ਮੰਗਾਂ ਪੂਰੀਆਂ ਹੋਏ ਬਿਨ੍ਹਾਂ ਖ਼ਤਮ ਕੀਤੇ ਬਰਗਾੜੀ ਮੋਰਚੇ ਦੇ ਨਾਂ 'ਤੇ ਹੁਣ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ

ਮੰਗਾਂ ਪੂਰੀਆਂ ਹੋਏ ਬਿਨ੍ਹਾਂ ਖ਼ਤਮ ਕੀਤੇ ਬਰਗਾੜੀ ਮੋਰਚੇ ਦੇ ਨਾਂ 'ਤੇ ਹੁਣ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ
ਬਰਗਾੜੀ ਮੋਰਚੇ ਦੇ ਆਗੂ ਪੱਤਰਕਾਰਾਂ ਨੂੰ ਆਪਣੀ ਅਗਲੀ ਚੋਣ ਨੀਤੀ ਦੱਸਦੇ ਹੋਏ

ਚੰਡੀਗੜ੍ਹ: ਪੰਜਾਬ ਸਰਕਾਰ ਖਿਲਾਫ ਬਰਗਾੜੀ ਵਿਖੇ ਲੱਗੇ ਮੋਰਚੇ ਨੂੰ ਇਕਦਮ ਚੁੱਕ ਲੈਣ ਮਗਰੋਂ ਹੁਣ ਮੋਰਚੇ ਵਿਚ ਸ਼ਾਮਿਲ ਕੁੱਝ ਧਿਰਾਂ ਨੇ ਲੋਕ ਸਭਾ ਚੋਣਾਂ ਲੜ੍ਹਨ ਲਈ ਤਿਆਰੀ ਕਰ ਲਈ ਹੈ। ਇਸ ਲਈ ਉਹ ਹੁਣ ਮੋਰਚੇ ਦੀਆਂ ਮੰਗਾਂ ਨੂੰ ਇਕ ਪਾਸੇ ਛੱਡ ਸਿਆਸੀ ਜੋੜ-ਤੋੜ ਵਿਚ ਉਲਝੇ ਹੋਏ ਹਨ। 

ਬਰਗਾੜੀ ਮੋਰਚੇ ਦੇ ਮੁੱਖ ਪ੍ਰਬੰਧਕ ਆਗੂਆਂ – ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਗੁਰਸੇਵਕ ਸਿੰਘ ਜਵਾਹਰਕੇ, ਭਾਈ ਗੁਰਦੀਪ ਸਿੰਘ ਬਠਿੰਡਾ ਨੇ ਬਠਿੰਡਾ ਵਿਖੇ ਪੱਤਰਕਾਰ ਵਾਰਤਾ ‘ਚ ਇਹ ਦੱਸਿਆ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਪੰਜਾਬ ਲੋਕਤੰਤਰੀ ਗੱਠਜੋੜ ‘ਚ ਸ਼ਾਮਲ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਮੁਕਾ ਲਈ ਗਈ ਹੈ ਅਤੇ ਅਗਲੀਆਂ ਲੋਕ-ਸਭਾ ਚੋਣਾਂ ਸਾਂਝੇ ਤੌਰ ‘ਤੇ ਲੜੀਆਂ ਜਾਣਗੀਆਂ।

ਆਗੂਆਂ ਨੇ ਦੱਸਿਆ ਕਿ ਇਸ ਤਾਲਮੇਲ ਦੀ ਸਾਰੀ ਨਿਗਰਾਨੀ ਭਾਈ ਧਿਆਨ ਸਿੰਘ ਮੰਡ ਕਰ ਰਹੇ ਹਨ। ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਬਾਦਲ ਦਲ ਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਜਿਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਮਾਨ ਗਰੁੱਪ, ਟਕਸਾਲੀ ਅਕਾਲੀ ਦਲ ਤੇ ਹੋਰ ਪਾਰਟੀਆਂ ਸ਼ਾਮਿਲ ਹਨ, ਨਾਲ ਰਲ ਕੇ ਉਮੀਦਵਾਰ ਖੜੇ ਕੀਤੇ ਜਾਣਗੇ। ਉਮੀਦਵਾਰਾਂ ਦਾ ਐਲਾਨ ਆਉਂਦੇ ਦਿਨਾਂ 'ਚ ਕੀਤਾ ਜਾਵੇਗਾ। ਬਰਗਾੜੀ ਮੋਰਚੇ ਵਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ,ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ, ਪਰ ਮੋਰਚਾ ਪ੍ਰਬੰਧਕਾਂ ਵਲੋਂ ਮੋਰਚਾ ਖਤਮ ਕੀਤੇ ਜਾਣ ਮਗਰੋਂ ਸੰਗਤਾਂ ਅੰਦਰ ਨਿਰਾਸ਼ਤਾ ਵੇਖੀ ਗਈ ਸੀ।