ਨਵਾਂ ਵਰ੍ਹਾ, ਨਵੀਆਂ ਚੁਣੌਤੀਆਂ

ਨਵਾਂ ਵਰ੍ਹਾ, ਨਵੀਆਂ ਚੁਣੌਤੀਆਂ

ਦੁਨੀਆਂ ਦੇ ਇਤਿਹਾਸ ਅਤੇ ਸਾਡੀਆਂ ਉਮਰਾਂ ਵਿੱਚ ਇੱਕ ਹੋਰ ਵਰ੍ਹਾ ਸ਼ਾਮਲ ਹੋ ਗਿਆ ਹੈ। ਘੰਟਿਆਂ, ਦਿਨਾਂ, ਮਹੀਨਿਆਂ ਅਤੇ ਸਾਲਾਂ ਵਿੱਚ ਵੰਡੀ ਜਿੰਦਗੀ ਅੱਗੇ ਵਧਦੀ ਹੈ ਕੁਝ ਹੋਰ ਚੰਗਾ ਚਿਤਵਨ, ਸਿਰਜਣ ਤੇ ਹੋਰਨਾਂ ਨਾਲ ਸਾਂਝਾ ਕਰਨ ਦੇ ਮਨਸ਼ੇ ਨਾਲ। ਇਤਿਹਾਸ ਵਲ ਪਿਛਾਂਹ ਨਜ਼ਰ ਮਾਰਿਆਂ ਜਿੱਥੇ ਬੜਾ ਕੁਝ ਸੋਹਣਾ, ਸੁਖਾਵਾਂ ਵੇਖਣ ਨੂੰ ਮਿਲਦਾ ਹੈ, ਉੱਥੇ ਹੋਰ ਬੜਾ ਕੁਝ ਦਰਦਨਾਕ ਅਤੇ ਬੇਚੈਨ ਕਰਨ ਵਾਲਾ ਵੀ ਸਾਹਮਣੇ ਆਉਂਦਾ ਹੈ। ਮਨੁੱਖਤਾ ਭੂਤਕਾਲ ਵਿਚੋਂ ਲੰਘਦਿਆਂ, ਵਰਤਮਾਨ ਵਿੱਚ ਵਿਚਰਦਿਆਂ ਤੇ ਭਵਿੱਖ ਨੂੰ ਚਿਤਵਦਿਆਂ ਨਿੱਤ ਨਵਾਂ ਇਤਿਹਾਸ ਸਿਰਜਦੀ ਅਗਾਂਹ ਵਧਦੀ ਹੈ। ਭੂਤਕਾਲ ਦੀਆਂ ਘਟਨਾਵਾਂ ਸਾਡੇ ਵਰਤਮਾਨ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ। ਬਿਨ੍ਹਾਂ ਸ਼ੱਕ ਬੀਤਿਆ ਸਮਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ, ਜਿਸ ਦੀ ਕਲਪਨਾ ਕਰਨਾ ਹੀ ਕੋਈ ਮਾਅਨੇ ਨਹੀਂ ਰੱਖਦਾ ਪਰ ਚੰਗੇਰੇ ਭਵਿੱਖ ਲਈ ਵਰਤਮਾਨ ਨੂੰ ਤਾਂ ਸੰਭਾਲਿਆ ਜਾ ਸਕਦਾ ਹੈ। ਬੀਤੇ ਸਮੇਂ ਵਿਚਲੀਆਂ ਗਲਤੀਆਂ ਉੱਤੇ ਪਛਤਾਉਣ ਦੀ ਬਜਾਏ ਵਰਤਮਾਨ ਉੱਤੇ ਧਿਆਨ ਕੇਂਦਰਿਤ ਕਰਕੇ ਹੀ ਧਰਤੀ ਨੂੰ ਜਿਉਣਯੋਗ ਅਤੇ ਜਿੰਦਗੀ ਨੂੰ ਮਾਨਣਯੋਗ ਰੱਖਿਆ ਜਾ ਸਕਦਾ। ਪਰ ਇਉਂ ਸੋਚਣਾ ਸੁਖਾਲਾ ਹੈ, ਅਮਲੀ ਤੌਰ ਉੱਤੇ ਬੜਾ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਹੁਣ ਕਿਸੇ ਇੱਕ ਫਿਰਕੇ, ਕੌਮ, ਇਲਾਕੇ, ਮੁਲਕ ਜਾਂ ਖਿੱਤੇ ਤੱਕ ਸੀਮਤ ਨਹੀਂ ਰਹਿ ਗਿਆ। ਧਰਤੀ ਦੇ ਹਰ ਹਿੱਸੇ ਉੱਤੇ ਵਸਦੇ ਲੋਕਾਂ ਦੇ ਸਰੋਕਾਰ ਇੱਕ ਦੂਜੇ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਸਾਂਝੀ ਸੋਚ ਅਤੇ ਸਮੂਹਕ ਸਹਿਯੋਗ ਬਿਨਾਂ ਕੁਝ ਕਰਨਾ ਇੰਨਾ ਸੁਖਾਲਾ ਨਹੀਂ। ਵੈਸੇ ਤਾਂ ਰਾਜਸੀ ਸ਼ਕਤੀ ਅਤੇ ਪੈਸੇ ਦੀ ਤਾਕਤ ਦੋ ਮੁੱਖ ਪੱਖ ਜਿੰਦਗੀ ਦੀ ਤੋਰ ਅਤੇ ਦੁਨੀਆ ਦੀ ਦਿਸ਼ਾ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਪਰ ਗਲੋਬਲਾਈਜੇਸ਼ਨ ਨੇ ਇਨ੍ਹਾਂ ਵਿਚਲੇ ਤਵਾਜ਼ਨ ਨੂੰ ਵੱਖਰੇ ਕਿਸਮ ਦੇ ਅਦਿਸ ਤਣਾਅ ਵਜੋਂ ਉਭਾਰਿਆ ਹੈ। ਲੰਘੇ ਐਤਵਾਰ ਸ਼ੁਰੂ ਹੋ ਚੁੱਕੇ ਨਵੇਂ ਵਰ੍ਹੇ ਨੂੰ ਜੀ ਅਇਆਂ ਕਹਿੰਦਿਆਂ ਸਾਡੇ ਵਰਤਮਾਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਬਾਰੇ ਸਮਝਣਾ ਜਰੂਰੀ ਬਣਦਾ ਹੈ। ਇਸਤੋਂ ਵੀ ਅਹਿਮ ਹੈ ਸਾਡੇ ਭਾਈਚਾਰੇ ਨਾਲ ਸਿੱਧੇ ਤੌਰ ਉੱਤੇ ਸਬੰਧ ਰੱਖਣ ਵਾਲੀਆਂ ਹਾਲ ਵਿੱਚ ਹੀ ਬੀਤੇ ਸਾਲ ਅਤੇ ਸ਼ੁਰੂ ਹੋਏ ਨਵੇਂ ਵਰ੍ਹੇ ਵਿਚਲੀਆਂ ਪੁਰਾਣੀਆਂ ਅਤੇ ਨਵੀਂਆਂ ਸੰਭਾਵੀ ਤਬਦੀਲੀਆਂ ਦਾ ਜ਼ਿਕਰ। ਨਿਰਸੰਦੇਹ ਗੱਲ ਅਮਰੀਕਾ ਅਤੇ ਪੰਜਾਬ ਉੱਤੇ ਕੇਂਦਰਿੱਤ ਹੋਵੇਗੀ। ਬੀਤ ਚੁੱਕੇ ਵਰ੍ਹੇ ਵਿਚਲੀ ਸਭ ਤੋਂ ਵੱਡੀ ਘਟਨਾ ਹੈ ਡੋਨਾਲਡ ਟਰੰਪ ਦਾ ਦੁਨੀਆ ਦੀ ਸਭ ਤੋਂ ਵੱਡੀ ਰਾਜਸੀ ਸ਼ਕਤੀ ਅਮਰੀਕਾ ਦਾ ਰਾਸ਼ਟਰਪਤੀ ਬਣਨਾ। ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਹੋਈ ਚੋਣ ਵਿੱਚ ਕ੍ਰਿਸ਼ਮਈ ਜਿੱਤ ਹਾਸਲ ਕਰਨ ਵਾਲੇ ਟਰੰਪ ਨੇ ਸਹੀ ਮਾਅਨਿਆਂ ਵਿੱਚ ਰਾਸ਼ਟਰਪਤੀ ਇਸ ਮਹੀਨੇ 20 ਜਨਵਰੀ ਨੂੰ ਅਹੁਦਾ ਸੰਭਾਲਣ ਨਾਲ ਬਣਨਾ ਹੈ। ਅਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਜਿਸ ਢੰਗ ਨਾਲ ਮਸਲੇ ਉਭਾਰੇ, ਜੇ ਉਨ੍ਹਾਂ ਨੂੰ ਉਸੇ ਅੰਦਾਜ਼ ਵਿੱਚ ਅਮਲੀ ਰੂਪ ਦਿੱਤਾ ਤਾਂ ਸਮੁੱਚੇ ਅਮਰੀਕਾ ਅਤੇ ਇੱਥੇ ਵਸ ਰਹੇ ਹੋਰਨਾਂ ਮੁਲਕਾਂ, ਧਰਮਾਂ ਅਤੇ ਕੌਮਾਂ ਨਾਲ ਸਬੰਧ ਰਖਣ ਵਾਲੇ ਆਵਾਸੀਆਂ ਲਈ ਅਸਹਿ ਮੁਸ਼ਕਲਾਂ ਖੜ੍ਹੀਆਂ ਹੋਣ ਸੁਭਾਵਕ ਹਨ। ਇੰਨਾ ਹੀ ਨਹੀਂ ਪਹਿਲਾਂ ਹੀ ਗੰਭੀਰ ਟਕਰਾਅ ਵਿਚੋਂ ਲੰਘ ਰਹੇ ਦੁਨੀਆ ਭਰ ਦੇ ਲੋਕਾਂ ਲਈ ਹੋਰ ਸੰਕਟ ਖੜ੍ਹੇ ਹੋਣਗੇ। ਅਰਬ ਮੁਲਕਾਂ ਵਿਚਲੀ ਖਾਨਾਜੰਗੀ, ਇਸਲਾਮੀ ਸਟੇਟ ਵਾਲਿਆਂ ਦੀਆਂ ਦਿਨੋਂ ਦਿਨ ਦੀਆਂ ਵੱਧ ਰਹੀਆਂ ਸਰਗਰਮੀਆਂ ਅਤੇ ਯੂਰਪ ਨੂੰ ਭਿਆਨਕ ਹਿੰਸਾ ਦੀ ਜਕੜ ਵਿੱਚ ਲੈ ਰਹੇ ਬੰਬ ਧਮਾਕੇ ਆੁਣ ਵਾਲੇ ਸਮੇਂ ਦੇ ਹੋਰ ਮਾੜਾ ਹੋਣ ਦੇ ਸੂਚਕ ਹਨ। ਉਪਰੋਂ ਟਰੰਪ ਵਲੋਂ ਚੀਨ ਨੂੰ ਸਿੱਧਾ ਕਰਨ ਲਈ ਦਿੱਤੇ ਜਾ ਰਹੇ ਸਿਆਸੀ ਸੰਕੇਤ ਜਿਹੜੇ ਸੰਕਟ ਖੜ੍ਹੇ ਕਰ ਸਕਦੇ ਹਨ, ਉਨ੍ਹਾਂ ਦਾ ਅੰਦਾਜ਼ਾ ਲਾਉਣਾ ਸੰਭਵ ਨਹੀਂ ਜਾਪਦਾ। ਦੂਜੇ ਪਾਸੇ ਪਹਿਲਾਂ ਹੀ ਹਿੰਦੂਤਵੀ ਏਜੰਡੇ ਨੂੰ ਹਰ ਹੀਲੇ ਲਾਗੂ ਕਰਨ ਲਈ ਦਿਨ ਰਾਤ ਕਾਰਵਾਈਆਂ ਕਰ ਰਹੀ ਭਾਰਤ ਵਿਚਲੀ ਮੋਦੀ ਸਰਕਾਰ ਦੀ ਪੂਰਤੀ ਬਹੁਤ ਨਿੱਕਟ ਭਵਿੱਖ ਵਿੱਚ ਹੋਣ ਵਾਲੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾਈ ਚੋਣਾਂ ਦੇ ਨਤੀਜਿਆਂ ਉੱਤੇ ਨਿਰਭਰ ਕਰੇਗੀ। ਪੰਜਾਬ, ਉੱਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਮਨੀਪੁਰ ਵਿੱਚ ਹੋਣ ਵਾਲੀਆਂ ਚੋਣਾਂ ਨੇ ਭਾਰਤ ਦੇ ਨਾਲ ਪੰਜਾਬ ਦੇ ਭਵਿੱਖ ਬਾਰੇ ਜਿਹੜਾ ਫੈਸਲਾ ਕਰਨਾ ਹੈ, ਉਹ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਅਹਿਮੀਅਤ ਰੱਖਦਾ ਹੈ। ਰਾਜਸੀ ਪਾਰਟੀਆਂ ਵਲੋਂ ਪੰਜ ਸਾਲਾਂ ਬਾਅਦ ਲੋਕਾਂ ਨੰ ਵਿਖਾਏ ਜਾਂਦੇ ਸਬਜ਼ਬਾਗਾਂ ਤੇ ਵੋਟਰਾਂ ਨਾਲ ਝੂਠੇ ਵਾਅਦਿਆਂ ਦੇ ਦੁਹਰਾਅ ਵਾਲੀਆਂ ਇਹ ਚੋਣਾਂ ਸਿਰਫ਼ ਉਕਤ ਮਸਲਿਆਂ ਤੱਕ ਸੀਮਤ ਨਹੀਂ। ਸਗੋਂ ਇਨ੍ਹਾਂ ਨੇ ਭਾਰਤ ਸਮੇਤ ਦੁਨੀਆਂ ਦੇ ਲੋਕਾਂ ਦੇ ਭਵਿੱਖ ਨੂੰ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਨਾ ਹੈ। ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਸੰਕਟਾਂ ‘ਚ ਘਿਰੀ ਪੰਜ ਦਰਿਆਵਾਂ ਦੀ ਧਰਤੀ ਲਈ ਇਹ ਚੋਣਾਂ ਫੈਸਲਾਕੁਨ ਹਨ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੋਟਾਂ ਨਾਲ ਹੋਣ ਵਾਲੀ ਸੰਭਾਵੀ ਤਬਦੀਲੀ ਲੋਕ ਮੁਕਤੀ ਜਾਂ ਇਨਕਲਾਬ ਤਾਂ ਨਹੀਂ ਹੁੰਦੀ ਪਰ ਵਕਤੀ ਅਸਰ ਜਰੂਰ ਹੁੰਦਾ ਹੈ। ਪੰਜਾਬ ਵਿੱਚ ਇਸ ਵਾਰ ਸਿਆਸੀ ਜ਼ੋਰ ਅਜ਼ਮਾਈ ਮੁਖ ਰੂਪ ਵਿੱਚ ਸੱਤਾਧਾਰੀ ਬਾਦਲ (+ ਭਾਜਪਾ),  ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ। ਵੈਸੇ ਕਹਿਣ, ਸੁਣਨ ਤੇ ਵੇਖਣ ਨੂੰ ਤਾਂ ਖਿੰਡੇਪੁੰਡੇ ਦਲ ਅਤੇ ਨਕਾਰਾ ਹੋਏ ਆਗੂ ਵੀ ਵੱਡੇ ਭੁਲੇਖਿਆਂ ‘ਚ ਬਾਘੀਆਂ ਪਾ ਰਹੇ ਹਨ। ਇਸ ਸਮੇਂ ਹਵਾ ਦਾ ਰੁੱਖ ਭਾਵੇਂ ਸਪੱਸ਼ਟ ਰੂਪ ਵਿੱਚ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਨਹੀਂ ਦਿਸਦਾ ਪਰ ਜੇ ਆਮ ਲੋਕਾਂ ਦੇ ਰੌਂਅ ਨੂੰ ਭਾਪੀਏ ਤਾਂ ਆਮ ਆਦਮੀ ਪਾਰਟੀ ਤਕੜੇ ਪੈਂਰੀਂ ਦਿਸਦੀ ਹੈ। ਕਲ੍ਹ ਦਾ ਤਾਂ ਕੁਝ ਪਤਾ ਨਹੀਂ ਪਰ ਅੱਜ ਦੇ ਹਾਲਾਤ ਵਿੱਚ ਪੰਜਾਬ ਦੇ ਬਹੁ ਗਿਣਤੀ ਵੋਟਰ ਸੱਤਾਧਾਰੀ ਬਾਦਲਾਂ ਦਾ ਬੋਰੀਆ-ਬਿਸਤਰਾ ਗੋਲ ਕਰਨ ਦਾ ਇਰਾਦਾ ਕਰੀ ਬੈਠੇ ਦੱਸੀਂਦੇ ਹਨ। ਕਾਂਗਰਸ ਦਾ ਪਲੜਾ ਲਗਾਤਾਰ ਹੇਠਾਂ/ਉੱਤੇ ਹੁੰਦਾ ਨਜ਼ਰੀਂ ਪੈਂਦਾ ਹੈ। ਬਿਨਾਂ ਸ਼ੱਕ ਕੈਪਟਨ ਅਮਰਿੰਦਰ ਸਿੰਘ, ਅਪਣੇ ਗੁਣਾਂ/ਔਗੁਣਾਂ ਦੇ ਬਾਵਜੂਦ ਮੁਖ ਮੰਤਰੀ ਵਜੋਂ ਲੋਕਾਂ ਦੀ ਪਹਿਲੀ ਪਸੰਦ ਚਲੇ ਆ ਰਹੇ ਹਨ। ਪਰ ਸਾਬਕਾ ਮੁਖ ਮੰਤਰੀ ਦੇ ਕੰਮ ਕਰਨ ਦੇ ਮੌਜੀ ਸੁਭਾਅ ਨਾਲੋਂ ਉਸਦੀ ਪਾਰਟੀ ਦੀ ਨਵੀਂ ਦਿੱਲੀ ਵਿਚਲੀ ਹਾਈਮਕਮਾਂਡ ਦੀ ਰਾਜਸੀ ਬੇਸਮਝੀ, ਅੰਦਰੂਨੀ ਦੱਲਿਆਂ ਦੀਆਂ ਚਾਲਾਂ ਅਤੇ ਪੰਜਾਬ ਵਿਚਲੇ ਭੂਤਰੇ ਉਸਦੇ ਪਾਰਟੀ ਵਿਚਲੇ ਵਿਰੋਧੀ ਅਪਣੀ ਪਾਰਟੀ ਦੀ ਹੀ ਰਾਜਸੀ ਬੇੜੀ ‘ਚ ਵੱਟੇ ਪਾਉਣ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦੇ ਰਹੇ। ਕੁਝ ਵੀ ਹੋਵੇ ਜਿਸ ਕਦਰ ਦੀ ਰਾਜਸੀ ਮੌਕਾਪ੍ਰਸਤੀ, ਦਲ ਬਦਲੀਆਂ ਅਤੇ ਚਿੱਕੜ ਉਛਾਲੀ ਹੋ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਰੁਝਾਣ ਹੋਰ ਵਧਣਾ ਹੈ, ਉਸਨੂੰ ਵੇਖਦਿਆਂ ਪੰਜਾਬ ਲਈ ਭਲੇ ਵੇਲਿਆਂ ਦੀ ਆਸ ਬਹੁਤੀ ਉਭਰਦੀ ਨਹੀਂ। ਜੇ ਇਹੋ ਹਾਲ ਰਿਹਾ ਅਤੇ ਵੋਟਰਾਂ ਦਾ ਫਤਵਾ ਸਪੱਸ਼ਟ ਨਾ ਹੋਇਆ ਤਾਂ ਸਭ ਤੋਂ ਵੱਧ ਉਦਾਸ ਤੇ ਨਿਰਾਸ ਪ੍ਰਵਾਸੀ ਪੰਜਾਬੀ ਹੋਣਗੇ। ਕੁਝ ਚੰਗਾ ਕਰਨ ਦੇ ਯਤਨਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੀਪਲਜ਼ ਪਾਰਟੀ ਅਅਤੇ ਇਸ ਵਾਰ ਆਮ ਆਦਮੀ ਪਾਰਟੀ ਲਈ ਸਭ ਕੁਝ ਦਾਅ ਉੱਤੇ ਲਾਉਣ ਵਾਲੇ ਪ੍ਰਵਾਸੀਆਂ ਦੇ ਸੁਪਨਿਆਂ ਦੀ ਪੂਰਤੀ ਦੀ ਕਾਮਨਾ ਕਰਦਿਆਂ ਆਸ ਕਰੀਏ ਕਿ ਨਵੇਂ ਵਰ੍ਹਾ ਚੋਣਾਂ ‘ਚ ਦੁਨੀਆ, ਅਮਰੀਕਾ ਤੇ ਪੰਜਾਬ ਨੂੰ ਨਵੇਂ ਸੰਕਟਾਂ ਤੋਂ ਸੁਰਖਿਅਤ ਰੱਖਣ ਵਿੱਚ ਸਹਾਈ ਹੋਵੇ।