ਭਾਈ ਗੁਰਦਾਸ ਜੀ ਦੀ ਨਜ਼ਰ ‘ਚ ਗੁਰੂ ਹਰਿਗੋਬਿੰਦ ਸਾਹਿਬ

ਭਾਈ ਗੁਰਦਾਸ ਜੀ ਦੀ ਨਜ਼ਰ ‘ਚ ਗੁਰੂ ਹਰਿਗੋਬਿੰਦ ਸਾਹਿਬ

ਬਲਵਿੰਦਰ ਸਿੰਘ ਜੌੜਾ ਸਿੰਘਾ

ਗੁਰਬਾਣੀ ਦਾ ਸ਼੍ਰੋਮਣੀ ਵਿਆਖਿਆਕਾਰ ਹੋਣ ਦਾ ਮਾਣ ਭਾਈ ਗੁਰਦਾਸ ਨੂੰ ਦਿੱਤਾ ਜਾਂਦਾ ਹੈ। ਭਾਈ ਸਾਹਿਬ ਨੇ 40 ਵਾਰਾਂ, 675 ਕਬਿੱਤ ਅਤੇ ਸੰਸਕ੍ਰਿਤ ਵਿਚ ਛੇ ਸਲੋਕ ਭਾਵੇਂ ਅਸ਼ੁੱਧ ਰੂਪ ਵਿਚ ਹਨ, ਲਿਖ ਕੇ ਗੁਰਮਤਿ ਸਾਹਿਤ ਦੇ ਖੇਤਰ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ। ਜਿੱਥੇ ਕਬਿੱਤ ਤੇ ਸਲੋਕਾਂ ਵਿਚ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਨੂੰ ਉਭਾਰਿਆ ਹੈ, ਉੱਥੇ ਵਾਰਾਂ ਵਿਚ ਗੁਰਬਾਣੀ ਦੀ ਵਿਆਖਿਆ ਦੇ ਨਾਲ-ਨਾਲ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਵੇਰਵੇ ਵੀ ਦਿੱਤੇ ਹਨ। ਇਸ ਤੋਂ ਬਿਨਾਂ ਗੁਰੂ ਘਰ ਦੇ ਵਿਰੋਧੀਆਂ, ਸਿੱਖ ਸੰਗਤਾਂ ਤੇ ਲਹਿਰ ਦੇ ਵਿਕਾਸ ਬਾਰੇ ਵੀ ਦੱਸਿਆ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰੂ ਹਰਿਗੋਬਿੰਦ  ਬਾਰੇ ਭਾਵੇਂ ਵਿਸਥਾਰਤ ਜਾਣਕਾਰੀ ਮੌਜੂਦ ਨਹੀਂ, ਫਿਰ ਵੀ ਵਾਰ ਪਹਿਲੀ, ਤੀਜੀ, ਤੇਰਵੀ, ਵੀਹਵੀਂ, ਚੌਵੀਵੀਂ, ਪੰਝੀਵੀਂ, ਛੱਬੀਵੀਂ, ਪੈਂਤੀਵੀਂ ਅਤੇ ਉਨਤਾਲਵੀ ਦੀਆਂ ਕੁਝ ਪਉੜੀਆਂ ਵਿਚ ਜ਼ਿਕਰ ਹੈ।

ਸਮਕਾਲੀ ਪ੍ਰਸਥਿਤੀਆਂ : ਭਾਈ ਗੁਰਦਾਸ ਗੁਰੂ ਪਰਿਵਾਰ ਨਾਲ ਸੰਬੰਧਿਤ ਸਨ। ਉਹ ਗੁਰੂ ਅਮਰਦਾਸ ਦੇ ਭਤੀਜੇ ਲਗਦੇ ਸਨ। ਬਾਲ ਜੀਵਨ ਵਿਚ ਮਾਤਾ-ਪਿਤਾ ਗੁਜਰ ਜਾਣ ਕਰਕੇ ਇਨ੍ਹਾਂ ਦਾ ਪਾਲਣ ਪੋਸ਼ਣ ਗੁਰੂ ਅਮਰਦਾਸ ਦੀ ਨਿਗਰਾਨੀ ਹੇਠ ਗੋਇੰਦਵਾਲ ਵਿਖੇ ਹੋਇਆ। ਵੱਖ-ਵੱਖ ਭਾਸ਼ਾਵਾਂ ਤੇ ਧਰਮਾਂ ਦੇ ਗਿਆਨ ਗੁਰੂ ਦੀ ਸੰਗਤ ਕਰਕੇ ਹਾਸਲ ਕੀਤਾ। ਇੱਥੋਂ ਹੀ ਆਗਰੇ, ਬੁਰਹਾਨ ਪੁਰ ਆਦਿ ਥਾਵਾਂ ਤੇ ਸਿੱਖੀ ਦਾ ਪ੍ਰਚਾਰ ਕਰਨ ਗਏ। ਗੁਰੂ ਰਾਮਦਾਸ ਦੇ ਅੰਤਲੇ ਜੀਵਨ ਕਾਲ ਵਿਚ ਹੀ ਉਨ੍ਹਾਂ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੇ ਕਈ ਤਰ੍ਹਾਂ ਦੇ ਝਗੜੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਸਨ, ਜੋ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਹੋਰ ਪ੍ਰਬਲ ਰੂਪ ਧਾਰ ਗਏ। ਗੁਰੂ ਅਰਜਨ ਦੇਵ ਦੇ ਗੁਰੂਗੱਦੀ ਉੱਤੇ ਬੈਠਣ ਤੇ ਪ੍ਰਿਥੀ ਚੰਦ ਨੇ ਵੱਖਰੇ ਤੌਰ ‘ਤੇ ਗੁਰਗੱਦੀ ਬਣਾਉਣ ਦਾ ਜਤਨ ਕੀਤਾ। ਕੁਝ ਮਸੰਦਾਂ ਨੂੰ ਵਰਗਲਾ ਕੇ ਮਗਰ ਲਾ ਲਿਆ ਗਿਆ। ਗੁਰੂ ਘਰ ਪ੍ਰਤੀ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਚੜ੍ਹਾਵੇ ਨੂੰ ਜ਼ਬਰੀ ਲੈਣ ਲੱਗ ਪਿਆ। ਭਾਈ ਗੁਰਦਾਸ ਜਿਉਂ ਹੀ ਰਾਮਦਾਸ ਪੁਰ ਪਹੁੰਚੇ ਤਾਂ ਗੁਰੂ ਘਰ ਵਿਚ ਪਏ ਇਸ ਬਖੇੜੇ ਬਾਰੇ ਪਤਾ ਲੱਗਾ। ਸ਼ਾਂਤੀ ਦੇ ਪੁੰਜ ਪੰਚਮ ਪਿਤਾ ਕਿਸੇ ਝਗੜੇ ਵਿਚ ਨਹੀਂ ਪੈਣਾ ਚਾਹੁੰਦੇ ਸਨ, ਪਰ ਭਾਈ ਗੁਰਦਾਸ ਨੇ ਬਾਬਾ ਬੁੱਢਾ ਅਤੇ ਹੋਰ ਸਿੱਖਾਂ ਦੇ ਸਹਿਯੋਗ ਨਾਲ ਪ੍ਰਿਥੀ ਚੰਦ ਤੇ ਉਸ ਦੇ ਵਰਗਲਾਏ ਮਸੰਦਾਂ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਔਕੜਾਂ ਦੂਰ ਕਰਨ ਦਾ ਜਤਨ ਕੀਤਾ। ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਪ੍ਰਿਥੀ ਚੰਦ ਨੂੰ ਸਮਝਾਉਣ ਲਈ ਉਨ੍ਹਾਂ ਦੇ ਸਹੁਰੇ ਪਿੰਡ ਹੇਹਰ ਤੱਕ ਗਏ, ਭਾਵੇਂ ਕਿ ਪ੍ਰਿਥੀ ਚੰਦ ਨੇ ਵਿਰੋਧ ਹੀ ਕੀਤਾ। ਭਾਈ ਗੁਰਦਾਸ ਨੇ ਪ੍ਰਿਥੀ ਚੰਦ ਦੀ ਇਸ ਮਾੜੀ ਨੀਅਤ ਸੰਬੰਧੀ ‘ਮੀਣਾ’ ਸ਼ਬਦ ਵਰਤਿਆ ਹੈ। ਗੁਰੂ ਘਰ ਦੇ ਲੰਗਰ ਸੰਬੰਧੀ ਤੇ ਹੋਰ ਆਰਥਿਕ ਔਕੜਾਂ ਨੂੰ ਦੂਰ ਕਰਨ ਪਿੱਛੋਂ ਗੁਰੂ ਅਰਜਨ ਦੇਵ ਨੇ ਸਿੱਖ ਧਰਮ ਦੇ ਸੰਗਠਨ ਨੂੰ ਹੋਰ ਪਕੇਰਾ ਕਰਨ ਲਈ ਵਿਉਂਤਾਂ ਬਣਾਈਆਂ। ਭਾਈ ਗੁਰਦਾਸ ਜੀ ਗੁਰੂ ਸਾਹਿਬ ਜੀ ਦੀ ਅਗਵਾਈ ਵਿਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਨੂੰ ਇਕ ਥਾਂ ਇਕੱਤਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੇ ਪਹਿਲੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਕੀਤਾ। ਭਾਈ ਸਾਹਿਬ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਵਿਚ ਵੀ ਉਦਮ ਕਰਦੇ ਰਹੇ।
ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਹਰਿਗੋਬਿੰਦ ਸਾਹਿਬ ਗੱਦੀ ਤੇ ਬੈਠੇ ਤਾਂ ਭਾਈ ਗੁਰਦਾਸ ਛੇਵੇਂ ਗੁਰੂ ਜੀ ਦੀ ਸੇਵਾ ਵਿਚ ਜੁਟ ਪਏ। ਗੁਰੂ ਘਰ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਹੋਰ ਆ ਪਈਆਂ। ਅਕਾਲ ਤਖ਼ਤ ਦੀ ਸਥਾਪਨਾ ਤੋਂ ਬਾਅਦ ਪ੍ਰਚਾਰ ਕਰਦੇ ਹੋਏ ਵੱਖ-ਵੱਖ ਥਾਵਾਂ ਤੇ ਗਏ। ਗੁਰਮਤਿ ਸਾਹਿਤ ਰਚਨ ਦੀ ਸੇਵਾ ਵੀ ਨਾਲੋਂ-ਨਾਲ ਕਰੀ ਜਾਂਦੇ ਸਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਗੁਰੂ ਹਰਿਗੋਬਿੰਦ ਸਾਹਿਬ ਸੰਬੰਧੀ ਹੇਠ ਲਿਖੇ ਨੁਕਤੇ ਮੁਖ ਰੂਪ ਵਿਚ ਉਭਰ ਕੇ ਦ੍ਰਿਸ਼ਟੀਗੋਚਰ ਹੁੰਦੇ ਹਨ :
(À) ਗੁਰੂ ਸਾਹਿਬਾਨ ਦੀ ‘ਏਕਾ ਗੁਰ ਜੋਤ’ ਨੂੰ ਦਰਸਾਉਣਾ।
(ਅ) ਗੁਰੂ ਹਰਿਗੋਬਿੰਦ ਦੇ ਸਮੇਂ ਆਈਆਂ ਤਬਦੀਲੀਆਂ ਸੰਬੰਧੀ ਸ਼ੰਕਾਵਾਂ ਨੂੰ ਦੂਰ ਕਰਨ ਦਾ ਯਤਨ ਕਰਨਾ।
(Â) ਗੁਰੂ ਹਰਿਗੋਬਿੰਦ ਦੇ ਵਡ ਜੋਧਾ ਤੇ ਪਰਉਪਕਾਰੀ ਗੁਣਾਂ ਨੂੰ ਉਜਾਗਰ ਕਰਨਾ।
(À) ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਛੇ ਗੁਰੂ ਸਾਹਿਬਾਨ ਦੀ ‘ਏਕਾ ਗੁਰ ਜੋਤ’ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਗੁਰਗੱਦੀ ਦੇ ਅਸਲੀ ਵਾਰਸ ਸੰਬੰਧੀ ਗੁਰੂ ਪਰਿਵਾਰਾਂ ਵਿਚ ਕਿੰਤੂ-ਪਰੰਤੂ ਉਠ ਪਿਆ ਸੀ। ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੇ ਗੁਰੂ ਅੰਗਦ ਦੇਵ ਨੂੰ ਪ੍ਰਵਾਨ ਨਾ ਕੀਤਾ। ਏਸੇ ਕਰਕੇ ਗੁਰੂ ਅੰਗਦ ਦੇਵ ਕਰਤਾਰਪੁਰ ਤੋਂ ਖਡੂਰ ਚਲੇ ਗਏ। ਗੁਰੂ ਪਰਿਵਾਰ ਦੇ ਦੋਵੇਂ ਪੁੱਤਰ ਕਰਤਾਰਪੁਰ ਦੀ ਜੱਦੀ ਜਾਇਦਾਦ ਲੈ ਕੇ ਕੁਝ ਹੱਦ ਤੱਕ ਤਾਂ ਸੰਤੁਸ਼ਟ ਹੋ ਗਏ। ਫਿਰ ਗੁਰੂ ਪੁੱਤਰਾਂ ਦਾਤੂ ਤੇ ਦਾਸੂ ਨੇ ਜੋ ਰਵੱਈਆ ਗੁਰੂ ਅਮਰਦਾਸ ਸੰਬੰਧੀ ਧਾਰਨ ਕੀਤਾ, ਉਹ ਵੀ ਵੇਖਣਯੋਗ ਹੈ। ਦਾਸੂ ਜੀ ਨੇ ਵੱਖਰੀ ਮੰਜੀ ਲਾ ਲਈ ਸੀ :
”ਮੰਜੀ ਦਾਸੁ ਬਹਾਲਿਆ
ਦਾਤਾ ਸਿਧਾਸਣ ਸਿਖਿ ਆਇਆ।”
ਗੁਰੂ ਰਾਮਦਾਸ ਵੇਲੇ ਮੋਹਨ ਤੇ ਮੋਹਰੀ ਜੀ ਵਲੋਂ ਕੋਈ ਵੱਡਾ ਸੰਕਟ ਤਾਂ ਨਾ ਖੜ੍ਹਾ ਕੀਤਾ ਗਿਆ, ਪਰ ਅੰਦਰੂਨੀ ਵਿਰੋਧਤਾ ਤੇ ਗੁਰਗੱਦੀ ਦੀ ਤਾਂਘ ਜ਼ਰੂਰ ਰਹੀ। ਗੁਰੂ ਅਰਜਨ ਦੇਵ ਵੇਲੇ ਭਾਵੇਂ ਨਾਨਕ ਜੋਤ ਗੁਰੂ ਪਰਿਵਾਰ ਵਿਚ ਹੀ ਪਸਰੀ। ਪ੍ਰਿਥੀ ਚੰਦ ਵੱਡਾ ਪੁੱਤਰ ਹੋਣ ਕਰਕੇ ਗੁਰਗੱਦੀ ਦਾ ਦਾਅਵੇਦਾਰ ਸੀ। ਏਥੇ ਆ ਕੇ ਪਰਿਵਾਰਕ ਵਿਰੋਧ ਦੁਸ਼ਮਣੀ ਧਾਰਨ ਕਰ ਗਿਆ। ਪ੍ਰਿਥੀ ਚੰਦ ਨੇ ਹਰ ਗਲਤ ਤਰੀਕੇ ਨਾਲ ਗੁਰਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬਾਨਾਂ ਦੇ ਪਰਿਵਾਰਕ ਵਿਰੋਧਾਂ ਬਾਰੇ ਭਾਈ ਸਾਹਿਬ ਉਲੇਖ ਕਰਦੇ ਹਨ :
ਬਾਲ ਜਤੀ ਸਿਰੀ ਚੰਦ
ਬਾਬਾਣਾ ਦੇਹੁਰਾ ਬਣਾਇਆ।
ਲਖਮੀ ਦਾਸਹੁ ਧਰਮ ਚੰਦ
ਪੋਤਾ ਹੁਇ ਕੈ ਆਪ ਗਣਾਇਆ।
ਮੰਜੀ ਦਾਸ ਬਹਾਲਿਆ
ਦਾਤਾ ਸਿਧਾਸਣ ਸਿਖਿ ਆਇਆ।
ਮੋਹਣ ਕਮਲਾ ਹੋਇਆ
ਚਉਬਾਰਾ ਮੋਹਰੀ ਬਨਾਇਆ।
ਮੀਣਾ ਹੋਆ ਪ੍ਰਿਥੀਆ
ਕਰਿ ਕਰਿ ਤੋਢਕ ਬਰਲੁ ਚਲਾਇਆ।
ਮਹਾਂ ਦੇਉ ਅਹੰਮੇਉ ਕਰਿ
ਕਰਿ ਬੇਮੁਖ ਕੁਤਾ ਭਉਕਾਇਆ। (26/33)
ਭਾਈ ਗੁਰਦਾਸ ਜੀ ਨੇ ਮੁਕਾਬਲੇ ਤੇ ਖੜ੍ਹੀ ਕੀਤੀ ਜਾ ਰਹੀ ਗੁਰੂ ਸੰਸÎਥਾ ਦੇ ਝੂਠ ਦੇ ਪਾਜ ਨੂੰ ਖੋਲ੍ਹਣ ਅਤੇ ਸਤਿਗੁਰਾਂ ਦੇ ਦਰਬਾਰ ਦੇ ਸੱਚ ਨੂੰ ਉਭਾਰਨ ਦਾ ਯਤਨ ਕੀਤਾ ਹੈ :
ਦੁਨਿਆਵੀ ਪਾਤਿਸ਼ਾਹ
ਹੋਇ ਦੇਇ ਮਰੇ ਪੁੱਤੈ ਪਾਤਿਸ਼ਾਹੀ।
ਦੋਹੀ ਫਿਰੈ ਆਪਣੀ
ਹੁਕਮੀ ਬੰਦੇ ਸਭ ਸਿਪਾਹੀ।
ਕੁਤਬਾ ਜਾਇ ਪੜਾਇੰਦਾ
ਕਾਜੀ ਮੁਲਾਂ ਭਰੇ ਉਗਾਹੀ।
ਇਕ ਦੋਹੀ ਟਕਸਾਲ
ਇਕ ਕੁਤਬਾ ਤਖ਼ਤ ਸੱਚਾ ਦਰਗਾਹੀ
ਗੁਰਮੁਖ ਸੁਖ ਫਲ ਦਾਦ ਇਲਾਹੀ£ (23/31)
ਕਿ ਗੁਰੂ ਘਰ ਦੀ ਮਰਿਯਾਦਾ ਇਹੀ ਹੈ ਕਿ ਗੁਰੂ ਗੁਰਮੁਖਾਂ ਵਾਲਾ ਗਾਡੀ ਰਾਹ ਚਲਾਉਂਦਾ ਹੈ। ਏਥੇ ਇਕ ਅਕਾਲ ਪੁਰਖ ਦੇ ਨਾਂ ਦੀ ਦੁਹਾਈ ਹੈ। ਸਤ ਸੰਗਤ ਦੇ ਰੂਪ ਵਿਚ ਟਕਸਾਲ ਹੈ। ਇਕੋ ਗੁਰਬਾਣੀ ਦਾ ਰੂਪ ਕੁਤਬਾ ਹੈ। ਇਕੋ ਸੱਚਾ ਤਖ਼ਤ ਹੈ, ਇਕੋ ਨਿਆਂ ਦੇਣ ਵਾਲਾ ਹੈ। ਭਾਵ ਸੱਚਾ ਦਰਬਾਰ ਹੈ। ਇਸ ਨਿਆਂ ਦੇ ਰਾਹੀਂ ਹਰ ਗੁਰਮੁਖ ਸੁਖ ਫਲ ਪ੍ਰਾਪਤ ਕਰਦਾ ਹੈ। ਦੂਜੇ ਪਾਸੇ ਝੂਠ ਦੀ ਦੁਕਾਨ ਸੰਬੰਧੀ ਵਰਣਨ ਹੈ :
ਜੇ ਕੋ ਆਪ ਗਣਾਇਕੈ
ਪਾਤਸ਼ਾਹਾ ਤੇ ਆਕੀ ਹੋਵੇ।
ਹੋਇ ਕਤਲਾਮ ਹਰਾਮਖੋਰ
ਕਾਫ ਨ ਖੱਫਣ ਚਿਤਾ ਨਾ ਟੋਵੈ।
ਟਕਸਾਲਹੁੰ ਬਾਹਰ ਘੜੈ ਖੋਟੈ ਹਾਰਾ
ਜਨਮ ਵਿਗੋਵੈ।
ਲਿਬਾਸੀ ਫੁਰਮਾਨ ਲਿਖ ਹੋਇ
ਨੁਖਸਨੀ ਅੰਝੂ ਰੋਵੈ£
ਗਿੱਦੜ ਕੀ ਕਰ ਸਾਹਿਬੀ ਬੋਲ
ਕੁਬੋਲ ਨ ਅਬਿਚਲ ਹੋਵੈ£
ਮੁਹ ਕਾਲੈ ਗੱਦਹੂੰ ਚੜੈ
ਰਾਊ ਪੜੇਵੀ ਭਰਿਆ ਹੋਵੈ£
ਦੂਜੇ ਭਾਇ ਕੁਥਾਇ ਖਲੋਵੇ£
ਇਸ ਤਰ੍ਹਾਂ ਪ੍ਰਿਥੀ ਚੰਦ ਨੇ ਵੱਖਰੀ ਗੱਦੀ ਲਾ ਕੇ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਕਰਨ ਦੇ ਯਤਨ ਕੀਤੇ, ਪਰ ਭਾਈ ਗੁਰਦਾਸ ਜੀ ਨੇ ਇਨ੍ਹਾਂ ਕੁਚਾਲਾਂ ਨੂੰ ਅਸਫ਼ਲ ਕਰਨ ਲਈ ਗੁਰੂ ਸਾਹਿਬਾਨ ਦੀ ‘ਏਕਾ ਗੁਰ ਜੋਤ’ ਨੂੰ ਪ੍ਰਵਾਨ ਕਰਕੇ ਲੋਕਾਂ ਵਿਚ ਪ੍ਰਚਾਰਿਆ ਤੇ ਪਸਾਰਿਆ। ‘ਗੁਰ ਏਕਾ ਜੋਤ’ ਸੰਬੰਧੀ ਉਹ ਬਿਆਨ ਕਰਦੇ ਹਨ :
ਅਰਜਨ ਕਾਇਆ ਪਲਟ ਕੈ
ਮੂਰਤਿ ਹਰਿਗੋਬਿੰਦ ਸਵਾਰੀ। (1-48)
ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ
ਹਰਿਗੋਬਿੰਦ ਗੋਵਿੰਦ ਗੁਰ ਕਾਰਣ ਕਰਣੇਉ। (13/25)
ਹਰਿਗੋਬਿੰਦ ਗੋਵਿੰਦ ਗੁਰ ਜੋਤਿ
ਇਕ ਦੁਇ ਨਾਵ ਧਰਾਯਾ। (24/25)
‘ਗੁਰ ਏਕਾ ਜੋਤ’ ਵਿਚ ਏਕਤਾ ਨੂੰ ਪ੍ਰਗਟਾਉਣ ਸੰਬੰਧੀ ਗੁਰਬਾਣੀ ਵਿਚ ਭੱਟਾਂ ਦੀ ਰਚਨਾ ਵਿਚ ਵੀ ਪੁਸ਼ਟੀ ਹੁੰਦੀ ਹੈ। ਵੱਖ-ਵੱਖ ਬਾਣੀਕਾਰਾਂ ਨੇ ਨਿਰੰਕਾਰ ਦੀ ਜੋਤ ਨੂੰ ਗੁਰੂ ਨਾਨਕ ਦੇਵ ਜੀ ਰਾਹੀ ਪ੍ਰਗਟਾਅ ਕੇ ਅੱਗੇ ਦੂਸਰੇ ਗੁਰੂ ਸਾਹਿਬਾਨ ਵਿਚ ਪ੍ਰਜਵਲਤ ਹੋਣ ਬਾਰੇ ਵਰਨਣ ਕੀਤੇ ਹਨ। ਭਾਵੇਂ ਏਥੇ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਕੋਈ ਉਲੇਖ ਨਹੀਂ, ਕਿਉਂਕਿ ਭੱਟਾਂ ਦੀ ਬਾਣੀ ਗੁਰੂ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਦੀ ਹੈ। ਸੋ ਭਾਈ ਗੁਰਦਾਸ ਦੇ ‘ਗੁਰੂ ਏਕਾ ਜੋਤ’ ਨੂੰ ਪਰਗਟਾਉਣ ਦਾ ਅਰਥ ਗੁਰੂ ਸਾਹਿਬਾਨ ਦੀ ਉਤਰਾਧਿਕਾਰਤਾ ਦੀ ਮਾਨਤਾ ਤੇ ਗੁਰੂ ਸੰਸਥਾ ਦੇ ਮੁਕਾਬਲੇ ਵਿਰੋਧ ਦੇ ਮਨਸੂਬਿਆਂ ਦਾ ਪਤਾ ਲੱਗਦਾ ਹੈ।
(ਅ) ਭਾਈ ਗੁਰਦਾਸ ਜੀ ਨੇ ਵਾਰਾਂ ਵਿਚ ਇਕ ਹੋਰ ਮਹੱਤਵਪੂਰਨ ਵਿਚਾਰ ਦਿੱਤਾ ਹੈ। ਕਈ ਵਿਰੋਧੀਆਂ ਵਲੋਂ ਭੋਲੇ-ਭਾਲੇ ਸਿੱਖ ਮਨਾਂ ਅੰਦਰ ਗੁਰੂ ਜੀ ਸੰਬੰਧੀ ਇਕ ਨਵੀਂ ਉਲਝਣ ਪੈਦਾ ਕੀਤੀ ਜਾ ਰਹੀ ਸੀ। ਸੰਗਤਾਂ ਮੂੰਹੋ ਮੂੰਹੀ ਤੇ ਕੰਨੋ ਕੰਨੀ ਗੁਰੂ ਨਾਨਕ ਦੇਵ ਜੀ ਦੇ ਗੁਰਗੱਦੀ ‘ਤੇ ਬਿਰਾਜਮਾਨ ਗੁਰੂ ਜੀ ਦੁਆਰਾ ਕੁੱਤੇ ਰੱਖਣੇ, ਸ਼ਿਕਾਰ ਖੇਡਣੇ, ਸੈਨਾ ਭਰਤੀ ਕਰਨੀ, ਬਾਦਸ਼ਾਹ ਨਾਲ ਰਲੇ ਫਿਰਨਾ, ਫ਼ੌਜਾਂ ਵਿਚ ਪਠਾਣਾਂ ਦੀ ਭਰਤੀ, ਬੀਬੀ ਕੌਲਾਂ ਦੇ ਸੰਬੰਧੀ ਅਟਕਲ ਪੱਚੂ ਲਾਉਣ ਬਾਰੇ ਕਈ ਤਰ੍ਹਾਂ ਦੇ ਸੰਸੇ ਸਨ :
ਧਰਮਸਾਲ ਕਰ ਬਹੀ ਦਾ
ਇੱਕਤ ਥਾਂ ਨਾ ਟਿਕੈ ਟਿਕਾਯਾ।
ਪਾਤਸ਼ਾਹ ਘਰ ਆਂਵਦੇ
ਗੜ ਚੜਿਆ ਪਤਿਸ਼ਾਹ ਚੜ੍ਹਾਯਾ।
ਉਮੱਤ ਮਹਿਲ ਨ ਪਾਂਵਦੀ
ਨਠਾ ਫਿਰੈ ਨਾ ਡਰੈ ਡਰਾਯਾ।
ਮੰਜੀ ਬਹਿ ਸੰਤੋਖ ਦਾ
ਕੁੱਤੇ ਰੱਖ ਸ਼ਿਕਾਰ ਖਿਲਾਯਾ।
ਬਾਣੀ ਕਰ ਸੁਣ ਗਾਂਵਦਾ
ਕਥੈ ਨੇ ਸੁਣੈ ਨਾ ਗਾਵ ਸੁਣਾਯਾ।
ਸੇਵਕ ਪਾਸ ਨ ਰੱਖੀਅਨ
ਦੋਖੀ ਦੁਸਟ ਆਗੂ ਮੁਹਿ ਲਾਯਾ। (ਵਾਰ 24/26)
ਭਾਈ ਗੁਰਦਾਸ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਦੇ ਇਕ ਹੋਰ ਮਹੱਤਵਪੂਰਨ ਪੱਖ ਬਾਰੇ ਚਾਨਣਾ ਪਾਉਂਦੇ ਹਨ। ਪਹਿਲੀ ਵਾਰ ਦੀ ਅਠਤਾਲੀਵੀਂ ਪਉੜੀ ਵਿਚ ਉਲੇਖ ਕਰਦੇ ਹਨ :
ਪੰਜ ਪਿਆਲੇ ਪੰਜ ਪੀਰ
ਛਠਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟ ਕੈ
ਮੂਰਤਿ ਹਰਗੋਬਿੰਦ ਸਵਾਰੀ।
ਚੱਲੀ ਪੀੜ੍ਹੀ ਸੋਢੀਆਂ
ਰੂਪ ਦਿਖਾਵਨ ਵਾਰੋ ਵਾਰੀ
ਦਲ ਭੰਜਨ ਗੁਰ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ।
ਭਾਈ ਗੁਰਦਾਸ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਵਿਚ ‘ਜੋਧਾ ਅਤੇ ਪਰਉਪਕਾਰੀ’ ਵਾਲੇ ਦੋਵੇਂ ਗੁਣ ਸਨ। ਮਹਾਂਰਾਸ਼ਟਰ ਦੇ ਸਮਰਥ ਰਾਮਦਾਸ ਨੇ ਆਪਣੀ ਹੈਰਾਨੀ ਗੁਰੂ ਜੀ ਸਾਹਮਣੇ ਪ੍ਰਗਟਾਈ ਤੇ ਕਿਹਾ ਮੈਂ ਸੁਣਿਆ ਹੈ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਉੱਤੇ ਬੈਠੇ ਹੋ। ਗੁਰੂ ਨਾਨਕ ਇਕ ਤਿਆਗੀ ਸਾਧੂ ਸੀ, ਤੁਸੀਂ ਹਥਿਆਰਬੰਦ ਹੋ। ਫ਼ੌਜਾਂ ਤੇ ਘੋੜੇ ਰੱਖੇ ਹੋਏ ਹਨ। ਸੱਚੇ ਪਾਤਸ਼ਾਹ ਅਖਵਾਉਂਦੇ ਹੋ। ਤੁਸੀਂ ਕੈਸੇ ਸਾਧੂ ਹੋ? ਗੁਰੂ ਜੀ ਦਾ ਉੱਤਰ ਸੀ-ਬਾਤਨ ਫਕੀਰੀ ਜਾਹਿਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ ਅਜੇ ਜਰਵਾਨੇ ਕੀ ਭੱਖਿਆ ਲਈ ਹਨ।
ਗੁਰੂ ਹਰਿਗੋਬਿੰਦ ਜੀ ਦਾ ‘ਵਡ ਜੋਧਾ’ ਰੂਪ ਉਨ੍ਹਾਂ ਦੇ ਸ਼ਸਤਰ ਵਿਦਿਆ ਤੇ ਯੁੱਧ ਨੀਤੀ ਵਿਚ ਨਿਪੁੰਨ ਹੋਣ ਕਰਕੇ ਹੀ ਹੈ। ਜੰਗੀ ਦਾਅ ਪੇਚਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਸਨ। ਗੁਰੂ ਹਰਿਗੋਬਿੰਦ ਜੀ ਨੂੰ ਜੀਵਨ ਵਿਚ ਚਾਰ ਮੁਖ ਜੰਗਾਂ ਤੇ ਕੁਝ ਛੋਟੀਆਂ ਮੋਟੀਆਂ ਝੜਪਾਂ ਦਾ ਸਾਹਮਣਾ ਕਰਨਾ ਪਿਆ, ਪਰ ਇਸ ਜੁਝਾਰੂ ਜੀਵਨ ਵਿਚ ਆਪ ਨੇ ਸੈਨਾ ਦੇ ਸੈਨਾਪਤੀਆਂ ਨਾਲ ਸਿੱਧਾ ਟਾਕਰਾ ਕੀਤਾ। ਪਹਿਲੀ ਜੰਗ ਵਿਚ ਮੁÎਖਲਿਸ ਖਾਂ, ਦੂਜੀ ਜੰਗ ਵਿਚ ਹਰਿਗੋਬਿੰਦ ਪੁਰ ਵਿਖੇ ਅਬਦੁਲਾ ਖਾਂ, ਕਰਮ ਚੰਦ ਤੇ ਰਤਨ ਚੰਦ, ਤੀਜੀ ਵਿਚ ਕਾਬਲੀ ਬੇਗ ਤੇ ਲੱਲਾ ਬੇਗ, ਚੌਥੀ ਜੰਗ ਵਿਚ ਪੈਂਦੇ ਖਾਂ ਨੂੰ ਮਾਰ ਮੁਕਾਇਆ। ਅਚਾਨਕ ਹੱਲਾ ਹੋ ਜਾਣ ਤੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ। ਗੁਰੂ ਹਰਿਗੋਬਿੰਦ ਨੇ ਮੁਰਦਾ ਰੂਹਾਂ ਵਿਚ ਜਾਨ ਪਾਈ ਤੇ ਜਨਤਾ ਵਿਚ ਫ਼ੌਜੀ ਅੰਸ਼ ਆਇਆ ਜਿਸ ਨੇ ਕੌਮ ਨੂੰ ਪੱਕਿਆਂ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ।
ਵੱਡ ਜੋਧਾ ਦੇ ਗੁਣ ਕਰਕੇ ਹੀ ਗੁਰੂ ਸਾਹਿਬ ਡਰ ਤੇ ਭੈਅ ਤੋਂ ਮੁਕਤ ਸਨ :
ਗੁਰ ਸਿੱਖੁ ਹਰਿਗੋਬਿੰਦ ਨ
ਲੁਕੈ ਲੁਕਾਇਆ। (20/1)
ਭਾਈ ਗੁਰਦਾਸ ਅਨੁਸਾਰ ਜਿੱਥੇ ਆਪ ਵੱਡੇ ਜੋਧਾ ਸਨ, ਉੱਥੇ ਪਰਉਪਕਾਰਤਾ ਦੀ ਸਜੀਵ ਮੂਰਤ ਸਨ। ਗੁਰੂ ਸਾਹਿਬ ਦਾ ਪੈਂਦੇ ਖਾਂ ਨੂੰ ਕਲਮਾਂ ਪੜ੍ਹਨ ਦਾ ਆਦੇਸ਼, ਗਵਾਲੀਆਂ ਦੇ ਕਿਲ੍ਹੇ ਵਿਚ ਬੰਦੀ ਰਾਜਿਆਂ ਦੀ ਰਿਹਾਈ, ਨਿਹੱਥੇ ਦੁਸ਼ਮਣ ਤੇ ਵਾਰ ਨਾ ਕਰਨਾ, ਹਰ ਸਿੱਖ ਸ਼ਰਧਾਲੂ ਨੇ ਜਦੋਂ ਵੀ ਪਰੇਮ ਨਾਲ ਯਾਦ ਕਰਨਾ, ਉੱਥੇ ਅਪੜਨਾ, ਭਾਵੇਂ ਉਹ ਸ੍ਰੀ ਨਗਰ, ਬਾਰਾਮੂਲੇ ਦਾ ਬਿਖੜਾ ਪੈਂਡਾ ਸੀ ਜਾਂ ਕੜਕਦੀ ਧੁੱਪ ਤੇ ਮਾਰੂਥਲ ਵਿਚ ਭਾਈ ਸਾਧੂ ਤੇ ਭਾਈ ਰੂਪੇ ਦਾ ਠੰਡਾ ਪਾਣੀ ਪੀਣਾ ਸੀ। ਗੁਰੂ ਘਰ ਤੋਂ ਟੁੱਟੇ ਸਿਰੀ ਚੰਦ ਨਾਲ ਮੇਲ ਜੋਲ, ਬਾਬਾ ਮੋਹਰੀ ਦੇ ਪੁੱਤਰ ਅਨੰਦ ਦਾ ਸਤਿਕਾਰ, ਮਿਹਰਬਾਨ ਨਾਲ ਚੰਗੇ ਸੰਬੰਧ ਕਾਇਮ ਕਰਨ ਲਈ ਯਤਨ ਕਰਨਾ ਉਨ੍ਹਾਂ ਦੀ ਪਰਉਪਕਾਰਤਾ ਦੇ ਗੁਣਾਂ ਕਰਕੇ ਹੀ ਸੀ। ਸ੍ਰੀ ਗੁਰੂ ਹਰਗੋਬਿੰਦ ਦੇ ਸਮੁੱਚੇ ਜੀਵਨ ਦੀ ਵਡਿਆਈ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਇਕ ਵਾਰ ਵਿਚ ਅੰਕਿਤ ਕੀਤਾ ਹੈ :
ਹਰਖਹੁੰ ਸੋਗਹੁੰ ਬਾਹਰਾ
ਹਰਣ ਸਮਰੱਥ ਸਰੰਦਾ
ਰਸ ਕਸ ਰੂਪ ਨ ਰੇਖ ਵਿਚ
ਰਾਗ ਰੰਗ ਨਿਰਲੇਪ ਰਹੰਦਾ।
ਗੋਸ਼ਟਿ ਗਿਆਨ ਅਗੋਚਰਾ
ਬੁਧਿ ਬਲ ਬਚ ਬਿਬੇਕ ਨ ਛੰਦਾ।
ਗੁਰੁ ਗੋਵਿੰਦ ਗੋਵਿੰਦ
ਗੁਰੁ ਹਰਿਗੋਵਿੰਦ ਸਦਾ ਵਿਗਸੰਦਾ।
ਅਚਰਜ ਕੋ ਅਚਰਜ ਮਿਲੈ
ਵਿਸਮਾਦੈ ਵਿਸਮਾਦ ਮਿਲੰਦਾ। (24/21)
ਗੁਰੂ ਜੀ ਹਰਖ-ਸੋਗ, ਰਸ-ਕਸ, ਰੂਪ-ਰੇਖ ਨਿਰਲੇਪ ਸਨ। ਗੋਸਟਿ ਗਿਆਨ ਦੀ ਚਰਚਾ ਤੇ ਅਗੋਚਰ ਸਨ। ਬਲ-ਬਚਨ, ਬਿਬੇਕ-ਛਲ ਉਨ੍ਹਾਂ ਦੇ ਸਾਹਮਣੇ ਹੀਣੇ ਹਨ। ਉਹ ਅਕਾਲ ਪੁਰਖ ਰੂਪ ਸਨ। ਉਨ੍ਹਾਂ ਦੀ ਸ਼ਖਸ਼ੀਅਤ ਹੀ ਐਸੀ ਸੀ ਕਿ ਸਦਾ ਪ੍ਰਸੰਨ ਚਿੱਤ ਰਹਿੰਦੇ ਸਨ। ਸੋ ਅਸੀਂ ਸਾਰ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਬਹੁ-ਪੱਖੀ ਸ਼ਖਸ਼ੀਅਤ ਨੂੰ ਉਭਾਰਨ ਵਿਚ ਸਫਲਤਾ ਹਾਸਲ ਕੀਤੀ। ਗੁਰੂ ਜੀ ਸੰਬੰਧੀ ਪਏ ਭਰਮ ਭੁਲੇਖਿਆਂ ਨੂੰ ਦੂਰ ਕਰਕੇ ‘ਗੁਰ ਏਕਾ ਜੋਤ’ ਨੂੰ ਪਰਪੱਕ ਕੀਤਾ। ਭਾਈ ਗੁਰਦਾਸ ਦੀ ਨਜ਼ਰ ਵਿਚ ਗੁਰੂ ਹਰਿਗੋਬਿੰਦ ਅਨੇਕਾਂ ਗੁਣਾਂ ਦੇ ਮਾਲਕ, ਵੱਡੇ ਜੋਧੇ ਤੇ ਪਰਉਪਕਾਰੀ ਸੂਰਮੇ ਸਨ। ਨਾਨਕ ਜੋਤ ਦਾ ਪ੍ਰਗਟਾਅ ਗੁਰੂ ਹਰਿਗੋਬਿੰਦ ਜੀ ਰਾਹੀਂ ਹੋ ਰਿਹਾ ਸੀ। ਗੁਰੂ ਸਾਹਿਬ ਦੀਨ ਦੁਨੀ ਦੇ ਪਾਤਸ਼ਾਹਾਂ ਦੇ ਪਾਤਸ਼ਾਹ ਸਨ :
ਦਸਤਗੀਰ ਹੁਇ ਪੰਜ ਪੀਰ
ਹਰਿ ਗੁਰ ਹਰਿਗੋਬਿੰਦ ਅਤੋਲਾ।
ਦੀਨ ਦੀਨੀ ਦਾ ਪਾਤਸ਼ਾਹ
ਪਾਤਸ਼ਾਹ ਪਾਤਸ਼ਾਹ ਅਡੋਲਾ। (39/3)