ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ

ਪੰਜਾਬ ਤੇ ਪਰਵਾਸ
ਜੇਕਰ ਮਨੁੱਖੀ ਇਤਿਹਾਸ ਉਤੇ ਨਜ਼ਰ ਮਾਰੀ ਜਾਵੇ ਤਾਂ ਦੁਨੀਆ ਭਰ ਵਿਚ ਲੋਕਾਂ ਦੇ ਆਦਿ ਕਾਲ ਤੋਂ ਹੀ ਇਕ ਤੋਂ ਦੂਜੀ ਥਾਂ ਜਾ ਕੇ ਵੱਸਣ ਦੇ ਹਵਾਲੇ ਮਿਲਦੇ ਹਨ। ਵਿਗਿਆਨ ਤਾਂ ਇਹ ਵੀ ਮੰਨਦੀ ਹੈ ਕਿ ਮਨੁੱਖਾਂ ਵਾਂਗ ਜੀਵ-ਜੰਤੂ ਤੇ ਪੰਛੀ ਵੀ ਇਕ ਤੋਂ ਦੂਜੀ ਥਾਂ ਚੰਗੀ ਜ਼ਿੰਦਗੀ ਦੀ ਆਸ ਵਿਚ ਪਰਵਾਸ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਇਕ ਕੁਦਰਤੀ ਵਰਤਾਰਾ ਹੈ। ਪੰਜਾਬੀਆਂ ਤੇ ਪਰਵਾਸ ਦਾ ਵੀ ਗੂੜ੍ਹਾ ਰਿਸ਼ਤਾ ਹੈ। ਜੇ ਬਹੁਤਾ ਪਿੱਛੇ ਨਾ ਜਾਈਏ ਤਾਂ ਸਾਡੇ ਬਜ਼ੁਰਗਾਂ ਦੇ ਸਮੇਂ ਤੋਂ ਪੰਜਾਬੀਆਂ ਦਾ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵੱਲ ਜਾਣਾ ਇਕ ਆਮ ਵਰਤਾਰਾ ਸੀ। ਸਾਡੇ ਸੱਭਿਆਚਾਰ ਵਿਚ ਬਹੁਤ ਸਾਰੀਆਂ ਲੋਕ ਬੋਲੀਆਂ ਤੇ ਲੋਕ ਅਖਾਣ ਪਰਦੇਸ ਜਾ ਕੇ ਵੱਸਣ ਦੇ ਹੇਰਵਿਆਂ ਨਾਲ ਭਰੇ ਪਏ ਹਨ। ”ਨਾ ਜਾਈਂ ਬਰਮਾ ਨੂੰ ਲੇਖ ਜਾਣਗੇ ਨਾਲੇ”, ”ਪੰਛੀਆਂ ਤੇ ਪਰਦੇਸੀਆਂ ਦਾ ਹੁੰਦਾ ਨਹੀਂ ਠਿਕਾਣਾ” ਅਤੇ ”ਪਰਦੇਸੀ ਨਾਲ ਨਾ ਨੇਹੁ ਲਗਾਇਓ” ਵਰਗੇ ਲੋਕ ਗੀਤ ਤੇ ਅਖਾਣ ਪੰਜਾਬੀਆਂ ਦੇ ਨਿਰੰਤਰ ਦੂਰ ਦੇਸ਼ਾਂ ਨੂੰ ਪਰਵਾਸ ਕਰਨ ਦੀ ਗਵਾਹੀ ਭਰਦੇ ਹਨ।
ਅਜੋਕੇ ਸਮੇਂ ਵਿਚ ਪਰਵਾਸ ਨੂੰ ਕੁਝ ਹੋਰ ਨਜ਼ਰੀਏ ਨਾਲ ਵੀ ਲਿਆ ਜਾਣ ਲੱਗਾ ਹੈ। ਹੁਣ ਪਰਵਾਸ ਦਾ ਆਧਾਰ ਆਰਥਿਕ ਤੇ ਵਿਗੜੇ ਸਿਆਸੀ ਹਾਲਾਤ ਹੋਣ ਦੇ ਨਾਲ-ਨਾਲ ਇਹ ਇਕ ਗਹਿਰੀ ਸਾਜ਼ਿਸ਼ ਵੀ ਹੋ ਸਕਦਾ ਹੈ।  ਇਜ਼ਰਾਇਲ ਤੇ ਫਲਸਤੀਨ ਦੀ ਉਦਾਹਰਣ ਸਭ ਦੇ ਸਾਹਮਣੇ ਹੈ। ਅਰਬਾਂ ਦੀ ਧਰਤੀ ਉਤੇ ਇਕ ਰਣਨੀਤੀ ਨਾਲ ਯਹੂਦੀ ਬਸਤੀਆਂ ਵਸਾ ਕੇ ਉਥੋਂ ਦੇ ਮੂਲ ਨਿਵਾਸੀਆਂ ਨੂੰ ਖਦੇੜਿਆਂ ਗਿਆ ਹੈ। ਪੰਜਾਬ ਵਿਚ ਇਥੋਂ ਦੇ ਬਾਸ਼ਿੰਦਿਆਂ ਦਾ ਯੂਰਪ, ਅਮਰੀਕਾ ਤੇ ਹੋਰ ਮੁਲਕਾਂ ਵੱਲ ਅੰਧਾਧੁੰਦ ਪਰਵਾਸ ਅਤੇ ਭਾਰਤ ਦੇ ਹਿੰਦੀ ਭਾਸ਼ਾਈ ਰਾਜਾਂ ਤੋਂ ਪੰਜਾਬ ਵੱਲ ਆ ਰਹੀਆਂ ਵਹੀਰਾਂ ਨੇ ਇਸ ਧਰਤੀ ‘ਤੇ ਨਵੀਆਂ ਪੇਚੀਦਗੀਆਂ ਪੈਦਾ ਹੋ ਜਾਣ ਦਾ ਸੰਕੇਤ ਦੇ ਦਿੱਤਾ ਹੈ, ਜਿਸ ਦੇ ਗਹਿਰੇ ਰਾਜਨੀਤਿਕ ਅਰਥ ਹਨ।
ਪੰਜਾਬ ਵਿਚ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਮੁੱਦੇ ਉਤੇ ਬਹਿਸ ਛਿੜੀ ਹੋਈ ਹੈ ਪਰ ਪੰਜਾਬੀ ਵਿਦਿਆਰਥੀਆਂ ਦਾ ਚੁੱਪ-ਚੁਪੀਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਕੋਈ ਬਹੁਤਾ ਨੋਟਿਸ ਵਿਚ ਹੀ ਨਹੀਂ ਹੈ। ਤਾਜ਼ਾ ਖਬਰਾਂ ਅਨੁਸਾਰ ਇਸ ਸਾਲ ਲੱਗਭੱਗ ਡੇਢ ਲੱਖ ਵਿਦਿਆਰਥੀਆਂ ਦਾ ਵਿਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਹੋਇਆ ਹੈ। ਇਹ ਅੰਕੜੇ ਸਿਰਫ ਵਿਦਿਆਰਥੀਆਂ ਦੇ ਹਨ, ਵਰਕ ਪਰਮਿਟਾਂ ਰਾਹੀਂ, ਵਿਆਹ ਦੇ ਆਧਾਰ ‘ਤੇ, ਬਲੱਡ ਰਿਲੇਸ਼ਨਜ਼ ਤਹਿਤ ਅਤੇ ਗੈਰਕਾਨੂੰਨੀ ਤੌਰ ‘ਤੇ ਪੰਜਾਬ ਤੋਂ ਵਿਦੇਸ਼ਾਂ ਵਿਚ ਦਾਖ਼ਲੇ ਦੀ ਗਿਣਤੀ ਵੱਖਰੀ ਹੈ। ਅਨੁਮਾਨ ਮੁਤਾਬਕ ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪਹਿਲੇ ਸਾਲ ਲਈ 15 ਤੋਂ 22 ਲੱਖ ਰੁਪਏ ਦੀ ਲਾਗਤ ਆਉਂਦੀ ਹੈ।ਇਸ ਤਰ੍ਹਾਂ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀ ਹਰ ਸਾਲ ਪੰਜਾਬ ਵਿਚੋਂ 27000 ਕਰੋੜ ਰੁਪਇਆ ਵੀ ਨਾਲ ਹੀ ਲੈ ਜਾਂਦੇ ਹਨ। ਪੈਸੇ ਨਾਲੋਂ ਵੀ ਵੱਧ ਬੇਸ਼ਕੀਮਤੀ Àਜਵਲ ਦਿਮਾਗਾਂ ਦੀ ਵਿਦੇਸ਼ਾਂ ਵੱਲ ਹਿਜ਼ਰਤ ਬਹੁਤ ਭਿਆਲਕ ਨਤੀਜੇ ਲਿਆਉਣ ਵਾਲੀ ਹੈ। ਪਹਿਲਾਂ ਜੋ ਲੋਕ ਪੰਜਾਬ ਤੋਂ ਵਿਦੇਸ਼ ਜਾਂਦੇ ਸਨ, ਉਹ ਉਥੇ ਕਮਾਈ ਕਰ ਕੇ ਪੈਸਾ ਪੰਜਾਬ ਭੇਜਦੇ ਸਨ। ਹੁਣ ਇਹ ਰੁਝਾਨ ਵੀ ਖਤਮ ਹੀ ਹੋ ਗਿਆ ਹੈ। ਹੁਣ ਵਿਦੇਸ਼ਾਂ ਵਿਚ ਪੱਕੇ ਤੌਰ ‘ਤੇ ਵੱਸਣ ਦੀ ਰੀਝ ਨੇ ਸਗੋਂ ਇਥੋਂ ਦੇ ਆਸਾਸੇ ਵੀ ਵੇਚ ਵੱਟ ਕੇ ਨਾਲ ਲੈ ਜਾਣ ਦੀ ਪਿਰਤ ਪਾਈ ਹੈ। ਇਕ ਜਾਂ ਦੋ ਪੀੜ੍ਹੀਆਂ ਪਹਿਲਾਂ ਵਿਦੇਸ਼ਾਂ ਤੋਂ ਪੰਜਾਬ ਆਇਆ ਸਰਮਾਇਆ ਵੀ ਵਾਪਸ ਹੋ ਰਿਹਾ ਹੈ ਕਿਉਂਕਿ ਵਿਦੇਸ਼ ਗਏ ਪੰਜਾਬੀਆਂ ਦੇ ਬੱਚਿਆਂ ਦਾ ਪੰਜਾਬ ਨਾਲੋਂ ਨਾਤਾ ਟੁੱਟ ਗਿਆ ਹੈ।
ਯੂਰਪ ਦੇ ਦੇਸ਼ਾਂ ਲਈ ਬਾਹਰੋ ਪਰਵਾਸ ਇਕ ਲਾਹੇਵੰਦ ਸੌਦਾ ਬਣ ਗਿਆ ਹੈ। ਵਿਦੇਸ਼ੀ ਵਿਦਿਆਰਥੀਆਂ ਲਈ  ਧੜਾਧੜ ਕਾਲਜ ਖੋਲ੍ਹਣ ਦੀ ਹੋੜ੍ਹ ਮੱਚੀ ਹੋਈ ਹੈ, ਜਦਕਿ ਇਨ੍ਹਾਂ ਦੇਸ਼ਾਂ ਦੇ ਸ਼ਾਸਕ ਬਾਖੂਬੀ ਜਾਣਦੇ ਹਨ ਕਿ ਬਾਹਰੋਂ ਵਿਦਿਆਰਥੀਆਂ ਦੇ ਰੂਪ ਵਿਚ ਆ ਰਹੇ ਬਹੁਤਿਆਂ ਦਾ ਅਸਲ ਸੱਚ ਪੜ੍ਹਾਈ ਕਰਨਾ ਨਹੀਂ ਹੈ। ਇਸ ਸਾਲ ਪੰਜਾਬ ਦੇ 1.25 ਲੱਖ ਵਿਦਿਆਰਥੀਆਂ ਨੇ ਪੜ੍ਹਾਈ ਲਈ ਕੈਨੇਡਾ ਜਾਣ ਦੀ ਦੀ ਚੋਣ ਕੀਤੀ, 25 ਹਜ਼ਾਰ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਬ੍ਰਿਟੇਨ ਨੂੰ ਚੁਣਿਆ। ਸਾਫ ਜ਼ਾਹਰ ਹੈ ਕਿ ਜਿੱਥੇ ਹਮੇਸ਼ਾ ਲਈ ਵੱਸਣ ਵਾਸਤੇ ਕਾਨੂੰਨ ਅਤੇ ਨੀਤੀਆਂ ਕਾਫ਼ੀ ਸਖ਼ਤ ਹਨ, ਉਥੇ ਪੜ੍ਹਨ ਜਾਣ ਵਾਲਿਆਂ ਦੀ ਗਿਣਤੀ ਵੀ ਥੋੜ੍ਹੀ ਹੈ।ਵਿਦਿਆਰਥੀਆਂ ਲਈ ਕੈਨੇਡੀਅਨ ਵੀਜ਼ੇ ਦੀ ਸਹੂਲਤ ਦੇਣ ਵਿਚ ਰੁੱਝੇ ਹੋਏ ਟ੍ਰੈਵਲ ਏਜੰਟਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਸੰਨ 2016 ਤੋਂ ਹੋਰ ਵਧ ਗਿਆ ਹੈ। ਸੰਨ 2016 ਵਿਚ ਪੰਜਾਬ ਦੇ ਕਰੀਬ 75,000 ਵਿਦਿਆਰਥੀ ਬਾਹਰ ਗਏ ਸਨ। ਇਸ ਸਾਲ ਜਿਹੜੇ 4.94 ਲੱਖ ਵਿਦਿਆਰਥੀਆਂ ਨੇ ਵਿਦੇਸ਼ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਇਨ੍ਹਾਂ ਵਿੱਚੋਂ ਲਗਭਗ 1.25 ਲੱਖ ਪੰਜਾਬੀ ਹਨ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਤੋਂ ਹੋਣਹਾਰ ਵਿਦਿਆਰਥੀਆਂ ਦੇ ਰੂਪ ਵਿਚ ਅਤੇ ਪੈਸੇ ਦੇ ਰੂਪ ਵਿਚ ਬਾਹਰ ਜਾ ਰਹੇ ਸਰਮਾਏ ਨੂੰ ਚਿੰਤਾ ਦਾ ਕਾਰਨ ਦੱਸਿਆ ਹੈ। ਮੰਤਰੀ ਨੇ ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਕਾਰਨ ਗੈਰਕਾਨੂੰਨੀ ਟਰੈਵਲ ਏਜੰਟਾਂ ਰਾਹੀਂ ਪੰਜਾਬ ਨੂੰ ਇਕ ਸਾਲ ਵਿਚ ਘੱਟੋ ਘੱਟ 20,000 ਕਰੋੜ ਰੁਪਏ ਦੇ ਨੁਕਸਾਨ ਦਾ ਜ਼ਿਕਰ ਵੀ ਕੀਤਾ ਹੈ।
ਪੰਜਾਬ ਤੋਂ ਵਿਦੇਸ਼ਾਂ ਵੱਲ ਜਾ ਰਹੇ ਵਿਦਿਆਰਥੀਆਂ ਦੇ ਰੁਝਾਨ ਨੂੰ ਕਈ ਪੱਖਾਂ ਤੋਂ ਦੇਖਣ ਤੇ ਸਮਝਣ ਦੀ ਕੋਸ਼ਿਸ਼ ਹੋਈ ਹੈ। ਆਪਣੀ ਆਰਥਿਕ ਦਸ਼ਾ ਸੁਧਾਰਨ ਜਾਂ ਬਿਹਤਰ ਜਿੰਦਗੀ ਜਿਉਣ ਦੀ ਚਾਹਤ ਦਾ ਪਰਵਾਸ ਪਿਛਲਾ ਕਾਰਨ ਤਾਂ ਜੱਗ ਜ਼ਾਹਰ ਹੈ ਪਰ ਕੁਝ ਹੋਰ ਮਨੋਵਿਗਿਆਨਕ ਤੇ ਰਾਜਨੀਤਿਕ ਪੱਖ ਵੀ ਹਨ, ਜੋ ਪੰਜਾਬੀਆਂ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਕਰਨ ਦੇ ਡੂੰਘੇ ਤੇ ਅਣਦਿਸਦੇ ਕਾਰਨ ਹਨ। ਤਿੰਨ ਦਹਾਕੇ ਪਹਿਲਾਂ ਪੰਜਾਬ ਵਿਚ ਸਰਕਾਰੀ ਜਬਰ ਦੀ ਝੁੱਲੀ ਹਨੇਰੀ ਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਘਰੋਂ ਬੇਘਰ ਕੀਤਾ ਸੀ। ਮੌਤ ਨਾਲੋਂ ਜ਼ਿੰਦਗੀ ਨੂੰ ਤਰਜੀਹ ਦਿੰਦਿਆਂ ਮਾਪਿਆਂ ਨੇ ਹੱਥੀਂ ਆਪਣੇ ਪੁੱਤਰਾਂ ਨੂੰ ਏਜੰਟਾਂ ਰਾਹੀਂ ਲੱਖਾਂ ਰੁਪਏ ਦੇ ਕੇ ਪਰਦੇਸਾਂ ਵੱਲ ਤੋਰਿਆ ਸੀ। ਅੱਜ ਵੀ ਬਹੁਤ ਸਾਰੇ ਖਾਂਦੇ-ਪੀਂਦੇ ਘਰਾਂ ਦੇ ਬੱਚੇ ਭਾਰਤ ਦੇ ਸਿਆਸੀ ਤੇ ਸਮਾਜਕ ਹਾਲਾਤ ਤੋਂ ਤੰਗ ਆ ਕੇ ਵਿਦੇਸ਼ ਜਾ ਕੇ ਵੱਸਣ ਨੂੰ ਤਰਜੀਹ ਦੇ ਰਹੇ ਹਨ। ਕਈ ਵਿਦਵਾਨਾਂ ਅਤੇ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਸੰਨ ੧੯੮੪ ਤੇ ਬਾਅਦ ਦੀ ਕਤਲੋਗਾਰਤ ਨਾਲ ਸਿੱਖਾਂ ਦੇ ਅੰਤਰੀਵ ਮਨ ਵਿਚ ਪੈਦਾ ਹੋਇਆ ਬੇਗਾਨਗੀ ਦਾ ਅਹਿਸਾਸ ਵੀ ਪੰਜਾਬ ਤੋਂ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਪਰਵਾਸ ਦਾ ਇਕ ਅਹਿਮ ਕਾਰਨ ਰਿਹਾ ਹੈ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ£’  ਦੀਆਂ ਰੂਹਾਨੀ ਤੁਕਾਂ ਦਾ ਜ਼ਿਕਰ ਸਾਡੀ ਦੁਨਿਆਵੀ ਜ਼ਿੰਦਗੀ ਦੇ ਅਜਿਹੇ ਮੋੜਾਂ ਉਤੇ ਰਾਹ ਦਿਸੇਰਾ ਬਣ ਜਾਂਦਾ ਹੈ। ਮਨ ਦੀ ਘੋਰ ਉਦਾਸੀ ਦੇ ਆਲਮ ਵਿਚ ਉਸ ਦੇਸ਼ ਦੇ ਪਰਾਇਆ ਹੋ ਜਾਣ ਦੀ ਟੀਸ ਸਿੱਖਾਂ ਲਈ ਸ਼ਾਇਦ ਕੁਝ ਜ਼ਿਆਦਾ ਚੁਭਵੀਂ ਤੇ ਮਾਰੂ ਸਾਬਤ ਹੁੰਦੀ ਹੈ, ਜਿਸ ਦੇਸ਼ ਵਾਸਤੇ ਉਨ੍ਹਾਂ ਨੇ ਕਦੇ ਕਿੰਨੇ ਹੀ ਲਹੂ ਦੇ ਦਰਿਆ ਪਾਰ ਕੀਤੇ ਹੋਣ। ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਵਸੇ ਲੋਕਾਂ ਦਾ ਮਨ ਸ਼ਾਇਦ ਤਾਂ ਹੀ ਪੰਜਾਬ ਲਈ ਲੋਚਦਾ ਰਹਿੰਦਾ ਹੈ, ਕਿ ਉਹ ਆਪਣੇ ਦੇਸ਼ ਨੂੰ ਕਿਸੇ ਚਾਅ ਵਿਚ ਅਲਵਿਦਾ ਨਹੀਂ ਕਹਿ ਕੇ ਗਏ। ਨਿਰਸੰਦੇਹ ਗਰੀਬੀ, ਬੇਰੁਜ਼ਗਾਰੀ, ਬੇਗਾਨਗੀ ਤੇ ਰਹਿਣ ਦੀਆਂ ਮਾੜੀਆਂ ਹਾਲਤਾਂ ਕਾਰਨ ਪੰਜਾਬ ਤੋਂ ਵਿਦੇਸ਼ਾਂ ਵੱਲ ਹੋ ਰਹੇ ਪਰਵਾਸ ਨੇ ਜੋ ਰਫਤਾਰ ਫੜੀ ਹੈ, ਆਉਣ ਵਾਲੇ ਸਮੇਂ ਵਿਚ ਇਸ ਦੇ ਗੰਭੀਰ ਸਿਆਸੀ ਨਤੀਜੇ ਸਾਹਮਣੇ ਆਉਣਗੇ। ਜੇ ਇਹੋ ਹਾਲਾਤ ਰਹੇ ਤਾਂ ਪ੍ਰੋ. ਪੂਰਨ ਸਿੰਘ ਦੀਆਂ ”ਪੰਜਾਬ ਸਾਰਾ ਵਸਦਾ ਗੁਰਾਂ ਦੇ ਨਾਂ ‘ਤੇ” ਦੀਆਂ ਸਤਰਾਂ ਕਿਤਾਬਾਂ ਵਿਚ ਹੀ ਪੜ੍ਹਨ ਨੂੰ ਮਿਲਣਗੀਆਂ।