ਪੱਤਰਕਾਰਾਂ 'ਤੇ ਹੁੰਦੇ ਹਮਲਿਆਂ ਸਬੰਧੀ ਸੈਮੀਨਾਰ ਵਿਚ ਸਰਕਾਰ ਤੇ ਅਮੀਰਾਂ ਦੀ ਕਠਪੁਤਲੀ ਬਣੇ ਮੀਡੀਆ ਅਦਾਰਿਆਂ ਬਾਰੇ ਚਰਚਾ ਹੋਈ

ਪੱਤਰਕਾਰਾਂ 'ਤੇ ਹੁੰਦੇ ਹਮਲਿਆਂ ਸਬੰਧੀ ਸੈਮੀਨਾਰ ਵਿਚ ਸਰਕਾਰ ਤੇ ਅਮੀਰਾਂ ਦੀ ਕਠਪੁਤਲੀ ਬਣੇ ਮੀਡੀਆ ਅਦਾਰਿਆਂ ਬਾਰੇ ਚਰਚਾ ਹੋਈ

ਚੰਡੀਗੜ੍ਹ (ਜੁਝਾਰ ਸਿੰਘ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭੂ-ਵਿਗਿਆਨ ਆਡੀਟੋਰੀਅਮ ਵਿੱਚ “ਕਮੇਟੀ ਅਗੇਂਸਟ ਅਸਾਲਟ ਆਨ ਜਰਨਲਿਸਟ” ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਸਬੰਧੀ ਐਕਟ ਬਣਾਉਣ ਦੀ ਮੰਗ ਕੀਤੀ ਗਈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਆਨੰਦ ਸਵਰੂਪ ਵਰਮਾ, ਡਾ ਤੇਜਵੰਤ ਸਿੰਘ ਗਿੱਲ ਸਾਬਕਾ ਸੰਪਾਦਕ ਦੇਸ਼ ਸੇਵਕ, ਸੁਦੇਸ਼ ਕੁਮਾਰੀ ਜਨਰਲ ਸੈਕਟਰੀ ਜਨ ਸੰਘਰਸ਼ ਮੰਚ ਹਰਿਆਣਾ ਅਤੇ ਅੰਸ਼ੁਲ ਛੱਤਰਪਤੀ (ਪੁੱਤਰ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ) ਸਨ।  

ਇਹ ਸੈਮੀਨਾਰ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ 17 ਸਾਲ ਬਾਅਦ ਮਿਲੇ ਇਨਸਾਫ ਮੌਕੇ ਅਤੇ ਇਸ ਇਨਸਾਫ ਲਈ ਲੜੇ ਸੰਘਰਸ਼ ਦੀ ਯਾਦ ਵਿਚ ਕਰਵਾਇਆ ਗਿਆ। ਰਾਮ  ਚੰਦਰ ਛੱਤਰਪਤੀ ਉਹ ਪੱਤਰਕਾਰ ਸੀ ਜਿਸ ਨੇ ਡੇਰਾ ਸਿਰਸਾ ਵਿੱਚ ਹੁੰਦੇ ਕੁਕਰਮਾਂ ਤੇ ਪੀੜਤ ਸਾਧਵੀਆਂ ਵਲੋਂ ਲਿਖੀ ਚਿੱਠੀ ਨੂੰ ਆਪਣੇ ਅਖ਼ਬਾਰ ਵਿਚ ਪ੍ਰਕਾਸ਼ਿਤ ਕੀਤਾ ਸੀ। ਉਸ ਤੋਂ ਬਾਅਦ ਇਸ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਪੱਤਰਕਾਰ  ਦੇ ਪਰਿਵਾਰ,  ਖਾਸ ਕਰਕੇ ਉਸਦੇ ਪੁੱਤਰ ਅੰਸ਼ੁਲ ਛੱਤਰਪਤੀ  ਵਲੋਂ 17 ਸਾਲ ਦਾ ਸੰਘਰਸ਼ ਲੜਿਆ ਗਿਆ। ਅਖੀਰ ਡੇਰਾ ਮੁਖੀ ਨੂੰ ਇਸ ਕੇਸ ਵਿਚ ਮੌਤ ਤੱਕ ਕੈਦ ਦੀ ਸਜ਼ਾ ਸੁਣਾਈ ਗਈ। 


ਅੰਸ਼ੁਲ ਛੱਤਰਪਤੀ 

ਇਸ ਸੈਮੀਨਾਰ ਦਾ ਮੁੱਖ ਮਕਸਦ ਲੋਕਾਂ ਦੀ ਗੱਲ ਕਰਦੇ ਪੱਤਰਕਾਰਾਂ ਉਪਰ ਹੁੰਦੇ ਹਮਲਿਆਂ ਨੂੰ ਵਿਚਾਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕੋਈ ਖਾਸ ਕਾਨੂੰਨ ਬਣਾਉਣ ਦੀ ਮੰਗ ਕਰਨਾ ਸੀ। ਇਸ ਮੌਕੇ ਕਮੇਟੀ ਅਗੇਂਸਟ ਅਸਾਲਟ ਆਨ ਜਰਨਲਿਸਟਸ ਵਲੋਂ ਇਕ ਕਿਤਾਬਚਾ ਜਾਰੀ ਕੀਤਾ ਗਿਆ ਜਿਸ ਵਿਚ ਪੱਤਰਕਾਰਾਂ ਉਪਰ ਪਿਛਲੇ ਸਮੇਂ ਤੋਂ ਹੁੰਦੇ ਹਮਲਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਅੰਸ਼ੁਲ ਛੱਤਰਪਤੀ ਵਲੋਂ ਇਨਸਾਫ ਦੀ ਲੜਾਈ ਲੜਦਿਆਂ ਸਾਹਮਣੇ ਆਈਆਂ ਮੁਸ਼ਕਲਾਂ ਅਤੇ ਮੁੱਖ ਧਾਰਾ ਦੇ ਮੀਡੀਆ ਵਲੋਂ ਨਿਭਾਈ ਸ਼ਰਮਨਾਕ ਭੂਮਿਕਾ ਦਾ ਜਿਕਰ ਕੀਤਾ ਗਿਆ। 

ਇਸ ਮੌਕੇ ਮਸ਼ਹੂਰ ਪੱਤਰਕਾਰ ਆਨੰਦ ਸਵਰੂਪ ਵਰਮਾ ਨੇ ਕਿਹਾ ਕਿ ਮੀਡੀਏ ਵਿੱਚ ਮੱਧ ਵਰਗ ਪਰਿਵਾਰਾਂ ਤੋਂ ਬੱਚੇ ਆਉਂਦੇ ਹਨ ਪਰ ਉਹੀ ਮੀਡੀਆ ਮੱਧ ਵਰਗ ਤੇ ਗਰੀਬ ਵਰਗ ਦੇ ਹੁੰਦੇ ਸ਼ੋਸ਼ਣ ਵਲੋਂ ਅੱਖਾਂ ਮੀਚ ਲੈਂਦਾ ਹੈ। ਇਸ ਦਾ ਕਾਰਨ ਉਹਨਾਂ ਮੀਡੀਏ ਦੇ ਹੋਏ ਵਪਾਰੀਕਰਨ ਨੂੰ ਦੱਸਿਆ।  ਵਰਮਾ ਨੇ ਪੰਜਾਬ ਵਿੱਚ ਹੁੰਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਪੈਰਵੀ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰਕੇ ਖਾਲੜਾ ਦਾ ਕਤਲ ਕਰਨ ਵਾਲੇ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਦੀ ਆਤਮ ਹੱਤਿਆ ਨੂੰ ਅਖਬਾਰਾਂ ਵਿੱਚ ਦਿਤੀ ਮਹੱਤਤਾ ਦਾ ਜਿਕਰ ਕੀਤਾ। ਉਹਨਾਂ ਇਸ ਸਾਰੇ ਵਰਤਾਰੇ ਦਾ ਕਾਰਣ ਭਾਰਤੀ ਸੰਘ ਵਿੱਚ ਜਾਰੀ ਢਾਂਚਾਗਤ ਹਿੰਸਾ ਨੂੰ ਦੱਸਿਆ। 

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ 

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਮੀਡੀਆ ਵਲੋਂ ਨਿਭਾਈ ਗੈਰ ਜਿੰਮੇਵਾਰ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਸੱਚ ਤੇ ਪਹਿਰਾ ਦਿੰਦੀ ਪੱਤਰਕਾਰੀ ਕਰਨ ਦੀ ਵਜਾ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਹਕੂਮਤ ਦੇ ਜੁਲਮਾਂ 'ਤੇ ਪੜਦਾ ਪਾਉਣ ਵਾਲੇ ਪੱਤਰਕਾਰਾਂ ਨੂੰ ਚੰਡੀਗੜ੍ਹ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਆਲੀਸ਼ਾਨ ਕੋਠੀਆਂ ਤੇ ਪਲਾਟ ਮਿਲਦੇ ਸਨ।  ਜਸਪਾਲ ਸਿੰਘ ਵਲੋਂ ਡੇਰਾ ਸਿਰਸਾ ਦੇ ਅਖਬਾਰ “ਸੱਚ ਕਹੂੰ” ਜਿਸ ਵਿੱਚ ਬਾਦਲ, ਕੈਪਟਨ, ਭੱਠਲ ਤੇ ਸਿੱਧੂ ਜਹੇ ਮੁੱਖ ਸਿਆਸਤਦਾਨ ਡੇਰਾ ਮੁਖੀ ਨੂੰ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ ਸਰੋਤਿਆਂ ਨੂੰ ਦਿਖਾਇਆ ਗਿਆ। 


ਡੇਰਾ ਸਿਰਸਾ ਵਲੋਂ ਛਾਪੇ ਜਾਂਦੇ ਅਖ਼ਬਾਰ "ਸੱਚ ਕਹੂੰ" ਦੀ ਤਸਵੀਰ

ਇਸ ਮੌਕੇ ਦੇਸ਼ ਸੇਵਕ ਅਖਬਾਰ ਦੇ ਸਾਬਕਾ ਸੰਪਾਦਕ ਡਾ ਤੇਜਵੰਤ ਗਿੱਲ ਵਲੋਂ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਕਿਹਾ ਗਿਆ ਕਿ ਅੱਜ ਦੇ ਸਮੇਂ ਵਿੱਚ  ਮੀਡੀਆ ਕੁਝ ਕੁ ਵਪਾਰਕ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ ਤੇ ਇਸ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਕਰਨੀ ਚਾਹੀਦੀ। 

ਇਸ ਮੌਕੇ ਸਾਰੇ ਬੁਲਾਰਿਆਂ ਵੱਲੋਂ “ਵਿਸਲ ਬਲੋਅਰ ਪ੍ਰਟੈਕਸ਼ਨ ਐਕਟ” ਬਾਰੇ ਗੱਲ ਕੀਤੀ ਗਈ ਜੋ 2014 ਤੋਂ ਸੰਸਦ ਵਿੱਚ ਰੁਕਿਆ ਹੋਇਆ ਹੈ ਤੇ ਸਰਕਾਰ ਪਾਸੋਂ ਇਸ ਐਕਟ ਨੂੰ ਪਾਸ ਕਰਨ ਦੀ ਮੰਗ ਕੀਤੀ ਗਈ। ਅਖੀਰ 'ਤੇ ਲੋਕ ਸੰਗਠਨਾਂ ਅਤੇ ਪੱਤਰਕਾਰ  ਭਾਈਚਾਰੇ ਦੀ ਇਕਜੁੱਟਤਾ ਬਾਰੇ ਯਤਨ ਕਰਨ ਦੀ ਗੱਲ ਕੀਤੀ ਗਈ।