ਏਡੀਸੀਪੀ ਦੀ ਬਦਲੀ ਮਗਰੋਂ ਕਾਂਗਰਸ ਨੇ ਬਾਦਲ ਦੀ ਕੋਠੀ ਮੂਹਰੋਂ ਚੁੱਕਿਆ ਧਰਨਾ

ਏਡੀਸੀਪੀ ਦੀ ਬਦਲੀ ਮਗਰੋਂ ਕਾਂਗਰਸ ਨੇ ਬਾਦਲ ਦੀ ਕੋਠੀ ਮੂਹਰੋਂ ਚੁੱਕਿਆ ਧਰਨਾ
Congress senior leader Ambika Soni (c) along with other Congress leaders during a dharna outside Punjab CM residence in Chandigarh on Saturday. Tribune photo: Manoj mahaja

ਚੰਡੀਗੜ੍ਹ/ਬਿਊਰੋ ਨਿਊਜ਼ :
ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਪੁਲੀਸ (ਏਡੀਸੀਪੀ) ਜਸਵਿੰਦਰ ਸਿੰਘ ਨੂੰ ਬਦਲਣ ਦੀ ਮੰਗ ਮੰਨੇ ਜਾਣ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਤਿੰਨ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਨੂੰ ਸਮਾਪਤ ਕਰ ਦਿੱਤਾ ਹੈ। ਪੰਜਾਬੀ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨਾਲ ਕਾਂਗਰਸ ਆਗੂਆਂ ਦੇ ਵਫ਼ਦ ਦੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਸ੍ਰੀ ਅਰੋੜਾ ਨੇ ਲੁਧਿਆਣਾ ਵਿਚ ਚਿੱਟਾ ਰਾਵਣ ਸਾੜਨ ਮੌਕੇ ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਹੋਈ ਝੜਪ ਦੀ ਨਿਰਪੱਖ ਜਾਂਚ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ। ਸਰਕਾਰ ਨੇ ਰਾਤ ਨੂੰ ਹੀ ਏਡੀਸੀਪੀ ਜਸਵਿੰਦਰ ਸਿੰਘ ਨੂੰ ਅਗਲੇ ਹੁਕਮਾਂ ਤੱਕ ਪੰਜਾਬ ਪੁਲੀਸ ਹੈੱਡਕੁਆਰਟਰ ਚੰਡੀਗੜ੍ਹ ਵਿਚ ਰਿਪੋਰਟ ਕਰਨ ਲਈ ਕਿਹਾ ਹੈ।
ਸ੍ਰੀ ਅਰੋੜਾ ਨੂੰ ਮਿਲਣ ਵਾਲੇ ਵਫ਼ਦ ਵਿੱਚ ਵਿਧਾਇਕ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਰਿੰਦਰ ਡਾਵਰ ਅਤੇ ਜਨਰਲ ਸਕੱਤਰ ਸੰਦੀਪ ਸੰਧੂ ਸ਼ਾਮਲ ਸਨ। ਦਿਲਚਸਪ ਗੱਲ ਇਹ ਹੈ ਕਿ ਤਿੰਨ ਦਿਨਾਂ ਤੋਂ ਕਾਂਗਰਸ ਦੇ ਸੂਬਾਈ ਲੀਡਰਾਂ ਸਮੇਤ ਅੰਬਿਕਾ ਸੋਨੀ, ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਵਰਗੇ ਸੀਨੀਅਰ ਆਗੂਆਂ ਵੱਲੋਂ ਧਰਨੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਮੁੱਖ ਮੁੱਦਾ ਬਣਾਇਆ ਗਿਆ ਸੀ ਪਰ ਸਰਕਾਰ ਵੱਲੋਂ ਮਹਿਜ਼ ਇਕ ਐਸਪੀ ਰੈਂਕ ਦੇ ਅਧਿਕਾਰੀ ਦੀ ਬਦਲੀ ਕਰਨ ‘ਤੇ ਹੀ ਧਰਨਾ ਖ਼ਤਮ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸੀਆਂ ਉਪਰ ਇਰਾਦਾ ਕਤਲ (307) ਦੇ ਕੇਸ ਬਰਕਰਾਰ ਰਹਿਣ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਆਗੂ ਵੀ ਅਜੇ ਤੱਕ ਰਿਹਾਅ ਨਹੀਂ ਹੋਏ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੀ ਇੰਚਾਰਜ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਕੌਮੀ ਸਕੱਤਰ ਤੇ ਸਹਿ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਚਿੱਟੇ ਰਾਵਣ ਕਾਂਡ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ। ਕਾਂਗਰਸ ਦੀ ਕੌਮੀ ਲੀਡਰਸ਼ਿਪ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਸਾਫ ਕਰ ਦਿੱਤਾ ਹੈ ਕਿ ‘ਚਿੱਟੇ’ ਦੇ ਮੁੱਦੇ ਉਪਰ ਪਾਰਟੀ ਨੇ ਬਾਦਲ ਸਰਕਾਰ ਨੂੰ ਚੋਣਾਂ ਦੌਰਾਨ ਘੇਰਨ ਦੀ ਰਣਨੀਤੀ ਬਣਾਈ ਹੈ। ਆਗੂਆਂ ਨੇ ਕਿਹਾ ਕਿ ਸ੍ਰੀ ਬਾਦਲ ਨੂੰ ਚਿੱਟੇ ਦਾ ਰਾਵਣ ਸਾੜਨ ਦਾ ਦੁੱਖ ਕਿਉਂ ਹੋਇਆ ਹੈ, ਕੀ ਚਿੱਟਾ ਬੁਰਾਈ ਦਾ ਪ੍ਰਤੀਕ ਨਹੀ ਹੈ? ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਵੀ ਐਲਾਨ ਕੀਤਾ ਕਿ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਤੇ ਪਾਰਟੀ ਆਗੂਆਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਹੋਣ ਤੱਕ ਮੋਰਚਾ ਜਾਰੀ ਰਹੇਗਾ। ਧਰਨੇ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਬਲਬੀਰ ਸਿੱਧੂ, ਸਾਧੂ ਸਿੰਘ ਧਰਮਸੋਤ, ਰਣਦੀਪ ਨਾਭਾ, ਇੰਦਰਬੀਰ ਬੁਲਾਰੀਆ, ਗੁਰਜੀਤ ਰਾਣਾ, ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ, ਗੁਰਇਕਬਾਲ ਕੌਰ, ਮੁਹੰਮਦ ਸਦੀਕ, ਰਾਜਿੰਦਰ ਦੀਪਾ ਸ਼ਾਮਲ ਸਨ।