’84 ਸਿੱਖ ਕਤਲੇਆਮ ਕੇਸਾਂ ਲਈ ਫੂਲਕਾ ਵੱਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡਣ ਦਾ ਫੈਸਲਾ

’84 ਸਿੱਖ ਕਤਲੇਆਮ ਕੇਸਾਂ ਲਈ ਫੂਲਕਾ ਵੱਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡਣ ਦਾ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਐਚ ਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਉਹ ਅਗਲੇ ਹਫ਼ਤੇ ਅਸਤੀਫ਼ਾ ਦੇਣਗੇ।  ਉਨ੍ਹਾਂ ਨੇ ਵਿਰੋਧੀ ਧਿਰ ਦੇ ਅਗਲੇ ਨੇਤਾ ਲਈ ਪਾਰਟੀ ਹਾਈ ਕਮਾਂਡ ਨੂੰ ਤਿੰਨ ਵਿਧਾਇਕਾਂ ਦੇ ਨਾਂ ਸੁਝਾਏ ਹਨ। ਸ੍ਰੀ ਫੂਲਕਾ ਦੇ ਇਸ ਐਲਾਨ ਨਾਲ ਆਪ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਦੌੜ ਸ਼ੁਰੂ ਹੋ ਗਈ ਹੈ। ਸ੍ਰੀ ਫੂਲਕਾ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਅਗਲੇ ਨੇਤਾ ਦੇ ਅਹੁਦੇ ਲਈ ਉਨ੍ਹਾਂ ਤਿੰਨ ਨਾਵਾਂ ਕੰਵਰ ਸੰਧੂ, ਸੁਖਪਾਲ ਖਹਿਰਾ ਅਤੇ ਅਮਨ ਅਰੋੜਾ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ 1984 ਦੇ ਸਿੱਖ ਕਤਲੇਆਮ ਦਾ ਕੇਸ ਲੜਨਾ ਚਾਹੁੰਦੇ ਹਨ ਜਿਸ ਲਈ ਉਹ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਤਿਆਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬਾਰ ਕੌਂਸਲ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ ਤਾਂ ਜੋ ਭਵਿੱਖ ਵਿੱਚ ਹੋਰ ਵਕੀਲਾਂ ਨੂੰ ਅਜਿਹੀ ਦਿੱਕਤ ਨਾ ਆਵੇ।
ਚੇਤੇ ਕਰਾਇਆ ਜਾਂਦਾ ਹੈ ਕਿ ਬਾਰ ਕੌਂਸਲ ਨੇ ਬਤੌਰ ਵਕੀਲ ਉਨ੍ਹਾਂ ਦਾ ਲਾਇਸੈਂਸ ਇਸ ਕਰਕੇ ਰੱਦ ਕਰ ਦਿੱਤਾ ਸੀ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦਾ ਰੁਤਬਾ ਅਤੇ ਸਹੂਲਤਾਂ ਮੰਤਰੀ ਦੇ ਬਰਾਬਰ ਹਨ ਅਤੇ ਅਜਿਹੀ ਸੂਰਤ ਵਿੱਚ ਉਹ ਦੋ ਪੇਸ਼ੇ ਨਹੀਂ ਅਪਣਾ ਸਕਦੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਮਿਲੇ ਕੈਬਨਿਟ ਮੰਤਰੀ ਦੇ ਰੈਂਕ ਨਾਲੋਂ ਉਹ ਬੇਕਸੂਰ ਮਾਰੇ ਗਏ ਹਜ਼ਾਰਾਂ ਸਿੱਖਾਂ ਦੀ ਲੜਾਈ ਲੜਣ ਨੂੰ ਪਹਿਲ ਦੇਣਗੇ। ਆਪ ਆਗੂ ਨੇ ਸਪਸ਼ਟ ਕੀਤਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਮਜਬੂਰੀ ਵੱਸ ਅਸਤੀਫ਼ਾ ਦੇ ਰਹੇ ਹਨ। ਇਸੇ ਦੌਰਾਨ ‘ਆਪ’ ਦੇ ਉੱਚ ਪੱਧਰੀ ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਵਿਧਾਇਕਾਂ ਵਿਚ ਫੂਲਕਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਾਖ਼ੁਸ਼ੀ ਸੀ।
ਫੂਲਕਾ ਦੇ ਫੈਸਲੇ ਮਗਰੋਂ ਇਸ ਅਹੁਦੇ ਲਈ ਪੰਜਾਬ ਅਤੇ ਦਿੱਲੀ ਦੀ ਲੌਬੀ ਵਿਚਾਲੇ ਸਰਗਰਮੀ ਤੇਜ਼ ਹੋ ਗਈ ਹੈ। ਦਿੱਲੀ ਲੌਬੀ ਸਿਮਰਜੀਤ ਸਿੰਘ ਬੈਂਸ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਚਾਹੁੰਦੀ ਹੈ। ਸ੍ਰੀ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਲੋਕ ਇਨਸਾਫ਼ ਪਾਰਟੀ ਨਾਲ ਸਬੰਧਤ ਹਨ, ਜੋ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਭਾਈਵਾਲ ਹੈ। ਦਿੱਲੀ ਦੇ ਆਗੂ ਸ੍ਰੀ ਬੈਂਸ ਨੂੰ ਲੋਕ ਇਨਸਾਫ ਪਾਰਟੀ ‘ਆਪ’ ਵਿੱਚ ਰਲਾਉਣ ਲਈ ਜ਼ੋਰ ਪਾ ਰਹੇ ਹਨ। ਉਨ੍ਹਾਂ ਦੀ ਪਾਰਟੀ ਦਾ ਰਲੇਵਾਂ ਆਸਾਨ ਹੈ ਕਿਉਂਕਿ ਨੇਮਾਂ ਅਨੁਸਾਰ ਕਿਸੇ ਵੀ ਪਾਰਟੀ ਦੇ 50 ਫੀਸਦੀ ਵਿਧਾਇਕ ਮਿਲ ਕੇ ਵੱਖਰੀ ਪਾਰਟੀ ਬਣਾ ਸਕਦੇ ਹਨ। ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਹਨ। ਅਮਨ ਅਰੋੜਾ ਜੋ ‘ਆਪ’ ਦੇ ਮੀਤ ਪ੍ਰਧਾਨ ਹਨ, ਦਿੱਲੀ ਦੇ ਆਗੂਆਂ ਦੀ ਇਸ ਅਹੁਦੇ ਲਈ ਦੂਜੀ ਪਸੰਦ ਹਨ। ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਇਸ ਦੌੜ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਹਿੰਮ ਚਲਾਈ ਗਈ ਸੀ ਪਰ ਉਹ ਆਪਣੀ ਪਾਰਟੀ ਨੂੰ ‘ਆਪ’ ਵਿੱਚ ਨਹੀਂ ਰਲਾਉਣਗੇ ਤੇ ਆਪਣੀ ਖ਼ੁਦਮੁਖ਼ਤਾਰੀ ਕਾਇਮ ਰੱਖਣਗੇ। ਉਨ੍ਹਾਂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਦਿੱਲੀ ਲੌਬੀ ਉਨ੍ਹਾਂ ‘ਤੇ ਇਹ ਤਜਵੀਜ਼ ਸਵੀਕਾਰਨ ਲਈ ਦਬਾਅ ਪਾ ਰਹੀ ਹੈ ਕਿਉਂਕਿ ਉਹ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਇਹ ਅਹੁਦਾ ਦਿੱਤੇ ਜਾਣ ਦੇ ਹੱਕ ਵਿੱਚ ਨਹੀਂ।