ਭਾਰਤ ਵਿਚ ਸਿੱਖਾਂ ਨਾਲ ਵਿਤਕਰੇਬਾਜ਼ੀ ਦਾ ਅਮੁੱਕ ਦੌਰ

ਭਾਰਤ ਵਿਚ ਸਿੱਖਾਂ ਨਾਲ ਵਿਤਕਰੇਬਾਜ਼ੀ ਦਾ ਅਮੁੱਕ ਦੌਰ

ਸਿੱਖਾਂ ਨਾਲ ਭਾਰਤ ਦੇਸ਼ ਵਿੱਚ ਕੀਤੇ ਵਿਸ਼ਵਾਸਘਾਤਾਂ ਦੀ ਫਹਿਰਿਸਤ ਦਿਨੋਂ ਦਿਨ ਲੰਮੀ ਹੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਿਆਂ ਵਿਚ ਭਾਵੇਂ ਉਤਰ ਪੂਰਬੀ ਰਾਜ ਸ਼ਿਲਾਂਗ ਵਿਚੋਂ ਸਿੱਖ ਵਸੋਂ ਦੇ ਜ਼ਬਰਦਸਤੀ ਉਜਾੜੇ ਦੀ ਗੱਲ ਹੋਵੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਕਰਨ ਦਾ ਹੋਵੇ ਜਾਂ ਸਿੱਖ ਨੌਜਵਾਨਾਂ ਨੂੰ ਬਿਨਾ ਕਿਸੇ ਕਾਨੂੰਨੀ ਵਿਵਸਥਾ ਦੇ ਦਿੱਲੀ ਦੀ ਤਿਹਾੜ ਸਮੇਤ ਬਾਹਰਲੇ ਰਾਜਾਂ ਦੀਆਂ ਜੇਲ੍ਹਾਂ ਵਿਚ ਰੱਖਣ ਦਾ ਹੋਵੇ, ਇਸ ਦੇਸ਼ ਵਿਚ ਸਿੱਖ ਭਾਈਚਾਰੇ ਨੂੰ ਦੋ ਨੰਬਰ ਦੇ ਸ਼ਹਿਰੀ ਸਮਝੇ ਜਾਣ ਦੀ ਗਵਾਹੀ ਹੀ ਭਰਦਾ ਹੈ।
ਜੇਕਰ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ 21 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਘੜਨ ਵਾਲੀ ਸਭਾ ‘ਚ ਸਿੱਖਾਂ ਦੇ ਜਿਹੜੇ ਦੋ ਪ੍ਰਤੀਨਿਧ ਹੁਕਮ ਸਿੰਘ ਅਤੇ ਭੂਪਿੰਦਰ ਸਿੰਘ ਮਾਨ, ਸ਼ਾਮਲ ਕੀਤੇ ਗਏ ਸਨ, ਵੱਲੋਂ ਭਾਰਤੀ ਸੰਵਿਧਾਨ ਦੇ ਖਰੜੇ ਉਤੇ ਦਸਤਖ਼ਤ ਕਰਨ ਤੋਂ ਇਹ ਆਖ ਕੇ ਕੋਰਾ ਇਨਕਾਰ ਕਰ ਦਿੱਤਾ ਗਿਆ ਸੀ ਕਿ ਇਹ ਸੰਵਿਧਾਨ ਸਿੱਖਾਂ ਨਾਲ ਵਿਤਕਰਾ ਕਰਦਾ ਹੈ। ਇਸ ਤੋਂ ਥੋੜ੍ਹਾ ਹੋਰ ਪਹਿਲਾਂ ਜਾਈਏ ਤਾਂ ਕਾਂਗਰਸ ਨੇ ਸਿੱਖਾਂ ਨਾਲ ਪਹਿਲਾਂ ਸੰਨ 1929 ‘ਚ, ਫਿਰ ਸੰਨ 1946 ‘ਚ  ਅਤੇ ਉਸ ਤੋਂ ਬਾਅਦ 6 ਜਨਵਰੀ 1947 ਅਤੇ 8 ਮਾਰਚ 1947 ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਉਨਾਂ ਨੂੰ ਆਜ਼ਾਦ ਭਾਰਤ ਵਿਚ ਵਿਸ਼ੇਸ਼ ਅਧਿਕਾਰ ਅਤੇ ਸੁਤੰਤਰ ਹੋਂਦ ਵਾਲਾ ਖਿੱਤਾ ਦਿੱਤਾ ਜਾਵੇਗਾ। ਭਾਰਤੀ ਸੰਵਿਧਾਨ ‘ਚ ਸਿੱਖਾਂ ਨੂੰ ਵਿਸ਼ੇਸ਼ ਅਧਿਕਾਰ ਦੇਣ ਤੋਂ ਇਹ ਆਖ਼ ਕੇ ਇਨਕਾਰ ਕਰ ਦਿੱਤਾ ਗਿਆ ਕਿ ਸਿੱਖਾਂ ਨਾਲ ਕੀਤੇ ਵਾਅਦੇ ਨਿਭਾਉਣ ਨਾਲ ਸੰਵਿਧਾਨ ਬਦਸ਼ਕਲ ਹੋ ਜਾਵੇਗਾ। ਇਸ ਸੰਵਿਧਾਨ ਨੇ ਸੂਬਿਆਂ ਨੂੰ ਵੀ ਵੱਧ ਅਧਿਕਾਰ ਨਹੀਂ ਦਿੱਤੇ। ਹੁਕਮ ਸਿੰਘ ਨੇ ਸੰਵਿਧਾਨ ਘੜਨੀ ਸਭਾ ‘ਚ ਸਾਫ਼-ਸਾਫ਼ ਆਖਿਆ ਸੀ, ਕਿ ਸਿੱਖ ਕੌਮ ਇਸ ਇਤਿਹਾਸਕ ਦਸਤਾਵੇਜ਼ ਨੂੰ ਮਨਜ਼ੂਰੀ ਨਹੀਂ ਦੇ ਸਕਦੀ। ਜਿਸ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅਤੇ ਹਿੰਦੂ ਆਗੂਆਂ ਦੇ ਵਾਅਦਿਆਂ, ਭਰੋਸਿਆਂ ਤੇ ਵਿਸ਼ਵਾਸ ਕਰਕੇ, ਆਪਣੀ ਹੋਣੀ ਇਸ ਦੇਸ਼ ਨਾਲ ਜੋੜੀ, ਉਸ ਦੇਸ਼ ਦੇ ਹਾਕਮਾਂ ਨੇ ਪਹਿਲੇ ਹੱਲੇ ਹੀ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ। ਇਹੋ ਕਾਰਣ ਹੈ ਕਿ ਭਾਰਤ ਦੀ ਅਜ਼ਾਦੀ ਦੇ ਇੰਨੇ ਵਰ੍ਹੇ ਲੰਘ ਜਾਣ ਉਤੇ ਵੀ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਰਤਾਉ ਹੋ ਰਿਹਾ ਹੈ।
ਅੱਜ ਸਿੱਖਾਂ ਦੀ ਸਰਜ਼ਮੀਨ ਪੰਜਾਬ ਨੂੰ ਚੂੰਡ ਲਿਆ ਗਿਆ ਹੈ, ਪ੍ਰੰਤੂ ਉਸ ਦਾ ਜੀਵਨ ਬਚਾਉਣ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਕਹਿਣ ਮੁਤਾਬਕ ਭਾਰਤੀ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ ਪਰ ਸਿੱਖਾਂ ਨਾਲ ਵਿਸ਼ਵਾਸਘਾਤ ਤੇ ਵਿਤਕਰੇਬਾਜ਼ੀ ਦਾ ਸਿਲਸਿਲਾ ਪੈਰ-ਪੈਰ ਉਤੇ ਜਾਰੀ ਹੈ। ਤਾਜ਼ਾ ਮਾਮਲਾ ਸਿੱਖ ਕੌਮ ਦੇ ਹਰਮਨਪਿਆਰੇ ਆਗੂ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਤੋਂ ਬਾਹਰ ਦਿੱਲੀ ਦੀ ਤਿਹਾੜ ਜ਼ੇਲ੍ਹ ਵਿਚ ਰੱਖਣ ਦਾ ਹੈ। ਭਾਈ ਹਵਾਰਾ ਉਤੇ ਪੰਜਾਬ ਤੋਂ ਬਾਹਰ ਕਿਸੇ ਵੀ ਰਾਜ ਵਿਚ ਕੋਈ ਕੇਸ ਬਕਾਇਆ ਨਹੀਂ ਹੈ ਪਰ ਇਸ ਸਭ ਦੇ ਬਾਵਜੂਦ ਨਾ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜ਼ੇਲ੍ਹ ਵਿਚ ਬਦਲਣ ਨਹੀ ਰਾਜ਼ੀ ਨਹੀਂ ਹਨ। ਸਿੱਖਾਂ ਦੀ ਮੰਗ ਨੂੰ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਿਰੇ ਤੋਂ ਨਕਾਰ ਗਏ ਹਨ।
ਜਦੋਂ ਸਿੱਖ ਆਪਣੀ ਆਜ਼ਾਦੀ ਦੀ, ਆਪਣੇ ਅਧਿਕਾਰਾਂ ਦੀ ਗੱਲ ਕਰਦਾ ਹੈ ਤਾਂ ਉਸ ਵਿਰੁੱਧ ਇਸ ਦੇਸ਼ ਦਾ ਕਾਨੂੰਨ, ਕਾਨੂੰਨੀ ਡੰਡਾ ਲੈ ਕੇ ਝੱਟ-ਪੱਟ ਹਮਲਾ ਕਰ ਦਿੰਦਾ ਹੈ ਪ੍ਰੰਤੂ ਜਦੋਂ ਸਿੱਖ, ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਹੀ ਦਲੀਲ ਨਾਲ ਗੱਲ ਕਰਦਾ ਹੈ ਤਾਂ ਭਾਰਤੀ ਸੰਵਿਧਾਨ ਤੇ ਕਾਨੂੰਨ ਦੋਵੇਂ ਘੋਗਲ ਕੰਨੇ ਹੋ ਜਾਂਦੇ ਹਨ। ਦੇਸ਼ ਦੇ ਕਿਸੇ ਵੀ ਹਿੱਸੇ ‘ਚ ਸਿੱਖਾਂ ਦੀਆਂ ਧੀਆਂ-ਭੈਣਾਂ ਸੁੱਰਖਿਅਤ ਨਹੀਂ ਹਨ। ਜੇ ਉਹ ਆਪਣੀਆਂ ਧੀਆਂ-ਭੈਣਾਂ ਦੀ ਰਾਖ਼ੀ ਕਰਦੇ ਹਨ ਤਾਂ ਉਹਨਾਂ ‘ਤੇ ਫਿਰਕੂ ਤੇ ਸਮੂਹਿਕ ਹੱਲੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਸ਼ਿਲਾਂਗ ‘ਚ ਸਿੱਖ ਕੁੜੀ ਨਾਲ ਸ਼ਰੇਆਮ ਛੇੜ-ਛਾੜ ਕਰਨ ਵਾਲੇ ਗੁੰਡਿਆਂ ਵਿੱਰੁਧ, ਸਿੱਖ ਨੌਜਵਾਨਾਂ ਵੱਲੋਂ ਕੀਤੀ ਕਾਰਵਾਈ ਦਾ, ਸਮੂਹਿਕ ਵਿਰੋਧ ਕੀਤਾ ਗਿਆ ਅਤੇ ਭੀੜਾਂ ਨੇ ਸਿੱਖਾਂ ਦੀਆਂ ਦੁਕਾਨਾਂ, ਮਕਾਨਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੀ ਕਾਰਨ ਹਨ ਕਿ ਨਵੰਬਰ ਚੁਰਾਸੀ ਦੇ ਦਿੱਲੀ ਸਿੱਖ ਕਤਲੇਆਮ ਵਰਗੇ ਘਿਨਾਉਣੇ ਕਾਂਡ ਦੇ ਪੀੜਤਾਂ ਨੂੰ ਇਨਸਾਫ ਲੈਣ ਵਾਸਤੇ ਅੱਜ ਤਕ ਵੀ ਅਦਾਲਤਾਂ ਵਿਚ ਰੁਲਣਾ ਪੈ ਰਿਹਾ ਹੈ। ਉਨ੍ਹਾਂ ਦੇ ਸਭ ਤੋਂ ਵੱਧ ਮੁਕੱਦਸ ਅਸਥਾਨ ਦਰਬਾਰ ਸਾਹਿਬ ਉਤੇ ਭਾਰਤੀ ਫੌਜਾਂ ਚੜ੍ਹ ਆਉਂਦੀਆਂ ਹਨ। ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਇਆ ਜਾਂਦਾ ਹੈ। ਪੰਜਾਬ ਦੀ ਆਰਥਿਕਤਾ ਨੂੰ ਇਕ ਯੋਜਨਾਬੱਧ ਢੰਗ ਨਾਲ ਬਰਬਾਦ ਕੀਤਾ ਜਾਂਦਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੇ ਚੁੰਗਲ ਵਿਚ ਫਸ ਕੇ ਰਹਿ ਗਈ ਹੈ ਪਰ ਦੇਸ਼ ਘੂਕ ਸੌਂ ਰਿਹਾ ਹੈ।
ਸਿੱਖ ਇਤਿਹਾਸ ਦਾ ਕੋਈ ਅਜਿਹਾ ਪੰਨਾ ਨਹੀਂ ਜਿਹੜਾ ਸ਼ਹੀਦਾਂ ਦੇ ਖੂਨ ਨਾਲ ਨਾ ਲਿਖਿਆ ਗਿਆ ਹੋਵੇ। ਇਤਿਹਾਸ ਕੌਮਾਂ ਦੀ ਅਗਵਾਈ ਕਰਦਾ ਹੈ ਅਤੇ ਸ਼ਹੀਦ ਕੌਮ ਦੇ ਪ੍ਰੇਰਨਾ ਸਰੋਤ ਬਣਦੇ ਹਨ। ਹਰ ਚੜ੍ਹਦਾ ਸੂਰਜ ਸਿੱਖ ਕੌਮ ਲਈ ਕਿਸੇ ਨਾ ਕਿਸੇ ਮਹਾਨ ਸ਼ਹੀਦ ਦੀ ਸ਼ਹਾਦਤ ਦੁਆਰਾ ਕੌਮ ਨੂੰ ਵਿਖਾਏ ਮਾਰਗ ਦਾ ਸੁਨੇਹਾ ਲੈ ਕੇ ਆਉਂਦਾ ਹੈ।ਸਮੇਂ ਦੇ ਹਾਣੀ ਬਣਕੇ ਸਮੇਂ ਦੀ ਤੋਰ ਨਾਲ ਤੁਰਨ ਵਾਲੀਆਂ ਕੌਮਾਂ ਤੇ ਦੇਸ਼ ਹੀ ਲੰਬਾ ਸਮਾਂ ਆਪਣੀ ਹੋਂਦ ਬਣਾਈ ਰੱਖ ਸਕਦੇ ਹਨ। ਨਸ਼ਿਆਂ, ਵਿਹਲੜਪੁਣੇ ਤੇ ਲੱਚਰਤਾ ਦੇ ਦਰਿਆ ‘ਚ ਰੁੜ੍ਹਦੀ ਜੁਆਨੀ ਦੀ ਰਾਖੀ ਪੰਜਾਬ ਵਾਸੀਆਂ ਲਈ ਸਮੇਂ ਦੀ ਵੱਡੀ ਚੁਣੌਤੀ ਬਣਕੇ ਸਾਹਮਣੇ ਆਈ ਹੈ। ਜੁਆਨੀ ਦੇ ਦਿਸ਼ਾਹੀਣ ਹੋਣ ਨਾਲ ਤੇ ਪਦਾਰਥਵਾਦ ਦੀ ਝੁੱਲਦੀ ਹਨ੍ਹੇਰੀ ਨੇ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਦੀ ਰਾਖੀ ਵੀ ਜ਼ਰੂਰੀ ਬਣਾ ਦਿੱਤੀ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਭਗਵਾਂ ਤੇ ਚਿੱਟੀਆਂ ਦੋਵੇਂ ਸਰਕਾਰਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪੂਰੀ ਤਰਾਂ ਬਾਜ਼ਿੱਦ ਹਨ। ਇਸ ਲਈ ਹੁਣ ਕੌਮ ਦੀ ਏਕਤਾ ਅਤੇ ਸਿੱਖ ਸਿਧਾਂਤਾਂ ਪ੍ਰਤੀ ਸਾਡੀ ਦ੍ਰਿੜਤਾ ਹੀ ਬੇੜੀ ਪਾਰ ਲਗਾ ਸਕਦੀ ਹੈ।