ਦਰਬਾਰ ਸਾਹਿਬ ਦੀ ਇਮਾਰਤ ‘ਚ ਤਬਦੀਲੀਆਂ ਕਿਉਂ?

ਦਰਬਾਰ ਸਾਹਿਬ ਦੀ ਇਮਾਰਤ ‘ਚ ਤਬਦੀਲੀਆਂ ਕਿਉਂ?

ਜਗਤਾਰ ਸਿੰਘ
ਸੀਨੀਅਰ ਪੱਤਰਕਾਰ
ਸੰਪਰਕ: 97797-11201

ਚੋਟੀ ਦੀਆਂ ਸਿੱਖ ਸੰਸਥਾਵਾਂ ਵਿਚ ਨਿਘਾਰ ਤੋਂ ਬਾਅਦ ਹੁਣ ਸ੍ਰੀ ਦਰਬਾਰ ਸਾਹਿਬ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਪਿਛਲੇ ਮਹੀਨਿਆਂ ਦੌਰਾਨ ਸਿੱਖ ਜਗਤ ਦੇ ਇਸ ਸਭ ਤੋਂ ਮੁਕੱਦਸ ਤੇ ਇਤਿਹਾਸਕ ਸਥਾਨ ਦੀ ਪਵਿੱਤਰਤਾ, ਇੱਕਸੁਰਤਾ ਤੇ ਇਕਾਗਰਤਾ ਭੰਗ ਹੋ ਰਹੀ ਹੈ; ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਸ ਸਥਾਨ ਦੀ ਸੇਵਾ ਸੰਭਾਲ ਤੇ ਪ੍ਰਬੰਧ ਲਈ ਜ਼ਿੰਮੇਵਾਰ ਹੈ। ਇਸ ਰੂਹਾਨੀ ਸਥਾਨ ਨੂੰ ਸੈਰ ਸਪਾਟੇ ਦੇ ਕੇਂਦਰ ਪੱਖੋਂ ਸੁੰਦਰ ਬਣਾਉਣ ਦੇ ਨਾਂ ਹੇਠ ਇਸ ਦੀ ਇੱਕਸੁਰਤਾ ਤੇ ਪੁਰਾਤਨ ਮੌਲਿਕਤਾ ਨੂੰ ਭੰਗ ਕੀਤਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਹਿੰਦੋਸਤਾਨ ਹੀ ਨਹੀਂ, ਸ਼ਾਇਦ ਦੁਨੀਆ ਦਾ ਇੱਕੋ-ਇੱਕ ਅਜਿਹਾ ਸਥਾਨ ਹੈ ਜਿਸ ਦੇ ਦਰਸ਼ਨ ਕਰਨ ਹਰ ਰੋਜ਼ ਸਭ ਤੋਂ ਵੱਧ ਲੋਕ ਆਉਂਦੇ ਹਨ।
ਸ੍ਰੀ ਦਰਬਾਰ ਸਾਹਿਬ ਦੀ ਅੰਦਰਲੀ ਇਮਾਰਤ ਜਾਂ ਸੱਚਖੰਡ ਸ੍ਰੀ ਹਰਿਮੰਦਰ ਦੇ ਉਸ ਹਿੱਸੇ ਵਿੱਚ ਪਿੱਛੇ ਜਿਹੇ ਕੁਝ ਨਵੇਂ ਵਾਧੇ ਕੀਤੇ ਗਏ ਹਨ ਜਿੱਥੇ ਬਹੁਤ ਹੀ ਸਖ਼ਤ ਜ਼ਰੂਰਤ ਤੋਂ ਬਿਨਾਂ ਕੋਈ ਤਬਦੀਲੀ ਨਹੀਂ ਕੀਤੀ ਜਾਣੀ ਚਾਹੀਦੀ। ਘੰਟਾ ਘਰ ਵਾਲੇ ਪਾਸੇ ਦੀ ਦੀਵਾਰ ਦੀ ਰੇਲਿੰਗ ਉੱਤੇ ਏਅਰ ਕੰਡੀਸ਼ਨਰਾਂ ਦੇ ਦੋ ਵੱਡ ਅਕਾਰੀ ਪੱਖੇ ਫਿੱਟ ਕਰ ਦਿੱਤੇ ਗਏ ਹਨ। ਜਿਹੜੇ ਅਧਿਕਾਰੀਆਂ ਨੇ ਇੱਥੇ ਇਹ ਪੱਖੇ ਲਾਉਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੂੰ ਸ਼ਾਇਦ ਸ੍ਰੀ ਦਰਬਾਰ ਸਾਹਿਬ ਦੇ ਮੂਲ ਸਿਧਾਂਤ ਅਤੇ ਇਸ ਦੇ ਰੂਹਾਨੀ ਸੁਹਜ ਦਾ ਅਹਿਸਾਸ ਹੀ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਾਲ ਇੱਕਸੁਰ ਨਾ ਹੋਣ ਕਾਰਨ ਇਹ ਪੱਖੇ ਸ਼ਰਧਾਲੂਆਂ ਦੀਆਂ ਅੱਖਾਂ ਨੂੰ ਚੁਭਦੇ ਹਨ। ਦੋਵੇਂ ਪੱਖੇ ਜਿਹੜੇ ਏਅਰ ਕੰਡੀਸ਼ਨਰਾਂ ਨਾਲ ਜੁੜੇ ਹੋਏ ਹਨ, ਉਹ ਇਮਾਰਤ ਦੇ ਅੰਦਰ ਫਿੱਟ ਕਰ ਦਿੱਤੇ ਗਏ ਹਨ ਜਿੱਥੇ ਪਹਿਲਾਂ ਹੀ ਸ਼ਰਧਾਲੂਆਂ ਲਈ ਜਗ੍ਹਾ ਕਾਫੀ ਘੱਟ ਹੈ। ਇਨ੍ਹਾਂ ਵਿੱਚੋਂ ਇੱਕ ਏਅਰ ਕੰਡੀਸ਼ਨਰ ਕੁਝ ਸਾਲ ਪਹਿਲਾਂ ਲਾਇਆ ਗਿਆ ਸੀ। ਇਹ ਉਸ ਸਮੇਂ ਲਾਇਆ ਗਿਆ ਸੀ ਜਦੋਂ ਕਿਸੇ ਨੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਲੰਗਰ ਵਿਚ ਹਫ਼ਤਾਵਾਰੀ ਮੀਨੂ ਲਾਗੂ ਕਰਨ ਦਾ ਸੁਝਾਅ ਵੀ ਦਿੱਤਾ ਸੀ। ਦੂਜਾ ਏਅਰ ਕੰਡੀਸ਼ਨਰ ਹੁਣ ਲਾਇਆ ਗਿਆ ਹੈ। ਇਮਾਰਤ ਦੀ ਰੇਲਿੰਗ ਉੱਤੇ ਪੱਖੇ ਦੂਜਾ ਏਅਰ ਕੰਡੀਸ਼ਨਰ ਲਾਉਣ ਤੋਂ ਬਾਅਦ ਫਿੱਟ ਕੀਤੇ ਗਏ ਹਨ।
ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਕਿ ਇਸ ਅੰਦਰ ਲੋਂੜੀਦੀ ਕੁਦਰਤੀ ਹਵਾ ਤੇ ਰੋਸ਼ਨੀ ਜਾਂਦੇ ਹਨ ਅਤੇ ਇਸ ਨਾਲ ਛੇੜ-ਛਾੜ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨਾਲ ਛੇੜ-ਛਾੜ ਮਰਿਯਾਦਾ ਦਾ ਮਸਲਾ ਬਣਦਾ ਹੈ ਜਾਂ ਹੀਂ ਪਰ ਇਸ ਨਾਲ ਇੱਥੋਂ ਦੇ ਆਲੇ-ਦੁਆਲੇ ਅਤੇ ਮਾਹੌਲ ਦੀ ਇੱਕਸੁਰਤਾ ਜ਼ਰੂਰ ਭੰਗ ਹੁੰਦੀ ਹੈ। ਪਿਛਲੇ ਹਫ਼ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟਾਈ। ਜੇ ਉਨ੍ਹਾਂ ਨੂੰ ਇਸ ਤਬਦੀਲੀ ਬਾਰੇ ਇਲਮ ਨਹੀਂ, ਫਿਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਕਿਸ ਨੇ ਦਿੱਤੇ? ਸ਼੍ਰੋਮਣੀ ਕਮੇਟੀ ਚੁਣਿਆ ਹੋਇਆ ਅਤੇ ਸੰਵਿਧਾਨਕ ਅਦਾਰਾ ਹੈ ਪਰ ਇਸ ਵਰਤਾਰੇ ਤੋਂ ਸਪੱਸ਼ਟ ਹੈ ਕਿ ਇਸ ਦੇ ਪ੍ਰਬੰਧ ਵਿੱਚ ਬਾਹਰੋਂ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ। ਸਿੱਖ ਜਗਤ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਕੀਤੀਆਂ ਜਾ ਰਹੀਆਂ ਇਹ ਤਬਦੀਲੀਆਂ ਅਣਜਾਣਤਾ ਵਿੱਚੋਂ ਸੁੱਤੇ-ਸਿੱਧ ਕੀਤੀਆਂ ਜਾ ਰਹੀਆਂ ਹਨ ਜਾਂ ਫਿਰ ਕਿਸੇ ਖਾਸ ਨੀਤੀ ਅਧੀਨ ਕੀਤੀਆਂ ਜਾ ਰਹੀਆਂ ਹਨ।
ਤਕਰੀਬਨ ਤਿੰਨ ਕੁ ਦਹਾਕੇ ਪਹਿਲਾਂ ਕਿਸੇ ‘ਸਿਆਣੇ’ ਸ਼ਖ਼ਸ ਦੇ ਸੁਝਾਅ ਉੱਤੇ ਸ਼੍ਰੋਮਣੀ ਕਮੇਟੀ ਨੇ ਸੀ੍ਰ ਦਰਬਾਰ ਸਾਹਿਬ ਦੀ ਇਮਾਰਤ ਦੀ ਛੱਤ ਉੱਤੇ ਪਲਾਸਟਿਕ ਦੀ ਸ਼ੀਟ ਵਿਛਾ ਦਿੱਤੀ ਸੀ ਜਿਸ ਨਾਲ ਇਸ ਦੀ ਛੱਤ ਵਿੱਚੋਂ ਬਾਹਰ ਜਾਂਦੇ ਜਲ ਕਣ ਬੰਦ ਹੋ ਗਏ ਸਨ। ਇਸ ਕਰ ਕੇ ਹੀ ਅੰਦਰ ਵਧੀ ਸਿਲ੍ਹ ਕਾਰਨ ਇਮਾਰਤ ਦੀ ਛੱਤ ਅਤੇ ਕੰਧਾਂ ਉੱਤੇ ਹੋਈ ਮੀਨਾਕਾਰੀ ਅਤੇ ਚਿੱਤਰ ਨੁਕਸਾਨੇ ਗਏ ਸਨ। ਕੁਝ ਸਮਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਸ ਦੀਆਂ ਚਾਰੇ ਕੰਧਾਂ ਉੱਤੇ ਤੇਜ਼ ਲਾਈਟਾਂ ਲਾਉਣ ਤੋਂ ਬਿਨਾ ਇੱਕ ਲਾਈਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਨੇੜੇ ਵੀ ਲਾਈ ਗਈ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਲਾਈਟਾਂ ਲਾਉਣ ਅਤੇ ਇਸ ਦੀਆਂ ਤਾਰਾਂ ਪਾਉਣ ਲਈ ਇਮਾਰਤ ਨੂੰ ਕਿੰਨਾ ਨੁਕਸਾਨ ਹੋਇਆ ਹੋਵੇਗਾ ਜਦੋਂ ਕਿ ਲੋਂੜੀਦੀ ਰੋਸ਼ਨੀ ਲਈ ਲਾਈਟ ਸਿਸਟਮ ਪਹਿਲਾਂ ਹੀ ਮੌਜੂਦ ਸੀ। ਇਥੇ ਕੀਤੀ ਤੇਜ਼ ਰੋਸ਼ਨੀ ਅੱਖਾਂ ਨੂੰ ਚੁੱਭਦੀ ਹੈ। ਦੱਸਣਯੋਗ ਹੈ ਕਿ ਪੀਟੀਸੀ ਟੀਵੀ ਚੈਨਲ ਕੋਲ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦਾ ਏਕਾਧਿਕਾਰ ਹੈ। ਹੋ ਸਕਦਾ ਹੈ, ਇਥੇ ਤੇਜ਼ ਲਾਈਟਾਂ ਇਸ ਟੀਵੀ ਪ੍ਰਸਾਰਨ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਲਾਈਆਂ ਗਈਆਂ ਹੋਣ। ਇੱਥੇ ਜਿੰਨੀਆਂ ਲਾਈਟਾਂ ਵੱਧ ਲਾਈਆਂ ਜਾ ਰਹੀਆਂ ਹਨ, ਓਨੀ ਹੀ ਵੱਧ ਤਪਸ਼ ਪੈਦਾ ਹੁੰਦੀ ਹੈ ਜਿਸ ਨੂੰ ਘਟਾਉਣ ਲਈ ਫਿਰ ਏਅਰ ਕੰਡੀਸ਼ਨਰ ਲਾਉਣੇ ਪੈਂਦੇ ਹਨ।
ਸ਼੍ਰੋਮਣੀ ਕਮੇਟੀ ਦੀਆਂ 2004 ਵਿੱਚ ਹੋਈਆਂ ਆਮ ਚੋਣਾਂ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਟੀਵੀ ਚੈਨਲ ਚਲਾਉਣ ਦੇ ਸਿੱਖ ਜਗਤ ਨਾਲ ਕੀਤੇ ਗਏ ਵਾਅਦੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸਾਰ ਹੀ ਦਿੱਤਾ ਹੈ। ਪਾਰਟੀ ਵੱਲੋਂ ਉਸ ਮੌਕੇ ਜਾਰੀ ਕੀਤੇ ਚੋਣ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ, ਆਧੁਨਿਕ ਤੇ ਰਵਾਇਤੀ ਪ੍ਰਚਾਰ ਸਾਧਨਾਂ ਦੀ ਸਹਾਇਤਾ ਨਾਲ ਸਿੱਖ ਸਿਧਾਂਤਾਂ ਤੇ ਕਦਰਾਂ-ਕੀਮਤਾਂ ਦੇ ਪ੍ਰਚਾਰ-ਪਸਾਰ ਵਿਚ ਵਾਧਾ ਕੀਤਾ ਜਾਵੇਗਾ। ਸਮੇਂ ਦੀ ਲੋੜ ਨੂੰ ਦੇਖਦੇ ਹੋਏ ਇਸ ਮਕਸਦ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਟੀਵੀ ਚੈਨਲ ਸ਼ੁਰੂ ਕੀਤਾ ਜਾਵੇਗਾ।”
ਦੱਸਣਾ ਬਣਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਫਿੱਟ ਕਰਨ ਸਮੇਂ ਵੀ ਸਿੱਖ ਜਗਤ ਵਿਚ ਬਹਿਸ ਚੱਲੀ ਸੀ ਪਰ ਉਹ ਵੱਖਰਾ ਮਾਮਲਾ ਸੀ। ਦਰਸ਼ਨੀ ਡਿਓੜੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਜਾਂਦਾ ਰਸਤਾ ਛੱਤਣ ਦੇ ਫ਼ੈਸਲੇ ਵੇਲੇ ਵੀ ਇਸ ਮੁੱਦੇ ਉੱਤੇ ਤਿੱਖੀ ਬਹਿਸ ਛਿੜੀ ਸੀ। ਸ਼ਰਧਾਲੂ ਤਾਂ ਮਈ-ਜੂਨ ਦੀ ਤਪਦੀ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਤਪ ਰਹੇ ਸੰਗਮਰਮਰ ਉੱਤੇ ਵੀ ਨੰਗੇ ਪੈਰੀਂ ਤੁਰਨ ਨੂੰ ਆਪਣਾ ਧੰਨ ਭਾਗ ਸਮਝਦੇ ਹਨ, ਫਿਰ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਮਾਹੌਲ ਦੀ ਇੱਕਸੁਰਤਾ ਭੰਗ ਕਰਨ ਵਾਲੇ ਇਹ ਕੂਲਿੰਗ ਟਾਵਰ ਕਿਹੜੇ ਸ਼ਖ਼ਸਾਂ ਲਈ ਲਾਏ ਜਾ ਰਹੇ ਹਨ?
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਕੀਤੀਆਂ ਦੋ ਉਸਾਰੀਆਂ ਵਿੱਚੋਂ ਇੱਕ ਹੈ ਪਲਾਜ਼ਾ ਅਤੇ ਦੂਜੀ ਹੈ ਟਾਊਨ ਹਾਲ ਤੋਂ ਇਸ ਪਲਾਜ਼ੇ ਤੱਕ ਬਣਾਇਆ ਅਖੌਤੀ ਵਿਰਾਸਤੀ ਲਾਂਘਾ। ਇਹ ਦੋਵੇਂ ਉਸਾਰੀਆਂ ਹੁਣ ਪਿਕਨਿਕ ਸਥਾਨ ਬਣ ਚੁੱਕੇ ਹਨ ਜਿਨ੍ਹਾਂ ਦੀ ਨਾ ਇਸ ਰੂਹਾਨੀ ਸਥਾਨ ਨਾਲ ਕੋਈ ਇੱਕਸੁਰਤਾ ਹੈ ਅਤੇ ਨਾ ਸਿੱਖ ਭਵਨ ਨਿਰਮਾਣ ਕਲਾ ਨਾਲ ਕੋਈ ਵਾਹ-ਵਾਸਤਾ ਹੈ। ਇਹ ਲਾਂਘਾ ਰਾਜਸਥਾਨੀ ਇਮਾਰਤਸਾਜ਼ੀ ਦੀ ਕਲਾ ਉੱਤੇ ਆਧਾਰਿਤ ਹੈ। ਇਸ ਦੇ ਨਿਰਮਾਣ ਸਮੇਂ ਵੀ ਕਲਾ ਆਲੋਚਕਾਂ ਨੇ ਕਿਹਾ ਸੀ ਕਿ ਇਹ ਲਾਂਘਾ ਹੋਰ ਕੁਝ ਵੀ ਹੋ ਸਕਦਾ ਹੈ ਪਰ ਇਸ ਦਾ ਸਿੱਖ ਵਿਰਾਸਤ ਨਾਲ ਕੋਈ ਸਬੰਧ ਨਹੀਂ ਹੈ।
ਇਹ ਪਹਿਲੀ ਵਾਰੀ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹੋ ਜਿਹੇ ਫ਼ੈਸਲੇ ਕੀਤੇ ਹਨ ਪਰ ਇਸ ਫ਼ੈਸਲੇ ਬਾਰੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਲਮ ਨਹੀਂ ਹੈ ਕਿ ਇਹ ਹੁਕਮ ਕਿਸ ਨੇ ਦਿੱਤੇ ਹਨ ਅਤੇ ਇਹੀ ਸਭ ਤੋਂ ਗੰਭੀਰ ਮਾਮਲਾ ਹੈ। ਇਤਿਹਾਸਕ ਦੁੱਖ ਭੰਜਨੀ ਬੇਰੀ ਦੇ ਆਲੇ-ਦੁਆਲੇ ਬਣਾਇਆ ਚਬੂਤਰਾ ਪਿੱਛੇ ਜਿਹੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਰਾਇ ‘ਤੇ ਢਾਹੁਣਾ ਪਿਆ ਕਿਉਂਕਿ ਇਹ ਚਬੂਤਰਾ ਇਸ ਬੇਰੀ ਲਈ ਘਾਤਕ ਸਿੱਧ ਹੋ ਰਿਹਾ ਸੀ। ਪਤਾ ਨਹੀਂ ਕਦੋਂ ਕਿਸ ਨੇ ਇਸ ਬੇਰੀ ਸਮੇਤ ਪਰਿਕਰਮਾ ਵਿੱਚ ਮੌਜੂਦ ਇਤਿਹਾਸਕ ਦਰੱਖਤਾਂ ਦੁਆਲੇ ਨੁਕਸਾਨ ਬਾਰੇ ਬਿਨਾਂ ਸੋਚਿਆਂ ਸਮਝਿਆਂ ਇਹ ਚਬੂਤਰੇ ਬਣਵਾ ਦਿੱਤੇ ਸਨ।
ਸੰਸਥਾਵਾਂ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੀ ਕਹਾਣੀ ਬੜੀ ਲੰਬੀ ਹੈ। ਕੇਂਦਰ ਸਰਕਾਰ ਤੋਂ ਸੇਵਾ ਭੋਜ ਯੋਜਨਾ ਤਹਿਤ ਜੀਐੱਸਟੀ ਬਦਲੇ ਸਰਕਾਰੀ ਸਹਾਇਤਾ ਪ੍ਰਵਾਨ ਕਰ ਕੇ ਗੁਰੂ ਕੇ ਲੰਗਰ ਦੀ ਵਿਚਾਰਧਾਰਾ ਅਤੇ ਭਾਵਨਾ ਨੂੰ ਹੀ ਬਦਲ ਦਿੱਤਾ ਗਿਆ। ਆਪਣੇ ਰਾਜਸੀ ਆਕਾਵਾਂ ਦੇ ਕਹਿਣ ‘ਤੇ ਡੇਰਾ ਸੱਚਾ ਸੌਦਾ ਨੂੰ ਮੁਆਫ਼ੀ ਦੇਣ ਦੇ ਮੁੱਦੇ ਉੱਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਆਪਣੀ ਪੜ੍ਹਤ ਗੁਆ ਲਈ। ਸ਼੍ਰੋਮਣੀ ਕਮੇਟੀ ਵੀ ਉਸੇ ਰਾਜਸੀ ਧਿਰ ਵਲੋਂ ਚਲਾਈ ਜਾ ਰਹੀ ਹੈ ਜਿਸ ਨੇ ਸ੍ਰੀ ਅਕਾਲ ਤਖਤ ਅਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਉੱਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਦਬਾਅ ਪਾਇਆ ਸੀ।
ਸ੍ਰੀ ਦਰਬਾਰ ਸਾਹਿਬ ਸਿੱਖ ਜਗਤ ਤੇ ਸਿੱਖ ਵਿੱਚਾਰਧਾਰਾ ਦੇ ਪ੍ਰਗਟਾਓ ਦਾ ਕੇਂਦਰੀ ਧੁਰਾ ਹੈ ਜਿਸ ਵਿੱਚ ਹੁਣ ਕੀਤੇ ਜਾ ਰਹੇ ਬਦਲਾਓ ਗੰਭੀਰ ਚਿੰਤਾ ਦਾ ਵਿਸ਼ਾ ਹਨ। ਕੀ ਹੁਣ ਸਿੱਖ ਜਗਤ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਤੋਂ ਬਚਾਉਣ ਲਈ ਯੂਐੱਨਓ ਕੋਲ ਪਹੁੰਚ ਕਰਨੀ ਪਵੇਗੀ?