ਸ੍ਰੀ ਹਰਿਮੰਦਰ ਸਾਹਿਬ ਸੁੰਦਰੀਕਰਨ ਯੋਜਨਾ ਤਹਿਤ ਸ਼ਹਿਰ ਨੂੰ ਮਿਲੇਗੀ ਵਿਰਾਸਤੀ ਦਿੱਖ

ਸ੍ਰੀ ਹਰਿਮੰਦਰ ਸਾਹਿਬ ਸੁੰਦਰੀਕਰਨ ਯੋਜਨਾ ਤਹਿਤ ਸ਼ਹਿਰ ਨੂੰ ਮਿਲੇਗੀ ਵਿਰਾਸਤੀ ਦਿੱਖ
punjab page;State of the art approach with uniform look to the Golden Temple coming up to offer chaos free walk to the Golden Temple in Amritsar on Oct10.photo by vishal kumar

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਉਣ ਵਾਲੇ ਦਿਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣ ਵਾਲੇ ਯਾਤਰੂਆਂ ਨੂੰ ਇਸ ਇਲਾਕੇ ਵਿਚ ਨਵੀਂ ਦਿਖ ਦੇਖਣ ਨੂੰ ਮਿਲੇਗੀ। ਇਥੇ ਚੱਲ ਰਹੀ ਸ੍ਰੀ ਹਰਿਮੰਦਰ ਸਾਹਿਬ ਸੁੰਦਰੀਕਰਨ ਯੋਜਨਾ ਹੇਠ ਇਸ ਇਲਾਕੇ ਨੂੰ ਇਕ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਟਾਊਨ ਹਾਲ ਦੀ ਇਮਾਰਤ ਨੇੜਿਉਂ ਹੀ ਇਸ ਯੋਜਨਾ ਹੇਠ ਚਲ ਰਹੇ ਕੰਮ ਦਾ ਪ੍ਰਭਾਵ ਦਿਖਾਈ ਦੇਣ ਲੱਗ ਪੈਂਦਾ ਹੈ।
ਸੁੰਦਰੀਕਰਨ ਯੋਜਨਾ ਹੇਠ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਹਾਲ ਬਾਜ਼ਾਰ ਵਾਲੇ ਮੁੱਖ ਰਸਤੇ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ। ਪਹਿਲੇ ਪੜਾਅ ਵਿਚ ਟਾਊਨ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਰਸਤੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਜਦੋਂਕਿ ਦੂਜੇ ਪੜਾਅ ਵਿਚ ਟਾਊਨ ਹਾਲ ਤੋਂ ਹਾਲ ਗੇਟ ਤਕ ਦੇ ਰਸਤੇ ਦਾ ਸੁੰਦਰੀਕਰਨ ਹੋਵੇਗਾ। ਇਸ ਯੋਜਨਾ ਹੇਠ ਰਸਤੇ ਵਿਚ ਆਉਂਦੀਆਂ ਦੋਵੇਂ ਪਾਸੇ ਦੀਆਂ ਦੁਕਾਨਾਂ ਨੂੰ ਪੁਰਾਤਨ ਤੇ ਵਿਰਾਸਤੀ ਦਿੱਖ ਦਿੱਤੀ ਗਈ ਹੈ। ਕੁਝ ਥਾਵਾਂ ‘ਤੇ ਨਾਨਕਸ਼ਾਹੀ ਇੱਟਾਂ ਦੀ ਉਸਾਰੀ ਦਿਖਾਈ ਗਈ ਹੈ।
ਦੁਕਾਨਾਂ ਦੇ ਬਾਹਰ ਇਕੋ ਰੰਗ ਕੀਤਾ ਗਿਆ ਹੈ ਅਤੇ ਇਕੋ ਆਕਾਰ ਦੇ ਬੋਰਡ ਲਾਏ ਗਏ ਹਨ। ਬੋਰਡਾਂ ਉਪਰ ਪੰਜਾਬੀ ਅਤੇ ਅੰਗਰੇਜ਼ੀ ਵਿਚ ਦੁਕਾਨਾਂ ਦੇ ਨਾਂ ਲਿਖੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਨੇੜੇ ਦੁਕਾਨਾਂ ਅਤੇ ਘਰਾਂ ਦੇ ਬਾਹਰ ਟੀਨ ਦੇ ਛੱਜੇ ਬਣਾਏ ਗਏ ਹਨ, ਜੋ ਇਸ ਇਲਾਕੇ ਨੂੰ ਪੁਰਾਤਨ ਦਿੱਖ ਮੁਹੱਈਆ ਕਰਦੇ ਹਨ।
ਟਾਊਨ ਹਾਲ ਦੀ ਇਮਾਰਤ ਨੂੰ ਵੀ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਇਥੇ ਭਾਰਤ-ਪਾਕਿ ਵੰਡ ਨਾਲ ਸਬੰਧਤ ਅਜਾਇਬ ਘਰ ਬਣਾਇਆ ਜਾ ਰਿਹਾ ਹੈ। ਪਹਿਲਾਂ ਇਥੇ ਨਗਰ ਨਿਗਮ ਦਾ ਦਫਤਰ ਸੀ, ਜਿਸ ਨੂੰ ਇਥੋਂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਆਲੇ ਦੁਆਲੇ ਦੀ ਚਾਰ ਦੀਵਾਰੀ ਨੂੰ ਤੋੜ ਕੇ ਲੋਹੇ ਦੀ ਗਰਿੱਲ ਲਾਈ ਗਈ ਹੈ। ਸਾਰਾਗੜੀ ਗੁਰਦੁਆਰੇ ਨੇੜਿਉਂ ਬੁਤ ਮਲਕਾਂ ਚੌਕ ਨੂੰ ਵੀ ਨਵੀਂ ਦਿੱਖ ਦਿੱਤੀ ਗਈ ਹੈ। ਇਥੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਵੱਡਾ ਬੁੱਤ ਸਥਾਪਤ ਕੀਤਾ ਗਿਆ ਹੈ, ਜਿਸ ਦੇ ਦੁਆਲੇ ਫੁਹਾਰੇ ਹੋਣਗੇ। ਧਰਮ ਸਿੰਘ ਮਾਰਕੀਟ ਦੀ ਬਾਹਰੀ ਦਿੱਖ ਨੂੰ ਪੁਰਾਤਨ ਸਰੂਪ ਦਿੱਤਾ ਗਿਆ ਹੈ।
ਇਤਿਹਾਸਕ ਜਲਿਆਂਵਾਲਾ ਬਾਗ ਦੇ ਬਾਹਰ ਵੀ ਇਕ ਬੁੱਤ ਸਥਾਪਤ ਕੀਤਾ ਗਿਆ ਹੈ, ਜਿਸ ਰਾਹੀਂ ਅੰਗਰੇਜ਼ ਹਾਕਮ ਵਲੋਂ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਾਰੇ ਰਸਤੇ ਵਿਚ ਵਧੀਆ ਪੱਥਰ ਲਾਇਆ ਗਿਆ ਹੈ  ਅਤੇ ਆਉਂਦੇ ਦਿਨਾਂ ਵਿਚ ਇਸ ਨੂੰ ਪੈਦਲ ਰਸਤਾ ਬਣਾ ਦਿੱਤਾ ਜਾਵੇਗਾ।