ਬੈਂਸ ਭਰਾਵਾਂ ਨੇ ਰਾਜਪਾਲ ਦਾ ਅੰਗਰੇਜੀ ਵਿਚ ਲਿਖਿਆ ਭਾਸ਼ਣ ਵਿਧਾਨ ਸਭਾ ਵਿਚ ਪਾੜਿਆ

 ਬੈਂਸ ਭਰਾਵਾਂ ਨੇ ਰਾਜਪਾਲ ਦਾ ਅੰਗਰੇਜੀ ਵਿਚ ਲਿਖਿਆ ਭਾਸ਼ਣ ਵਿਧਾਨ ਸਭਾ ਵਿਚ ਪਾੜਿਆ

ਚੰਡੀਗੜ੍ਹ: ਬੀਤੇ ਕਲ੍ਹ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬੈਂਸ ਭਰਾਵਾਂ ਨੇ ਪੰਜਾਬੀ ਮਾਂ ਬੋਲੀ ਲਈ ਹਾਅ ਦਾ ਨਾਅਰਾ ਮਾਰਦਿਆਂ ਰਾਜਪਾਲ ਵੀਪੀ ਸਿੰਘ ਬਦਨੌਰ ਵਲੋਂ ਅੰਗਰੇਜੀ ਵਿਚ ਦਿੱਤੇ ਗਏ ਭਾਸ਼ਣ ਦਾ ਵਿਰੋਧ ਕਰਦਿਆਂ ਵਿਧਾਨ ਸਬਾ ਵਿਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਬਾਹਰ ਆ ਕੇ ਰਾਜਪਾਲ ਦਾ ਅੰਗਰੇਜੀ ਵਿਚ ਲਿਖਿਆ ਭਾਸ਼ਣ ਮੀਡੀਆ ਸਾਹਮਣੇ ਪਾੜ ਦਿੱਤਾ। 

ਬੈਂਸ ਭਰਾਵਾਂ ਨੇ ਰਾਜਪਾਲ ਦਾ ਭਾਸ਼ਣ ਪਾੜਦਿਆਂ ਕਿਹਾ ਕਿ ਰਾਜਪਾਲ ਅਤੇ ਮੁੱਖ ਮੰਤਰੀ ਪੰਜਾਬ ਤੋਂ ਬਾਹਰ ਜਾ ਕੇ ਜਿਹੜੀ ਮਰਜ਼ੀ ਭਾਸ਼ਾ ਬੋਲਣ ਪਰ ਉਨ੍ਹਾਂ ਨੂੰ ਪੰਜਾਬ ਵਿਚ ਆਪਣਾ ਭਾਸ਼ਣ ਪੰਜਾਬੀ ਵਿਚ ਹੀ ਦੇਣਾ ਪਵੇਗਾ। 

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਰਾਜਪਾਲ ਵਲੋਂ ਅੰਗਰੇਜੀ ਵਿਚ ਭਾਸ਼ਣ ਦਿੱਤਾ ਗਿਆ ਸੀ ਤਾਂ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਰੂਪ ਵਿਚ ਦਿੱਤਾ ਸੀ ਕਿ ਸਾਨੂੰ ਰਾਜਪਾਲ ਦਾ ਅੰਗਰੇਜੀ ਵਿਚ ਭਾਸ਼ਣ ਝਾੜਨਾ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕੁਝ ਦਿਨ ਪਹਿਲਾਂ ਉਨ੍ਹਾਂ ਲਿਖਤੀ ਰੂਪ ਵਿਚ ਦਿੱਤਾ ਸੀ। 

ਬੈਂਸ ਭਰਾਵਾਂ ਨੇ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਵੀ ਵਿਧਾਨ ਸਭਾ ਵਿਚ ਅੰਗਰੇਜੀ ਵਿਚ ਭਾਸ਼ਣ ਦੇਣਗੇ ਤਾਂ ਉਹ ਉਸਦਾ ਵੀ ਵਿਰੋਧ ਕਰਨਗੇ।