ਕਿੱਕਲੀ ਕਲਾਈ ਦੀ, ਸੁੱਖ ਮੰਗਾਂ ਮਾਹੀ ਦੀ!

ਕਿੱਕਲੀ ਕਲਾਈ ਦੀ, ਸੁੱਖ ਮੰਗਾਂ ਮਾਹੀ ਦੀ!
ਹਰਸਿਮਰਤ ਕੌਰ ਬਾਦਲ ਤੇ ਸਮਰਿਤੀ ਇਰਾਨੀ ਕਿੱਕਲੀ ਪਾਉਂਦੇ ਹੋਏ

ਚੰਡੀਗੜ੍ਹ: ਰਾਜਨੀਤਕ ਨਿਵਾਣ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜਿੱਥੇ ਇਕ ਪਾਸੇ ਹਿੰਦੁਤਵ ਦੀ ਨੁਮਾਂਇੰਦਾ ਜਮਾਤ ਭਾਜਪਾ ਨਾਲੋਂ ਤੋੜ ਵਿਛੋੜੇ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਸੋਸ਼ਲ ਮੀਡੀਆ 'ਤੇ ਬਾਦਲ ਪਰਿਵਾਰ ਦੀ ਨੂੰਹ ਅਤੇ ਭਾਜਪਾ ਦੀ ਅਗਵਾਈ ਵਾਲੀ ਭਾਰਤ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਭਾਜਪਾ ਪਾਰਟੀ ਦੀ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨਾਲ ਪਾਈ ਕਿੱਕਲੀ ਮਸ਼ਹੂਰ ਹੋ ਰਹੀ ਹੈ। 

ਦਿਲਚਸਪ ਗੱਲ ਇਹ ਹੈ ਕਿ ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਅਤੇ ਆਰਐਸਐਸ ਵਲੋਂ ਗੁਰਦੁਆਰਾ ਪ੍ਰਬੰਧ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਕਾਰਨ ਐਨਡੀਏ ਗਠਜੋੜ ਦੀ ਬੈਠਕ ਦਾ ਬਾਈਕਾਟ ਕਰ ਰਿਹਾ ਸੀ ਉਸੇ ਸਮੇਂ ਬਾਦਲ ਪਰਿਵਾਰ ਦੀ ਨੂੰਹ ਭਾਜਪਾ ਦੀ ਮੰਤਰੀ ਨਾਲ ਕਿੱਕਲੀਆਂ ਪਾ ਰਹੀ ਸੀ। 

ਜ਼ਿਕਰਯੋਗ ਹੈ ਕਿ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿਚ ਸਿੱਧੀ ਦਖਲਅੰਦਾਜ਼ੀ ਲਈ ਭਾਜਪਾ ਦੀ ਮਹਾਰਾਸ਼ਟਰ ਸਰਕਾਰ ਨੇ ਗੁਰਦੁਆਰਾ ਪ੍ਰਬੰਧ ਲਈ ਬਣਾਏ ਗਏ 1956 ਐਕਟ ਦੀ ਧਾਰਾ 11 ਵਿਚ ਸੋਧ ਕਰਕੇ ਪ੍ਰਧਾਨ ਦੀ ਨਿਯੁਕਤੀ ਨੂੰ ਸਰਕਾਰੀ ਹੱਥਾਂ ਵਿਚ ਲੈ ਲਿਆ ਹੈ, ਜਿਸ ਖਿਲਾਫ ਪੈਦਾ ਹੋਏ ਸਿੱਖ ਰੋਹ ਦੇ ਚਲਦਿਆਂ ਪੰਥਕ ਸਾਖ ਗੁਆ ਚੁੱਕਾ ਬਾਦਲ ਦਲ ਹੁਣ ਆਪਣੇ ਰਾਜਨੀਤਕ ਭਾਈਵਾਲ ਭਾਜਪਾ ਨੂੰ ਧਮਕੀਆਂ ਦੇ ਰਿਹਾ ਹੈ। ਜਦਕਿ ਬਾਦਲ ਪਰਿਵਾਰ ਦੀ ਭਾਜਪਾ ਨਾਲ ਸਾਂਝ ਨੇ ਹੀ ਇਸ ਘੁਸਪੈਠ ਦਾ ਰਾਹ ਬਣਾਇਆ ਹੈ। 

ਬੀਤੇ ਕਲ੍ਹ ਐਨਡੀਏ ਦੀ ਬੈਠਕ ਦਾ ਬਾਈਕਾਟ ਕਰਨ ਬਾਰੇ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਕਿਹਾ ਸੀ ਕਿ ਜੇ ਭਾਜਪਾ ਅਤੇ ਆਰਐਸਐਸ ਨੇ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਉਹ ਭਾਜਪਾ ਨਾਲ ਰਾਜਨੀਤਕ ਸਾਂਝ ਤੋੜ ਦੇਣਗੇ। 

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹੀ ਧਮਕੀ ਦਿੱਤੀ ਸੀ ਪਰ ਇਹ ਵੀ ਗੱਲ ਅਹਿਮ ਹੈ ਕਿ ਮਨਜਿੰਦਰ ਸਿੰਘ ਸਿਰਸਾ ਖੁਦ ਭਾਜਪਾ ਦੇ ਚੋਣ ਨਿਸ਼ਾਨ ਤੋਂ ਦਿੱਲੀ ਦੀ ਵਿਧਾਨ ਸਭਾ ਦੇ ਮੈਂਬਰ ਹਨ।