84 ਕਤਲੇਆਮ ‘ਤੇ ਪੀਐਚ.ਡੀ. ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

84 ਕਤਲੇਆਮ ‘ਤੇ ਪੀਐਚ.ਡੀ. ਕਰਨ ਵਾਲੀ ਵਿਦਿਆਰਥਣ ਦਾ ਸਨਮਾਨ

ਸਰੀ/ਬਿਊਰੋ ਨਿਊਜ਼
ਇੰਡੀਅਨਜ਼ ਅਬਰੌਡ ਫਾਰ ਪਲੂਰਾਲਿਸਟ ਇੰਡੀਆ (ਆਈਏਪੀਆਈ) ਤੇ ਰੈਡੀਕਲ ਦੇਸੀ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ‘ਤੇ ਪੀਐਚ.ਡੀ. ਕਰਨ ਵਾਲੀ ਖੋਜਾਰਥੀ ਡਾ. ਕਮਲ ਅਰੋੜਾ ਨੂੰ ਐਕਸੀਲੈਂਸ ਐਵਾਰਡ ਨਾਲ ਸਨਮਾਨਤ ਕੀਤਾ ਹੈ। ਡਾ. ਅਰੋੜਾ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਖੋਜਾਰਥੀ ਹੈ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕਈ ਸਾਲ ਪੀੜਤ ਪਰਿਵਾਰਾਂ ਦੇ ਨਾਲ ਰਹਿੰਦਿਆਂ ਆਪਣੇ ਇਸ ਵਿਸ਼ੇ ਦਾ ਗਹਿਰਾਈ ਨਾਲ ਅਧਿਐਨ ਕੀਤਾ। ਸਮਾਗਮ ਵਿੱਚ ਆਪਣੇ ਲੈਕਚਰ ਤੇ ਆਪਣੇ ਕੰਮ ਬਾਰੇ ਸਵਾਲ ਜਵਾਬ ਦੇ ਦੌਰ ਮਗਰੋਂ ਉਨ੍ਹਾਂ ਨੂੰ ਰਿਸਰਚ ਐਕਸੀਲੈਂਸ ਐਵਾਰਡ ਨਾਲ ਸਨਮਾਨਿਆ ਗਿਆ। ਡਾ. ਅਰੋੜਾ ਨੂੰ ਇਹ ਐਵਾਰਡ ਸਿੱਖ ਕਤਲੇਆਮ ਦੀਆਂ ਯਾਦਾਂ ਨੂੰ ਸੁਰਜੀਤ ਰੱਖਣ ਤੇ ਭਾਰਤ ਦੇ ਧਰਮਨਿਰਪੱਖ ਇਤਿਹਾਸ ‘ਤੇ ਲੱਗੇ ਦਾਗ਼ ਬਾਰੇ ਵਿਸ਼ਵ ਦੀਆਂ ਅੱਖਾਂ ਖੋਲ੍ਹਣ ਲਈ ਦਿੱਤਾ ਗਿਆ ਹੈ। ਡਾ. ਅਰੋੜਾ ਨੇ ਆਪਣੇ ਸੰਬੋਧਨ ਵਿੱਚ ’84 ਦੇ ਸਿੱਖ ਕਤਲੇਆਮ ਨੂੰ ਭਾਰਤ ਵਿੱਚ ਅੱਜਕੱਲ੍ਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਨੱਕ ਹੇਠ ਧਾਰਮਿਕ ਘੱਟਗਿਣਤੀਆਂ ਖ਼ਿਲਾਫ਼ ਹੋ ਰਹੀ ਹਿੰਸਾ ਨਾਲ ਜੋੜਨ ਦਾ ਯਤਨ ਕੀਤਾ। ਉਨ੍ਹਾਂ ਹਾਜ਼ਰੀਨ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਜਬਰ ਦੇ ਕਿਸੇ ਵੀ ਰੂਪ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨ। ਖੋਜਾਰਥੀ ਡਾ. ਅਰੋੜਾ ਨੂੰ ਐਵਾਰਡ ਨਾਲ ਸਨਮਾਨਤ ਕਰਨ ਵਾਲਿਆਂ ‘ਚ ਵਿਧਾਇਕ ਰਚਨਾ ਸਿੰਘ, ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਅਮਨਦੀਪ ਸਿੰਘ, ਦਸਮੇਸ਼ ਦਰਬਾਰ ਗੁਰਦੁਆਰੇ ਦੇ ਬੁਲਾਰੇ ਗਿਆਨ ਸਿੰਘ ਗਿੱਲ, ਮੁਸਲਿਮ ਕਾਰਕੁਨ ਤੇ ‘ਅਲ ਅਮੀਨ’ ਦੇ ਪਬਲਿਸ਼ਰ ਜਾਫ਼ਰ ਭਾਮਜੀ ਤੇ ਰੈਡੀਕਲ ਦੇਸੀ ਦੇ ਸਹਿ ਬਾਨੀ ਪਰਸ਼ੋਤਮ ਦੋਸਾਂਝ ਸ਼ਾਮਲ ਹਨ। ਸਮਾਗਮ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਹਿ ਬਾਨੀ ਪ੍ਰੇਮ ਸਿੰਘ ਵਿਨਿੰਗ, ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਆਗੂ ਰਣਜੀਤ ਸਿੰਘ ਖ਼ਾਲਸਾ ਆਦਿ ਮੌਜੂਦ ਸਨ।