਆਪਣੀ ਹੀ ਸਰਕਾਰ ਖਿਲਾਫ ਗੁੱਸੇ ਦਾ ਪ੍ਰਗਟਾਵਾ ਕੀਤਾ।  

ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਮਜੀਠੀਆ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। 

ਸਰਕਾਰ ਖਿਲਾਫ ਇਨ੍ਹਾਂ ਦੋ ਮੰਤਰੀਆਂ ਦੇ ਗੁੱਸੇ ਦਾ ਆਪ ਅਤੇ ਲੋਕ ਇਨਸਾਫ ਪਾਰਟੀ ਵਲੋਂ ਵੀ ਸਮਰਥਨ ਕੀਤਾ ਗਿਆ।