ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵਾਲਾ ਤਿਉਹਾਰ ਵਿਸਾਖੀ

ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵਾਲਾ ਤਿਉਹਾਰ ਵਿਸਾਖੀ

ਮਨਦੀਪ ਗਿੱਲ
ਪਿੰਡ ਧੜਾਕ ਕਲਾਂ, ਜਿਲ੍ਹਾ ਮੋਹਾਲੀ

ਭਾਰਤ ਦੇਸ਼ ਬਹੁ-ਭਸਾਵੀਂ ਤੇ ਬਹੁ-ਧਰਮੀ ਹੋਣ ਕਰਕੇ ਤਿੱਥ-ਤਿਉਹਾਰਾਂ ਅਤੇ ਮੇਲਿਆਂ ਦਾ ਦੇਸ ਹੈ। ਇੱਥੇ ਦੇਵੀ ਦੇਵਤਿਆਂ ਨਾਲ, ਭਗਵਾਨ ਨਾਲ ਸਬੰਧਿਤ, ਗੁਰੂਆਂ, ਪੀਰਾਂ-ਫਕੀਰਾਂ, ਰੁੱਤਾਂ ਅਤੇ ਇਤਹਾਸਿਕ ਤਰੀਕਾਂ ਨਾਲ ਅਤੇ ਆਮ ਲੋਕਾਂ ਦੇ ਜੀਵਨ ਨਾਲ ਸਬੰਧਿਤ ਅਨੇਕਾਂ ਹੀ ਤਿੱਥ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਭਾਰਤੀਆਂ ਦੀ ਜ਼ਿੰਦਗੀ ‘ਤੇ ਡੂੰਘਾ ਪ੍ਰਭਾਵ ਹੈ। ਇਹ ਸਾਰੇ ਤਿੱਥ ਤਿਉਹਾਰ ਸਾਨੂੰ ਆਪਣੇ ਪਿਛੋਕੜ ਅਤੇ ਵਿਰਾਸਤ ਨਾਲ ਜੋੜੀ ਰੱਖਦੇ ਹਨ ਜਿਨ੍ਹਾਂ ਵਿੱਚੋ ਵਿਸਾਖੀ ਦਾ ਤਿਉਹਾਰ ਵੀ ਇਕ ਮਹਤਵਪੂਰਨ ਸਥਾਨ ਰੱਖਦਾ ਹੈ । ਹੋਰਨਾਂ ਤਿਉਹਾਰਾਂ ਦੇ ਮੁਕਾਬਲੇ ਭਾਰੀ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਵਿਸਾਖੀ ਨੂੰ ਜੇਕਰ ਪੰਜਾਬੀਆਂ ਦਾ ਤਿਉਹਾਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਕਿ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਹੀ ਨਹੀਂ ਸਗੋ ਭਾਰਤ ਦੇ ਕਈ ਸੂਬਿਆਂ ਵਿੱਚ ਅਤੇ ਹੁਣ ਤਾਂ ਪੰਜਾਬੀਆਂ ਦੇ ਹੋਰਨਾਂ ਦੇਸਾਂ ਵਿੱਚ ਜਾ ਕੇ ਵੱਸਣ ਕਰਕੇ ਪੂਰੇ ਸੰਸਾਰ ਵਿੱਚ ਮਨਾਇਆ ਜਾਣ ਲੱਗਿਆਂ ਹੈ । ਇਸ ਨੂੰ ਹਰ ਧਰਮ ਦੇ ਵਰਗ ਦੁਆਰਾ ਮਨਾਇਆ ਜਾਂਦਾ ਹੈ । ਵਿਸਾਖੀ ਨਾਮ ਤੋਂ ਹੀ ਸਪੱਸਟ ਹੈ ਕਿ ਇਹ ਦੇਸੀ ਮਹੀਨੇ ਵੈਸਾਖ (ਬੈਸਾਖ ) ਵਿੱਚ ਆਉਂਦਾ ਹੈ ।ਇਹ ਵੈਸਾਖ ਦੇ ਪਹਿਲੇ ਦਿਨ ਹੀ ਮਨਾਇਆਂ ਜਾਂਦਾ ਹੈ । ਇਸ ਦੇ ਆਰੰਭ ਹੋਣ ਵਾਰੇ ਕੋਈ ਠੋਸ ਇਤਾਹਾਸਿਕ ਜਾਂ ਮਿਥਿਹਾਸਿਕ ਜਾਣਕਾਰੀ ਭਾਵੇਂ ਨਹੀਂ ਮਿਲਦੀ ਪਰ ਬਾਅਦ ਵਿੱਚ ਇਸ ਨਾਲ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਜੁੜਦੀਆਂ ਗਈਆਂ । ਇਹ ਆਮ ਮੰਨਿਆਂ ਜਾਂਦਾ ਹੈ ਕਿ ਇਹ ਆਮ ਲੋਕਾਂ ਨਾਲ ਜੁੜਿਆਂ ਹੋਇਆਂ ਤਿਉਂਹਾਰ ਹੈ । ਵਿਸਾਖ ਮਹੀਨੇ ਕਿਸਾਨ ਆਪਣੀ ਹਾੜ੍ਹੀ ਦੀ ਫ਼ਸਲ ਨੂੰ ਸੰਭਾਲਣ ਵਿੱਚ ਲੱਗੇ ਹੁੰਦੇ ਹਨ ਜਾਂ ਕਈਆਂ ਨੇ ਸੰਭਾਲ ਲਈ ਹੁੰਦੀ ਹੈ । ਕਿਸਾਨ ਆਪਣੀ ਖੜ੍ਹੀ ਜਾਂ ਘਰ ਆਈ ਸੋਨ ਰੰਗੀ ਫ਼ਸਲ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਜਾਂ ਇੰਝ ਕਹਿ ਲਵੋ ਕਿ ਖੁਸ਼ੀ ਵਿੱਚ ਖੀਵਾ ਹੋਇਆ ਫਿਰਦਾ ਹੈ । ਉਹ ਬੋਲੀਆਂ ਪਾ ਪਾ ਭੰਗੜੇ ਪਾਉਦਾ, ਨੱਚਦਾ-ਟੱਪਦਾ ਖੇਤਾਂ ਵਿੱਚ ਘੁੰਮਦਾ ਹੈ ਅਤੇ ਆਪਣੀ ਇਸ ਖੁਸ਼ੀ ਵਿੱਚ ਆਪਣੇ ਸੀਰੀ ਜਾਂ ਖੇਤ ਮਜਦੂਰ ਨੂੰ ਵੀ ਸਾਮਿਲ ਕਰ ਲੈਂਦਾ ਹੈ । ਕਿਸਾਨ ਅਤੇ ਖੇਤ ਮਜਦੂਰਾਂ ਦੀਆਂ ਹਾੜ੍ਹੀ ਦੀ ਫ਼ਸਲ ਨਾਲ ਬਹੁਤ ਸਾਰੀਆਂ ਉਮੀਦਾਂ ਜੂੜੀਆਂ ਹੁੰਦੀਆਂ ਹਨ। ਇੱਕ ਤਾਂ ਉਨ੍ਹਾਂ ਦੇ ਘਰ ਸਾਲ ਭਰ ਲਈ ਖਾਣ ਜੋਗੇ ਦਾਣੇ ਆ ਜਾਂਦੇ ਹਨ ਦੂਜਾ ਵਾਧੂ ਫ਼ਸਲ ਵੇਚ ਕੇ ਬਾਕੀ ਜਰੂਰਤਾਂ ਪੂਰੀਆਂ ਕਰਨ ਦੀ ਉਮੀਦ ਬਝਦੀ ਹੈ। ਕਿਸਾਨ ਅਤੇ ਖੇਤ ਮਜ਼ਦੂਰ ਹੀ ਜਿਆਦਾ ਖੁਸ਼ ਨਹੀ ਹੁੰਦੇ ਸਗੋ ਵਪਾਰੀ ਵਰਗ ਵੀ ਖੁਸ਼ ਹੁੰਦਾ ਹੈ । ਉਨ੍ਹਾਂ  ਨੂੰ ਆਪਣਾ ਵਿਆਜ ਅਤੇ ਮੂਲ ਵਾਪਿਸ ਮੁੜਣ ਦੀ ਖੁਸ਼ੀ ਹੂੰਦੀ ਹੈ । ਇਸ ਦਿਨ ਉਹ ਆਪਣੀਆਂ ਪੁਰਾਣੇ ਵਹੀ ਖਾਤਿਆਂ ਦਾ ਹਿਸਾਬ ਕਿਤਾਬ ਨਿਪਟਾ ਕੇ ਨਵੇਂ ਵਹੀ ਖਾਤੇ ਲਾਉਂਦੇ ਹਨ । ਇਹੀ ਪਰੰਪਰਾਂ ਹੁਣ ਬੈਕਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਵੀ ਚੱਲਦੀ ਹੈ । ਇਸ ਤਰ੍ਹਾਂ ਸਾਰੇ ਲੋਕਾਂ ਦੇ ਖੁਸ਼ ਹੋਣ ਕਰਕੇ ਇਸ ਤਿਉਹਾਰ ਵਾਲੇ ਦਿਨ ਵੱਖ-ਵੱਖ ਥਾਈਂ ਮੇਲੇ ਭਰਦੇ ਹਨ ਜਿੱਥੇ ਲੋਕ ਹੁੰਮ-ਹੁੰਮਾਂ ਕੇ ਪਹੁੰਚਦੇ ਹਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ । ਇਸ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਜੀ ਨੇ ਆਪਣੀ ਕਵਿਤਾਂ ਰਾਹੀ ਖ਼ੂਬ ਬਿਆਨ ਕੀਤਾ ਹੈ:-

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ,
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ ,
ਪੱਗ ਝੱਗਾ ਚਾਦਰਾ ਨਵਾਂ ਸਵਾਇ  ਕੇ ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ ,
ਕੱਛੇ ਮਾਰ ਵੰਝਲੀ  ਅਨੰਦ ਛਾ ਗਿਆ ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ।।

ਵਿਸਾਖੀ ਵਾਲੇ ਦਿਨ ਨਾਲ ਬਹੁਤ ਸਾਰੀਆਂ ਸਾਖ਼ੀਆਂ ਅਤੇ ਇਤਿਹਾਸਿਕ ਘਟਨਾਵਾਂ ਜੁੜੀਆ ਹਨ । ਵੱਡੀਆ ਘਟਨਾਵਾਂ ਵਿੱਚੋ ਵਿਸਾਖੀ ਵਾਲੇ ਦਿਨ 13 ਅਪ੍ਰੈਲ 1699 ਈਸਵੀ ਨੂੰ ਸਿਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲ਼ਸਾ ਪੰਥ ਦੀ ਸਾਜਨਾ ਕਰਨਾ ਹੈ  ਜਿਹੜੀ ਕਿ ਸਿੱਖ ਇਤਿਹਾਸ ਦੀ ਸੁਨਹਿਰੀ ਅੱਖਰਾਂ ਵਿੱਚ ਲਿੱਖੀ ਜਾਣ ਵਾਲੀ ਘਟਨਾ ਹੈ । ਇਸ ਦਿਨ ਗੁਰੂ ਜੀ ਨੇ ਖਾਲ਼ਸਾ ਪੰਥ ਦੀ ਸਾਜਨਾਂ ਕਰਕੇ ਸਿੱਖ ਧਰਮ ਨੂੰ ਨਾ ਕੇਵਲ ਨਿਵੇਕਲੀ ਪਹਿਚਾਣ ਦਿੱਤੀ ਸਗੋਂ ਸਿੱਖ ਧਰਮ ਵਿੱਚੋ ਜ਼ਾਤ-ਪਾਤ ਨੂੰ ਵੀ ਖ਼ਤਮ ਕੀਤਾ । ਉਨ੍ਹਾਂ ਨੇ ਪੰਜ ਸਿੱਖਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਪੰਜ ਸਿੰਘ ਸਾਹਿਬਾਨ ਬਣਾ ਦਿੱਤਾ, ਬਆਦ ਵਿੱਚ ਆਪ ਉਨ੍ਹਾਂ ਦਾ ਚੇਲਾ ਬਣ ਕੇ ਅੰਮ੍ਰਿਤ ਪਾਨ ਕੀਤਾ। ਇਸ ਤਰ੍ਹਾਂ ਗੁਰੂ ਜੀ ਨੇ ”ਆਪੇ ਗੁਰੂ ਆਪੇ ਚੇਲਾ ” ਵਰਗੀ ਅਨੋਖੀ ਰੀਤ ਚਲਾਈ। ਸਿੱਖਾਂ ਨੂੰ ਪੰਜ ਕੰਕਾਰ ਕੇਸ, ਕੜਾ, ਕੰਘਾ, ਕਛਹਿਰਾ ਅਤੇ ਕਿਰਪਾਨ , ਬਖਸ਼ੇ ਅਤੇ ਹਰ ਮਰਦ ਸਿੱਖ ਨੂੰ ਆਪਣੇ ਨਾਮ ਪਿੱਛੇ ”ਸਿੰਘ” ਅਤੇ ਔਰਤ ਨੂੰ ”ਕੌਰ” ਲਗਾਉਣ ਲਈ ਕਿਹਾ। ਗੁਰੂ ਜੀ ਨੇ ਕਮਜ਼ੋਰ ਵਰਗ ਨੂੰ ਸਿੰਘ (ਸੇਰ) ਬਣਾ ਦਿੱਤਾ ਅਤੇ ਚਿੜੀਆਂ ਨੂੰ ਬਾਜ਼ਾਂ ਨਾਲ ਲੜਨਾ ਸਿਖਾਇਆ। ਸਿੱਖਾਂ ਨੂੰ ਛੇਵੇਂ ਗੁਰੂ ਜੀ ਵਲੋਂ ਦਰਸਾਏ ਮੀਰੀ-ਪੀਰੀ ਦੇ ਸਿਧਾਂਤ ਤੇ ਚਲਦਿਆਂ ਗੁਰੂ ਜੀ ਨੇ ਭਗਤੀ ਕਰਨ ਦੇ ਨਾਲ-ਨਾਲ ਜ਼ੁਲ਼ਮ ਤੇ ਜ਼ਾਲਮ ਵਿਰੁੱਧ ਹਥਿਆਰ ਚੁੱਕਣ ਤੇ ਲੋੜਵੰਦਾਂ ਦੀ ਮਦੱਦ ਕਰਨ ਲਈ ਕਿਹਾ।

ਦੂਜੀ ਪ੍ਰਮੁੱਖ ਘਟਨਾ ਇਸੇ ਦਿਨ ਸੰਨ 1919 ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਜਲ੍ਹਿਆਂ ਵਾਲੇ ਬਾਗ਼ ਵਿਖੇ ਵਾਪਰੀ। ਇਸ ਦਿਨ ਤਿਉਹਾਰ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸਭ ਧਰਮਾਂ ਦੇ ਲੋਕ ਜਾਲਮ ਅੰਗਰੇਜ਼ ਹਾਕਮਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਜਲ੍ਹਿਆਂ ਵਾਲੇ ਬਾਗ਼ ਵਿੱਚ ਇੱਕਠੇ ਹੋਏ ਸਨ। ਅਗਰੇਜ ਸਰਕਾਰ ਦੇ ਜ਼ਾਲਮ ਅਫਸਰ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨਾਲ ਆ ਕੇ ਬਾਗ਼ ਨੂੰ ਘੇਰਾ ਪਾ ਲਿਆ ਅਤੇ ਸ਼ਾਂਤੀ ਪੂਰਵਕ ਰੋਸ ਕਰਦੇ ਨਿਹੱਥੇ ਲੋਕਾਂ ਦੇ ਇੱਕਠ ਉੱਪਰ ਬਿਨਾ ਕੋਈ ਚੇਤਾਵਨੀ ਦਿੱਤਿਆਂ ਚਾਰੋਂ ਪਾਸਿਓਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਜਿੱਥੇ ਹਜ਼ਾਰਾਂ ਹੀ ਬੇਕਸੂਰ ਲੋਕ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ। ਕੁਝ ਲੋਕਾਂ ਨੇ ਜਾਨ ਬਚਾਉਣ ਲਈ ਬਾਗ਼ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿਤੀਆਂ ਜਿਸ ਨੂੰ ਇਸ ਸਾਕੇ ਤੋਂ ਬਾਅਦ ਸ਼ਹੀਦੀ ਖੂਹ ਦਾ ਨਾਮ ਦਿਤਾ ਗਿਆ। ਅੱਜ ਵੀ ਜਲ੍ਹਿਆਂ ਵਾਲੇ ਬਾਗ਼ ਵਿੱਚ ਗੋਲੀਆਂ ਦੇ ਨਿਸਾਨ ਅਤੇ ਸਹੀਦੀ ਖੂਹ ਵਿਰਾਸਤ ਅਤੇ ਸ਼ਹੀਦੀ ਸਮਾਰਕ ਵੱਜੋਂ ਸੰਭਾਲਿਆ ਹੋਇਆ। ਇਸ ਘਟਨਾ ਨੇ ਭਾਰਤੀਆਂ ਦੇ ਮਨਾਂ ਵਿੱਚ ਅਗਰੇਜ ਸਰਕਾਰ ਵਿਰੁੱਧ ਜਬਰਦਸਤ ਰੋਹ ਨੂੰ ਪ੍ਰਚੰਡ  ਕੀਤਾ ਤੇ ਅਜ਼ਾਦੀ ਦੀ ਲਹਿਰ ਨੂੰ ਹੋਰ ਮਜਬੂਤ ਕੀਤਾ ਜਿਸ ਦੇ ਚਲਦਿਆਂ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ।

ਉਪਰਲੀਆਂ ਘਟਨਾਵਾਂ  ਕਰਕੇ ਵਿਸਾਖੀ ਦਾ ਤਿਉਹਾਰ ਸਾਡੇ ਲਈ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵਾਲਾ ਤਿਉਂਹਾਰ ਬਣ ਗਿਆ ਹੈ। ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਮੇਲੇ ਲਗਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇੱਕਠ ਹੁੰਦਾ ਹੈ ਇਸ ਥਾਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਕਾਨਫਰੰਸਾ ਕਰਦੀਆਂ ਹਨ ਅਤੇ ਰਾਗੀ-ਢਾਡੀ ਸੰਗਤਾਂ ਨੂੰ ਪੁਰਾਤਨ ਇਤਿਹਾਸ ਨਾਲ ਜੋੜਦੇ ਹਨ। ਵਿਸਾਖੀ ਦਾ ਤਿਉਂਹਾਰ ਸਾਨੂੰ ਜ਼ਾਤ-ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਰਲ- ਮਿੱਲ ਕੇ ਖੁਸ਼ੀ-ਖੁਸ਼ੀ ਮਨਾਉਣਾਂ ਚਾਹੀਦਾ ਹੈ ਅਤੇ ਸਾਝੀਵਾਲਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।

ਆਓ ਮਿਲ ਕੇ ਮਨਾਈਏ ਸਭ ਤਿਉਹਾਰਾਂ ਨੂੰ ,
ਫਿਰ ਲੁੱਟੀਏ ਰਲ-ਮਿਲ ਕੇ ਮੌਜ ਬਹਾਰਾਂ ਨੂੰ ।

ਹੋਵੇ ਈਂਦ, ਗੁਰਪੁਰਬ, ਕ੍ਰਿਸਮਸ ਜਾਂ ਦੀਵਾਲੀ ,
ਜਾਂ  ਫੇਰ ਹੋਵੇ ਕੋਈ ਵੀ ਗੱਲ ਖੁਸ਼ੀਆਂ ਵਾਲੀ ।
ਢਾਹੋ ਮਿਲ ਕੇ ਨਫ਼ਰਤ ਦੀਆਂ ਦੀਵਾਰਾਂ ਨੂੰ…

ਸਿਖਿਆ ਲਈਏ ਹਮੇਸ਼ਾਂ ਧਾਰਮਿਕ ਗ੍ਰੰਥਾਂ ਤੋਂ ,
ਦੂਰ ਰਹੀਏ ਸਮਾਜ ਵਿਰੋਧੀ ਫਿਰਕੂ ਤੱਤਾਂ ਤੋਂ ।
ਗਾਈਏ ਯੋਧਿਆਂ ਦੇ ਕਿੱਸੇ ਅਤੇ ਵਾਰਾਂ ਨੂੰ…

ਆਓ ਗਿਆਨ ਦੇ ਦੀਵੇ ‘ਮਨਦੀਪ’ ਜਗਾਈਏ ,
ਆਗਿਆਨਤਾ ਦੇ ਹਨੇਰੇ ਨੂੰ ਦੂਰ ਭਜਾਈਏ ।
ਇੱਜ਼ਤ ਦੇਈਏ ਹਮੇਸ਼ਾਂ ਨਾਰਾਂ ਨੂੰ…..
ਆਓ ਮਿਲ ਕੇ ਮਨਾਈਏ ਸਭ ਤਿਉਹਾਰਾਂ ਨੂੰ ।