ਸ਼ਹੀਦੀ ਗੁਰੂ ਅਰਜਨ ਦੇਵ ਜੀ

ਸ਼ਹੀਦੀ ਗੁਰੂ ਅਰਜਨ ਦੇਵ ਜੀ

ਪ੍ਰਮਿੰਦਰ ਸਿੰਘ ‘ਪ੍ਰਵਾਨਾ’ (ਫ਼ੋਨ : 510-781-0487)

ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਤਰਜ਼ਮਾਨੀ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪਣੀ ਸ਼ਰਧਾ ਅਤੇ ਨਿਸ਼ਚਾ ਕਰਕੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਸਿੱਖ ਧਰਮ ਦਾ ਨਿਸ਼ਾਨਾ ਮਨੁੱਖ ਨੂੰ ਪੂਰਨ ਆਜ਼ਾਦੀ ਦੇਣਾ ਹੈ। ਗੁਰੁ ਨਾਨਕ ਦੇਵ ਜੀ ਨੇ ਆਪਣੇ ਕਾਲ ਵਿਚ ਉਸ ਸਮੇਂ ਪ੍ਰਚਲਿਤ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਕੁਰੀਤੀਆਂ ਦੀ ਨਿਖੇਧੀ ਕਰਕੇ, ਵਹਿਮਾਂ -ਭਰਮਾਂ ਦਾ ਵਿਰੋਧ ਕਰਕੇ ਸਹੀ ਜੀਵਨ ਜਾਚ ਸਿਖਾਈ। ਗੁਰੂ ਸਾਬਿ ਦੇ ਫਲਸਫੇ ਵਿਚ ਕੇਵਲ ਅਧਿਆਤਮਕ ਉੱਚਾਈਆਂ ਹੀ ਨਹੀਂ ਸਗੋਂ ਬੜੀ ਪ੍ਰਬਲ ਸਮਾਜੀ ਅਤੇ ਰਾਜਸੀ ਚੇਤਨਾ ਵੀ ਵਿਦਮਾਨ ਹੈ ਜੋ ਸਾਨੂੰ ਕ੍ਰਾਂਤੀਕਾਰੀ ਪਰੇਰਣਾ ਦਿੰਦੀ ਹੈ। ਇਸੇ ਕਰਕੇ ਸਿੱਖ ਧਰਮ ਦੇ ਪ੍ਰਚਾਰ ਦੀ ਵਧ ਰਹੀ ਲਹਿਰ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਸਿੱਖ ਧਰਮ ਗ੍ਰਹਿਣ ਕਰਨ ਲਈ ਪ੍ਰੇਰਿਆ। ਇਹ ਗੱਲ ਕੱਟੜ ਸ਼ਰਈ ਮੁਸਲਮਾਨਾਂ ਲਈ ਬੜੀ ਦੁਖਦਾਇਕ ਸੀ। ਜਨੂੰਨੀ ਮੁਸਲਮਾਨਾਂ ਨੇ ਜਹਾਂਗੀਰ ਦਾ ਸਾਥ ਦੇ ਕੇ ਉਸ ਨੂੰ ਅਕਬਰ ਤੋਂ ਬਾਅਦ ਰਾਜ-ਗੱਦੀ ‘ਤੇ ਬਿਠਾਇਆ ਸੀ। ਉਸ ਦੇ ਕੰਨ ਭਰੇ ਗਏ ਕਿ ਸਿੱਖੀ ਦੀ ਲਹਿਰ ਨੂੰ ਖ਼ਤਮ ਕਰਨਾ ਚਾਹੀਦਾ ਹੈ। ਪ੍ਰਿਥੀ ਚੰਦ, ਚੰਦੂ ਅਤੇ ਬੀਰਬਲ ਨੇ ਵੀ ਜਹਾਂਗੀਰ ਨੂੰ ਇਸ ਬਾਬਤ ਭੜਕਾਇਆ।
ਜਹਾਂਗੀਰ ਗੁਰੂ ਜੀ ਨਾਲ ਟੱਕਰ ਲੈਣ ਦੇ ਬਹਾਨੇ ਢੂੰਡਣ ਲੱਗਾ। ਉਸ ਨੇ ‘ਤੁਜ਼ਕ-ਏ-ਜਹਾਂਗੀਰ’ ਵਿਚ ਲਿਖਿਆ ਹੈ, ”ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿਚ ਇਕ ਅਰਜਨ ਨਾਂ ਦਾ ਹਿੰਦੂ, ਸੰਤ ਅਤੇ ਰੂਹਾਨੀ ਆਗੂ ਦੇ ਭੇਸ ਵਿਚ ਰਹਿੰਦਾ ਸੀ। ਕਈ ਸਧਾਰਨ ਸਮਝ ਦੇ ਹਿੰਦੂਆਂ ਅਤੇ ਮੂਰਖ ਮੁਸਲਮਾਨਾਂ ਨੂੰ ਉਸ ਨੇ ਆਪਣੇ ਵੱਖਰੇ ਧਰਮ ਦੇ ਢੰਗ ਤਰੀਕੇ ਅਪਨਾਉਣ ਲਈ ਨਾਲ ਜੋੜ ਲਿਆ। ਉਸ ਨੇ ਸੰਤਪੁਣੇ ਦੀ ਪਵਿੱਤਰਤਾ ਦਾ ਢੋਲ ਵਜਾਇਆ । ਉਸ ਨੂੰ ਗੁਰੂ ਅਤੇ ਸੱਚੇ ਪਾਤਿਸ਼ਾਹ ਕਿਹਾ ਜਾਂਦਾ ਸੀ। ਬਹੁਤ ਥਾਵਾਂ ਤੋਂ ਚਰਵਾਹੇ ਅਤੇ ਬੇਵਕੂਫ਼ ਉਸ ਦੇ ਪੱਕੇ ਸ਼ਰਧਾਲੂ ਬਣ ਗਏ। ਇਹ ਧੰਦਾ 3-4 ਪੀੜ੍ਹੀਆਂ ਤੋਂ ਚਲਾਇਆ ਸੀ। ਕਾਫ਼ੀ ਲੰਮੇ ਸਮੇਂ ਤੋਂ ਮੇਰੇ ਮਨ ਵਿਚ ਝੂਠ ਦੀ ਦੁਕਾਨ ਨੂੰ ਬੰਦ ਕਰਨ ਜਾਂ ਉਸ ਨੂੰ ਮੁਸਲਮਾਨ ਮੱਤ ਵਿਚ ਲਿਆਉਣ ਦਾ ਖਿਆਲ ਸੀ।”
ਕਈ ਮੁਸਲਮਾਨਾਂ ਦਾ ਅਰਜਨ ਦੇਵ ਜੀ ਦੇ ਪੈਰੋਕਾਰ ਬਣ ਜਾਣ ‘ਤੇ ਜਹਾਂਗੀਰ ਔਖਾ ਸੀ। ਉਹ ਗੁਰੂ ਜੀ ਨੂੰ ਇਸਲਾਮ ਦੇ ਦੇ ਰਾਹ ਵਿਚ ਰੁਕਾਵਟ ਸਮਝਦਾ ਸੀ। ਇਸ ਤਰ੍ਹਾਂ ਮੁਸਲਮਾਨ ਹਕੂਮਤ ਦੀ ਸਿੱਖ ਲਹਿਰ ਨਾਲ ਟੱਕਰ ਅਵੱਸ਼ ਸੀ। ਜਹਾਂਗੀਰ ਇਕੱਲਾ ਗੁਰੂ ਜੀ ਨੂੰ ਹੀ ਸ਼ਹੀਦ ਨਹੀਂ ਕਰਨਾ ਚਾਹੁੰਦਾ ਸੀ ਸਗੋਂ ਉਹ ਸਿੱਖ ਲਹਿਰ ਦੀ ਵਿਚਾਰਧਾਰਾ ਨੂੰ ਮਾਰਨਾ ਚਾਹੁੰਦਾ ਸੀ, ਜਿਸ ਨੂੰ ਉਸ ਨੇ ਝੂਠੀ ਦੁਕਾਨਦਾਰੀ ਦਾ ਨਾਂ ਦਿੱਤਾ। ਇਹ ਸਮੁੱਚੀ ਸਿੱਖ ਲਹਿਰ ‘ਤੇ ਹਮਲਾ ਸੀ, ਜੋ ਮੁਗ਼ਲ ਹਕੂਮਤ ਲਈ ਇਕ ਵੰਗਾਰ ਬਣੀ ਹੋਈ ਸੀ। ਗੁਰੂ ਜੀ ਜਾਣਦੇ ਸਨ ਕਿ ਜਿਸ ਰਾਹ ‘ਤੇ ਉਹ ਚੱਲ ਰਹੇ ਹਨ ਉਸ ਦੇ ਨਤੀਜੇ ਕੀ ਹੋਣਗੇ। ਇਸਲਾਮ ਛੱਡ ਕੇ ਹੋਰ ਧਰਮ ਅਪਨਾਉਣ ਵਾਲੇ ਲਈ ਮੌਤ ਦੀ ਸਜ਼ਾ ਸੀ। ਗੁਰੂ ਜੀ ਆਪਣੀ ਵਿਚਾਰਧਾਰਾ ਬਦਲਣ ਅਤੇ ਗੁਰੂ-ਮਰਿਆਦਾ ਦਾ ਰਾਹ ਛੱਡਣ ਲਈ ਕਦੇ ਵੀ ਤਿਆਰ ਨਹੀਂ ਸਨ ਹੋ ਸਕਦੇ । ਸਮਰੱਥ ਗੁਰੂ ਇਸ ਦੇ ਨਤੀਜਿਆਂ ਤੋਂ ਵਾਕਫ਼ ਸਨ, ਜਿਸ ਨਾਲ ਕੌਮ ਨੇ ਜ਼ੁਲਮ ਦੇ ਖ਼ਿਲਾਫ਼ ਤਿਆਰ ਹੋਣਾ ਸੀ।
ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧਦੀ ਗਈ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਬਦਲ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਰਜ਼ੋਰ ਨਾਂਹ ਕਰ ਦਿੱਤੀ। ਜਹਾਂਗੀਰ ਗੁਰੂ ਜੀ ਨੂੰ ਮੁਸਲਮਾਨ ਮੱਤ ਵਿਚ ਲਿਆਉਣਾ ਚਾਹੁੰਦਾ ਸੀ, ਤਾਂ ਜੋ ਗੁਰੂ ਜੀ ਦੇ ਪੈਰੋਕਾਰ ਵੀ ਮੁਸਲਮਾਨ ਬਣ ਜਾਣ। ਜਦ ਗੁਰੂ ਜੀ ਨੇ ਇਸਲਾਮ ਨਾ ਕਬੂਲਿਆਂ ਤਾਂ ਜਹਾਂਗੀਰ ਨੇ ਸਜ਼ਾ ਸੁਣਾ ਦਿੱਤੀ ਪਰ ਗੁਰੂ ਜੀ ਜ਼ਰਾ ਵੀ ਡੋਲੇ ਨਹੀਂ। ਗੁਰੂ ਜੀ ਜੁਰਮਾਨਾ ਅਦਾ ਕਰਕੇ ਬਚ ਸਕਦੇ ਸਨ ਜੋ ਮੌਤ ਦੀ ਸਜ਼ਾ ‘ਤੇ ਲਾਇਆ ਗਿਆ ਸੀ। ਗੁਰੂ ਜੀ ਨੇ ਕਿਹਾ ਕਿ ਮੈਂ ਤੈਨੂੰ ਧਨ ਕਿਸੇ ਕੀਮਤ ‘ਤੇ ਨਹੀਂ ਦੇ ਸਕਦਾ। ਮੈਂ ਉਸ ਅਕਾਲ ਪੁਰਖ ਨੂੰ ਮੰਨਦਾ ਹਾਂ, ਮੈਂ ਕਿਸੇ ਦੁਨਿਆਵੀ ਬਾਦਸ਼ਾਹ ਨੂੰ ਨਹੀਂ ਮੰਨਦਾ। ਇਸ ਨਾਲ ਸਿੱਖ ਲਹਿਰ ਦੀ ਹਕੂਮਤ ਵਿਰੁੱਧ ਸਿੱਧੀ ਟੱਕਰ ਹੋ ਗਈ। ਗੁਰੂ ਜੀ ਨੇ ਖੁਸਰੋ, ਜੋ ਰਾਜ-ਸੱਤਾ ਪ੍ਰਾਪਤ ਕਰਨਾ ਚਾਹੁੰਦਾ ਸੀ, ਜਿਸ ਨੇ ਜਹਾਂਗੀਰ ਦੇ ਖਿਲਾਫ਼ ਬਗ਼ਾਵਤ ਕਰ ਦਿੱਤੀ ਸੀ, ਨੂੰ ਅਸ਼ੀਰਵਾਦ ਦਿੱਤਾ ਅਤੇ ਉਸ ਦੀ ਧਨ ਮਾਲ ਨਾਲ ਵੀ ਸਹਾਇਤਾ ਕੀਤੀ। ਇਹ ਸਿੱਧੀ ਸਿਆਸੀ ਵੰਗਾਰ ਸੀ। ਗੁਰੂ ਜੀ ਨੇ ਖੁਸਰੋ ਦੇ ਰਾਜ ਗੱਦੀ ਦੇ ਦਾਅਵੇ ਨੂੰ ਠੀਕ ਸਮਝਿਆ ਸੀ।
ਖੁਸਰੋ ਨੂੰ ਪਨਾਹ ਦੇਣ ਦੇ ਬਹਾਨੇ ਹੇਠ ਜੂਨ 1606 ਵਿਚ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਰਾਜ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਇਸ ਜਗ੍ਹਾ ‘ਤੇ ਗੁਰਦੁਆਰਾ ਡੇਹਰਾ ਸਾਹਿਬ ਪਾਕਿਸਤਾਨ ਵਿਚ ਸਥਾਪਤ ਹੈ। ਗੁਰੂ ਜੀ ਨੇ ਇਹ ਜਾਣ ਲਿਆ ਸੀ ਕਿ ਸਿੱਖ ਲਹਿਰ ਨੂੰ ਅੱਗੇ ਚਲਾਉਣ ਲਈ ਹਕੂਮਤਾਂ ਨਾਲ ਟੱਕਰ ਲੈਣੀ ਹੀ ਹੋਵੇਗੀ। ਲਾਹੌਰ ਜਾਣ ਤੋਂ ਪਹਿਲਾਂ ਸਮਰੱਥ ਗੁਰੂ ਜੀ ਨੇ ਜਾਣ ਲਿਆ ਸੀ ਕਿ ਸੱਚ-ਖੰਡ ਜਾਣ ਦਾ ਵੇਲਾ ਆ ਗਿਆ ਹੈ। ਉਹਨਾਂ ਹਰਿਗੋਬਿੰਦ ਸਾਹਿਬ ਨੂੰ ਗੱਦੀ ‘ਤੇ ਬੈਠਾਉਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਮੀਆਂ ਮੀਰ ਨੂੰ ਕਿਹਾ ਕਿ ਉਹ ਇਹ ਤਸੀਹੇ ਕੌਮ ਲਈ ਮਿਸਾਲ ਪੈਦਾ ਕਰਨ ਲਈ ਜਰ ਰਹੇ ਹਨ। ਇਹ ਕੁਰਬਾਨੀ ਆਉਣ ਵਾਲੇ ਸਮੇਂ ਵਿਚ ਹਥਿਆਰਬੰਦ ਹੋਣ ਦੀ ਜ਼ਰੂਰਤ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਹਰਿਗੋਬਿੰਦ ਜੀ ਨੂੰ ਚਿਤਾਵਨੀ ਦਿੱਤੀ ਕਿ ਤਖ਼ਤ ‘ਤੇ ਹਥਿਆਰਬੰਦ ਹੋ ਕੇ ਬੈਠੋ ਅਤੇ ਵੱਧ ਤੋਂ ਵੱਧ ਫੌਜ ਰੱਖੋ।
ਇਸ ਤਰ੍ਹਾਂ ਗੁਰੂ ਜੀ ਸਿੱਖ ਧਰਮ ਨੂੰ ਸਿਖ਼ਰ ‘ਤੇ ਪਹੁੰਚਾ ਕੇ ਸ਼ਹੀਦ ਹੋਏ। ਉਨ੍ਹਾਂ ਨੇ ਰੱਬ ਦੀ ਰਜ਼ਾ ਵਿਚ ਰਹਿੰਦਿਆਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ।
”ਤੇਰਾ ਕੀਆ ਮੀਠਾ ਲਾਗੈ।।
ਹਰਿ ਨਾਮੁ ਪਦਾਰਥ ਨਾਨਕ ਮਾਂਗੇ।।”
ਉਨ੍ਹਾਂ ਲੋਕਾਈ ਦੇ ਦਰਦ ਨੂੰ ਪਿੰਡੇ ‘ਤੇ ਝੱਲਦਿਆਂ ਲਾਸਾਨੀ ਸ਼ਹਾਦਤ ਦਿੱਤੀ। ਗੁਰੂ ਜੀ ਨੇ ”ਜਉ ਤਉ ਪ੍ਰੇਮ ਖੇਲਣ ਕਾ ਚਾਊ।। ਸਿਰਿ ਧਰਿ ਤਲੀ ਗਲੀ ਮੇਰੀ ਆਊ।।” ਦ੍ਰਿੜ ਕਰ ਵਿਖਾਇਆ ਕਿ ਜੋ ਕੁਝ ਵੀ ਹੋਵੇ ਹੱਸ ਕੇ ਸਹੋ, ਭਾਣਾ ਮੰਨੋ ਪਰ ਅਸੂਲ ਨਾ ਛੱਡੋ। ਸੱਚ ਨੂੰ ਹੱਥੋਂ ਨਾ ਜਾਣ ਦਿਓ, ਜ਼ਾਲਮ ਅਤੇ ਜ਼ੁਲਮ ਦਾ ਨਾਸ਼ ਕਰੋ। ਜਿੱਲ੍ਹਤ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਉੱਚਾ ਸਮਝੋ। ਗੁਰੂ ਜੀ ਨੇ ਸੰਗਤ ਨੂੰ ਉਪਦੇਸ਼ ਮਾਤਰ ਹੀ ਨਹੀਂ ਦੱਸਿਆ ਸਗੋਂ ਦੁੱਖ-ਪੀੜਾ ਕਸ਼ਟ ਆਪ ਸਹਿ ਸਹਿ ਕੇ ਸਿੱਖਿਆ ਦਿੱਤੀ ਹੈ।
ਗੁਰੂ ਅਰਜਨ ਦੇਵ ਜੀ ਨੇ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਫਖ਼ਰ ਵਾਲਾ ਰੁਤਬਾ ਪ੍ਰਾਪਤ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜੋ ਰਾਜਸੀ ਅਤੇ ਅਧਿਆਤਮਕ ਸ਼ਕਤੀ ਦਾ ਸੁਮੇਲ ਹਨ। ਨੌਵੇਂ ਗੁਰੁ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਵਿਚ ਕੁਰਬਾਨੀ ਦਾ ਐਸਾ ਜਜਬਾ ਭਰਿਆ ਕਿ ਅਣਗਿਣਤ ਸ਼ਹੀਦਾਂ ਨੇ ਸਿੱਖੀ ਦੇ ਬੂਟੇ ਨੂੰ ਆਪਣੇ ਖ਼ੂਨ ਨਾਲ ਸਿੰਜ ਕੇ ਕੌਮ ਦੇ ਵਡਮੁੱਲੇ ਵਿਰਸੇ ਨੂੰ ਹੋਰ ਵੀ ਸ਼ਿੰਗਾਰਿਆ। ਇਨ੍ਹਾਂ ਸ਼ਹਾਦਤਾਂ ਨੇ ਜ਼ਾਲਮ ਹਕੂਮਤਾਂ ਦੇ ਥੰਮ ਹਿਲਾ ਦਿੱਤੇ। ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਆਣਖ ਅਤੇ ਸਵੈਮਾਣ ਵਾਲਾ ਜੀਵਨ ਜੀਣ ਦੀ ਜਾਚ ਸਿਖਾਈ। ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਕੌਮ ਦਾ ਪ੍ਰਣਾਮ ਹੈ।