ਕਿਤਾਬ ਬਾਰੇ ਅਕਾਦਮਿਕ ਬਹਿਸ ਹੋਵੇ, ਸਿਆਸਤ ਨਹੀਂ

ਕਿਤਾਬ ਬਾਰੇ ਅਕਾਦਮਿਕ ਬਹਿਸ ਹੋਵੇ, ਸਿਆਸਤ ਨਹੀਂ

ਕੁਲਜੀਤ ਬੈਂਸ
ਪੰਜਾਬ ਸਕੂਲ ਸਿੱਖਿਆ ਸਕੂਲ ਬੋਰਡ ਨੇ 12ਵੀਂ ਜਮਾਤ ਲਈ ਇਤਿਹਾਸ ਦੀ ਨਵੀਂ ਕਿਤਾਬ ਤਿਆਰ ਕੀਤੀ ਹੈ। 11ਵੀਂ ਜਮਾਤ ਬਾਰੇ ਇੱਕ ਹੋਰ ਕਿਤਾਬ ਹੁਣ ਅੰਤਿਮ ਪੜਾਅ ਉੱਤੇ ਹੈ। ਕਈ ਸਿਆਸੀ ਪਾਰਟੀਆਂ ਅਤੇ ਕੁੱਝ ਸਿੱਖ ਵਿਦਵਾਨ ਸਾਨੂੰ ਇਹ ਜਚਾ ਰਹੇ ਹਨ ਕਿ ਸਮੁੱਚੀ ਸਿੱਖ ਪਛਾਣ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ, ਕਿਉਂਕਿ ਸਾਜ਼ਿਸ਼ ਇਹ ਘੜੀ ਜਾ ਰਹੀ ਹੈ ਕਿ ਬੱਚੇ ਸਿੱਖ ਇਤਿਹਾਸ ਅਤੇ ਇਸ ਦੀਆਂ ਸ਼ਾਨਦਾਰ ਰਵਾਇਤਾਂ ਬਾਬਤ ਹੀ ਨਾ ਪੜ੍ਹ ਸਕਣ। ਜੇ ਇਹ ਦੋਸ਼ ਸੱਚਮੁੱਚ ਸਹੀ ਹਨ ਤਾਂ ਇਹ ਬੜਾ ਗੰਭੀਰ ਮਸਲਾ ਬਣਦਾ ਹੈ। ਉਂਜ, ਇਨ੍ਹਾਂ ਦੋਸ਼ਾਂ ਦੀ ਪੁਣਛਾਣ ਦੀ ਸਖ਼ਤ ਲੋੜ ਹੈ।
ਸੂਬਾ ਸਰਕਾਰ ਨੇ ਇਸ ਸਬੰਧੀ ਆਪਣੇ ਕੁਝ ਤਰਕ ਦੇਣ ਦਾ ਯਤਨ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤੇ ਦਲੀਲਪੂਰਨ ਵੀ ਜਾਪਦੇ ਹਨ ਹਾਲਾਂਕਿ ਇਨ੍ਹਾਂ ਦਾਅਵਿਆਂ ਦੀਆਂ ਹਕੀਕਤਾਂ ਵੀ ਅਜੇ ਸਾਬਤ ਹੋਣੀਆਂ ਬਾਕੀ ਹਨ। 11ਵੀਂ ਜਮਾਤ ਦੇ ਕਿਤਾਬ ਦੇ ਵੇਰਵੇ ਅਜੇ ਲੋਕਾਂ ਤੱਕ ਪੁੱਜਣੇ ਹਨ। ਨਵੀਆਂ ਕਿਤਾਬਾਂ ਛਾਪਣ ਬਾਰੇ ਸਭ ਤੋਂ ਅਹਿਮ ਦਲੀਲ ਇਹ ਹੈ ਕਿ ਅਜੇ ਤੱਕ ਅਜਿਹੀ ਕੋਈ ਸਮੱਗਰੀ ਹੈ ਨਹੀਂ ਸੀ ਜਿਸ ਤੋਂ ਵਿਦਿਆਰਥੀਆਂ ਦੀ ਉਮਰ, ਉਨ੍ਹਾਂ ਉੱਤੇ ਸਮੁੱਚੇ ਪੜ੍ਹਾਈ ਦੇ ਦਾਬੇ ਅਤੇ ਵਿਸ਼ਾਲ ਅਕਾਦਮਿਕ ਆਸਾਂ ਬਾਰੇ ਕਮੇਟੀ ਕੋਈ ਅੰਦਾਜ਼ਾ ਲਾ ਸਕਦੀ। ਸਿਰਫ਼ ਪ੍ਰਾਈਵੇਟ ਪ੍ਰਕਾਸ਼ਕ ਹੀ ਗ਼ੈਰ-ਮਿਆਰੀ ਕਿਤਾਬਾਂ ਤਿਆਰ ਕਰ ਰਹੇ ਸਨ ਅਤੇ ਉਹ ਕਿਸੇ ਅੱਗੇ ਜਵਾਬਦੇਹ ਵੀ ਨਹੀਂ ਸਨ।
ਕਿਸੇ ਸਕੂਲ ਵੱਲੋਂ ਕੋਈ ਖ਼ਾਸ ਕਿਤਾਬ ਤਜਵੀਜ਼ ਕਰਨਾ, ਸਬੰਧਤ ਸਕੂਲ ਅਤੇ ਪ੍ਰਕਾਸ਼ਕ ਵਿਚਕਾਰ ਸਮਝੌਤੇ ਉੱਤੇ ਹੀ ਨਿਰਭਰ ਕਰਦਾ ਸੀ। ਅਜਿਹੀ ਕੋਈ ਅਥਾਰਿਟੀ ਨਹੀਂ ਸੀ ਜਿਹੜੀ ਇਨ੍ਹਾਂ ਪਾਠ ਪੁਸਤਕਾਂ ਨੂੰ ਮਨਜ਼ੂਰੀ ਦੇ ਸਕਦੀ। ਦਰਅਸਲ, ਕਿਤਾਬ ਖ਼ਿਲਾਫ਼ ਮੌਜੂਦਾ ਰੌਲਾ-ਰੱਪਾ ਪ੍ਰਕਾਸ਼ਕ ਦੇ ਨਫ਼ੇ ਦੀ ਆਲ੍ਹਾ ਮਿਸਾਲ ਹੈ। ਇਹ ਕਿਤਾਬ ਕਿਉਂਕਿ ਸਕੂਲ ਬੋਰਡ ਨੇ ਤਿਆਰ ਕੀਤੀ ਹੈ, ਇਹ ਪੁਣਛਾਣ ਦੇ ਘੇਰੇ ਵਿੱਚ ਆ ਗਈ ਹੈ, ਤੇ ਅਸੀਂ ਸਭ ਜਾਣਦੇ ਹਾਂ ਕਿ ਖਿਚਾਈ ਕਿਸ ਦੀ ਹੋਣੀ ਹੈ। ਅਸੀਂ ਇਹ ਤੱਥ ਵੀ ਦਰਕਿਨਾਰ ਨਹੀਂ ਕਰ ਸਕਦੇ ਕਿ ਮੌਜੂਦਾ ਰੌਲੇ-ਰੱਪੇ ਪਿੱਛੇ ਕਾਰੋਬਾਰੀ ਹਿਤ ਕੰਮ ਕਰਦੇ ਹੋ ਸਕਦੇ ਹਨ।
ਅਸੀਂ ਜਾਣਦੇ ਹਾਂ ਕਿ 10ਵੀ ਤੋਂ 12ਵੀਂ ਜਮਾਤ ਤੱਕ ਸਿੱਖ ਅਤੇ ਪੰਜਾਬ ਦੇ ਇਤਿਹਾਸ ਬਾਰੇ 10 ਤੋਂ ਵਧੇਰੇ ਅਧਿਆਇ ਹਨ। ਕੋਈ ਆਲੋਚਕ ਇਸ ਨਤੀਜੇ ਉੱਤੇ ਕਿਵੇਂ ਪੁੱਜਿਆ ਕਿ ਸਿੱਖ ਇਤਿਹਾਸ ਬਾਰੇ 10 ਨਹੀਂ, 23 ਜਾਂ 30 ਅਧਿਆਇ ਤਸੱਲੀਬਖ਼ਸ਼ ਹੋਣਗੇ? ਜਿੱਥੋਂ ਤੱਕ 12ਵੀਂ ਜਮਾਤ ਨੂੰ ਪੜ੍ਹਾਏ ਜਾਣ ਦਾ ਸਬੰਧ ਹੈ, ਤੱਥ ਇਹ ਹੈ ਕਿ ਵਿਦਿਆਰਥੀਆਂ ਨੂੰ ਸਰਬ-ਭਾਰਤੀ ਸਿਲੇਬਸ ਤਹਿਤ ਵੱਖ ਵੱਖ ਪ੍ਰਵੇਸ਼ ਜਾਂ ਚੋਣ ਇਮਤਿਹਾਨ ਦੇਣੇ ਪੈਂਦੇ ਹਨ। ਇਹ ਇਕੱਲੇ ਇਤਿਹਾਸ ਦਾ ਨਹੀਂ, ਸਾਰੇ ਵਿਸ਼ਿਆਂ ਦਾ ਮਸਲਾ ਹੈ। ਸਾਰੇ ਵਿਸ਼ਿਆਂ ਦੇ ਪ੍ਰਸੰਗ ਵਿੱਚ, ਕਿਸੇ ਖਾਸ ਵਿਸ਼ੇ ਦੇ ਵਿਦਿਆਰਥੀ ਉੱਤੇ ਪੈ ਰਹੇ ਭਾਰ ਬਾਰੇ ਵੀ ਵਿਚਾਰ ਕਰਨਾ ਹੋਵੇਗਾ।
ਕੁਲਜੀਤ ਬੈਂਸ
ਕੁਲਜੀਤ ਬੈਂਸ
ਜਿਹੜੀ ਗੱਲ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਹੋਣਾ ਚਾਹੀਦਾ, ਉਹ ਇਹ ਹੈ ਕਿ ਕਿਤਾਬਾਂ ਦਾ ਮਿਆਰ ਸ਼ੱਕ ਦੀ ਮਾਰ ਤੋਂ ਉੱਪਰ ਹੋਣਾ ਚਾਹੀਦਾ ਹੈ। ਤੇ ਇਹੀ ਸਰਕਾਰ ਦੀ ਜ਼ਿੰਮੇਵਾਰੀ ਹੈ। 12ਵੀਂ ਜਮਾਤ ਦੀ ਕਿਤਾਬ ਵਿੱਚ ਕੁੱਝ ਗ਼ਲਤੀਆਂ ਅਤੇ ਤਰੁੱਟੀਆਂ ਸਾਹਮਣੇ ਆਈਆਂ ਹਨ। ਸਰਕਾਰ ਨੇ ਸੰਵੇਦਨਸ਼ੀਲ ਢੰਗ ਨਾਲ ਇਨ੍ਹਾਂ ਨੂੰ ਸਵੀਕਾਰ ਵੀ ਕੀਤਾ ਹੈ। ਪਹਿਲੇ ਅਡੀਸ਼ਨਾਂ ਵਿੱਚ ਅਜਿਹੀਆਂ ਗ਼ਲਤੀਆਂ ਆਮ ਹੁੰਦੀਆਂ ਹਨ। ਅਗਲੇ ਅਡੀਸ਼ਨਾਂ ਵਿੱਚ ਇਹ ਦੂਰ ਹੋ ਸਕਦੀਆਂ ਹਨ। ਉਂਜ, ਮਸਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ, ਸਰਕਾਰ ਕਿਤਾਬ ਬਾਰੇ ਨਜ਼ਰਸਾਨੀ ਲਈ ਮਾਹਿਰਾਂ ਦੀ ਵੱਖਰੀ ਕਮੇਟੀ ਕਾਇਮ ਕਰ ਸਕਦੀ ਹੈ। ਜੇ ਅੰਤਿਕਾ ਛਾਪਣ ਵਰਗੇ ਕਿਸੇ ਫੌਰੀ ਹੱਲ ਨਾਲ ਵੀ ਨਹੀਂ ਸਰਦਾ, ਤਾਂ ਇਹ ਪ੍ਰਾਜੈਕਟ ਅਗਲੇ ਸਾਲ ਤੱਕ ਰੋਕਿਆ ਜਾ ਸਕਦਾ ਹੈ। 11ਵੀਂ ਜਮਾਤ ਦੀ ਕਿਤਾਬ ਅਜੇ ਛਪਣੀ ਹੈ, ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਕਿਤਾਬ ਛਾਪੇ ਜਾਣ ਤੋਂ ਪਹਿਲਾਂ ਇਸ ਉੱਤੇ ਗੰਭੀਰਤਾ ਨਾਲ ਨਜ਼ਰਸਾਨੀ ਕੀਤੀ ਜਾਵੇ।
ਵਿਰੋਧੀ ਧਿਰ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਸ਼ਾਮਲ ਹਨ, ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਨ੍ਹਾਂ ਵੱਲੋਂ ਵਾਰ ਵਾਰ ਇਹੀ ਕਿਹਾ ਜਾ ਰਿਹਾ ਹੈ ਕਿ 12ਵੀਂ ਜਮਾਤ ਵਿੱਚੋਂ ਸਿੱਖ ਇਤਿਹਾਸ ਹਟਾ ਦਿੱਤਾ ਗਿਆ ਹੈ; ਇਹ ਤੱਥ ਦਰਕਿਨਾਰ ਕੀਤਾ ਜਾ ਰਿਹਾ ਹੈ ਕਿ ਇਸ ਵਿਚੋਂ ਬਹੁਤਾ ਹਿੱਸਾ 11ਵੀਂ ਜਮਾਤ ਵਾਲੀ ਕਿਤਾਬ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ ਲੋਕ ਸਰਕਾਰ ਵੱਲੋਂ ‘ਗ਼ਲਤੀਆਂ’ ਮੰਨਣ ਨੂੰ ਅਧਿਆਇ ‘ਰੱਦ’ ਕਰਨ ਨਾਲ ਜੋੜ ਕੇ ਗ਼ਲਤ ਅਰਥਾਂ ਵਿੱਚ ਵੀ ਲੈ ਰਹੇ ਹਨ। ਇਸ ਸਾਰੇ ਰੌਲੇ-ਰੱਪੇ ਨਾਲ ਇਨ੍ਹਾਂ ਪਾਰਟੀਆਂ ਦਾ ਹੱਥ ਕੁਝ ਉੱਪਰ ਹੋ ਸਕਦਾ ਹੈ ਪਰ ਉਹ ਖ਼ਤਰਨਾਕ ਖੇਡ ਖੇਡ ਰਹੀਆਂ ਹਨ।
‘ਸਾਜ਼ਿਸ਼’ ਘੜਨ ਦੇ ਦੋਸ਼ ਭਰਮ ਪੈਦਾ ਕਰਨ ਵਾਲੇ ਹਨ। ਵਿਰੋਧੀ ਧਿਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੌਣ, ਕਿਸ ਨਾਲ ਸਾਜ਼ਿਸ਼ ਕਰ ਰਿਹਾ ਹੈ। ਜੇ ਆਰਐੱਸਐੱਸ (ਕੈਪਟਨ ਅਮਰਿੰਦਰ ਸਿੰਘ ਨਾਲ) ਸਾਜ਼ਿਸ਼ ਰਚ ਰਹੀ ਹੈ ਜਿਵੇਂ ਕੁਝ ਜਣੇ ਆਖ ਰਹੇ ਹਨ, ਫਿਰ ਇਸ ਪ੍ਰਸੰਗ ਵਿੱਚ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਰਾਜਪਾਲ ਦੇ ਦਰਾਂ ਉੱਤੇ ਕੀ ਕਰ ਰਹੀ ਸੀ? ਇਹ ਸਭ ਅਕਾਦਮਿਕ ਬਹਿਸ ਤੋਂ ਪਾਰ ਦੀਆਂ ਗੱਲਾਂਬਾਤਾਂ ਹਨ; ਇਹ ਨਿਰੀ ਸਿਆਸਤ ਹੈ।
ਤੱਥ ਇਹ ਹਨ ਕਿ ਸਾਰੀਆਂ ਪਾਠ ਪੁਸਤਕਾਂ ਵਿੱਚ ਸੁਧਾਈ ਦੀ ਲੋੜ ਹੈ। ਇਹ ਸੁਧਾਈ ਬਹੁਤ ਮਿਆਰੀ ਅਤੇ ਮਾਹਿਰਾਨਾ ਹੋਣੀ ਚਾਹੀਦੀ ਹੈ। ਜੇ ਸਰਕਾਰ ਨੇ ਚਲਾਵਾਂ ਕੰਮ ਕੀਤਾ ਹੈ, ਇਸ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਸੁਧਾਈ ਲਈ ਅਗਲਾ ਕਦਮ ਉਠਾਉਣਾ ਚਾਹੀਦਾ ਹੈ।