ਦਿੱਲੀ ਕਮੇਟੀ ਵਿਚ ਘਪਲੇਬਾਜ਼ੀਆਂ ਤੇ ਬਾਦਲ ਧੜੇ ਦੀ ਆਪਸੀ ਫੁੱਟ ਦਰਮਿਆਨ ਸਿਰਸਾ ਖਿਲਾਫ ਪੁਲਿਸ ਸ਼ਿਕਾਇਤ

ਦਿੱਲੀ ਕਮੇਟੀ ਵਿਚ ਘਪਲੇਬਾਜ਼ੀਆਂ ਤੇ ਬਾਦਲ ਧੜੇ ਦੀ ਆਪਸੀ ਫੁੱਟ ਦਰਮਿਆਨ ਸਿਰਸਾ ਖਿਲਾਫ ਪੁਲਿਸ ਸ਼ਿਕਾਇਤ

ਨਵੀਂ ਦਿੱਲੀ: ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵੱਧ ਰਹੀ ਧੜੇਬਾਜ਼ੀ ਪੂਰੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਰਹੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਾਬਕਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਰਮਿਆਨ ਚੱਲ ਰਹੇ ਤਕਰਾਰ ਵਿਚ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਾਈ ਹੈ।

ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਦੇ ਪਤੀ ਨੂੰ ਬਿਨ੍ਹਾਂ ਕਿਸੇ ਸਬੂਤ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਬਦਨਾਮ ਕਰ ਰਹੇ ਹਨ। 

ਸ਼ਿਕਾਇਤ ਕਰਤਾ ਗੁਰਪ੍ਰੀਤ ਕੌਰ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਪਤੀ ਪਿਛਲੇ 6 ਸਾਲਾਂ ਤੋਂ ਬਿਨ੍ਹਾਂ ਕਿਸੇ ਤਨਖਾਹ ਤੋਂ ਗੁਰਦੁਆਰਾ ਕਮੇਟੀ ਵਿਚ ਸੇਵਾਵਾਂ ਦੇ ਰਹੇ ਸਨ। ਪਰ 22 ਦਸੰਬਰ, 2018 ਤੋਂ ਸਿਰਸਾ ਅਤੇ ਜੀਕੇ ਦਰਮਿਆਨ ਹੋਏ ਝਗੜੇ ਤੋਂ ਬਾਅਦ ਸਿਰਸਾ ਉਨ੍ਹਾਂ ਦੇ ਪਤੀ ਨੂੰ ਬਦਨਾਮ ਕਰ ਰਹੇ ਹਨ। 

ਇਕ ਅਖ਼ਬਾਰੀ ਖ਼ਬਰ ਮੁਤਾਬਿਕ ਸਿਰਸਾ ਦੇ ਦਫਤਰ ਨਾਲ ਸਬੰਧਿਤ ਸੂਤਰ ਨੇ ਦੱਸਿਆ ਕਿ ਪਰਿਮੰਦਰ ਸਿੰਘ ਤੋਂ ਇਸ਼ਤਿਹਾਰ ਲਈ ਇਕ ਟੀਵੀ ਚੈਨਲ ਨੂੰ ਦਿੱਤੇ 60 ਲੱਖ ਰੁਪਏ ਸਬੰਧੀ ਪੁੱਛੇ ਗਏ ਸਵਾਲਾਂ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।