ਸਤਿਗੁਰ ਦਾ ਦਰਬਾਰ… ਸੱਤਾਧਾਰੀਆਂ ਦੀ ਸੇਵਾ ‘ਚ!

ਸਤਿਗੁਰ ਦਾ ਦਰਬਾਰ… ਸੱਤਾਧਾਰੀਆਂ ਦੀ ਸੇਵਾ ‘ਚ!

ਪੰਜਾਬ ਦੇ ਸੱਤਾਧਾਰੀ ਅਕਾਲੀ ਦਲ ਦੇ ਮਾਲਕ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਹਿੱਤਾਂ ਲਈ ਸਿੱਖ ਧਰਮ ਮਰਿਯਾਦਾ ਅਤੇ ਸਿੱਖ ਮਨਾਂ ਨੂੰ ਇੱਕ ਵਾਰ ਫੇਰ ਭਾਰੀ ਠੇਸ ਪਹੁੰਚਾਈ ਹੈ। ਸਿੱਖਾਂ ਦੇ ਸਰਬਉੱਚ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੱਥਾ ਟੇਕਣ ਲਈ ਟੋਪੀ ਪਹਿਨ ਕੇ ਆਉਣ ਤੋਂ ਵਰਜਣ ਦੀ ਬਜਾਏ ਉਲਟਾ ਗੁਰੂ ਦੀ ਬਖ਼ਸ਼ਿਸ਼ ਸਿਰੋਪੇ ਨਾਲ ਨਿਵਾਜੇ ਜਾਣ ਨਾਲ ਹਰ ਸਿੱਖ ਸਿਰਫ਼ ਮਾਨਸਿਕ ਤੌਰ ਉੱਤੇ ਹੀ ਦੁਖੀ ਨਹੀਂ ਹੋਇਆ ਬਲਕਿ ਉਹ ਜਜ਼ਬਾਤੀ ਤੌਰ ਉੱਤੇ ਭਾਰੀ ਰੋਹ ਵਿੱਚ ਹੈ। ਦੇਸ ਵਿਦੇਸ਼ ਵਿਚਲੀਆਂ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ, ਧਾਰਮਿਕ ਤੇ ਰਾਜਸੀ ਆਗੂਆਂ ਵਲੋਂ ਇਸ ਕਾਰਵਾਈ ਦੀ ਨਿੰਦਾ ਅਤੇ ਸਖ਼ਤ ਰੋਹ ਦਾ ਪ੍ਰਗਟਾਵਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਮਸਲਾ ਕਿਸੇ ਗੈਰ ਸਿੱਖ ਨੂੰ ਸਿਰੋਪਾ ਦੇਣ ਤੋਂ ਵੱਧ ਪਟਕੇ ਜਾਂ ਰੁਮਾਲ ਨਾਲ ਸਿਰ ਢਕ ਕੇ ਮੱਥਾ ਟੇਕਣ ਦੀ ਪ੍ਰਚਲਤ ਰੀਤ ਦੇ ਉਲਟ ਟੋਪੀ ਪਹਿਨ ਕੇ ਆਉਣ ਦੀ ਹੈ। ਇਹ ਕਾਰਵਾਈ ਅਣਜਾਣੇ ਹੋਈ ਭੁੱਲ ਕਹਿ ਕੇ ਇਸ ਦੀ ਗੰਭੀਰਤਾ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਦੁੱਖ ਤਾਂ ਇਸ ਗੱਲ ਦਾ ਹੈ ਕਿ ਧਰਮ ਉੱਤੇ ਹਾਵੀ ਸਿਆਸੀ ਠੇਕੇਦਾਰਾਂ ਵਲੋਂ ਦਰਬਾਰ ਸਾਹਿਬ ਦੀ ਮਾਣ ਮਰਿਯਾਦਾ ਨੂੰ ਸਿਆਸੀ ਕਾਨਫਰੰਸ ਨਾਲੋਂ ਵੀ ਘੱਟ ਅਹਿਮੀਅਤ ਦਿੱਤੀ ਗਈ ਹੈ। ਜੇ ਅਕਾਲੀ ਦਲ (ਬਾਦਲ) ਦੀਆਂ ਰਾਜਸੀ ਕਾਨਫਰੰਸਾਂ ਇੱਥੋਂ ਤੱਕ ਕਿ ਸਰਕਾਰੀ ਦੌਰਿਆਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਉੱਤੇ ਪਹਿਲਾਂ ਹੀ ਬੱਝੀ-ਬੱਝਾਈ ਕੇਸਰੀ ਰੰਗ ਦੀ ਪੱਗ ਸਜਾ ਕੇ ਉਸ ਦੇ ਸਿੱਖ ਹਿਤੈਸ਼ੀ ਹੋਣ ਦਾ ਢਕਵੰਜ ਰਚਿਆ ਜਾਂਦਾ ਹੈ ਤਾਂ ਅਜਿਹੀ ਕਿਹੜੀ ਮਜਬੂਰੀ ਸੀ ਕਿ ਅੰਮ੍ਰਿਤਸਰ ਵਿੱਚ ਹਾਲ ਹੀ ‘ਚ ਹੋਈ ਕਾਨਫਰੰਸ ਦੌਰਾਨ ਉਸੇ ਮੋਦੀ ਦੇ ਦਰਬਾਰ ਸਾਹਿਬ ‘ਚ ਟੋਪੀ ਪਾ ਕੇ ਦਾਖਲ ਹੋਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਦੋਂ ਪਿਛਲੇ ਦਿਨੀਂ ਖਾਲਸੇ ਦੇ ਜਨਮ ਸਥਾਨ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਨਰਿੰਦਰ ਮੋਦੀ ਕੇਸਰੀ ਪਟਕਾ ਬੰਨ੍ਹ ਕੇ ਮੱਥਾ ਟੇਕਣ ਜਾ ਸਕਦੇ ਹਨ ਤਾਂ ਸਿੱਖਾਂ ਦੇ ਸਰਬਉੱਚ ਧਾਰਮਿਕ ਸਥਾਨ ਵਿੱਚ ਨਤਮਸਤਕ ਹੋਣ ਲਈ ਪਟਕਾ ਬੰਨ੍ਹਣ ‘ਚ ਝਿਜਕ ਦੇ ਕਾਰਨ ਸਮਝੋਂ ਬਾਹਰੇ ਹਨ।
ਵੈਸੇ ਧਰਮ ਅਤੇ ਸਿਆਸਤ ਦੇ ਸੁਮੇਲ ਬਾਰੇ ਸਿੱਖ ਸਿਧਾਂਤਾਂ ਦੀ ਆੜ ਵਿੱਚ ਧਰਮ ਨੂੰ ਨਿੱਜੀ ਸਿਆਸੀ ਹਿੱਤਾਂ ਲਈ ਵਰਤਣ ਦਾ ਜਿਹੜਾ ਕੋਝ੍ਹਾ ਕੰਮ ਅਕਾਲੀ ਦਲ ਦਾ ਮੋਹਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਆਪਣੀ ਕੁਰਸੀ ਲਈ ਕਰਦਾ ਆ ਰਿਹਾ ਹੈ, ਉਸ ਦੀ ਮਿਸਾਲ ਸਿੱਖ ਇਤਿਹਾਸ ਵਿੱਚ ਨਾ ਮਿਲਦੀ ਹੈ ਅਤੇ ਨਾ ਹੀ ਅਗਾਂਹ ਕਦੇ ਮਿਲਣੀ ਹੈ। ਅਥਾਹ ਕੁਰਬਾਨੀਆਂ ਬਾਅਦ ਹੋਂਦ ਵਿੱਚ ਆਈ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਗੁਲਾਮ ਬਣਾ ਕੇ ਰੱਖਣ ਵਿੱਚ ਸਫਲਤਾ ਹਾਸਲ ਕਰਨ ਬਾਅਦ ਬਾਦਲਾਂ ਨੇ ਸਿੱਖਾਂ ਦੀ ਵੱਖਰੀ ਹਸਤੀ ਦੀਆਂ ਰਵਾਇਤਾਂ/ਨਿਸ਼ਾਨੀਆਂ ਨੂੰ ਸਿੱਖ ਚੇਤਿਆਂ ਵਿਚੋਂ ਮਿਟਾਉਣ ਲਈ ਸੋਚੇ ਸਮਝੇ ਅਤੇ ਸਾਜ਼ਿਸ਼ੀ ਢੰਗ ਨਾਲ ਜਿਹੜੀ ਮੁਹਿੰਮ ਬੜੇ ਅਸਰਦਾਰ ਢੰਗ ਨਾਲ ਵਿੱਢੀ ਹੋਈ ਹੈ, ਟੋਪੀ ਵਾਲੇ ਮੋਦੀ ਨੂੰ ਸਿਰੋਪੇ ਨਾਲ ਨਿਵਾਜਣਾ ਉਸੇ ਦਾ ਹਿੱਸਾ ਹੈ। ਇਸ ਬਾਰੇ ਦੋ ਰਾਵਾਂ ਨਹੀਂ ਕਿ ਸਭਨਾਂ ਮਜ਼੍ਹਬਾਂ, ਫਿਰਕਿਆਂ, ਕੌਮਾਂ ਨਾਲ ਸਬੰਧ ਰੱਖਣ ਵਾਲਿਆਂ ਵਾਸਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਾਰੇ ਦਰ ਖੁੱਲ੍ਹੇ ਹਨ। ਪਰ ਇਸ ਦੇ ਨਾਲ ਹੀ ਧਾਰਮਿਕ ਸ਼ਰਧਾਲੂ ਵਜੋਂ ਹਰ ਸਖ਼ਸ਼ ਲਈ ਅਪਣੇ ਸਰਕਾਰੀ/ਦਰਬਾਰੀ ਰੁਤਬੇ, ਅਹੁਦੇ, ਦਿੱਖ ਅਤੇ ਦਿਖਾਵੇ ਤੋਂ ਕੁਝ ਸਮੇਂ ਲਈ ਮਾਨਸਿਕ ਤੌਰ ਉੱਤੇ ਮੁਕਤ ਹੋ ਕੇ ਦਰਬਾਰ ਸਾਹਿਬ ਪਰਿਕਰਮਾ ਵਿੱਚ ਆਮ ਬੰਦੇ ਵਾਂਗ ਦਾਖ਼ਲ ਹੋਣਾ ਹੀ ਸ਼ੋਭਦਾ ਹੈ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਸੰਨ 1577 ਵਿੱਚ ਸਥਾਪਤ ਕੀਤੇ ਗਏ ਪਵਿੱਤਰ ‘ਅੰਮ੍ਰਿਤਸਰ’ (ਅੰਮ੍ਰਿਤ ਦੇ ਸਰੋਵਰ) ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦਾ ਸ਼ੁਭ ਕਾਰਜ ਆਰੰਭ ਕਰਨ ਮੌਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਸਲਿਮ ਸੂਫ਼ੀ ਫਕੀਰ ਅਤੇ ਧਾਰਮਿਕ ਸਖ਼ਸ਼ੀਅਤ ਹਜ਼ਰਤ ਮੀਆਂ ਮੀਰ ਜੀ ਪਾਸੋਂ 28 ਦਸੰਬਰ 1588 ਨੂੰ ਨੀਂਹ ਰਖਵਾਉਣਾ ਇਸ ਅਸਥਾਨ ਦੇ ਦਰ ਸਭ ਧਰਮਾਂ, ਵਰਗਾਂ, ਕੌਮਾਂ ਦੇ ਪੈਰੋਕਾਰਾਂ ਲਈ ਸਦਾ ਖੁਲ੍ਹੇ ਰਹਿਣ ਦਾ ਸੁਨੇਹਾ ਸੀ।
ਸਿੱਖਾਂ ਦੀ ਰੂਹਾਨੀ ਸ਼ਕਤੀ ਦੇ ਪੱਥ ਪ੍ਰਦਰਸ਼ਕ ਅਤੇ ਸਿੱਖੀ ਸ਼ਾਨ ਦੀਆਂ ਬੁਲੰਦੀਆਂ ਵਾਲੇ ਇਸ ਸਥਾਨ ਦੀ ਮਹਿਮਾ ਅਪਰ ਅੱਪਾਰ ਹੈ। ‘ਰੱਬ ਦੇ ਇਸ ਘਰ’ ਦਾ ਰੁੱਤਬਾ ਦੁਨਿਆਵੀ ਸ਼ਕਤੀਆਂ ਤੋਂ ਕਿਤੇ ਉਤਾਂਹ ਅਤੇ ਵਿਲੱਖਣ ਹੈ। ਇਸ ਲਈ ਇਹ ਗੱਲਾਂ ਬੇਮਾਇਨਾ ਹਨ ਕਿ ਇੱਥੇ ਕੌਣ ਕੌਣ ਅਤੇ ਕਦੋਂ ਨਤਮਸਤਕ ਹੋਣ ਲਈ ਆਇਆ। ਇਤਿਹਾਸਕ ਗੁਰ ਅਸਥਾਨ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਹਰ ਅਮੀਰ, ਗਰੀਬ, ਬਾਦਸ਼ਾਹ, ਪਰਜਾ ਸਭ ਇੱਕ ਸਮਾਨ ਹਨ। ਇਤਿਹਾਸ ਦੇ ਚੇਤਿਆਂ ‘ਚ ਉਕਰਿਆ ਪਿਆ ਹੈ ਕਿ ਇਸ ਪਵਿੱਤਰ ਸਥਾਨ ਦੀ ਸ਼ਾਨ ਨੂੰ ਮੇਟਣ ਅਤੇ ਮਰਿਯਾਦਾ ਨੂੰ ਭੰਗ ਕਰਨ ਲਈ ਤਤਕਾਲੀ ਸੱਤਾਧਾਰੀਆਂ ਵਲੋਂ ਕੀਤੇ ਯਤਨ ਸ਼ਾਹੀ ਦਰਬਾਰਾਂ ਅਤੇ ਸੱਤਾਧਾਰੀਆਂ ਨੂੰ ਸਦਾ ਹੀ ਮਹਿੰਗੇ ਪਏ ਹਨ। ਭਾਵੇਂ ਉਹ ਫੌਜਾਂ ਰਾਹੀਂ ਕੀਤੇ ਗਏ ਜਾਂ ਸਿਆਸੀ ਲਾਹੇ ਲਈ ਧਰਮ ਦੀ ਆੜ ਵਿੱਚ।
ਇਸ ਤੋਂ ਵੀ ਵੱਖਰਾ ਬੇਹੱਦ ਨਿੰਦਣਯੋਗ ਰੁਝਾਣ ਜੋ ਪਿਛਲੇ ਵਰ੍ਹਿਆਂ ਦੌਰਾਨ ਸਾਹਮਣੇ ਆਇਆ ਹੈ, ਉਹ ਹੈ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਣ ਮੌਕੇ ਫੋਟੋਬਾਜ਼ੀ ਅਤੇ ਸਵੈ ਪ੍ਰਚਾਰ ਦਾ। ਹਰ ਰਾਜਸੀ ਆਗੂ, ਧਾਰਮਿਕ ਸਾਧ-ਸੰਤ, ਸਰਕਾਰੀ ਅਫ਼ਸਰ, ਫ਼ਿਲਮੀ ਕਲਾਕਾਰ, ਗਾਇਕ ਅਤੇ ਅਜਿਹੇ ਹੀ ਹੋਰ ਵਿਅਕਤੀ ਪਰਿਕਰਮਾ ‘ਚ ਖੜ੍ਹ ਕੇ ਦਰਬਾਰ ਸਾਹਿਬ ਵਲ ਪਿੱਠ ਕਰਕੇ ਫੋਟੋਆਂ ਖਿਚਵਾਉਣ ਬਾਅਦ ਉਨ੍ਹਾਂ ਦਾ ਪਰਚਾਰ ਇਵੇਂ ਕਰਦੇ ਹਨ ਜਿਵੇਂ ਉਨ੍ਹਾਂ ਦੀ ਫੇਰੀ ਇਸ ਅਸਥਾਨ ਦਾ ਧੰਨਭਾਗ ਹੋਵੇ। ਖੈਰ ਆਮ ਲੋਕਾਂ ਵਲੋਂ ਅਜਿਹਾ ਕਰਨਾ ਉਨ੍ਹਾਂ ਦੀ ਕਿਸੇ ਹੱਦ ਤੱਕ ਬੇਸਮਝੀ ਹੀ ਕਹੀ ਜਾ ਸਕਦੀ ਹੈ। ਪਰ ਜਦੋਂ ਅਕਾਲੀ ਦਲ (ਬਾਦਲ) ਦਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਪੁੱਜਣ ਉੱਤੇ ਤਾਬਿਆ ਬੈਠਾ ਗ੍ਰੰਥੀ ਸਿੰਘ ਆਪਣੇ ‘ਸਿਆਸੀ ਸਾਹਿਬ’ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਹੁੰਦਾ ਹੋਵੇ ਤਾਂ ਇਸ ਦਾ ਫਿਕਰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਮੋਹਰੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੋਣਾ ਚਾਹੀਦਾ ਹੈ, ਗ੍ਰੰਥੀਆਂ ਵਿਚਾਰਿਆਂ ਨੇ ਬੱਚੇ ਪਾਲਣੇ ਹੁੰਦੇ ਹਨ। ਅਜਿਹੇ ਗ੍ਰੰਥੀ ਸਿੰਘਾਂ ਲਈ ਤਾਂ ‘ਰੁਜ਼ਗਾਰਦਾਤਾ’ ਪਹਿਲਾਂ ਅਤੇ ਗੁਰੂ ਬਾਅਦ ‘ਚ ਹੁੰਦਾ ਹੈ।
ਇਨ੍ਹਾਂ ਸਿਆਸੀ ਲਾਹਿਆਂ ਲਈ ਕੀਤੀਆਂ ਜਾ ਰਹੀਆਂ ਮਨਮੱਤੀਆਂ ਕਾਰਵਾਈਆਂ ਸਬੰਧੀ ਸਿੱਖ ਮਨਾਂ ਵਿੱਚ ਉਠ ਰਹੇ ਸਵਾਲਾਂ ਅਤੇ ਉਬਾਲ ਦੀ ਰੌਸ਼ਨੀ ਵਿੱਚ ਇਹ ਵਿਚਾਰਣਾ ਅਤੇ ਤਹਿ ਕੀਤਾ ਜਾਣਾ ਲਾਜ਼ਮੀ ਹੈ ਕਿ ਸਿਰੋਪਾ ਪ੍ਰਾਪਤ ਕਰਨ ਦਾ ਨਿਰਣਾ ਕਿਵੇਂ ਕਰਨਾ ਹੈ ਅਤੇ ਇਸ ਪਵਿੱਤਰ ਸਨਮਾਨ ਦਾ ਹੱਕਦਾਰ ਕੌਣ ਹੈ। ਜਿਸ ਤਰ੍ਹਾਂ ਮੌਜੂਦਾ ਸਮਿਆਂ ਵਿੱਚ ਸਿਰੋਪੇ ਵੰਡੇ ਅਤੇ ਗਲਾਂ ਵਿੱਚ ਪਹਿਨਾਏ/ਲਟਕਾਏ ਜਾਂਦੇ ਹਨ, ਇਸ ਨੇ ਸਿਰੋਪੇ ਦੀ ਅਹਿਮੀਅਤ ਬੇਹੱਦ ਘਟਾ ਦਿੱਤੀ ਹੈ। ਇਸ ਮੋਦੀ ਦੇ ਟੋਪੀ ਨਾਲ ਸਿਰ ਢੱਕਣ ਦੀਆਂ ਇਤਰਾਜ਼ਯੋਗ ਕਾਰਵਾਈਆਂ ਦੇ ਮੁੜ ਵਾਪਰਣੋਂ ਰੋਕਣ ਦਾ ਅਮਲ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੀ ਆਜ਼ਦ ਹਸਤੀ ਦੀ ਬਹਾਲੀ ਰਾਹੀਂ ਸੰਭਵ ਹੋ ਸਕੇਗਾ।