ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਲਈ ਜਾਰੀ ਕੀਤੇ 2.20 ਕਰੋੜ ਰੁਪਏ

ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਲਈ ਜਾਰੀ ਕੀਤੇ 2.20 ਕਰੋੜ ਰੁਪਏ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ’ਚ ਗਊਸ਼ਾਲਾਵਾਂ ਨੂੰ ਪੂਰੀ ਸਹਾਇਤਾ ਦੇਣ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਦੀ ਸਰਪਰਸਤੀ ਹੇਠ ਚੱਲ ਰਹੀਆਂ ਗਊਸ਼ਾਲਾਵਾਂ ਦੇ ਪ੍ਰਬੰਧਨ ਅਤੇ ਰਖ-ਰਖਾਓ ਲਈ 2.20 ਕਰੋੜ ਰੁਪਏ ਜਾਰੀ ਕਰਨ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ।

ਸਰਕਾਰੀ ਬੁਲਾਰੇ ਅਨੁਸਾਰ ਸੂਬੇ ਭਰ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣਾ ਹੈ। ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸੂਬੇ ’ਚ 22 ਗਊਸ਼ਾਲਾਵਾਂ ਵਾਸਤੇ ਹਰੇਕ ਲਈ 10-10 ਲੱਖ ਰੁਪਏ ਪ੍ਰਵਾਨ ਕੀਤੇ ਹਨ। ਇਹ ਰਾਸ਼ੀ ਚਾਰੇ ਦੀ ਢੁੱਕਵੀ ਸਪਲਾਈ ਅਤੇ ਪਸ਼ੂਆਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਵਰਤੀ ਜਾਵੇਗੀ।

 ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਅਵਾਰਾ ਪਸ਼ੂਆਂ ਨੂੰ ਇਨ੍ਹਾਂ ਗਊਸ਼ਾਲਾਵਾਂ ਵਿੱਚ ਰੱਖਣ ਲਈ ਪ੍ਰਬੰਧ ਕਰਨ ਵਾਸਤੇ ਆਖਿਆ ਹੈ। ਇਸ ਕਦਮ ਨਾਲ ਅਵਾਰਾ ਪਸ਼ੂਆਂ ਕਾਰਨ ਹੁੰਦੇ ਖਤਰਨਾਕ ਹਾਦਸਿਆਂ ’ਤੇ ਰੋਕ ਲੱਗੇਗੀ। ਇਨ੍ਹਾਂ ਹਾਦਸਿਆਂ ਕਾਰਨ ਆਮ ਤੌਰ ’ਤੇ ਮੌਤਾਂ ਹੋਣ ਤੋਂ ਇਲਾਵਾ ਲੋਕ ਜਖਮੀ ਵੀ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਦੀ ਅਗਵਾਈ ’ਚ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ, ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤ ’ਤੇ ਆਧਾਰਿਤ ਇੱਕ ਚਾਰ ਮੈਂਬਰੀ ਕਮੇਟੀ ਮੁੱਖ ਮੰਤਰੀ ਵੱਲੋਂ ਗਠਿਤ ਕੀਤੀ ਗਈ ਹੈ ਜਿਸ ਨੂੰ ਇਨ੍ਹਾਂ ਗਊਸ਼ਾਲਾਵਾਂ ਨੂੰ ਚਲਾਉਣ ਲਈ ਢੁੱਕਵੀਂ ਪ੍ਰਣਾਲੀ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ।