ਸਮਝਦਾਰ ਦਿਮਾਗ਼ ਦੇ ਬੇਸਮਝ ਰੁਝੇਵੇਂ

ਸਮਝਦਾਰ ਦਿਮਾਗ਼ ਦੇ ਬੇਸਮਝ ਰੁਝੇਵੇਂ

ਸੁਰਜੀਤ ਸਿੰਘ ਢਿੱਲੋਂ (ਡਾ.)
(ਸੰਪਰਕ: 0175-2214547)

ਅਸੀਂ ਬੇਬੁਨਿਆਦ ਖ਼ਬਤਾਂ ਦੇ ਗ਼ੁਲਾਮ ਬਣੇ ਜਿਉਂ ਰਹੇ ਹਾਂ ਅਤੇ ਇਨ੍ਹਾਂ ਨਾਲੋਂ ਵੱਖਰੇ ਵਿਚਾਰਾਂ ਦੀ ਨਿਖੇਧੀ ਕਰਦਿਆਂ ਮਰਨ-ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਵਿਚਾਰ 1925 ‘ਚ ਬਰਟਰੰਡ ਰੱਸਲ ਨੇ ਪ੍ਰਗਟਾਏ ਸਨ ਜਿਹੜੇ ਲਗਪਗ ਇੱਕ ਸਦੀ ਗੁਜ਼ਰ ਜਾਣ ਉਪਰੰਤ ਸਾਡੇ ਉਪਰ ਅੱਜ ਵੀ ਲਾਗੂ ਹਨ। ਹਾਲਾਂਕਿ ਕਹਿਣ ਨੂੰ ਭਾਵੇਂ, ਪਿਛਲੇ 92 ਵਰ੍ਹਿਆਂ ਦੌਰਾਨ ਸੱਭਿਆਚਾਰ ਬਹੁਤ ਸਮ੍ਰਿਧ ਹੋਇਆ। ਅਜਿਹਾ ਕਿਉਂ ਹੈ?
ਦੁਨੀਆਂ ਵਿੱਚ ਜੀਵਨ ਅਲੌਕਿਕ ਚਮਤਕਾਰ ਬਣ ਕੇ ਨਹੀਂ ਸੀ ਪਧਾਰਿਆ। ਇਹ ਅੱਜ ਤੋਂ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਕੁਦਰਤੀ ਨਿਯਮਾਂ ਅਨੁਕੂਲ ਅਤੇ ਪ੍ਰਿਥਵੀ ਉਪਰ ਵਿਆਪਕ ਪ੍ਰਸਥਿਤੀਆਂ ਦਾ ਹੁੰਗਾਰਾ ਭਰਦਾ ਹੋਇਆ, ਪੁੰਗਰਿਆ ਸੀ। ਪੁੰਗਰਨ ਸਮੇਂ ਇਸ ਦੀ ਸਰਲ ਅਵਸਥਾ ਸੀ ਜਿਹੜੀ ਸਮੇਂ ਨਾਲ ਵਿਕਸਿਤ ਹੁੰਦੀ ਰਹੀ ਅਤੇ ਉਲਝਣਾਂ ‘ਚ ਘਿਰਦੀ ਰਹੀ। ਜਿਹੜੇ ਜੀਵ ਅਤੇ ਅਸੀਂ ਆਪ ਸੰਸਾਰ ਵਿੱਚ ਹਾਂ, ਅਸੀਂ ਸਭ ਪਹਿਲਾਂ ਵਿਚਰ ਚੁੱਕੇ ਜੀਵਾਂ ਤੋਂ ਵਿਕਸਿਤ ਹੋਏ ਹਾਂ, ਬਿਲਕੁਲ ਉਂਜ ਹੀ ਜਿਵੇਂ ਉਹ ਵੀ ਹੋਰ ਪਹਿਲਾਂ ਵਿਚਰੇ ਜੀਵਾਂ ਤੋਂ ਵਿਕਸਿਤ ਹੋਏ ਸਨ। ਇਸੇ ਪ੍ਰਕਾਰ ਹੁੰਦਾ ਰਿਹਾ ਸੀ ਅਤੇ ਜੀਵਾਂ ਦੀ ਸਾਧਾਰਨ ਬਣਤਰ ਜਟਿਲ ਬਣਦੀ ਰਹੀ ਸੀ। ਇਸੇ ਕਾਰਨ ਜੀਵਾਂ ਦੀ ਇੱਕ ਦੂਜੇ ਨਾਲ ਸਾਂਝ ਹੈ ਅਤੇ ਸਾਡੀ ਵੀ ਹੋਰਨਾਂ ਪ੍ਰਾਣੀਆਂ ਨਾਲ ਜੀਨਾਂ ਦੀ ਪੱਧਰ ‘ਤੇ ਸਾਂਝ ਹੈ। ਮਨੁੱਖ ਹੋ ਕੇ ਵੀ ਅਸੀਂ ਨਿਰੋਲ ਮਨੁੱਖ ਨਹੀਂ ਹਾਂ।
ਵਿਚਾਰਵਾਨਾਂ ਨੂੰ ਜੀਵਨ ਦਾ ਵਿਕਸਿਤ ਹੋਣਾ ਸੁੱਝ ਭਾਵੇਂ ਗਿਆ ਸੀ, ਪਰ ਅਜਿਹਾ ਹੋਏ ਹੋਣ ਨੂੰ ਪ੍ਰਮਾਣਾਂ ਨਾਲ ਸਿੱਧ ਡਾਰਵਿਨ ਨੇ ਕੀਤਾ। ਉਸ ਨੇ ਇਹ ਵੀ ਦਰਸਾਇਆ ਕਿ ਅਜਿਹਾ ਕਿਉਂ ਅਤੇ ਕਿਵੇਂ ਵਾਪਰਦਾ ਰਿਹਾ ਹੈ। ਇਹ ਗੱਲ 1859 ਦੀ ਹੈ। ਇਸ ਦੇ 100 ਵਰ੍ਹਿਆਂ ਉਪਰੰਤ, ਜਦੋਂ ਜੀਨ (ਡੀ.ਐੱਨ.ਏ.) ਦੇ ਕ੍ਰਿਆਵੀ ਪੱਖ ਨੂੰ ਵਾਟਸਨ ਅਤੇ ਕ੍ਰਿੱਕ ਨੇ ਰੌਸ਼ਨ ਕੀਤਾ ਤਾਂ ਜੀਵਨ ਅਤੇ ਆਪਣੇ-ਆਪ ਪ੍ਰਤੀ ਸਾਡੀ ਸੂਝ ਬਦਲੀ ਅਤੇ ਧੁਰੋਂ ਬਣੀਆਂ ਆ ਰਹੀਆਂ ਧਾਰਨਾਵਾਂ ਹੇਠ-ਉਤਾਂਹ ਹੋਈਆਂ। ਇਸ ਦੇ ਬਾਵਜੂਦ ਸਾਨੂੰ ਆਪਣੇ-ਆਪ ਬਾਰੇ ਹਾਲੇ ਵੀ ਬਹੁਤ ਕੁਝ ਸਪਸ਼ਟ ਨਹੀਂ। ਹਾਲੇ ਅਜੇ ਵੀ ਸਾਨੂੰ ਆਪਣੇ-ਆਪ ਬਾਰੇ ਬਹੁਤ ਕੁਝ ਜਾਨਣ ਦੀ ਲੋੜ ਹੈ। ਸੁਹਿਰਦ ਹੋ ਕੇ ਵੀ ਅਸੀਂ ਹੂਸ਼ ਜੰਗਲੀ ਹਰਕਤਾਂ ਕਿਉਂ ਕਰ ਰਹੇ ਹਾਂ? ਅਸੀਂ ਨਹੀਂ ਸਮਝ ਰਹੇ? ਹੋਰ ਵੀ ਬਹੁਤ ਕੁਝ ਅਸੀਂ ਨਹੀਂ ਸਮਝ ਰਹੇ: ਅਸੀਂ ਕਿਉਂ ਆਪਣੀ ਨਸਲ ਦੀ ਪੱਧਰ ‘ਤੇ ਆਤਮ-ਹੱਤਿਆ ਕਰਨ ਲਈ ਬੇਤਾਬ ਹੋ ਰਹੇ ਹਾਂ, ਅਸੀਂ ਕਿਉਂ ਅਜਿਹੇ ਹਥਿਆਰ ਬਣਾਈ ਜਾ ਰਹੇ ਹਾਂ ਜਿਹੜੇ ਸਮੁੱਚੀ ਮਾਨਵਤਾ ਲਈ ਮੌਤ ਦਾ ਪੈਗ਼ਾਮ ਹਨ? ਅਸੀਂ ਕਿਉਂ ਆਪਣੀ ਵਸੋਂ ਨੂੰ ਉਸ ਹੱਦ ਤਕ ਪਸਰਨ ਦੇ ਰਹੇ ਹਾਂ, ਜਿੱਥੇ ਜਿਊਣਾ ਤੇ ਨਰਕ ਭੋਗਣਾ ਇਕਸਮਾਨ ਹੋਣਗੇ? ਅਸੀਂ ਕਿਉਂ ਆਪਣਾ ਆਲਾ-ਦੁਆਲਾ ਅਤੇ ਹਵਾ-ਪਾਣੀ ਇਸ ਹੱਦ ਤਕ ਦੂਸ਼ਿਤ ਕਰ ਛੱਡੇ ਹਨ ਜਿਹੜੇ ਸਾਡੀ ਪਰਵਰਿਸ਼ ਕਰਨ ਦੀ ਬਜਾਏ ਸਾਡੇ ਲਈ ਘਾਤਕ ਸਿੱਧ ਹੋ ਰਹੇ ਹਨ? ਇਹੋ ਨਹੀਂ, ਨਿਰੋਲ ਸਾਡੀਆਂ ਸਰਗਰਮੀਆਂ ਕਾਰਨ ਮੌਸਮ ਅਤੇ ਰੁੱਤਾਂ ਵੀ ਬਦਲਦੇ ਜਾ ਰਹੇ ਹਨ। ਅਜਿਹਾ ਕੁਝ ਅਸੀਂ ਕਿਉਂ ਕਰੀ ਜਾ ਰਹੇ ਹਾਂ, ਅਸੀਂ ਨਹੀਂ ਸਮਝ ਰਹੇ ਅਤੇ ਅਸੀਂ ਇਹ ਵੀ ਨਹੀਂ ਸਮਝ ਰਹੇ ਕਿ ਜਿਸ ਰਾਹ ਪਏ ਅਸੀਂ ਸਰਪਟ ਦੌੜੇ ਜਾ ਰਹੇ ਹਾਂ, ਉਸ ਦੀ ਸਦੀਵੀ ਬਣੇ ਰਹਿਣਾ ਮੰਜ਼ਿਲ ਨਹੀਂ, ਉਸ ਦੀ ‘ਪਰਲੈ’ ਮੰਜ਼ਿਲ ਹੈ।
ਅਸੀਂ ਆਪਣੇ ਕੁਦਰਤੀ ਸੁਭਾਅ ਤੋਂ ਮਜਬੂਰ ਹੋ ਕੇ ਭਾਵੇਂ ਅਜਿਹੇ ਰਾਹ ਚੁਣ ਰੱਖੇ ਹਨ, ਹਾਲਾਂਕਿ ਸਾਡਾ ਸੋਚ-ਵਿਚਾਰ ਕਰਨ ਯੋਗ, ਸੂਝਵਾਨ ਦਿਮਾਗ਼ ਹੈ ਜਿਹੜਾ ਅਰਬਾਂ ਵਰ੍ਹਿਆਂ ਦੇ ਵਿਕਾਸ ਉਪਰੰਤ ਸਾਡੇ ਹਿੱਸੇ ਆਇਆ ਸੀ। ਆਪਣੇ ਇਸ ਅੰਗ ਦਾ ਸਹੀ ਉਪਯੋਗ ਅਸੀਂ ਨਹੀਂ ਕਰ ਰਹੇ। ਸਾਡੇ ‘ਚੋਂ ਬਹੁਤਿਆਂ ਦੀ ਤਾਂ ਸੋਚਣ ਦੀ ਵੀ ਆਦਤ ਨਹੀਂ। ਇਸੇ ਕਾਰਨ, ਅਸੀਂ ਲਾਈਲਗ ਬਣੇ, ਬਿਨਾਂ ਸੋਚੇ-ਸਮਝੇ, ਉਹ ਕੁਝ ਕਰਨ ਦੇ ਆਦੀ ਹਾਂ ਜੋ ਆਲੇ-ਦੁਆਲੇ ਹੋਰ ਕਰ ਰਹੇ ਹਨ। ਅਸੀਂ ਉਸੇ ਨਾਲ ਨਿਭਦੇ ਰਹਿਣ ਦੇ ਯਤਨ ਕਰਦੇ ਹਾਂ ਜੋ ਅਸੀਂ ਆਪਮੁਹਾਰੇ ਬਚਪਨ ਦੌਰਾਨ ਗ੍ਰਹਿਣ ਕਰ ਲਿਆ ਹੁੰਦਾ ਹੈ। ਸਾਨੂੰ ਨਾ ਪਰਖ ਆਧਾਰਿਤ ਗਿਆਨ ਪ੍ਰਭਾਵਿਤ ਕਰ ਰਿਹਾ ਹੈ ਅਤੇ ਨਾ ਹੀ ਤਰਕ ਜਾਂ ਦਲੀਲਾਂ। ਮਨ ਅੰਦਰ ਬਚਪਨ ਤੋਂ ਸਮਾਅ ਚੁੱਕੀਆਂ ਧਾਰਨਾਵਾਂ ਦੀ ਅਗਵਾਈ ਅਧੀਨ ਅਸੀਂ ਜਿਉਂ ਨਹੀਂ ਰਹੇ, ਸਿਰਫ਼ ਦਿਨ ਕੱਟ ਰਹੇ ਹਾਂ।
ਆਦਿਵਾਸੀ ਅਤੇ ਕਬਾਇਲੀ ਜੀਵਨ ਨੂੰ ਭਾਵੇਂ ਅਸੀਂ ਬਹੁਤ ਪਿੱਛੇ ਛੱਡ ਆਏ ਹਾਂ, ਫਿਰ ਵੀ ਸਾਡੀ ਸੋਚ ਅਤੇ ਸਮਝ ਉਸੇ ਪੱਧਰ ‘ਤੇ ਵਿਆਪਕ ਹਨ। ਅਸੀਂ ਬਾਣਾ ਬਦਲ ਲਿਆ ਹੈ, ਖਾਣ-ਪੀਣ ਬਦਲ ਲਿਆ ਹੈ, ਰਹਿਣ-ਸਹਿਣ ਬਦਲ ਲਿਆ ਹੈ, ਪਰ ਸਾਡੀ ਸੋਚ ਨਹੀਂ ਬਦਲੀ। ਪਰਾਏ ਧਾਰਮਿਕ ਵਿਚਾਰ, ਪਰਾਈਆਂ ਜ਼ਾਤਾਂ, ਪਰਾਈਆਂ ਕੌਮਾਂ, ਪਰਾਏ ਸੱਭਿਆਚਾਰਕ ਅਨੁਭਵ। ਇਹ ਸਾਡੇ ਲਈ ਪਰਾਏ ਹੀ ਨਹੀਂ, ਇਨ੍ਹਾਂ ਨੂੰ ਅਸੀਂ ਵਿਰੋਧੀ ਅਤੇ ਵੈਰੀ ਸਮਝ ਕੇ ਇਨ੍ਹਾਂ ਨਾਲ ਨਜਿੱਠਣ ਦੇ ਯਤਨ ਕਰਦੇ ਰਹਿੰਦੇ ਹਾਂ। ਆਪਣੇ-ਆਪ ‘ਚ ਵਿਸ਼ਵਾਸ ਦੀ ਘਾਟ ਹੋਣ ਕਾਰਨ ਆਪਣੇ-ਆਪ ਉਪਰ ਨਿਰਭਰ ਹੋ ਕੇ ਸਨਮਾਨ ਨਾਲ ਜਿਊਣ ਦੀ ਬਜਾਏ ਅਸੀਂ ਜੁੰਡਲੀਆਂ ‘ਚ ਜੁੜ ਕੇ ਅਤੇ ਅਣਉਚਿਤ ਢੰਗ ਅਪਣਾ ਕੇ ਸੁਆਰਥ ਪੂਰੇ ਕਰਨ ਵਿੱਚ ਨਿਪੁੰਨ ਹੁੰਦੇ ਜਾ ਰਹੇ ਹਾਂ। ਹਾਲਾਂਕਿ ਸਾਂਝੀਵਾਲਤਾ ਧਰਮ ਦਾ ਉਦੇਸ਼ ਹੈ। ਫਿਰ ਵੀ ਧਰਮ ਹੀ ਦੇ ਨਾਮ ‘ਤੇ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ, ਪੱਖਪਾਤ ਪਾਲੇ ਜਾ ਰਹੇ ਹਨ ਅਤੇ ਅਤਿਵਾਦ ਨੂੰ ਆਧਾਰ ਅਰਪਣ ਹੋ ਰਹੇ ਹਨ।
ਸਾਡੀ ਸਮੱਸਿਆ ਇਹ ਵੀ ਹੈ ਕਿ ਕੁਝ ਕੁ ਕੋਲ ਲੋੜ ਤੋਂ ਵੱਧ ਹੈ, ਇੰਨਾ ਵੱਧ ਕਿ ਉਹ ਨਹੀਂ ਜਾਣਦੇ ਕਿ ਇਸ ਦਾ ਕਿਵੇਂ ਉਪਯੋਗ ਕੀਤਾ ਜਾਵੇ। ਅਜਿਹਾ ਵਾਧੂਪਣ ਸ਼ਹਿਰ ਸ਼ਹਿਰ ਬੁਸ ਰਿਹਾ ਹੈ। ਦੂਜੇ ਬੰਨੇ, ਬਹੁਤੇ ਅਜਿਹੇ ਹਨ ਜਿਨ੍ਹਾਂ ਦੀਆਂ ਮੂਲ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਇਹ ਦੋਵੇਂ ਧਿਰਾਂ ਆਪੋ-ਆਪਣੀ ਥਾਵੇਂ ਮਾਨਸਿਕ ਪੱਧਰ ‘ਤੇ ਇਸ ਲਈ ਹੁਸੜਿਆ ਅਨੁਭਵ ਕਰ ਰਹੀਆਂ ਹਨ ਕਿਉਂਕਿ ਇਕਨਾਂ ਨੂੰ ਸਹੂਲਤਾਂ ਉਪਲੱਬਧ ਹੋਣ ਦੇ ਬਾਵਜੂਦ ਆਪਣੀਆਂ ਸੱਧਰਾਂ ਪੂਰੀਆਂ ਕਰਨ ਦੀ ਜਾਚ ਨਹੀਂ ਅਤੇ ਦੂਜਿਆਂ ਦੀਆਂ ਸੱਧਰਾਂ ਪੂਰੀਆਂ ਹੋਣ ਦੀ ਸੰਭਾਵਨਾ ਨਹੀਂ।
ਸਮਾਜਿਕ ਪ੍ਰਸਥਿਤੀਆਂ ਆਪਣੀ ਥਾਵੇਂ, ਵਿਅਕਤੀਗਤ ਪੱਧਰ ‘ਤੇ ਵੀ ਅਸੀਂ ਆਪਣੀਆਂ ਸੁਭਾਵਿਕ ਕਮਜ਼ੋਰੀਆਂ ਕਾਰਨ ਨਿੱਘਰਦੇ ਜਾ ਰਹੇ ਹਾਂ। ਅਸੀਂ ਪਰਲੇ ਦਰਜੇ ਦੇ ਚਾਪਲੂਸ ਬਣਦੇ ਜਾ ਰਹੇ ਹਾਂ। ਇਸ ਹੱਦ ਤਕ ਖੁਸ਼ਾਮਦੀ ਕਿ ਵਿਅਕਤੀ ਕੁਰਸੀ ‘ਤੇ ਬਿਰਾਜਮਾਨ ਹੋਇਆ ਨਹੀਂ ਕਿ ਅਸੀਂ ਝੱਟ ਉਸ ਦੇ ਗੋਡੇ ਛੋਹੇ ਨਹੀਂ। ਸਾਡੇ ਅਜਿਹੇ ਸੁਭਾਅ ਨੂੰ ਪ੍ਰਦਰਸ਼ਿਤ ਕਰਦੀ ਦੋ ਵਿਅਕਤੀਆਂ ਵਿਚਕਾਰ ਇੱਕ ਵਾਰਤਾਲਾਪ ਮੈਨੂੰ ਯਾਦ ਆ ਰਹੀ ਹੈ। ਸੇਵਾਮੁਕਤ ਹੋ ਚੁੱਕੇ ਇੱਕ ਵਾਈਸ ਚਾਂਸਲਰ ਨੂੰ ਉਸ ਦੇ ਕਦੀ ਸਲਾਹਕਾਰ ਰਹੇ, ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਜਦੋਂ ਉਸ ਦੀ ਸਿਹਤ ਬਾਰੇ ਪੁੱਛਿਆ ਤਾਂ ਅੱਗੋਂ ਉੱਤਰ ਮਿਲਿਆ: ”ਪਹਿਲਾਂ ਤੁਸੀਂ ਮੇਰੇ ਗੋਡੇ ਛੋਂਹਦੇ ਰਹੇ ਸੀ, ਇਹ ਨਰਮ ਰਹਿੰਦੇ ਸਨ। ਅੱਜਕੱਲ੍ਹ ਇਹ ਤੁਹਾਡੇ ਸਪਰਸ਼ ਨੂੰ ਤਾਂਘਦੇ ਹੋਏ, ਆਠਰੇ ਪਏ ਹਨ ਅਤੇ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ।”
ਅੱਜ ਸਾਡਾ ਸਮਾਜ ਗੋਡੇ ਛੁਹਾ ਰਹੇ ਅਤੇ ਛੋਹ ਰਹੇ ਵਰਗਾਂ ‘ਚ ਭਲੀ ਪ੍ਰਕਾਰ ਵੰਡਿਆ ਹੋਇਆ ਹੈ। ਕੁਝ ਹੋਰ ਕਰਨ ਦੀ ਜਾਚ ਵਿਸਰਦੀ ਜਾ ਰਹੀ ਹੈ। ਕੁਰਸੀ ‘ਤੇ ਬਿਰਾਜਮਾਨ ਬਹੁਤਿਆਂ ‘ਚੋਂ ਕਈ ਉਸ ਸਤਿਕਾਰ ਅਤੇ ਸਨਮਾਨ ਦੇ ਪਾਤਰ ਹੁੰਦੇ ਵੀ ਨਹੀਂ, ਜਿਨ੍ਹਾਂ ਨੂੰ ਅਸੀਂ ਆਪਣੇ ਵਤੀਰੇ ਦੁਆਰਾ ਜਚਾ ਦਿੰਦੇ ਹਾਂ ਕਿ ਉਹ ਇਸ ਦੇ ਯੋਗ ਪੁਰਸ਼ ਹਨ। ਫਿਰ, ਹਰ ਇੱਕ ਵਿਅਕਤੀ ਇੱਕੋ ਸਮੇਂ ਦੋ ਬੇੜੀਆਂ ‘ਚ ਸਵਾਰ ਹੈ; ਸੂਝ-ਸਮਝ ਦੀ ਬੇੜੀ ‘ਚ ਅਤੇ ਲਾਲਸਾਵਾਂ ਦੀ ਬੇੜੀ ‘ਚ। ਇਹ ਦੋਵੇਂ ਬੇੜੀਆਂ ਇੱਕ ਦੂਜੀ ਨਾਲ ਠਹਿਕਦੀਆਂ ਰਹਿੰਦੀਆਂ ਹਨ ਅਤੇ ਦੁਚਿੱਤੀਆਂ ‘ਚ ਘਿਰੇ ਅਸੀਂ ਨਾ ਇਧਰ ਦੇ ਰਹਿ ਰਹੇ ਹਾਂ, ਨਾ ਓਧਰ ਦੇ। ਮੁੱਢੋਂ ਹੀ ਅਸੀਂ ਇਨ੍ਹਾਂ ਦੋ ਪਰਸਪਰ ਵਿਰੋਧੀ ਪ੍ਰਸਥਿਤੀਆਂ ਨੂੰ ਇਕਸੁਰ ਕਰਨ ਦੇ ਯਤਨ ਕਰਦੇ ਆ ਰਹੇ ਹਾਂ। ਇਸ ਮੰਤਵ ਨਾਲ ਧਰਮ ਟਿੱਲ ਲਾ ਚੁੱਕੇ, ਫਿਲਾਸਫਰ ਸੋਚ ਥੱਕੇ ਅਤੇ ਕਲਾਕਾਰ ਉਪਰਾਲੇ ਕਰ ਬੈਠੇ, ਪਰ ਕੀਤੇ ਗਏ ਯਤਨ, ਯਤਨਾਂ ਦੀ ਹੱਦ ਨਾ ਫਲਾਂਗ ਸਕੇ। ਸੂਝ ਅਤੇ ਲਾਲਸਾਵਾਂ ਵਿਚਕਾਰ ਤਕਰਾਰ, ਪਹਿਲਾਂ ਵਾਂਗ, ਅੱਜ ਵੀ ਜਾਰੀ ਹੈ। ਜਿੱਥੇ ਸੂਝ ਸਾਨੂੰ ਭਲੇ ਜੀਵਨ ਦਾ ਰਾਹ ਦਿਖਾ ਰਹੀ ਹੈ, ਉੱਥੇ ਲਾਲਸਾਵਾਂ ਸਾਨੂੰ ਸੁਆਰਥੀ ਘੇਰੇ ‘ਚੋਂ ਬਾਹਰ ਨਹੀਂ ਆਉਣ ਦੇ ਰਹੀਆਂ। ਲਾਲਸਾਵਾਂ ਸਾਨੂੰ ਵਿਰਸੇ ‘ਚ ਮਿਲਦੀਆਂ ਹਨ। ਇਸ ਲਈ ਇਹ ਸਾਡੇ ਉਪਰ ਸਹਿਜ ਹਾਵੀ ਹੋ ਜਾਂਦੀਆਂ ਹਨ ਜਦੋਂਕਿ ਸੂਝ ਵਿਰਸੇ ‘ਚ ਨਹੀਂ ਮਿਲਦੀ, ਇਸ ਦੀ ਸਾਨੂੰ ਪਾਲਣਾ ਕਰਨੀ ਪੈਂਦੀ ਹੈ। ਕੁਆਰੀ ਸੂਝ ਨਾਲ ਮੋਹ ਪਾਲਣ ਲਈ ਇਸ ਨੂੰ ਗਿਆਨ ਦੁਆਰਾ ਟੁੰਬ-ਟੁੰਬ ਹਲੂਣਦੇ ਰਹਿਣਾ ਪੈਂਦਾ ਹੈ ਅਤੇ ਅਜਿਹਾ ਕਰਨ ਯੋਗ ਸਾਡੇ ‘ਚੋਂ ਬਹੁਤੇ ਨਹੀਂ ਹਨ। ਪ੍ਰਗਤੀ ਕਾਰਨ ਬਹੁਤੇ ਪਹਿਲਾਂ ਨਾਲੋਂ ਵਧੀਆ ਤਾਂ ਭਾਵੇਂ ਨਹੀਂ, ਪਰ ਸੁਖਾਲਾ ਜੀਵਨ ਬਿਤਾ ਰਹੇ ਹਨ। ਇਸ ਦੇ ਬਾਵਜੂਦ ਕੁਝ ਅਜਿਹੇ ਵੀ ਹਨ ਜਿਹੜੇ ਆਪਣੇ ਜੀਵਨ ਨਾਲ ਸੰਤੁਸ਼ਟ ਹਨ। ਵਿਆਪਕ ਸਥਿਤੀ ਇਹ ਹੈ ਕਿ ਜੋ ਵੀ ਜਿਸ ਕੋਲ ਹੈ, ਉਸ ਨਾਲ ਉਹ ਸੰਤੁਸ਼ਟ ਨਹੀਂ; ਉਸ ਦੀਆਂ ਅਪੂਰਨ ਸੱਧਰਾਂ ਉਸ ਨੂੰ ਵਿਗੋਚ ਦਾ ਅਨੁਭਵ ਕਰਵਾਉਂਦੀਆਂ ਨਹੀਂ ਥੱਕਦੀਆਂ। ਗ਼ਾਲਿਬ ਨੇ ਇਸ ਸਥਿਤੀ ਨੂੰ ਇਉਂ ਬਿਆਨਿਆ:
ਹਜ਼ਾਰੋਂ ਖ੍ਵਾਹਿਸ਼ੇਂ ਐਸੀ ਕਿ ਹਰ ਖ੍ਵਾਹਿਸ਼ ਪੇ ਦਮ ਨਿਕਲੇ,
ਬਹੁਤ ਨਿਕਲੇ ਮੇਰੇ ਅਰਮਾਨ, ਲੇਕਿਨ ਫਿਰ ਕੀ ਕਮ ਨਿਕਲੇ।
ਸੱਚ ਤਾਂ ਇਹ ਹੈ ਕਿ ਨਾ ਗਿਆਨ ਬਿਨਾਂ ਢੋਈ ਹੈ ਅਤੇ ਨਾ ਸਿਆਣਪ ਬਿਨਾਂ ਸੂਝ ਸੰਚਾਰੀ। ਸਾਨੂੰ ਆਪਣੇ-ਆਪ ਨੂੰ ਕਬਾਇਲੀ ਸੋਚ ਤੋਂ ਉਪਰ ਉਭਾਰਨ ਦੀ ਲੋੜ ਹੈ ਅਤੇ ਸੁਆਰਥੀ ਹਿੱਤਾਂ ਨੂੰ ਲਾਂਭੇ ਕਰਕੇ ਆਪਣੇ-ਆਪ ਨੂੰ ਸਮਝਣ ਦੀ ਲੋੜ ਹੈ। ਭਾਵਨਾਵਾਂ ਨਾ ਤਰਕ ਦਾ ਬਦਲ ਹੋ ਸਕਦੀਆਂ ਹਨ ਅਤੇ ਨਾ ਸੂਝ-ਸਮਝ ਦਾ। ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਮਾਨਵ ਹਾਂ ਤਾਂ ਫਿਰ ਕਿਉਂ ਅਸੀਂ ਵਣਾਂ ‘ਚ ਵਿਚਰ ਰਹੇ ਮਾਨਸ ਵਾਂਗ ਵਿਚਰ ਰਹੇ ਹਾਂ?
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)