ਬਹਿਬਲ ਕਲਾਂ ਸਾਕੇ ਦੇ ਦੋਸ਼ੀ ਪਲਿਸ ਅਫਸਰਾਂ ਦੀ ਜ਼ਮਾਨਤ ਅਰਜ਼ੀ 'ਤੇ ਜੱਜ ਨੇ ਫੈਂਸਲਾ ਸੁਰੱਖਿਅਤ ਰੱਖਿਆ

ਬਹਿਬਲ ਕਲਾਂ ਸਾਕੇ ਦੇ ਦੋਸ਼ੀ ਪਲਿਸ ਅਫਸਰਾਂ ਦੀ ਜ਼ਮਾਨਤ ਅਰਜ਼ੀ 'ਤੇ ਜੱਜ ਨੇ ਫੈਂਸਲਾ ਸੁਰੱਖਿਅਤ ਰੱਖਿਆ

ਫ਼ਰੀਦਕੋਟ: ਬਹਿਬਲ ਕਲਾਂ ਸਾਕੇ ਵਿਚ ਦੋਸ਼ੀ ਪੁਲਿਸ ਅਫਸਰਾਂ ਵਲੋਂ ਫ਼ਰੀਦਕੋਟ ਦੀ ਸੈਸ਼ਨ ਅਦਾਲਤ ਵਿਚ ਲਾਈ ਗਈ ਜ਼ਮਾਨਤ ਅਰਜ਼ੀ 'ਤੇ ਬਹਿਸ ਤੋਂ ਬਾਅਦ ਜੱਜ ਨੇ ਫੈਂਸਲਾ ਕੱਲ੍ਹ ਤਕ ਸੁਰੱਖਿਅਤ ਰੱਖ ਲਿਆ ਹੈ ਤੇ ਕੱਲ੍ਹ ਫੈਂਸਲਾ ਸੁਣਾਇਆ ਜਾਵੇਗਾ। 

ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਸਾਕੇ ਦੇ ਦੋਸ਼ੀ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਬਾਕੀ ਤਿੰਨ ਪੁਲਿਸ ਅਫਸਰਾਂ ਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਸੀ। ਇਸ ਜ਼ਮਾਨਤ ਅਰਜ਼ੀ ਦੇ ਖਿਲਾਫ ਬਹਿਬਲ ਕਲਾਂ ਸਾਕੇ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨੇ ਅਦਾਲਤ ਪਹੁੰਚ ਕੇ ਇਸ ਜ਼ਮਾਨਤ ਅਰਜ਼ੀ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਸੀ। 

ਅੱਜ ਅਦਾਲਤ ਵਿਚ ਇਸ ਮਾਮਲੇ 'ਤੇ ਕਰੀਬ ਇਕ ਘੰਟਾ ਕਾਰਵਾਈ ਚੱਲੀ। ਕਾਰਵਾਈ ਦੌਰਾਨ ਦੋਹਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਜੱਜ ਹਰਪਾਲ ਸਿੰਘ ਨੇ ਫੈਂਸਲਾ ਕੱਲ੍ਹ ਤੱਕ ਸੁਰੱਖਿਅਤ ਰੱਖ ਲਿਆ ਹੈ। 

ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਤਮਈ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ 'ਤੇ ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ। ਜੱਜ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਦੇ ਅਧਾਰ 'ਤੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਉਸ ਸਮੇਂ ਫਾਜ਼ਿਲਕਾ ਦੇ ਐਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਬਾਕੀ ਤਿੰਨਾਂ ਦੋਸ਼ੀਆਂ ਨੇ ਅਦਾਲਤ ਵਿਚ ਜ਼ਮਾਨਤ ਲਈ ਅਪੀਲ ਕੀਤੀ ਸੀ। 

ਇਸ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਜੁੜਦਾ ਹੈ।