ਹਨੇਰੇ ਵਲ ਵੱਧਦੇ ਮਾਨਵੀ ਕਦਮ

ਹਨੇਰੇ ਵਲ ਵੱਧਦੇ ਮਾਨਵੀ ਕਦਮ

ਸਿੱਖ ਇਤਿਹਾਸ ਦੇ ਮਾਰਮਿਕ ਪਲਾਂ ਤੋਂ ਸੇਧ ਲੈਣ ਦੀ ਲੋੜ
ਸਮੇਂ ਦੀ ਤੋਰ ਨੂੰ ਸਾਡੇ ਚੇਤਿਆਂ ਵਿੱਚ ਵਸਾਉਂਦੇ ਤੇ ਲੋੜ ਅਨੁਸਾਰ ਵਿਸਰਾਉਂਦੇ ਹੋਏ ਤਿੱਥਵਾਰ ਅਤੇ ਰੁੱਤ ਮਾਹ ਮਾਨਵੀ ਸਮਾਜ ਦੇ ਇਤਿਹਾਸ ਦੇ ਨਵੇਂ ਕਾਂਡਾਂ ਦੀ ਨੀਂਹ ਧਰਦੇ ਅਤੇ ਪਿਛਲਿਆਂ ਨੂੰ ਇਸਦੇ ਪੰਨਿਆਂ ਵਿੱਚ ਸਾਂਭਦੇ ਜਾਂਦੇ ਹਨ। ਕ੍ਰਿਸਮਿਸ ਤੇ ਨਵਾਂ ਵਰ੍ਹਾ ਅਜਿਹੇ ਦਿਹਾੜੇ ਹਨ ਜੋ ਦੁਨੀਆ ਭਰ ਵਿੱਚ ਭਾਰੀ ਉਤਸ਼ਾਹ ਤੇ ਚਾਅ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਦਿਹਾੜਿਆਂ ਮੌਕੇ ਆਮ ਲੋਕਾਂ ਲਈ ਖਾਣ ਪੀਣ ਤੇ ਮੌਜ ਮੇਲੇ ਵਾਲੇ ਜਸ਼ਨ ਖ਼ਾਸ ਖਿੱਚ ਦਾ ਕੇਂਦਰ ਹੁੰਦੇ ਹਨ। ਸਮਝਦਾਰ ਲੋਕ ਅਜਿਹੇ ਮੌਕਿਆਂ ਦੀ ਅਹਿਮੀਅਤ ਨੂੰ ਧਿਆਨ ਵਿੱਚ ਰਖਦਿਆਂ ਬ੍ਰਹਿਮੰਡ, ਧਰਤੀ, ਸਮਾਜ ਤੇ ਮਾਨਵਤਾ ਨੂੰ ਦਰਪੇਸ਼ ਮਸਲਿਆਂ/ਮੁਸ਼ਕਲਾਂ ਪ੍ਰਤੀ ਹੋਰ ਗੰਭੀਰਤਾ ਨਾਲ ਸੋਚਣ ਵਲ ਧਿਆਨ ਕੇਂਦਰਿਤ ਕਰਦੇ ਹਨ। ਇਹ ਵਰਤਾਰਾ ਮਨੁੱਖ ਦੇ ਸੁਰਤ ਸੰਭਾਲਣ ਤੋਂ ਲੈ ਕੇ ਚਂੰਨ-ਤਾਰਿਆਂ ਨੂੰ ਸਰ ਕਰਨ ਤੱਕ ਵਧਦਾ ਸੂਰਜ ਦਾ ਭੇਤ ਪਾਉਣ ਦੇ ਨਿਸ਼ਾਨੇ ਧਾਰ ਅਗਾਂਹ ਤੁਰਦਾ ਜਾ ਰਿਹਾ ਹੈ। ਕੁਦਰਤ ਦੇ ਭੇਦਾਂ ਦਾ ਭੇਤ ਪਾ ਲੈਣ ਅਤੇ ਸਭ ਕੁਝ ਨੂੰ ਅਪਣੇ ਵੱਸ ਕਰਨ ਲਈ ਕਾਹਲਾ ਮਨੁੱਖ ਇਸ ਸਭ ਕੁਝ ਨੂੰ ਸਾਂਭੀ ਚਲੀ ਆ ਰਹੀ ਧਰਤੀ ਤੇ ਬ੍ਰਹਿਮੰਡ ਨਾਲ ਜਿਹੜਾ ਖਿਲਵਾੜ ਕਰਦਾ ਆ ਰਿਹਾ ਹੈ, ਸੰਵੇਨਸ਼ੀਲ ਮਨਾਂ ‘ਚ ਉਸਦਾ ਫ਼ਿਕਰ ਤਾਂ ਭਾਵੇਂ ਦਿਨੋਂ ਦਿਨ ਵੱਧ ਰਿਹਾ ਹੈ ਪਰ ਕੁਦਰਤ ਦੀਆਂ ਰਹਿਮਤਾਂ ਦੇ ਲੁਟੇਰੇ ਕਿਤੇ ਵੱਧ ਤਕੜੇ ਤੇ ਖ਼ਤਰਨਾਕ ਹਨ। ਸਭ ਕੁਝ ਨੂੰ ਜੱਫਾ ਮਾਰਨ ਵਾਲੇ ਮਨੁੱਖ ਨੇ ਹਉਮੈ ਦੀ ਪੂਰਤੀ ਤੇ ਮਾਲਕੀ ਦੀ ਲਾਲਸਾ ਵਾਸਤੇ ਸਾਰੇ ਕੁਦਰਤੀ ਤੇ ਸਮਾਜਿਕ ਨਿਯਮਾਂ ਨੂੰ ਮਲੀਆਮੇਟ ਕਰਨ ਦਾ ਤਹੱਈਆ ਕੀਤਾ ਹੋਇਆ ਹੈ।  ਅਜਿਹੀ ਖ਼ਤਰਨਾਕ ਖੇਡ ਦੀ ਸ਼ੁਰੂਆਤ ਤਾਂ ਕਿਸੇ ਹੱਦ ਸਮਝੀ ਜਾ ਸਕਦੀ ਹੈ ਪਰ ਇਸਦੇ ਅੰਤ ਬਾਰੇ ਸੋਚਦਿਆਂ ਭਿਆਨਕ ਭਵਿੱਖ ਦਾ ਤਸੱਵਰ ਮਨ ਵਿਚੋਂ ਕੱਢਣਾ ਮੁਸ਼ਕਲ ਜਾਪਦਾ ਹੈ। ਮੁਲਕਾਂ ਵਿਚਕਾਰ ਆਰਥਿਕ ਹੋੜ, ਅਮੀਰ ਲਾਣਿਆਂ ਵਲੋਂ ਅਪਣੀ ਲੁੱਟ ਦੇ ਤੌਰ ਤਰੀਕਿਆਂ ਨੂੰ ਹੋਰ ਤਕੜਿਆਂ ਤੇ ਤੇਜ ਕਰਨ ਦੀ ਦੌੜ, ਧਰਤੀ ਦੇ ਸਾਰੇ ਕੁਦਰਤੀ ਖਜ਼ਾਨਿਆਂ ਵਾਲੇ ਖਿੱਤਿਆਂ ਤੋਂ ਵਿਕਾਸ ਦੇ ਨਾਂਅ ਉੱਤੇ ਹੱਕਦਾਰ ਲੋਕਾਂ ਦਾ ਉਜਾੜਾ ਉਸ ਸਾਰੇ ਕੁਝ ਦਾ ਆਧਾਰ ਹੈ, ਜੋ ਸਾਨੂੰ ਸਭ ਨੂੰ ਪਲ ਪਲ ਤਬਾਹੀ ਵਲ ਧੱਕ ਰਿਹਾ ਹੈ। ਧਰਮ, ਜਾਤਾਂ, ਫਿਰਕੇ, ਰੰਗ ਨਸਲ ਸਾਰਾ ਜੰਜਾਲ ਲੋਕਾਂ ਨੂੰ ਆਪਸ ਵਿੱਚ ਵੰਡਣ ਤੇ ਲੜਾਉਣ ਦਾ ਸਦੀਆਂ ਪਹਿਲਾਂ ਬੁਣਿਆ ਜਾਲ ਹੈ ਜਿਸਨੂੰ ਜੰਜਾਲ ਬਣਾਉਣ ਵਿੱਚ ਸਭ ਭਾਈਵਾਲ ਹਨ। ਅਜਿਹੇ ਤਾਣੇ-ਬਾਣੇ ਦੀ ਭਿਆਨਕਤਾ ਨੂੰ ਭੁੱਲਣ/ਭੁਲਾਉਣ ਲਈ ਅਸੀਂ ਸਭ ਯਾਦਗਾਰੀ ਦਿਹਾੜਿਆਂ, ਤਿਉਹਾਰਾਂ, ਰਸਮਾਂ ਤੇ ਜਸ਼ਨਾਂ ਦਾ ਸਹਾਰਾ ਲੈਂਦਿਆਂ ਫ਼ਿਕਰ ਮੁਕਤ ਹੋਣ ਦਾ ਭਰਮ ਪਾਲਦੇ ਜਿਉਂਦੇ-ਮਰਦੇ ਜਾ ਰਹੇ ਹਾਂ।
ਪਰ ਮਾਨਵੀ ਇਤਿਹਾਸ ਜਿੱਥੇ ਭਿਆਨਕ ਜੰਗਾਂ, ਹਕੂਮਤੀ ਜ਼ੁਲਮਾਂ, ਤਬਾਹੀਆਂ ਦੇ ਜਖ਼ਮਾਂ ਨਾਲ ਭਰਿਆ ਪਿਆ ਹੈ, ਉੱਥੇ ਦੁਨੀਆਂ ਭਰ ਵਿੱਚ ਅਜਿਹੇ ਸਾਕੇ, ਕਿੱਸੇ, ਕਥਾਵਾਂ ਵੀ ਹਨ ਜਿਹੜੀਆਂ ਸਾਡੇ ਸਭਨਾਂ ਲਈ ਚਾਨਣਮੁਨਾਰਾ ਬਣ ਸਾਨੂੰ ਸੇਧ ਲੈਣ ਲਈ ਪ੍ਰੇਰਦੀਆਂ ਹਨ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਜਾਬਰਾਂ ਵਲੋਂ ਨਿਤਾਣਿਆਂ ਉੱਤੇ ਕਹਿਰ ਢਾਹੁਣ ਲਈ ਜਾਨਾਂ ਵਾਰ ਦੇਣ ਦੇ ਕਾਰਨਾਮੇ, ਅੱਜ ਦੇ ਖ਼ਤਰਨਾਕ ਯੁੱਗ ਵਿੱਚੋਂ ਮਾਨਵਤਾ ਨੂੰ ਬਚਾਉਣ ਦਾ ਗੁਰ ਵੀ ਸਾਂਭੀ ਚਲੇ ਆ ਰਹੇ ਹਨ। ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਮੌਕੇ ਸਾਡੇ ਉੱਤੇ ਪੂਰੀ ਤਰ੍ਹਾਂ ਭਾਰੂ ਸਭ ਕਾਰੋਬਾਰੀ ਰੁਝਾਨਾਂ ਤੋਂ ਕਿਤੇ ਵੱਧ ਅਹਿਮ ਹਨ ਦਸੰਬਰ ਮਹੀਨੇ ਦੇ ਆਖ਼ਰੀ ਦਿਨਾਂ ਦੀ ਹਿੱਕ ਉੱਤੇ ਉੱਕਰੇ ਚਲੇ ਆ ਰਹੇ ਸਿੱਖ ਇਤਿਹਾਸ ਦੇ ਬਹਾਦਰੀ ਵਾਲੇ ਕਾਰਨਾਮਿਆਂ ਅਤੇ ਲਾਸਾਨੀ ਸ਼ਹਾਦਤਾਂ ਦੇ ਬੇਹੱਦ ਦਰਦੀਲੇ ਪਲ। ਦੁਨੀਆ ਦੇ ਸਭ ਤੋਂ ਵੱਧ ਮਾਨਵੀ ਧਰਮ ਦੀ ਨੀਂਹ ਹੀ ਜਿਸ ਮਨਸ਼ੇ ਨਾਲ ਰੱਖੀ ਗਈ ਸੀ, ਇਸਦੇ ਇਤਿਹਾਸ ਦਾ ਹਰ ਕਾਂਡ ਉੱਸ ਦੀ ਗਵਾਹੀ ਹੈ। ‘ਬਾਬਰਬਾਣੀ’ ਵਿੱਚਲੀ ਗੂੰਜ ਚਮਕੌਰ ਦੀ ਰਾਹੀਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਰਾਹੀਂ ਦੁਸ਼ਮਣ ਨੂੰ ਲਲਕਾਰਦੀ ਜ਼ੁਲਮਾਂ ਦਮੇ ਤਖ਼ਤ ਦੇ ਪ੍ਰਤੀਕ ਸ਼ਹਿਰ ‘ਸਰਹਿੰਦ ਦੀ ਇੱਟ ਨਾਲ ਇੱਟ ਖੜਕਾ’ ਧਰਮ ਯੁੱਧ ਦੇ ਮਾਨਵੀ ਪੱਖ ਦੀ ਅਜਿਹੀ ਮਿਸਾਲ ਹੈ, ਜੋ ਹੋਰ ਕਿਸੇ ਧਰਮ ਦੀ ਰੂਹ ਵਿਚੋਂ ਨਾਮਾਤਰ ਵੀ ਨਹੀਂ ਝਲਕਦੀ।  ਇਸਤੋਂ ਪਹਿਲਾਂ, ਇਸਤੋਂ ਬਾਅਦ ਅਤੇ ਅੱਜ ਵੀ ਜ਼ੁਲਮਾਂ ਖਿਲਾਫ਼ ਸਿੱਖ ਸੰਘਰਸ਼ ਅਤੇ ਸ਼ਹਾਦਤਾਂ ਦੇ ਸਿਲਸਿਲੇ ਦੀ ਲੜੀ ਲਗਾਤਾਰ ਚਲੀ ਆ ਰਹੀ ਹੈ। ਸਿੱਖ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਾਨੂੰ ਅਪਣੇ ਆਪ ਨੂੰ ਸਮਝਣ ਤੇ ਸੰਭਲਣ ਲਈ ਪ੍ਰੇਰਨਾ ਹੀ ਨਹੀਂ ਵੰਗਾਰ ਵੀ ਹਨ। ਮੌਜੂਦਾ ਸਮਿਆਂ ਵਿੱਚ ਸਿੱਖ ਕੌਮ ਜਿਸ ਰੂਪ ਵਿੱਚ ਵਿਚਰ ਰਹੀ ਹੈ ਤੇ ਸਿੱਖਾਂ ਦਾ ਜਿਹੋ ਜਿਹਾ ਵਰਤਾਰਾ ਵੇਖਣ ਸੁਨਣ ਨੂੰ ਮਿਲ ਰਿਹਾ ਹੈ, ਉਹ ਸਾਡੇ ਸਭਨਾਂ ਲਈ ਫ਼ਿਕਰ ਵਾਲਾ ਵਿਸ਼ਾ ਹੈ। ਗੁਰਬਾਣੀ ਤੋਂ ਸਿੱਖੀਏ ਤਾਂ ਸਿੱਖ ਕਿਰਦਾਰ ਅਜਿਹਾ ਨਹੀਂ ਜਿਹੋ ਜਿਹਾ ਬਣ ਰਿਹੈ। ਰਾਜਸੀ ਸਰਦਾਰੀ ਲਈ ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦੀ ਨਿੱਜੀ ਹਿੱਤਾਂ ਖ਼ਾਤਰ ਵਰਤੋਂ ਤੋਂ ਵੀ ਵੱਧ ਖ਼ਤਰਨਾਕ ਹੈ ਸਿੱਖ ਜ਼ਮੀਰ ਦਾ ਸੌ ਜਾਣਾ। ਸਿੱਖ ਦਿਹਾੜੇ ਮਨਾਉਣ ਦਾ ਮਤਲਬ ਧਰਮ ਅਸਥਾਨਾਂ ਉੱਤੇ ਨੱਤ ਮਸਤਕ ਹੋ ਕੇ ਸੁਰਖੁਰੂ ਹੋ ਜਾਣਾ ਨਹੀਂ। ਨਾ ਹੀ ਲੰਗਰਾਂ ਦੀ ਭਰਮਾਰ ਕਦੇ ਗੁਰੂਆਂ ਦਾ ਸੁਨੇਹਾ ਸੀ। ਸਿੱਖ ਧਰਮ ਜਿਹੜਾ ਦੁਨੀਆ ਦੇ ਮਹਾਨ ਚਿੰਤਕਾਂ ਦੀਆਂ ਨਿਗਾਹਾਂ ਵਿੱਚ ਦੁਨੀਆ ਦੇ ਭਲੇ ਦਾ ਇੱਕ ਇੱਕ ਫਲਸਫ਼ਾ ਹੈ, ਉਸਦੇ ਪੈਰੋਕਾਰਾਂ ਨੂੰ ਮਾਨਵੀ ਭਲੇ ਵਾਸਤੇ ਅਮਲ ਵਜੋਂ ਸਾਬਤ ਕਦਮ ਅੱਗੇ ਵੱਧਣਾ ਹੋਵੇਗਾ। ਇਹੋ ਸਾਡੇ ਗੁਰੂਆਂ ਦਾ ਫਰਮਾਨ ਤੇ ਸ਼ਹੀਦਾਂ ਦਾ ਸੁਨੇਹਾ ਹੈ।