ਮੰਜ਼ਿਲ ਵਲ ਵਧਦੇ ਸਾਬਤ ਸਬੂਤ ਕਦਮ

ਮੰਜ਼ਿਲ ਵਲ ਵਧਦੇ ਸਾਬਤ ਸਬੂਤ ਕਦਮ

ਜਗਮੀਤ ਸਿੰਘ ਦੀ ਜਿੱਤ ਸਿੱਖ ਭਾਈਚਾਰੇ ਲਈ ਵੱਡਾ ਮਾਣ

38 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਵਕੀਲ ਜਗਮੀਤ ਸਿੰਘ ਦਾ ਕਨੇਡਾ ਦੀ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ (ਐਨ ਡੀ ਪੀ) ਦੇ ਆਗੂ ਦੀ ਚੋਣ ਜਿੱਤਣਾ ਸਮੁੱਚੇ ਸਿੱਖ ਭਾਈਚਾਰੇ ਲਈ ਭਾਰੀ ਖੁਸ਼ੀ ਅਤੇ ਉੇਤਸ਼ਾਹ ਵਾਲੀ ਗੱਲ ਹੈ। ਦੂਜੇ ਪਾਸੇ ਬੇਹੱਦ ਸਰਗਰਮ, ਨਿਮਰ, ਸਾਬਤ ਸਬੂਤ ਅਤੇ ਸਪੱਸ਼ਟ ਵਿਚਾਰਾਂ ਵਾਲੇ ਸਿੱਖ ਦਾ ਕਨੇਡਾ ਦੇ ਸੰਭਾਵੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਉੱਭਰ ਕੇ ਸਾਹਮਣੇ ਆਉਣ ਨਾਲ ਭਾਰਤ ਸਰਕਾਰ ਲਈ ਪ੍ਰੇਸ਼ਾਨੀ ਖੜ੍ਹੀ ਹੋਣੀ ਸੁਭਾਵਕ ਹੈ। ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਇਤਿਹਾਕਸ ਪਿੰਡ ਠੀਕਰੀਵਾਲਾ ਨਾਲ ਸਬੰਧ ਰੱਖਣ ਵਾਲੇ ਜਗਮੀਤ ਸਿੰਘ ਨੂੰ ਸਿੱਖ ਹੱਕਾਂ ਲਈ ਆਵਾਜ਼ ਬੁਲੰਦ ਕਰਨ ਬਦਲੇ ਟੋਰਾਂਟੋ ਵਿਚਲੀ ਭਾਰਤੀ ਅੰਬੈਸੀ ਨੇ ਚਾਰ ਕੁ ਸਾਲ ਪਹਿਲਾਂ ਵੀਜ਼ਾ ਦੇਣੋ ਨਾਂਹ ਕਰਕੇ ‘ਸੰਕੀਰਣ’ ਸੋਚ ਦਾ ਪ੍ਰਗਟਾਵਾ ਕੀਤਾ ਹੈ।
ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਭਾਰਤ ਵਲੋਂ ਅਜਿਹੀ ਪੱਖਪਾਤੀ ਅਤੇ ਵਿਤਕਰੇ ਕਾਰਵਾਈ ਕਰਨ ਦਾ ਪਿਛੋਕੜ ਵੀ ਵੇਖਣਾ ਬਣਦਾ ਹੈ ਤਾਂ ਜੋ ਜਾਣ ਸਕੀਏ ਕਿ ਦਿੱਲੀ ਦਰਬਾਰ ਸਿੱਖਾਂ ਪ੍ਰਤੀ ਕਿਸ ਹੱਦ ਤੱਕ ਬਦਲਾਖੋਰੀ ਵਾਲੀਆਂ ਭਾਵਨਾਵਾਂ ਰੱਖਦਾ ਹੈ। ਕਨੇਡਾ ਵਿੱਚ ਜੰਮਿਆ ਪਲਿਆ ਜਗਮੀਤ ਬਚਪਨ ਤੋਂ ਹੀ ਅਪਣੇ ਮਾਪਿਆਂ ਨਾਲ ਅਤੇ ਫਿਰ ਅਪਣੇ ਤੌਰ ਉੱਤੇ ਅਕਸਰ ਪੰਜਾਬ ਜਾਂਦਾ-ਆਉਂਦਾ ਰਹਿੰਦਾ ਸੀ। ਜਨਵਰੀ 2013 ਵਿੱਚ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ, ਜਿਹੜੀ ਸਿੱਖ ਸੰਘਰਸ਼ ਦੇ ਸਰਗਰਮ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਪਾਰਟੀ ਨਾਲ ਸਬੰਧ ਰੱਖਦੀ ਸੀ, ਦੇ ਸੱਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੇ ਇੱਕ ਸਮਾਗਮ ਵਿੱਚ ਭਾਗ ਲੈਣ ਪੁੱਜੇ ਜਿੱਥੇ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ।
ਅੰਮ੍ਰਿਤਧਾਰੀ ਨੌਜਵਾਨ ਦਾ ਕਿਸੇ ਬਾਹਰਲੇ ਮੁਲਕ ਅਹਿਮ ਮੈਂਬਰ ਵਜੋਂ ਚੁਣਿਆ ਹੋਣਾ ਰੂਬਰੂ ਦੌਰਾਨ ਵਿਦਿਆਰਥੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਸੀ। ਪਰ ਉਸਦੇ ਵਿਚਾਰ ਉੱਥੇ ਪੁੱਜੇ ਖੁਫ਼ੀਆਂ ਏਜੰਸੀਆਂ ਦੇ ਮੁਲਾਜ਼ਮਾਂ ਲਈ ‘ਤਕਲੀਫਦੇਹ’ ਸਨ
ਉੁਨ੍ਹਾਂ ਦੀ ਉਹ ਭਾਰਤ ਆਖ਼ਰੀ ਫੇਰੀ ਸਿੱਧ ਹੋਈ ਕਿਉਂਕਿ ਸਿੱਖ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਇਸ ਯੋਧੇ ਨੂੰ ਭਾਰਤੀ ਹਕੂਮਤ ‘ਸਬਕ ਸਿਖਾਉਣਾ’ ਚਾਹੁੰਦੀ ਸੀ।  ਲੈ ਦੇ ਕੇ ਉਹ ਇਸਨੂੰ ਅੱਗੋਂ ਵੀਜ਼ੇ ਤੋਂ ਨਾਂਹ ਕਰ ਸਕਦੇ ਸੀ ਅਤੇ ਉਹੀ ਕੀਤਾ ਗਿਆ ਪਰ ਅਪਣਾ ਫੈਸਲਾ ਗੁਪਤ ਰੱਖਿਆ। ਜਗਮੀਤ ਸਿੰਘ ਨੇ ਜਦੋਂ ਅਗਲੀ ਵਾਰ ਵੀਜ਼ੇ ਲਏ ਕਾਗਜ਼ ਭੇਜੇ ਤਾਂ ਫਾਈਲ ਰੋਕ ਲਈ ਅਤੇ ਕਾਰਨ ਜਾਨਣ ਲਈ ਉਸਨੇ ਜਦੋਂ ਟੋਰਾਂਟੋ ਸਥਿੱਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਤਾਂ ਉਚ ਅਧਿਕਾਰੀ ਨੇ ਨਿੱਜੀ ਮਿਲਣੀ ਦੌਰਾਨ ਸਿੱਖ ਆਗੂ ਨੂੰ ਅਪਣੇ ਸਟੈਂਡ ‘ਚ ਨਰਮੀ ਲਿਆਉਣ ਦਾ ਸੰਕੇਤ ਦਿੱਤਾ ਜੋ ਅਸਲ ਵਿੱਚ ‘ਸਿੱਖਾਂ ਉੱਤੇ ਭਾਰਤ ‘ਚ ਜੂਨ 84 ਤੇ ਨਵੰਬਰ 84 ਦੌਰਾਨ ਢਾਹੇ ਜੁਲਮਾਂ ਬਾਰੇ ਜ਼ੁਬਾਨ ਬੰਦ ਰੱਖਣ’ ਦੀ ਸ਼ਰਤ ਸੀ। ਸਦਾ ਹੀ ਮਸਲਿਆਂ ਬਾਰੇ ਸਪੱਸ਼ਟ ਤੇ ਧੜੱਲੇਦਾਰ ਸਟੈਂਡ ਲੈਣ ਵਾਲੇ ਜਗਮੀਤ ਸਿੰਘ ਨੇ ਭਾਰਤੀ ਅਧਿਕਾਰੀਆਂ ਨੂੰ ‘ਮੂੰਹ ਉੱਤੇ ਹੀ ਝਾੜ ਪਾਉਂਦਿਆਂ’ ਵੀਜਾਂ ਜਾਂ ਕੋਈ ਵੀ ਹੋਰ ਰਿਆਇਤ ਲੈਣੋਂ ਸਪੱਸ਼ਟ ਨਾਂਹ ਕੀਤੀ।
ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਨਵੰਬਰ 84 ਦੇ ਸਿੱਖ ਵਿਰੋਧੀ ਦੰਗਿਆਂ ਦੀ ਸਿੱਖ ਨਸ਼ਲਕੁਸ਼ੀ ਵਜੋਂ ਨਿਖੇਧੀ ਕਰਨ ਦਾ ਮਤਾ ਪੇਸ਼ ਕਰਨ ਦੀ ਪਹਿਲ ਜਗਮੀਤ ਸਿੰਘ ਨੇ ਪਿਛਲੇ ਸਾਲ ਓਂਟਾਰੀਓ ਦੀ ਪ੍ਰੋਵੈਂਸ਼ੀਅਲ ਪਾਰਲੀਮੈਂਟ ‘ਚ ਐਨ ਡੀ ਪੀ ਦੇ ਡਿਪਟੀ ਆਗੂ ਵਜੋ ਕੀਤੀ। ਭਾਵੇਂ ਉਹ ਮਤਾ ਘੱਟ ਵੋਟਾਂ ਹੋਣ ਕਾਰਨ ਉੱਥੇ ਰੱਦ ਹੋ ਗਿਆ ਪਰ ਉਸੇ ਕੜੀ ਅਧੀਨ ਮੈਂਬਰ ਪਾਰਲੀਮੈਂਟ ਹਰਿੰਦਰ ਕੌਰ ਮੱਲ੍ਹੀ ਵਲੋਂ ਪੇਸ ਕੀਤਾ ਮਤਾ ਕਨੇਡਾ ਦੀ ਪਾਰਲੀਮੈਂਟ ‘ਚ ਪ੍ਰਵਾਨ ਹੋਇਆ।
ਬੇਸ਼ੱਕ ਭਾਰਤ ਤੋਂ ਬਾਹਰ ਵੱਖ ਵੱਖ ਮੁਲਕਾਂ ਵਿੱਚ ਸਿੱਖਾਂ ਨੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਤੋਂ ਇਲਾਵਾ ਰਾਜਸੀ ਪਿੜ ਵਿੱਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ, ਪਰ ਇਹ ਜਿੱਤ ਕਈ ਪਹਿਲੂਆਂ ਤੋਂ ਅਹਿਮੀਅਤ ਰਖਦੀ ਹੈ। ਪਿਛਲੇ ਕਈ ਵਰ੍ਹਿਆਂ ਤੋਂ ਕਨੇਡਾ ਦੀ ਰਾਜਨੀਤੀ ਵਿੱਚ ਅਪਣਾ ਖ਼ਾਸ ਸਥਾਨ ਬਣਾਉਣ ਸਦਕਾ ਸਿੱਖ ਦੇਸ਼ ਦੀ ਪਾਰਲੀਮੈਂਟ ਤੇ ਰਾਜਾਂ ਦੀਆਂ ਅਸੈਂਬਲੀਆਂ ਵਿੱਚ ਮੈਂਬਰ ਚੁਣੇ ਜਾਣ ਤੋਂ ਇਲਾਵਾ ਕੌਮੀ ਅਤੇ ਸੂਬਾਈ ਸਰਕਾਰਾਂ ਵਿੱਚ ਮੰਤਰੀਆਂ ਵਜੋਂ ਅਹਿਮ ਮਹਿਕਮਿਆਂ ਦੇ ਮੰਤਰੀ ਬਣ ਕੇ ਨਾਮਨਾ ਖੱਟਦੇ ਆ ਰਹੇ ਹਨ। ਯੂਰਪਸਮੇਤ ਹੋਰਨਾਂ ਮੁਲਕਾਂ ਵਿੱਚ ਸਿੱਖ ਨੁਮਾਇੰਦੇ ਹਨ ਪਰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਿਸੇ ਸਿੱਖ ਆਗੂ ਦਾ ਇਸ ਮੁਕਾਮ ਤੱਕ ਪੁਜਣ ਦਾ ਪਹਿਲਾ ਮੌਕਾ ਹੈ।
ਦਿਲਚਸਪ ਗੱਲ ਇਹ ਹੈ ਕਿ ਘੱਟਗਿਣਤੀਆਂ ਲਈ ਸਤਿਕਾਰਤ ਮਾਨਤਾ ਦੇਣ ਲਈ ਜਾਣੇ ਜਾਂਦੇ ਕੈਨੇਡਾ ਦੀ ਸਿਆਸਤ ‘ਚ ਹੁਣ ਦੇਸ਼ ਦੇ ਅਗਲੇ ਮੁਖੀ ਦੀ ਚੋਣ ਵਾਸਤੇ ਨੌਜਵਾਨਾਂ ਦੇ ਟਾਕਰੇ ਹੋਣਗੇ। 2019 ਦੀਆਂ ਚੋਣਾਂ ‘ਚ ਲਿਬਰਲ ਆਗੂ ਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 47 ਸਾਲ ਦੇ ਹੋ ਜਾਣਗੇ ਜਦਕਿ ਐਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ 40-40 ਸਾਲ ਦੇ ਹੋਣਗੇ।  2015 ਦੀਆਂ ਚੋਣਾਂ ‘ਚ ਅੱਧੋਂ ਵੱਧ ਪਈਆਂ ਵੋਟਾਂ 25 ਤੋਂ 54 ਸਾਲ ਉਮਰ ਦੇ ਲੋਕਾਂ ਦੀਆਂ ਸਨ ਅਤੇ ਹੁਣ ਹੋਰ ਨੌਜਵਾਨ ਵੋਟ ਪਾਉਣ ਲਈ ਉਤਸ਼ਾਹਿਤ ਹੋਣਗੇ।
ਐਨਡੀਪੀ ਦੇ ਆਗੂ ਲਈ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨੇ ਜਿਸ ਸਿਆਣਪ ਅਤੇ ਸਹਿਜ ਨਾਲ ਅਪਣੇ ਵਿਰੋਧੀਆਂ ਦੇ ਪ੍ਰਚਾਰ ਦਾ ਸਾਹਮਣਾ ਕਰਕੇ ਜਿੱਤ ਵਲ ਪਹਿਲਕਦਮੀ ਕੀਤੀ ਉਹ ਭਵਿੱਖ ਵਿੱਚ ਉਸ ਵਲੋਂ ਵੱਡੀਆਂ ਮੰਜ਼ਿਲਾਂ ਤਹਿ ਕਰ ਲੈਣ ਦਾ ਸੰਕੇਤ ਹੈ।
ਜਗਮੀਤ ਸਿੰਘ ਦੀ ਜੁਝਾਰੂ ਤੇ ਦਲੇਰਾਨਾ ਸੋਚ ਪਿਛੇ ਇਤਿਹਾਸਕ ਤੱਥ ਅਤੇ ਖਾਨਦਾਨੀ ਪਿਛੋਕੜ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਬਹੁ ਚਰਚਿਤ ਨੌਜਵਾਨ ਅਸਲ ਵਿੱਚ ਦੇਸ਼ ਆਜ਼ਾਦ ਹੋਣ ਵੇਲੇ ਪੰਜਾਬ ਦੀ ਮੁਜਾਰਾ ਲਹਿਰ ਲਈ ਸ਼ਹੀਦ ਹੋਣ ਵਾਲੇ ਸਰਦਾਰ ਸੇਵਾ ਸਿੰਘ ਠੀਕਰੀਵਾਲ ਦਾ ਰਿਸ਼ਤੇ ਵਿੱਚ ਪੜਪੋਤਾ ਹੈ। ਸ. ਸੇਵਾ ਸਿੰਘ ਉਸ ਵੇਲੇ ਦੀ ਪਟਿਆਲਾ ਰਿਆਸਤ ‘ਚ ਬੇਜ਼ਮੀਨੇ ਕਿਸਾਨਾਂ ਵਲੋਂ ਮਾਲਕੀ ਦੇ ਹੱਕਾਂ ਲਈ ਚਲਾਏ ਅੰਦੋਲਨ ਉੱਤੇ ਸਰਕਾਰੀ ਜੁਲਮ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਸਨ।
ਹਲਾਤ ਦੇ ਮੱਦੇਨਜ਼ਰ ਭਾਵੇਂ ਕਨੇਡਾ ਦੀ ਵੱਡੀ ਫੈਡਰਲ ਪਾਰਟੀ ਦਾ ਆਗੂ ਚੁਣੇ ਜਾਣ ਬਾਅਦ ਜਗਮੀਤ ਸਿੰਘ ਲਈ ਅਗਲਾ ਪੈਂਡਾ ਕਾਫ਼ੀ ਚੁਣੌਤੀਆਂ ਭਰਿਆ ਹੋਣਾ ਹੈ, ਪਰ ਵੱਡੀਆਂ ਮੁਹਿੰਮਾਂ ਦਾ ਸਾਬਤ ਸਬੂਤ ਕਦਮੀਂ ਖਿੜੇ ਮੱਥੇ ਸਾਹਮਣਾ ਕਰਨ ਵਾਲੇ ਸਿੱਖ ਲਈ ਉਘੇ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਸ਼ਬਦ ”ਫੈਜ਼ ਥੀ ਰਾਹ ਸਰ-ਬ-ਸਰ ਮੰਜ਼ਿਲ, ਹਮ ਯਹਾਂ ਪਹੁੰਚੇ ਕਾਮਯਾਬ ਆਏ” ਢੁਕਵੀਂ ਸਾਬਾਸ਼ ਹੋ ਸਕਦੇ ਹਨ।