ਸੁੱਚਾ ਸਿੰਘ ਛੋਟੇਪੁਰ ਨੇ ਬਣਾਈ ‘ਆਪਣਾ ਪੰਜਾਬ’ ਪਾਰਟੀ

ਸੁੱਚਾ ਸਿੰਘ ਛੋਟੇਪੁਰ ਨੇ ਬਣਾਈ ‘ਆਪਣਾ ਪੰਜਾਬ’ ਪਾਰਟੀ

ਪੰਜਾਬ ਪ੍ਰੋਗਰੈਸਿਵ ਅਲਾਇੰਸ ਹੇਠ ਲੜੀਆਂ ਜਾਣਗੀਆਂ ਸਾਰੀਆਂ ਸੀਟਾਂ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ’ ਪਾਰਟੀ ਬਣਾ ਕੇ 117 ਵਿਧਾਨ ਸਭਾ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕੀਤਾ ਹੈ।  ਇਸ ਪਾਰਟੀ ਦੇ ਪ੍ਰਧਾਨ ਸ੍ਰੀ ਛੋਟੇਪੁਰ ਹੋਣਗੇ ਅਤੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਹਰਦੀਪ ਸਿੰਘ ਕਿੰਗਰਾ ਜਨਰਲ ਸਕੱਤਰ ਅਤੇ ਐਚ.ਐਸ. ਚੀਮਾ ਖਜ਼ਾਨਚੀ ਹੋਣਗੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਵਿੰਗਾਂ ਦਾ ਐਲਾਨ ਜਲਦੀ ਕਰਨ ਦਾ ਸੰਕੇਤ ਦਿੱਤਾ ਗਿਆ ਹੈ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਦੀ ‘ਆਪ’ ਵਿਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਧੜੇ ਨਾਲ ਗੱਠਜੋੜ ਦੀ ਗੱਲ ਹੋ ਚੁੱਕੀ ਹੈ। ਉਹ ਇਕ ਨਿਮਾਣੇ ਵਿਅਕਤੀ ਵਜੋਂ ‘ਆਵਾਜ਼-ਏ-ਪੰਜਾਬ’ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਅਤੇ ਪਰਗਟ ਸਿੰਘ ਕੋਲ ਵੀ ਗੱਠਜੋੜ ਵਾਸਤੇ ਪਹੁੰਚ ਕਰ ਚੁੱਕੇ ਹਨ। ਉਹ 16 ਦਿਨ ਅਜਿਹੇ ਯਤਨਾਂ ਵਿੱਚ ਰਹੇ ਹਨ ਅਤੇ ਸ੍ਰੀ ਸਿੱਧੂ ਨੂੰ ਅੱਗੇ ਲਾ ਕੇ ਚੱਲਣ ਲਈ ਵੀ ਤਿਆਰ ਸਨ ਪਰ ਫਿਲਹਾਲ ਇਸ ਧੜੇ ਨਾਲ ਸਾਂਝ ਦੀ ਗੱਲ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਵੀ ਸਿੱਧੂ ਧੜਾ ਪਹੁੰਚ ਕਰੇਗਾ ਤਾਂ ਉਹ ਸਾਂਝ ਲਈ ਤਿਆਰ ਹਨ। ਸ੍ਰੀ ਛੋਟੇਪੁਰ ਨੇ ਸਪਸ਼ਟ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਨਾਲ ਉਨ੍ਹਾਂ ਦੀ ਪਾਰਟੀ ਕਿਸੇ ਵੀ ਰੂਪ ਵਿੱਚ ਕੋਈ ਸਾਂਝ ਨਹੀਂ ਪਾਵੇਗੀ। ਗਾਂਧੀ ਧੜੇ ਸਮੇਤ ਹੋਰ ਧਿਰਾਂ ਨੂੰ ਜੋੜ ਕੇ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਇਆ ਜਾਵੇਗਾ ਅਤੇ ਇਸ ਪਲੇਟਫਾਰਮ ਤੋਂ ਸਮੂਹ 117 ਸੀਟਾਂ ਉਪਰ ਚੋਣ ਲੜੀ ਜਾਵੇਗੀ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਹੋਰ ਪਾਰਟੀਆਂ ਦੇ ਚੰਗੇ ਲੀਡਰ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਗੇ। ਦੱਸਣਯੋਗ ਹੈ ਕਿ ਪਹਿਲਾਂ ਸ੍ਰੀ ਛੋਟੇਪੁਰ ਦੋਸ਼ ਲਾਉਂਦੇ ਰਹੇ ਹਨ ਕਿ ‘ਆਪ’ ਨੇ ਆਪਣੇ ਵਾਲੰਟੀਅਰਾਂ ਨੂੰ ਅੱਖੋਂ-ਪਰੋਖੇ ਕਰਕੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਖੇਤਰੀ ਪਾਰਟੀਆਂ ਦਾ ਯੁੱਗ ਹੈ, ਜਿਸ ਦੀ ਮਿਸਾਲ ਮਮਤਾ ਬੈਨਰਜੀ ਅਤੇ ਜੈਲਲਿਤਾ ਹਨ। ਸ੍ਰੀ ਛੋਟੇਪੁਰ ਨੇ ਦੱਸਿਆ ਕਿ ਭਾਵੇਂ ਉਹ ਢਾਈ ਸਾਲ ‘ਆਪ’ ਦੇ ਕਨਵੀਨਰ ਰਹੇ ਪਰ ਉਨ੍ਹਾਂ ਨੂੰ ਕੋਈ ਸਿਆਸੀ ਅਧਿਕਾਰ ਨਹੀਂ ਦਿੱਤੇ ਗਏ ਸਨ ਅਤੇ ਨਾ ਹੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਹੀ ਬਣਾਇਆ ਸੀ। ਉਨ੍ਹਾਂ ਕੋਲੋਂ ਟਿਕਟਾਂ ਵੰਡਣ ਵੇਲੇ ਵੀ ਕੋਈ ਸਲਾਹ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਦੀ ਨੰਬਰ ਇਕ ਦੁਸ਼ਮਣ ਹੈ। ਹੁਣ ਅਕਾਲੀ ਦਲ ਮਹਿਜ਼ ਬਾਦਲ ਪਰਿਵਾਰ ਐਂਡ ਕੰਪਨੀ ਬਣ ਕੇ ਰਹਿ ਗਿਆ ਹੈ ਅਤੇ ਟਕਸਾਲੀ ਆਗੂਆਂ ਦੀ ਕੋਈ ਵੁੱਕਤ ਨਹੀਂ ਹੈ। ਸ੍ਰੀ ਬਾਦਲ ਨੇ ਅਕਾਲੀ ਦਲ ਨੂੰ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਹੈ। ਕਾਂਗਰਸ ਨੇ ਕਦੇ ਵੀ ਪੰਜਾਬ ਦੇ ਹਿੱਤ ਨਹੀਂ ਪਾਲੇ ਅਤੇ ਇਸ ਦੇ ਆਗੂ ਮਹਿਜ਼ ਪੈਸੇ ਇਕੱਠੇ ਕਰਨ ਤੱਕ ਹੀ ਸੀਮਤ ਹਨ। ਦੂਜੇ ਪਾਸੇ ‘ਆਪ’ ਵੱਲੋਂ ਪੰਜਾਬੀਆਂ ਨੂੰ ਦਿਖਾਏ ਸੁਪਨੇ ਫਰਾਡ ਸਾਬਤ ਹੋਏ ਹਨ। ਇਸ ਮੌਕੇ ਪਾਰਟੀ ਦਾ ਚੋਣ ਨਿਸ਼ਾਨ ਵੀ ਜਾਰੀ ਕੀਤਾ ਗਿਆ।
ਰਾਸ਼ਟਰੀ ਲੋਕ ਸਮਾਜ ਪਾਰਟੀ ਹਰਿਆਣਾ, ਦਲਿਤ ਕ੍ਰਾਂਤੀ ਦਲ, ਜੈ ਜਵਾਨ ਕਿਸਾਨ ਪਾਰਟੀ ਅਤੇ ਇੰਡੀਆ ਲੇਬਰ ਪਾਰਟੀ ਨੇ ‘ਆਪਣਾ ਪੰਜਾਬ’ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ੍ਰੀ ਛੋਟੇਪੁਰ ਨੇ ਕਿਹਾ ਕਿ 10 ਫੀਸਦੀ ਸੀਟਾਂ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ।
‘ਕੁਰਸੀ’ ਲਈ ਹੋਈ ‘ਜੰਗ’ :
ਸ੍ਰੀ ਛੋਟੇਪੁਰ ਦੇ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਕੁਰਸੀ ਲਈ ਜੰਗ ਸ਼ੁਰੂ ਹੋ ਗਈ ਹੈ। ਦਰਅਸਲ ਸ੍ਰੀ ਛੋਟੇਪੁਰ ਦੇ ਸੱਜੇ ਹੱਥ ਵਾਲੀ ਕੁਰਸੀ ਉਪਰ ਰਾਸ਼ਟਰੀ ਲੋਕ ਸਮਾਜ ਪਾਰਟੀ ਹਰਿਆਣਾ ਦੇ ਪ੍ਰਧਾਨ ਤੇ ਸਾਬਕਾ ਆਈਪੀਐਸ ਅਫਸਰ ਰਣਦੀਪ ਸ਼ਰਮਾ ਬੈਠ ਗਏ। ਸ੍ਰੀ ਕਿੰਗਰਾ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੂੰ ਉਥੋਂ ਉਠਣ ਲਈ ਕਿਹਾ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ। ਸ੍ਰੀ ਛੋਟੇਪੁਰ ਨੇ ਵੀ ਉਨ੍ਹਾਂ ਨੂੰ ਬੇਨਤੀ ਕੀਤੀ ਪਰ ਇਸ ਦੇ ਬਾਵਜੂਦ ਉਹ ਹਰੇਕ ਨੂੰ ਝਿੜਕਦੇ ਗਏ। ਅਖੀਰ ਸਮੂਹ ਨੇਤਾਵਾਂ ਵੱਲੋਂ ਲੇਲੜੀਆਂ ਕੱਢਣ ਬਾਅਦ ਉਹ ਕੁਰਸੀ ਤੋਂ ਉੱਠੇ ਅਤੇ ਉਸ ਕੁਰਸੀ ‘ਤੇ ‘ਆਪ’ ਨੂੰ ਅਲਵਿਦਾ ਕਹਿ ਚੁੱਕੇ ਸਾਬਕਾ ਆਈਏਐਸ ਅਧਿਕਾਰੀ ਆਰ.ਆਰ. ਭਾਰਦਵਾਜ ਦੇ ਬੈਠਣ ਤੋਂ ਬਾਅਦ ਹੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ।