ਭੀਮਾ-ਕੋਰੇਗਾਉਂ ਘਟਨਾ ਦੇ ਅਪ੍ਰਤੱਖ ਤੇ ਪ੍ਰਤੱਖ ਸੁਨੇਹੇ

ਭੀਮਾ-ਕੋਰੇਗਾਉਂ ਘਟਨਾ ਦੇ ਅਪ੍ਰਤੱਖ ਤੇ ਪ੍ਰਤੱਖ ਸੁਨੇਹੇ

ਕਰਮਜੀਤ ਸਿੰਘ (ਸੰਪਰਕ: 99150-91063)

ਇੱਕ ਸਮਾਂ  ਉਹ ਸੀ ਜਦੋਂ ਪੇਸ਼ਵਾ ਬਰਾਦਰੀ ਨੇ ਦਲਿਤਾਂ ਦੀ ਤਰਜ਼-ਏ-ਜ਼ਿੰਦਗੀ ਲਈ ਅਜਿਹੇ ਗ਼ੈਰ-ਮਨੁੱਖੀ ਨਿਯਮ ਕਾਇਮ ਕਰ ਦਿੱਤੇ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੀ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਉਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ, ਸਾਂਝੇ ਤਲਾਬ ਅਤੇ ਖੂਹਾਂ ਤੋਂ ਪਾਣੀ ਨਹੀਂ ਭਰ ਸਕਦੇ ਸਨ, ਆਪਣੀ ਪਛਾਣ ਦੱਸਣ ਲਈ ਬਾਂਸ ਜਾਂ ਢੋਲ ਖੜਕਾਉਣਾ ਪੈਂਦਾ ਸੀ ਤਾਂ ਜੋ ਉੱਚ ਜਾਤੀ ਦੇ ਲੋਕ ਉਨ੍ਹਾਂ ਦੀ ਭਿੱਟ ਤੋਂ ਬਚ ਸਕਣ। ਉਹ ਹੁਣ ਇਉਂ ਮਹਿਸੂਸ ਕਰਦੇ ਹਨ ਕਿ ਸਦੀਆਂ ਤੋਂ ਉਨ੍ਹਾਂ ਉੱਤੇ ਢਾਹੇ ਜਾਣ ਵਾਲੇ ਜ਼ਖ਼ਮਾਂ ਦੀ ਦਾਸਤਾਨ ਕੋਰੇਗਾਉਂ ਵਿੱਚ ਇਕਾਗਰ ਹੋ ਜਾਂਦੀ ਹੈ, ਜਿੱਥੇ ਉਹ ਹਰ ਸਾਲ ਸਮਾਜਿਕ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਨ ਦਾ ਇਕਰਾਰ ਕਰਦੇ ਹਨ। ਉਨ੍ਹਾਂ ਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਨ੍ਹਾਂ ਦਾ ਅਵਚੇਤਨ ਮਨ ਜਥੇਬੰਦਕ ਚੇਤਨਾ ਦਾ ਰੂਪ ਧਾਰ ਕੇ ਭੀਮਾ-ਕੋਰੇਗਾਉਂ ਵਿੱਚ ਇੱਕ ਨਵੀਂ ਅੰਗੜਾਈ ਭਰਦਾ ਹੈ।

ਜੇ ਭਾਰਤੀ ਇਤਿਹਾਸ ਵਿਚਲੀ ਭੀਮਾ-ਕੋਰੇਗਾਉਂ ਦੀ ਘਟਨਾ ਨੂੰ ਮਹਿਜ਼ ਅਮਨ-ਕਾਨੂੰਨ ਦੇ ਨਜ਼ਰੀਏ ਤੋਂ ਹੀ ਵੇਖਣਾ ਤੇ ਪਰਖਣਾ ਹੈ ਤਾਂ ਇਤਿਹਾਸਕ ਤੇ ਰਾਜਨੀਤਕ ਸੱਚ ਦੀਆਂ ਬਹੁਤ ਸਾਰੀਆਂ ਪਰਤਾਂ ਲੁਕੀਆਂ ਤੇ ਦੱਬੀਆਂ ਹੀ ਰਹਿਣਗੀਆਂ। ਜੇ ਉਨ੍ਹਾਂ ਪਰਤਾਂ ਨੂੰ ਉਭਾਰ ਕੇ ਉਪਰਲੀ ਸਤਹਿ ‘ਤੇ ਲਿਆਂਦਾ ਜਾਵੇ ਤਾਂ ਕਿਸੇ ਵੀ ਸਰਕਾਰ ਨੂੰ, ਪਰ ਉਹ ਸੁਹਿਰਦ ਤੇ ਦੂਰਅੰਦੇਸ਼ ਹੋਵੇ ਤਾਂ ਉਸ ਲਈ ਆਪਣੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਨਵੇਂ ਸਿਰਿਓਂ ਜਾਇਜ਼ਾ ਲੈਣ ਦਾ ਇਹ ਢੁਕਵਾਂ ਤੇ ਸੁਨਹਿਰੀ ਮੌਕਾ ਹੈ। ਜੇ ਇਸ ਘਟਨਾ ਨੂੰ ਹੋਰ ਘਟਨਾਵਾਂ ਵਾਂਗ ਸਾਧਾਰਨ ਸਮਝ ਕੇ ਅੱਖਾਂ ਮੀਟ ਲਵਾਂਗੇ ਤਾਂ ਇਸ ਤੋਂ ਵੀ ਵਿਰਾਟ ਅਤੇ ਭਿਆਨਕ ਘਟਨਾਵਾਂ ਸਾਡਾ ਸਵਾਗਤ ਕਰਨਗੀਆਂ।
ਜੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਹੋਈ ਇਸ ਘਟਨਾ ਅਤੇ ਉਸ ਤੋਂ ਪਿੱਛੋਂ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਵਾਪਰੀਆਂ ਹਿੰਸਕ ਵਾਰਦਾਤਾਂ ਨੂੰ ਇਤਿਹਾਸਕ ਨਜ਼ਰੀਏ ਤੋਂ ਵੇਖਿਆ ਜਾਏ ਤਾਂ ਇਹ ਅਤੀਤ ਦੀਆਂ ਯਾਦਾਂ ਦਾ ਇੱਕ ਮੇਲਾ ਹੈ ਜਾਂ ਇਉਂ ਕਹਿ ਲਵੋ ਕਿ ਭੀਮਾ-ਕੋਰੇਗਾਉਂ ਵਿੱਚ ਇੱਕ ਛਿੰਝ ਲੱਗੀ, ਜਿੱਥੇ ਯਾਦਾਂ ਇੱਕ-ਦੂਜੇ ਨਾਲ ਖਹਿ ਕੇ ਲੰਘਦੀਆਂ ਹਨ, ਇੱਕ ਦੂਜੇ ਨਾਲ ਟਕਰਾਉਂਦੀਆਂ ਹਨ। ਇਤਿਹਾਸ ਦਾ ਇਹ ਅਜੀਬ ਵਿਅੰਗ ਸੀ ਕਿ ਇਹ ਯਾਦਾਂ ਇੱਕ ਦੂਜੇ ਤੋਂ ਉਲਟ ਇਤਿਹਾਸ ਦਾ ਬਿਰਤਾਂਤ ਸਿਰਜਦੀਆਂ ਹਨ। ਇਹ ਯਾਦਾਂ ਜਿੱਥੇ ਮਰਾਠਾ ਤੇ ਉੱਚ ਜਾਤੀਆਂ ਨੂੰ ਉਦਾਸ ਕਰਦੀਆਂ ਹਨ, ਉੱਥੇ ਦੂਜੇ ਪਾਸੇ ਦਲਿਤਾਂ ਨੂੰ ਇਸ ਘਟਨਾ ਵਿੱਚੋਂ ਆਪਣੀ ਸ਼ਾਨਾਮੱਤੀ ਬਹਾਦਰੀ, ਦਲੇਰੀ, ਦ੍ਰਿੜ੍ਹਤਾ ਅਤੇ ਪ੍ਰਚੰਡ ਅਣਖ ਦਾ ਦੀਦਾਰ ਹੁੰਦਾ ਹੈ। ਉਨ੍ਹਾਂ ਨੂੰ ਪੇਸ਼ਵਾ ਹਕੂਮਤ ਦੀ ਵਿਦਾਇਗੀ ਵਿੱਚੋਂ ਆਪਣੀ ਮੁਕਤੀ ਨਜ਼ਰ ਆਉਂਦੀ ਹੈ।
ਇਤਿਹਾਸ ਨੇ ਇਹ ਗਵਾਹੀ ਦਿੱਤੀ ਹੈ ਕਿ ਅੱਜ ਤੋਂ 200 ਸਾਲ ਪਹਿਲਾਂ ਅਰਥਾਤ ਪਹਿਲੀ ਜਨਵਰੀ 1818 ਨੂੰ ਆਖਰੀ ਪੇਸ਼ਵਾ ਬਾਜੀ ਰਾਓ (ਦੂਜਾ) ਅਤੇ ਅੰਗਰੇਜ਼ਾਂ ਵਿੱਚ ਇੱਕ ਫ਼ੈਸਲਾਕੁਨ ਯੁੱਧ ਹੋਇਆ। ਇਸ ਯੁੱਧ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸ ਵਿੱਚ ਇੱਕ ਪਾਸੇ ਮਹਾਰ ਬਰਾਦਰੀ ਦੇ ਸਿਪਾਹੀ ਸਨ, ਜੋ ਅੰਗਰੇਜ਼ਾਂ ਵੱਲੋਂ ਹੋ ਕੇ ਲੜੇ। ਉਹ ਪੇਸ਼ਵਾ ਦੀਆਂ ਨਜ਼ਰਾਂ ਵਿੱਚ ਸਭ ਤੋਂ ਨੀਵੀਂ ਜਾਤ ਦੇ ਲੋਕ ਸਨ ਅਤੇ ਲੜਾਈ ਸਮੇਂ ਉਨ੍ਹਾਂ ਦੀ ਗਿਣਤੀ 500 ਦੇ ਕਰੀਬ ਸੀ। ਦੂਜੇ ਪਾਸੇ ਪੇਸ਼ਵਾ ਦੇ ਫ਼ੌਜੀਆਂ ਦੀ ਗਿਣਤੀ 20 ਹਜ਼ਾਰ ਤੋਂ ਵੀ ਉੱਪਰ ਸੀ। ਪੇਸ਼ਵਾ ਦੀ ਫ਼ੌਜ ਹਾਰ ਗਈ ਅਤੇ ਜਿੱਤ ਦਾ ਸਿਹਰਾ ਮਹਾਰ ਫ਼ੌਜੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੇਸ਼ਵਾ ਦਾ ਰਾਜ ਖ਼ਤਮ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ।  ਉਸ ਤੋਂ ਪਿੱਛੋਂ ਅੰਗਰੇਜ਼ਾਂ ਨੇ ਭੀਮਾ-ਕੋਰੇਗਾਉਂ ਵਿੱਚ ਆਪਣੀ ਜਿੱਤ ਦੀ ਯਾਦਗਾਰ ਕਾਇਮ ਕੀਤੀ। ਦਿਲਚਸਪ ਗੱਲ ਇਹ ਹੋਈ ਕਿ ਦਲਿਤਾਂ ਲਈ ਇਹ ਯਾਦਗਾਰ ਉਨ੍ਹਾਂ ਦੀ ਆਪਣੀ ਯਾਦਗਾਰ ਬਣ ਗਈ ਅਤੇ ਇੱਕ ਤਰ੍ਹਾਂ ਨਾਲ ਉਨ੍ਹਾਂ ਲਈ ਤੀਰਥ ਸਥਾਨ ਬਣ ਗਿਆ। ਹਰ ਸਾਲ ਉਹ ਪਹਿਲੀ ਜਨਵਰੀ ਨੂੰ ਇਸ ਥਾਂ ‘ਤੇ ਇਕੱਠੇ ਹੁੰਦੇ ਹਨ ਅਤੇ ਜੰਗ ਵਿੱਚ ਲੜੇ ਉਨ੍ਹਾਂ ਪੁਰਖਿਆਂ ਨੂੰ ਯਾਦ ਕਰਦੇ ਹਨ। ਜਿਨ੍ਹਾਂ ਨੇ ਪੇਸ਼ਵਾ ਵੱਲੋਂ ਉਨ੍ਹਾਂ ਨਾਲ ਕੀਤੇ ਧੱਕਿਆਂ, ਬੇਇਨਸਾਫੀਆਂ ਅਤੇ ਜ਼ੁਲਮਾਂ ਦਾ ਇਤਿਹਾਸਕ ਬਦਲਾ ਲਿਆ ਸੀ।
ਪਰ ਇਤਿਹਾਸ ਦੀ ਇੱਕ ਹੋਰ ਵਿਆਖਿਆ ਵੀ ਕੀਤੀ ਜਾਂਦੀ ਹੈ ਕਿਉਂਕਿ ਪਾਠ ਪੁਸਤਕਾਂ ਇਤਿਹਾਸ  ਦਾ ਇੱਕ ਵੱਖਰਾ ਬਿਰਤਾਂਤ ਸਿਰਜਦੀਆਂ ਹਨ। ਇਸ ਵਿਆਖਿਆ ਮੁਤਾਬਕ ਇਹ ਯੁੱਧ ਅਸਲ ਵਿੱਚ ਅੰਗਰੇਜ਼ ਸਾਮਰਾਜਵਾਦ ਅਤੇ ਰਾਸ਼ਟਰਵਾਦ ਵਿਚਕਾਰ ਜੰਗ ਸੀ। ਇਸ ਲਈ ਅੰਗਰੇਜ਼ਾਂ ਨਾਲ ਹੋ ਕੇ ਲੜਨ ਵਾਲਿਆਂ ਨੂੰ ਇੱਕ ਇਤਿਹਾਸ ਰਾਸ਼ਟਰ ਵਿਰੋਧੀ ਵੀ ਕਹਿੰਦਾ ਹੈ। ਪਰ ਦਲਿਤ ਇਸ ਘਟਨਾ ਨੂੰ ਵੱਖਰੇ ਨਜ਼ਰੀਏ ਨਾਲ ਵੇਖਦੇ ਹਨ। ਦਲਿਤਾਂ ਦੀ ਮਾਨਸਿਕਤਾ ਵਿੱਚ  ਵੱਖਰਾ ਦ੍ਰਿਸ਼ਟੀਕੋਣ ਸਥਾਪਤ ਕਰਨ ਅਤੇ ਇਸ ਘਟਨਾ ਵਿੱਚ ਨਵੀਂ ਰੂਹ ਫੂਕਣ ਦਾ ਕੰਮ ਅਸਲ ਵਿੱਚ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਅੰਬੇਦਕਰ ਦੇ ਹਿੱਸੇ ਆਇਆ, ਜਦੋਂ ਦਲਿਤ ਨੀਵੀਆਂ ਜਾਤੀਆਂ ਦੇ ਇਹ ਸਿਰਮੌਰ ਦਾਨਿਸ਼ਵਰ ਜਨਵਰੀ 1927 ਵਿੱਚ ਕੋਰੇਗਾਉਂ ਵਿੱਚ ਆਏ ਅਤੇ ਉਨ੍ਹਾਂ ਨੂੰ ਦਲਿਤਾਂ ਦੀ ਇਸ ਜਿੱਤ ਵਿੱਚ ਰੂਹਾਨੀ ਝਲਕ ਵੀ ਮਹਿਸੂਸ ਹੋਈ। ਬਸ, ਉਸ ਸਮੇਂ ਤੋਂ ਲੈ ਕੇ ਹਰ ਸਾਲ ਹਜ਼ਾਰਾਂ ਦਲਿਤ ਪਹਿਲੀ ਜਨਵਰੀ ਨੂੰ ਇਕੱਠੇ ਹੋ ਕੇ ਅਤੀਤ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਉਂਦੇ ਹਨ। ਪਰ ਇਸ ਸਾਲ ਇਹ ਗਿਣਤੀ ਲੱਖਾਂ ਤਕ ਪਹੁੰਚ ਗਈ ਸੀ। ਦੂਜੇ ਪਾਸੇ ਉੱਚ ਜਾਤੀਆਂ ਅਤੇ ਮਰਾਠਿਆਂ ਨੂੰ ਇਉਂ ਲੱਗਦਾ ਸੀ ਕਿ ਇਹ ਤਾਂ ਹੇਠਲੀ ਉੱਤੇ ਆ ਗਈ ਹੈ। ਇੰਜ ਬੀਤੇ ਦੇ ਇੱਕ ਦੌਰ ਵਿੱਚ ਦੋ ਯਾਦਾਂ ਇੱਕ-ਦੂਜੇ ਨਾਲ ਵਰਤਮਾਨ ਦੌਰ ਵਿੱਚ ਟਕਰਾਈਆਂ ਅਤੇ ਇਸ ਵਿੱਚ ਪਹਿਲ ਕਰਨ ਦਾ ਇਲਜ਼ਾਮ ਮਰਾਠਿਆਂ ਉੱਤੇ ਲੱਗਦਾ ਹੈ। ਸਾਰਾ ਮਹਾਰਾਸ਼ਟਰ ਹਿੰਸਾ ਦੀ ਲਪੇਟ ਵਿੱਚ ਆ ਗਿਆ ਅਤੇ ਰਾਜਨੀਤਕ ਵਿਦਵਾਨਾਂ ਅਤੇ ਪਾਰਟੀਆਂ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਹੈ ਕਿ ਉਹ ਲਕੀਰ ਦੇ ਇੱਕ ਪਾਸੇ ਖਲੋਣ, ਹਾਲਾਂਕਿ ਜਾਤਾਂ ਅਤੇ ਅੰਨ੍ਹੇ ਰਾਸ਼ਟਰਵਾਦ ਦੇ ਆਧਾਰ ‘ਤੇ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਸਫਬੰਦੀ ਕਰਨ ਵਿੱਚ ਉਨ੍ਹਾਂ ਦਾ ਵੀ ਚੋਖਾ ਯੋਗਦਾਨ ਹੈ।
ਕਈ ਰਾਜਨੀਤਕ ਵਿਦਵਾਨ ਕੋਰੇਗਾਉਂ ਦੀ ਘਟਨਾ ਬਾਰੇ ਇਹ ਟਿੱਪਣੀ ਵੀ ਕਰਦੇ ਹਨ ਕਿ ਇਹ ਜੰਗ ਕੋਈ ਇਤਿਹਾਸਕ ਨਹੀਂ ਹੈ। ਇਹ ਯੁੱਧ ਤਾਂ ਅਸਲ ਵਿੱਚ ਆਪਣੀ ਵੱਖਰੀ ਪਹਿਚਾਣ ਦੀ ਜੱਦੋਜ਼ਹਿਦ ਸੀ, ਇਹ ਬਰਾਦਰੀ ਲਈ ਯੁੱਧ ਸੀ। ਸਮਾਜਿਕ ਬੇਇਨਸਾਫੀਆਂ ਵਿਰੁੱਧ ਫ਼ੈਸਲਾਕੁਨ ਸੰਘਰਸ਼ ਸੀ, ਜਿਸ ਵਿੱਚ ਦਲਿਤਾਂ ਨੇ ਇਹ ਸਿੱਧ ਕੀਤਾ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਅਤੇ ਜੇ ਉਨ੍ਹਾਂ ਨੂੰ ਮੌਕੇ ਦਿੱਤੇ ਜਾਣ ਤਾਂ ਉਹ ਹੋਰਨਾਂ ਨਾਲੋਂ ਦੋ ਰੱਤੀਆਂ ਵੱਧ ਹੀ ਹਨ। ਇੱਕ ਸਮਾਂ  ਉਹ ਸੀ ਜਦੋਂ ਪੇਸ਼ਵਾ ਬਰਾਦਰੀ ਨੇ ਦਲਿਤਾਂ ਦੀ ਤਰਜ਼-ਏ-ਜ਼ਿੰਦਗੀ ਲਈ ਅਜਿਹੇ ਗ਼ੈਰ-ਮਨੁੱਖੀ ਨਿਯਮ ਕਾਇਮ ਕਰ ਦਿੱਤੇ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੀ ਫ਼ੌਜ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਉਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੀ ਮਨਾਹੀ ਸੀ, ਸਾਂਝੇ ਤਲਾਬ ਅਤੇ ਖੂਹਾਂ ਤੋਂ ਪਾਣੀ ਨਹੀਂ ਭਰ ਸਕਦੇ ਸਨ, ਆਪਣੀ ਪਛਾਣ ਦੱਸਣ ਲਈ ਬਾਂਸ ਜਾਂ ਢੋਲ ਖੜਕਾਉਣਾ ਪੈਂਦਾ ਸੀ ਤਾਂ ਜੋ ਉੱਚ ਜਾਤੀ ਦੇ ਲੋਕ ਉਨ੍ਹਾਂ ਦੀ ਭਿੱਟ ਤੋਂ ਬਚ ਸਕਣ। ਉਹ ਹੁਣ ਇਉਂ ਮਹਿਸੂਸ ਕਰਦੇ ਹਨ ਕਿ ਸਦੀਆਂ ਤੋਂ ਉਨ੍ਹਾਂ ਉੱਤੇ ਢਾਹੇ ਜਾਣ ਵਾਲੇ ਜ਼ਖ਼ਮਾਂ ਦੀ ਦਾਸਤਾਨ ਕੋਰੇਗਾਉਂ ਵਿੱਚ ਇਕਾਗਰ ਹੋ ਜਾਂਦੀ ਹੈ, ਜਿੱਥੇ ਉਹ ਹਰ ਸਾਲ ਸਮਾਜਿਕ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਨ ਦਾ ਇਕਰਾਰ ਕਰਦੇ ਹਨ। ਉਨ੍ਹਾਂ ਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਨ੍ਹਾਂ ਦਾ ਅਵਚੇਤਨ ਮਨ ਜਥੇਬੰਦਕ ਚੇਤਨਾ ਦਾ ਰੂਪ ਧਾਰ ਕੇ ਭੀਮਾ-ਕੋਰੇਗਾਉਂ ਵਿੱਚ ਇੱਕ ਨਵੀਂ ਅੰਗੜਾਈ ਭਰਦਾ ਹੈ।
ਇੱਕ ਹੋਰ ਨੁਕਤਾ ਵੀ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ। ਪੰਜਾਬ ਦੇ ਦਲਿਤ ਭਾਈਚਾਰੇ ਨੇ ਵੱਡੀ ਪੱਧਰ ‘ਤੇ ਕੋਰੇਗਾਉਂ ਦੀ ਘਟਨਾ ਨਾਲ ਆਪਣੀ ਡੂੰਘੀ ਸਾਂਝ ਦਾ ਇਜ਼ਹਾਰ ਨਹੀਂ ਕੀਤਾ। ਪਰ ਇਸ ਰੁਝਾਨ ਨੂੰ ਹੈਰਾਨੀ ਤੇ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ ਕਿ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਲਿਤਾਂ ਦੇ ਦਰਦ ਨਾਲ ਆਪਣੀ ਸਾਂਝ ਅਤੇ ਹਮਾਇਤ ਦਾ ਪ੍ਰਗਟਾਵਾ ਕੀਤਾ। ਪੰਜਾਬ ਦੀ ਸਿਆਸਤ ਦੇ ਸੰਜੀਦਾ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਦਲਿਤ ਗੁਰ-ਇਤਿਹਾਸ ਨਾਲ ਜੁੜ ਕੇ ਦੇਸ਼ ਵਿੱਚ ਹੋਰਨੀਂ ਥਾਈਂ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਦੀ ਵਿਆਖਿਆ ਕਰਨ ਅਤੇ ਆਰਥਿਕ ਤੌਰ ‘ਤੇ ਲੁੱਟੇ ਜਾ ਰਹੇ ਹੋਰਨਾਂ ਭਾਈਚਾਰਿਆਂ ਨਾਲ ਸਾਂਝ ਤੇ ਸਹਿਯੋਗ ਕਰਨ ਤਾਂ ਰਾਜਨੀਤੀ ਦੇ ਮੈਦਾਨ ਵਿੱਚ ਇੱਕ ਨਵੀਂ ਸਫਬੰਦੀ ਉੱਭਰ ਸਕਦੀ ਹੈ।
ਸੰਜੀਦਾ ਹਲਕੇ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਕੇ ਆਏ ਹਨ। ਇਸ ਪਾਰਟੀ ਦੇ ਅੱਧੇ ਤੋਂ ਵੱਧ ਵਿਧਾਇਕ ਦਲਿਤ ਹਨ, ਪਰ ਕੋਰੇਗਾਉਂ ਘਟਨਾ ਦੀ ਮਹੱਤਤਾ ਪ੍ਰਤੀ ਉਨ੍ਹਾਂ ਦੀ ਬੇਰੁਖੀ ਇਸ ਹੱਦ ਤਕ ਵੇਖਣ ਵਿੱਚ ਆਈ ਹੈ ਕਿ ਉਨ੍ਹਾਂ ਵੱਲੋਂ ਇਸ ਵਿਆਪਕ ਵਰਤਾਰੇ ਬਾਰੇ ਕੋਈ ਹਾਂ-ਪੱਖੀ ਟਿੱਪਣੀ ਹੀ ਨਹੀਂ ਆਈ। ਕੀ ਇਹ ਇਸ ਕਰਕੇ ਹੈ ਕਿ ‘ਆਪ’ ਦੀ ਕੇਂਦਰੀ ਤੇ ਪੰਜਾਬ ਦੀ ਲੀਡਰਸ਼ਿਪ ਵਿੱਚ ਉੱਚੀਆਂ ਜਾਤੀਆਂ ਦਾ ਬੋਲਬਾਲਾ ਤੇ ਪ੍ਰਭਾਵ ਹੈ? ਜਾਂ ਕੀ ਦਲਿਤ ਵਿਧਾਇਕਾਂ ਅੰਦਰ ਦਲਿਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਹਿੰਮਤ, ਹੌਸਲਾ ਤੇ ਬੌਧਿਕ ਯੋਗਤਾ ਤੇ ਸਮਰੱਥਾ ਹੀ ਨਹੀਂ?
ਰਾਜ ਸਭਾ ਦੀ ਭੀਮਾ-ਕੋਰੇਗਾਉਂ ਘਟਨਾ ਬਾਰੇ ਬਹਿਸ ਵੀ ਕੁਲ ਮਿਲਾ ਕੇ ਅਮਨ-ਕਾਨੂੰਨ ਦੀ ਵਿਗੜੀ ਹਾਲਤ ਤਕ ਹੀ ਸੀਮਤ ਰਹੀ। ਕੋਰੇਗਾਉਂ ਤੋਂ  ਪਾਰ ਜਾਣ ਤੇ ਵੇਖਣ ਦੇ ਯਤਨ ਨਹੀਂ ਹੋਏ। ਹੁਣ ਜਿੱਥੇ ਦਲਿਤਾਂ ਦੀ ਇਕਮੁੱਠਤਾ ਅਤੇ ਏਕਤਾ ਇੱਕ ਨਵਾਂ ਵਰਤਾਰਾ ਹੈ, ਉੱਥੇ ਮੁਕਾਬਲੇ ਵਿੱਚ ਇੱਕ ਹੋਰ ਸ਼ਕਤੀਸ਼ਾਲੀ ਵਰਤਾਰਾ ਵੀ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਵਿੱਚ ਜੱਟ, ਜਾਟ, ਪਟੇਲ, ਮਰਾਠੇ ਅਤੇ ਇੱਥੋਂ ਤਕ ਬ੍ਰਾਹਮਣ ਵੀ ਦਲਿਤਾਂ ਵਾਂਗ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ। ਇਹ ਨਵ-ਰਾਖਵਾਂਕਰਨ ਦੀ ਮੰਗ ਕਿਹੜਾ ਮੋੜ ਕੱਟੇਗੀ, ਉਸ ਦੀ ਇੱਕ ਮਿਸਾਲ ਹਾਲ ਵਿੱਚ ਹੀ ਗੁਜਰਾਤ ਐਸੰਬਲੀ ਦੀਆਂ ਚੋਣਾਂ ਵਿੱਚ ਹਾਰਦਿਕ ਪਟੇਲ ਦਾ ਉੱਭਰਨਾ, ਫੈਲਣਾ ਤੇ ਪ੍ਰਭਾਵਸ਼ਾਲੀ ਹੋਣਾ ਹੈ। ਡੂੰਘੇ ਫਿਕਰਾਂ ਦੀਆਂ ਲਕੀਰਾਂ ਭਾਜਪਾ ਦੇ ਰਾਜਨੀਤਕ ਚਿਹਰਿਆਂ ਤੋਂ ਵੀ ਪੜ੍ਹੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੇ ਰਾਸ਼ਟਰਵਾਦ, ਦੇਸ਼ ਭਗਤੀ, ਮੁਸਲਮਾਨ ਵਿਰੋਧੀ ਤੇ ਹਿੰਦੂਤਵ ਦੇ ਨਾਂ ਹੇਠ ਬੇਲਗਾਮ ਤਾਕਤਾਂ ਨੂੰ ਗੁਪਤ ਤੇ ਪ੍ਰਤੱਖ ਹੱਲਾਸ਼ੇਰੀ ਦੇ ਕੇ ਇਹ ਹਾਲਤ ਪੈਦਾ ਕਰ ਦਿੱਤੀ ਹੈ ਕਿ ਉਨ੍ਹਾਂ ਦੀ ਆਪਣੀ ਸਿਰਜਣਾ ਹੀ ਹੁਣ ਉਨ੍ਹਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਹਨ, ਜਿੱਥੇ ਰਾਜਨੀਤਕ ਵਿਰੋਧੀ ਇੱਕ ਮੰਚ ਉੱਤੇ ਇਕੱਠੇ ਹੋਣ ਦੇ ਆਸਾਰ ਪੈਦਾ ਹੋ ਗਏ ਹਨ। ਇੰਜ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਵੱਡੀਆਂ ਤੇ ਬੇਮਿਸਾਲ ਜਿੱਤਾਂ ਦੀਆਂ ਉਮੀਦਾਂ ਦੇ ਰਾਹ ਵਿੱਚ ਹੁਣ ਕਾਫ਼ੀ ਕੰਡੇ ਵਿਛ ਗਏ ਹਨ।