ਬੋਰਾਂ ਵਿਚ ਕੈਮੀਕਲ ਪਾ ਕੇ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਾਲੀ ਕੰਪਨੀ ਸੀਲ ਕੀਤੀ

ਬੋਰਾਂ ਵਿਚ ਕੈਮੀਕਲ ਪਾ ਕੇ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਾਲੀ ਕੰਪਨੀ ਸੀਲ ਕੀਤੀ
ਜ਼ਬਤ ਕੀਤਾ ਗਿਆ ਕੈਮੀਕਲ

ਪਟਿਆਲਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕੀਤਾ ਹੈ| ਇਸ ਟੀਮ ਨੇ ਸਾਂਝੀ ਕਾਰਵਾਈ ਤਹਿਤ ਐੱਮਆਰ ਕੈਮੀਕਲਜ਼ ਸੇਲਜ਼ ਕਾਰਪੋਰੇਸ਼ਨ ਦੇ ਪਟਿਆਲਾ ਦੇ ਘਲੋੜੀ ਗੇਟ ਵਿੱਚ ਬਣਾਏ ਗੋਦਾਮ ’ਚ ਪਏ ਲੱਖਾਂ ਲਿਟਰ ਤੇਜ਼ਾਬ ਤੇ ਕੈਮੀਕਲਜ਼ ਸਮੇਤ ਹੋਰ ਸਾਜ਼ੋ ਸਮਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਨਾਲ ਹੀ ਡਰੱਗ ਲਾਇਸੈਂਸਿੰਗ ਅਥਾਰਟੀ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਇਸ ਫ਼ਰਮ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ|

ਮੁੱਖ ਮੰਤਰੀ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਮ ਨੂੰ ਇਸ ਫ਼ਰਮ ਵੱਲੋਂ ਖੇਤੀਬਾੜੀ ਬੋਰਾਂ ਦਾ ਪਾਣੀ ਵਧਾਉਣ ਅਤੇ ਬੰਦ ਪਏ ਬੋਰਾਂ ਨੂੰ ਮੁੜ ਚਲਾਉਣ ਲਈ ਅਜਿਹੇ ਕੈਮੀਕਲ ਵੱਡੀ ਮਾਤਰਾ ’ਚ ਵੇਚੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ| ਸੂਚਨਾ ਦੇ ਆਧਾਰ ’ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐੱਸਐੱਸ ਮਰਵਾਹਾ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਇਸ ਫ਼ਰਮ ਦਾ ਪਰਦਾਫ਼ਾਸ਼ ਕਰਨ ਲਈ ਵਿਛਾਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਮ ਦੇ ਵਿਅਕਤੀ ਰਾਹੀਂ, 1600 ਕਿਲੋ ਤੇਜ਼ਾਬ ਤੇ ਕੈਮੀਕਲ, ਜਿਸ ਨੂੰ ਇਹ ‘ਬੋਰ ਕੈਮੀਕਲ’ ਦੇ ਨਾ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ, 7552 ਰੁਪਏ ਵਿੱਚ ਖਰੀਦਿਆ ਗਿਆ| ਇੱਕ ਹੋਰ ਟੀਮ ਨੇ ਘਲੋੜੀ ਗੇਟ ਵਿੱਚ ਛਾਪਾ ਮਾਰ ਕੇ ਲੱਖਾਂ ਲਿਟਰ ਤੇਜ਼ਾਬ ਤੇ ਹੋਰ ਕੈਮੀਕਲ ਬਰਾਮਦ ਕੀਤਾ| ਇਥੇ ਹੀ ਇਸ ਫ਼ਰਮ ਵੱਲੋਂ ਕੀਤਾ ਇੱਕ ਗ਼ੈਰਕਾਨੂੰਨੀ ਬੋਰ ਵੀ ਮਿਲਿਆ, ਜਿਸ ਰਾਹੀਂ ਫ਼ਰਮ ਵੱਲੋਂ ਤੇਜ਼ਾਬ ਤੇ ਹੋਰ ਕੈਮੀਕਲ ਬਿਨਾਂ ਸੋਧੇ ਸਿੱਧੇ ਹੀ ਧਰਤੀ ’ਚ ਪਾਇਆ ਜਾ ਰਿਹਾ ਸੀ| 

ਇਸ ਟੀਮ ਵਿੱਚ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਰੋਹਿਤ ਕਾਲੜਾ ਤੇ ਅਮਨਮਦੀਪ ਵਰਮਾ, ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਮਿਸ ਨਵਜੋਤ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਨ ਇੰਜੀਨੀਅਰ ਇੰਜੀ. ਗਰਬਖ਼ਸੀਸ਼ ਸਿੰਘ ਗਿੱਲ ਤੇ ਪਟਿਆਲਾ ਖੇਤਰ ਦੇ ਇੰਜ. ਲਵਨੀਤ ਦੂਬੇ, ਵਿਗਿਆਨ ਅਫ਼ਸਰ ਡਾ. ਚਰਨਜੀਤ ਸਿੰਘ ਨਾਭਾ, ਏਈਈ ਜਤਿੰਦਰ ਸੋਨੀ, ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਆਦਿ ਸ਼ਾਮਲ ਸਨ| ਟੀਮ ਨੇ ਦੱਸਿਆ ਕਿ ਇਸ ਫ਼ਰਮ ਐਮਆਰ ਦੇ ਅਧਿਕਾਰਤ ਲਾਇਸੈਂਸੀ ਨਵਨੀਤ ਮਲਹੋਤਰਾ ਨੇ ਮੰਨਿਆ ਕਿ ਉਹ ਪਿਛਲੇ ਕਰੀਬ 13 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਤੱਕ ਉਹ ਕਰੀਬ 17 ਹਜ਼ਾਰ ਟਿਊਬਵੈੱਲਾਂ ਵਿੱਚ ਇਹ ਕੈਮੀਕਲ ਪੁਆ ਚੁੱਕਾ ਹੈ| ਉਹ ਕਿਸਾਨਾਂ ਨੂੰ ਖੇਤੀਬਾੜੀ ਵਰਤੋਂ ਲਈ ਦੱਸ ਕੇ ਇਹ ਕੈਮੀਕਲ ਵੇਚਦਾ ਸੀ ਪਰ ਉਹ ਇਸ ਸਬੰਧੀ ਰਿਕਾਰਡ ਨਹੀਂ ਪੇਸ਼ ਕਰ ਸਕਿਆ|

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਬੋਰਡ ਦੀ ਸਿਫ਼ਾਰਿਸ਼ ’ਤੇ ਇਸ ਫ਼ਰਮ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਨਵਜੋਤ ਕੌਰ ਨੇ ਦੱਸਿਆ ਕਿ ਫ਼ਰਮ ਦੇ ਘਲੋੜੀ ਗੇਟ ਗੋਦਾਮ ਵਿੱਚ ਲਗਭਗ ਇੱਕ ਹਜ਼ਾਰ ਕੇਨ ਪਏ ਹਨ|