ਲੋਕ ਹਿੱਤਾਂ ਉਪਰ ਭਾਰੂ ਹੋਇਆ ਕੱਟੜਵਾਦ

ਲੋਕ ਹਿੱਤਾਂ ਉਪਰ ਭਾਰੂ ਹੋਇਆ ਕੱਟੜਵਾਦ

ਕੇ.ਸੀ. ਸਿੰਘ,  ਲੇਖਕ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਰਹਿ ਚੁੱਕਾ ਹੈ।
ਉੱਘੇ ਬਰਤਾਨਵੀ ਪੱਤਰਕਾਰ ਤੇ ਸਾਹਿਤਕਾਰ ਰੁਡਯਾਰਡ ਕਿਪਲਿੰਗ ਦਾ ਮਸ਼ਹੂਰ ਕਥਨ ਹੈ, ”ਪੂਰਬ ਨੇ ਪੂਰਬ ਅਤੇ ਪੱਛਮ ਨੇ ਪੱਛਮ ਹੀ ਰਹਿਣਾ ਹੈ। ਇਨ੍ਹਾਂ ਦਾ ਆਪਸ ਵਿੱਚ ਕਦੇ ਮਿਲਾਪ ਨਹੀਂ ਹੋ ਸਕਦਾ।” ਪ੍ਰੰਤੂ ਉਹ ਦੁਨੀਆਂ ਨੂੰ 19ਵੀਂ ਸਦੀ ਦੇ ਬਰਤਾਨਵੀ ਰਾਜ ਦੇ ਪ੍ਰਤੀਬਿੰਬ ਵਜੋਂ ਵੇਖਦਾ ਸੀ। ਉਹ ਵਿਦੇਸ਼ੀਆਂ ਅਤੇ ਇਸਲਾਮ ਵਿਰੋਧੀ ਤਾਕਤਾਂ ਨੂੰ ਵੇਖ ਅਤੇ ਧਰਤੀ ‘ਤੇ ਇੱਕ-ਦੂਜੇ ਦੇ ਉਲਟ ਪਾਸੇ ਵੱਸੇ ਲੋਕਤੰਤਰੀ ਦੇਸ਼ਾਂ ਜਿਵੇਂ ਅਮਰੀਕਾ ਤੇ ਭਾਰਤ ਦੇ ਸਿਆਸੀ ਆਗੂਆਂ ਵਿੱਚ ਰਿਸ਼ਤਿਆਂ ਦੀ ਸਾਂਝ ਵਰਗੀਆਂ ਆਤਮਾਵਾਂ ਪੈਦਾ ਨਹੀਂ ਕਰ ਸਕੇ ਸਨ।
ਉੱਘੀ ਪੱਤ੍ਰਿਕਾ ‘ਦਿ ਇਕਨੌਮਿਸਟ’ ਵਿੱਚ ਪਦਮਾਵਤੀ ਵਿਵਾਦ ਬਾਰੇ ਛਪਿਆ ਹੈ, ”ਵੀਰਤਾ ਬਾਰੇ ਇੱਕ ਫ਼ਿਲਮ ਜਿਸ ਨੇ ਭਾਰਤੀ ਸਿਆਸਤਦਾਨਾਂ ਅੰਦਰੀ ਕਰੂਰਤਾ ਸਾਹਮਣੇ ਲੈ ਆਂਦੀ ਹੈ।” ਸੋਲ੍ਹਵੀਂ ਸਦੀ ਦੇ ਕਵੀ ਮਲਿਕ ਮੁਹੰਮਦ ਜਯਾਸੀ ਨੇ ਅਲਿਖਤ ਰਵਾਇਤਾਂ ਦੇ ਆਧਾਰ ਅਤੇ ਚਿਤੌੜ ਰਾਜ ਦੇ ਖਾਤਮੇ ਦੇ ਸਮੇਂ ਨੂੰ ਕਹਾਣੀ ਦੱਸਣ ਦੇ ਅੰਦਾਜ਼ ਵਿੱਚ ਕਾਲਪਨਿਕ ਰੂਪ ਵਜੋਂ ਪੇਸ਼ ਕੀਤਾ ਹੈ। ਦਰਅਸਲ, ਇਹ ਘਟਨਾ ਇਸ ਤੋਂ ਵੀ ਦੋ ਸਦੀਆਂ ਪਹਿਲਾਂ ਭਾਵ 1303 ਵਿੱਚ ਵਾਪਰੀ ਸੀ। ਸ਼ਹਿਜ਼ਾਦੀ ਦੇ ਮੁਸਲਿਮ ਧਾੜਵੀ ਅਲਾਊਦੀਨ ਖਿਲਜੀ ਦੀਆਂ ਬਾਹਾਂ ਵਿੱਚ ਜਾਣ ਨਾਲੋਂ ਸ਼ਾਨ ਨਾਲ ਮੌਤ ਨੂੰ ਗਲੇ ਲਾਉਣ ਦੀ ਕਥਾ-ਕਹਾਣੀ ਹੈ। ਅੱਜ-ਕੱਲ੍ਹ ‘ਲਵ ਜੇਹਾਦ’ ਸ਼ਬਦ ਬਹੁਤ ਪ੍ਰਚੱਲਿਤ ਹੋਇਆ ਹੈ ਅਤੇ ਇਕ ਬਾਲਗ ਲੜਕੀ ਹਾਦੀਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੀ ਇਸ ਨੂੰ ਨਕਾਰਨ ‘ਚ ਬੇਵੱਸ ਨਜ਼ਰ ਆਈ ਹੈ। ਇਹ ਵੀ ਇੱਕ ਹਿੰਦੂ ਲੜਕੀ ਨੂੰ ਲੈ ਕੇ ਇੱਕ ਮੁਸਲਮਾਨ ਲੜਕੇ ਨਾਲ ਨਫ਼ਰਤ ਪੇਸ਼ ਕਰਨ ਵਾਲਾ ਵਾਕਿਆ ਹੈ। ਭਾਜਪਾ ਦੇ ਕਾਰਕੁਨਾਂ ਨੇ ਇਸ ਵਾਕਿਆ ਨੂੰ ਫਿਰਕੂ ਧਰੁਵੀਕਰਨ ਵਜੋਂ ਵਰਤਿਆ ਹੈ।
ਅਜਿਹੇ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਜਦੋਂ ਰਾਹੁਲ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਸ ਨੂੰ ਤਾਜਪੋਸ਼ੀ ਕਰਾਰ ਦਿੱਤਾ ਤੇ ਇਸ ਦੀ ਤੁਲਨਾ ਔਰੰਗਜ਼ੇਬ ਦੇ ਸ਼ਾਹਜਹਾਨ ਨੂੰ ਕੈਦ ਕਰਕੇ ਮੁਗ਼ਲ ਬਾਦਸ਼ਾਹ ਬਣਨ ਨਾਲ ਕੀਤੀ ਸੀ। ਇਸ ਇਤਿਹਾਸਕ ਘਟਨਾ ਸਬੰਧੀ ਉਨ੍ਹਾਂ ਦਾ ਸੰਕੇਤ ਗਲਤ ਸੀ ਅਤੇ ਉਸ ਸਮੇਂ ਦੇ ਘਟਨਾਕ੍ਰਮ ਦੀ ਜਾਣਕਾਰੀ ਤੋਂ ਉਹ ਅਣਜਾਣ ਜਾਪੇ। ਔਰੰਗਜ਼ੇਬ ਨੇ ਗੱਦੀ ਜੰਗ ਦੇ ਮੈਦਾਨ ਵਿੱਚ ਹਥਿਆਰਬੰਦ ਮੁਗ਼ਲ ਫੌਜਾਂ ਰਾਹੀਂ ਦਾਰਾ ਸ਼ਿਕੋਹ ਨੂੰ ਹਰਾ ਕੇ ਹਾਸਲ ਕੀਤੀ ਸੀ ਜਿਸ ਦਾ ਇਸ ਉਪ ਮਹਾਂਦੀਪ ਦੇ ਭਵਿੱਖ ਉੱਪਰ ਵੱਡਾ ਅਸਰ ਪਿਆ ਸੀ। ਨੁਕਸਾਨ ਉਠਾਉਣ ਵਾਲਾ ਸ਼ਹਿਜ਼ਾਦਾ ਦਾਰਾ ਸ਼ਿਕੋਹ ਸੀ। ਉਹ ਔਰੰਗਜ਼ੇਬ ਦਾ ਵੱਡਾ ਭਰਾ ਅਤੇ ਗੱਦੀ ਦਾ ਅਸਲ ਹੱਕਦਾਰ ਸੀ। ਦਾਰਾ ਸ਼ਿਕੋਹ ਸਾਊ ਤੇ ਸੂਫੀਵਾਦ ਦੇ ਪ੍ਰਭਾਵ ਹੇਠ ਸੀ। ਸੱਚਾਈ ਇਹ ਹੈ ਕਿ ਦਾਰਾ ਸ਼ਿਕੋਹ ਨੂੰ ਗ੍ਰਿਫ਼ਤਾਰ ਕਰਨ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਔਰੰਗਜ਼ੇਬ ਦੀ ਜਿੱਤ ਇੱਕ ਤਰ੍ਹਾਂ ਨਾਲ ਭਾਰਤ ਦੀ ਵੰਡ ਦੀ ਸ਼ੁਰੂਆਤ ਸੀ ਕਿਉਂਕਿ ਦੇਸ਼ ਅੰਦਰ ਰੂੜੀਵਾਦ ਤੇ ਇਸਲਾਮਿਕ ਅਸਹਿਣਸ਼ੀਲਤਾ ਦਾ ਦੌਰ ਸ਼ੁਰੂ ਹੋ ਗਿਆ ਸੀ। ਇਸ ਘਟਨਾਕ੍ਰਮ ਨਾਲ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਲਈ ਅਪਣਾਈ ਜਾ ਰਹੀ ਪ੍ਰਕਿਰਿਆ ਦਾ ਦੂਰ ਤਕ ਵੀ ਵਾਸਤਾ ਨਹੀਂ।
ਬਾਰਾਕ ਓਬਾਮਾ ਨੇ 2015 ਵਿੱਚ ਰਾਸ਼ਟਰਪਤੀ ਹੋਣ ਸਮੇਂ ਭਾਰਤ ਦਾ ਦੌਰਾ ਕੀਤਾ ਤੇ ਵਾਪਸੀ ਤੋਂ ਪਹਿਲਾਂ ਨਵੀਂ ਦਿੱਲੀ ਦੇ ਸ੍ਰੀ ਫੋਰਟ ਆਡੀਟੋਰੀਅਮ ਵਿੱਚ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਾਰਮਿਕ ਸਹਿਣਸ਼ੀਲਤਾ ਉੱਪਰ ਜ਼ੋਰ ਦਿੱਤਾ। ਰਾਸ਼ਟਰਪਤੀ ਵਜੋਂ ਸੇਵਾਮੁਕਤ ਹੋਣ ਬਾਅਦ ਹੁਣ ਉਨ੍ਹਾਂ ਨੇ ਫਿਰ ਭਾਰਤ ਦਾ ਦੌਰਾ ਕੀਤਾ ਤੇ ਉਸ ਸਮੇਂ ਇਸ ਮੁੱਦੇ ਨੂੰ ਉਠਾਉਣ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਤੋਂ ਪਹਿਲੀ ਫੇਰੀ ਦੌਰਾਨ ਹੋਈ ਗੱਲਬਾਤ ਨੂੰ ਯਾਦ ਕੀਤਾ। ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ 2010 ਵਿੱਚ ਆਪਣੀ ਪਹਿਲੀ ਸਰਕਾਰੀ ਭਾਰਤ ਫੇਰੀ ‘ਤੇ ਆਉਣ ਸਮੇਂ ਹਿਮਾਂਯੂ ਦੇ ਮਕਬਰੇ ਉੱਪਰ ਵੀ ਗਏ ਸਨ। ਜਦੋਂ ਉਨ੍ਹਾਂ ਨੂੰ ਔਰੰਗਜ਼ੇਬ ਦੇ ਬਾਦਸ਼ਾਹ ਬਣਨ ਦੇ ਘਟਨਾਕ੍ਰਮ ਅਤੇ ਦੋਵਾਂ ਭਰਾਵਾਂ ਵਿੱਚ ਇਸਲਾਮ ਦੀ ਵਿਆਖਿਆ ਦੇ ਮੁੱਦੇ ਉੱਪਰ ਹੋਈ ਲੜਾਈ ਅਤੇ ਉਨ੍ਹਾਂ ਦੇ ਵੱਡੇ ਭਰਾ ਦਾਰਾ ਸ਼ਿਕੋਹ ਦੇ ਉਸ ਮਕਬਰਾ ਕੰਪਲੈਕਸ ਅੰਦਰ ਸਿਰ ਰਹਿਤ ਸਰੀਰ ਨੂੰ ਦਫ਼ਨਾਏ ਹੋਣ ਬਾਰੇ ਦੱਸਿਆ ਗਿਆ ਸੀ ਤਾਂ ਉਨ੍ਹਾਂ ਤੁਰੰਤ ਉਹ ਜਗ੍ਹਾ ਵੇਖਣ ਦੀ ਇੱਛਾ ਪ੍ਰਗਟਾਈ। ਪ੍ਰੰਤੂ ‘ਸੀਕਰੇਟ ਸਰਵਿਸ’ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਕਿਉਂਕਿ ਉਹ ਜਗ੍ਹਾ ਸੁਰੱਖਿਆ ਪੱਖੋਂ ਢੁਕਵੀਂ ਨਹੀਂ ਸੀ। ਉਸ ਸਮੇਂ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ, ਦੋਵਾਂ ਨੇ ਉੱਥੇ ਹੀ ਦਾਰਾ ਸ਼ਿਕੋਹ ਦੇ ਮਕਬਰੇ ਵੱਲ ਸਤਿਕਾਰ ਵਜੋਂ ਸਿਰ ਝੁਕਾਏ ਅਤੇ ਦੱਸਿਆ ਕਿ ਜਿਨ੍ਹਾਂ ਕਦਰਾਂ-ਕੀਮਤਾਂ ਲਈ ਦਾਰਾ ਸ਼ਿਕੋਹ ਡਟੇ ਰਹੇ, ਅਮਰੀਕਨ ਫ਼ੌਜਾਂ ਉਨ੍ਹਾਂ ਵਾਸਤੇ ਵਡੇਰੀ ਇਸਲਾਮਿਕ ਦੁਨੀਆਂ ਖ਼ਾਤਰ ਅਫ਼ਗਾਨਿਸਤਾਨ ਵਿੱਚ ਲੜ ਰਹੀਆਂ ਹਨ। ਇਹ ਤ੍ਰਾਸਦੀ  ਹੈ ਕਿ ਇਸਲਾਮਿਕ ਦੇਸ਼ ਇਸ ਵੇਲੇ ਆਪਸ ਵਿੱਚ ਹੀ ਲੜ ਰਹੇ ਹਨ।
ਔਰੰਗਜ਼ੇਬ ਦੇ ਸੱਤ੍ਹਾ ਹਥਿਆਉਣ ਦੀ ਰਾਹੁਲ ਗਾਂਧੀ ਦੇ ਨਿਰਵਿਰੋਧ ਕਾਂਗਰਸ ਪ੍ਰਧਾਨ ਚੁਣੇ ਜਾਣ ਦੀ ਸਥਿਤੀ ਵਿੱਚ ਪਹੁੰਚਣ ਨਾਲ ਤੁਲਨਾ ਕਰਨੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸ ਤੋਂ ਅਣਜਾਣਤਾ ਦਾ ਪ੍ਰਗਟਾਵਾ ਕਰਦੀ ਹੈ। ਪ੍ਰੰਤੂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਕੌਮਾਂਤਰੀ ਘਟਨਾ ਨੂੰ ਲੈ ਕੇ ਕੀਤੇ ਤਿੰਨ ਰੀਟਵੀਟ ਵੀ ਇਸ ਨਾਲ ਮੇਲ ਨਹੀਂ ਖਾਂਦੇ। ਉਹ ਟਵੀਟ ਪਹਿਲਾਂ ਇੱਕ ਰੂੜੀਵਾਦੀ ਗਰੁੱਪ ਵੱਲੋਂ ਨਕਲੀ ਇਸਲਾਮ ਵਿਰੋਧੀ ਵੀਡੀਓਜ਼ ਅਟੈਚ ਕਰਕੇ ਕੀਤੇ ਗਏ ਸਨ ਜਿਨ੍ਹਾਂ ਵਿੱਚ ਲਿਖਿਆ ਸੀ, ‘ਬਰਤਾਨੀਆ ਪਹਿਲਾਂ’। ਟਰੰਪ ਨੇ ਇਨ੍ਹਾਂ ਟਵੀਟਾਂ ਨੂੰ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਸਿਰਨਾਵੇਂ ਉਪਰ ਰੀਟਵੀਟ ਕੀਤਾ ਸੀ। ਇਸ ਗਰੁੱਪ ਦੇ ਆਗੂ ਪਾਲ ਗੋਲਡਿੰਗ ਨੂੰ ਬ੍ਰਿਟਿਸ਼ ਨੈਸ਼ਨਲ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ, ਜਿਹੜੀ ਬਰਤਾਨੀਆ ਦੀ ਸੰਸਦ ਦੀਆਂ ਕੁੱਲ 650 ਸੀਟਾਂ ਵਿੱਚੋਂ ਸਿਰਫ ਤਿੰਨ ਉੱਪਰ ਹੀ ਇੱਕ ਫ਼ੀ ਸਦੀ ਵੋਟਾਂ ਲੈ ਸਕੀ ਸੀ। ਜਦੋਂ ਪ੍ਰਧਾਨ ਮੰਤਰੀ ਦੇ ਸਟਾਫ ਨੇ ਇਨ੍ਹਾਂ ਤਿੰਨ ਰੀਟਵੀਟਾਂ ਦਾ ਬੁਰਾ ਮਨਾਇਆ ਤਾਂ ਟਰੰਪ ਨੇ ਪ੍ਰਤੀਕਰਮ ਵਜੋਂ ਲਿਖਿਆ, ”ਥੇਰੇਸਾ, ਮੇਰੇ ਵੱਲ ਧਿਆਨ ਨਾ ਦੇ, ਰੂੜੀਵਾਦੀ ਇਸਲਾਮਿਕ ਦਹਿਸ਼ਤਗਰਦੀ ਉਪਰ ਧਿਆਨ ਕੇਂਦਰਿਤ ਕਰ।”
ਇਸ ਦੌਰਾਨ ਸਾਊਦੀ ਅਰਬ ਦਾ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਆਪਣੇ ਕੱਟੜ ਮੁਲਾਣਿਆਂ ਨੂੰ ਨਰਮ ਕਰਨ ਦੇ ਯਤਨਾਂ ਵਿੱਚ ਲੱਗਾ ਹੋਇਆ ਹੈ ਜਿਹੜੇ ਇਸਲਾਮ ਦੇ ਸਭ ਤੋਂ ਵੱਧ ਅਸਹਿਣਸ਼ੀਲ ਮੱਤ ‘ਵਾਹਾਬਵਾਦ’ ਨੂੰ ਮੰਨਦੇ ਹਨ। ਇਹ ਇਸਲਾਮੀ ਮੱਤ ਇਸ ਵੇਲੇ ਕੌਮਾਂਤਰੀ ਇਸਲਾਮ ਵਿੱਚ ਭਾਰੂ ਹੈ। ਜਰਮਨ ਚਾਂਸਲਰ ਏਂਜੇਲਾ ਮਰਕਲ ਨੂੰ ਇਸ ਵੇਲੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਦੇਸ਼ ਅੰਦਰ ਸਾਂਝੀ ਸਰਕਾਰ ਬਣਾਉਣ ਦੇ ਸਮਰੱਥ ਨਹੀਂ। ਇਸ ਸੰਕਟ ਦੀਆਂ ਜੜ੍ਹਾਂ ਸੀਰੀਆ ਵਿਚੋਂ ਆਏ ਕਰੀਬ ਦਸ ਲੱਖ ਸ਼ਰਨਾਰਥੀ ਹਨ, ਜਿਨ੍ਹਾਂ ਨੂੰ ਉਸ ਨੇ ਦੇਸ਼ ਅੰਦਰ ਰਹਿਣ ਦੀ ਇਜਾਜ਼ਤ ਦਿੱਤੀ ਹੋਈ ਹੈ। ਪੱਛਮ ਵਿੱਚ ਲੋਕਾਂ ਦੀ ਰਾਇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੇ ਜਾਣ ਖ਼ਿਲਾਫ਼ ਹੋ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਆਪਣੇ ਜਵਾਈ ਜਾਰੇਡ ਕੁਸ਼ਨਰ ਦੀ ਡਿਊਟੀ ਇਸਰਾਈਲ-ਫਲਸਤੀਨ ਵਿਵਾਦ ਦੇ ਸ਼ਾਂਤਮਈ ਹੱਲ ਲਈ ਲਾਈ ਹੋਈ ਹੈ, ਪ੍ਰੰਤੂ ਟਰੰਪ ਵੱਲੋਂ ਯੇਰੂਸ਼ਲਮ ਨੂੰ ਇਸਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਅਤੇ ਉੱਥੇ ਅਮਰੀਕੀ ਦੂਰਘਰ ਤਬਦੀਲ ਕਰਨ ਦੇ ਐਲਾਨ ਬਾਅਦ ਮੁਸਲਿਮ ਦੇਸ਼, ਖਾਸ ਕਰਕੇ ਅਰਬ ਦੇਸ਼ ਰੋਹ ਵਿੱਚ ਆ ਗਏ ਹਨ। ਇਸ ਖਿੱਤੇ ਵਿੱਚ ਵੀ ਹਾਲਾਤ ਹੋਰ ਖਰਾਬ ਹੋਣ ਦੇ ਆਸਾਰ ਬਣ ਗਏ ਹਨ। ਟਰੰਪ ਵੱਲੋਂ ਸੀਰੀਆ ਤੇ ਯਮਨ ਵਿੱਚ ਇਰਾਨ ਦੇ ਪ੍ਰਭਾਵ ਨੂੰ ਘਟਾਉਣ ਲਈ ਵੀ ਯਤਨ ਜਾਰੀ ਹਨ। ਕਤਰ ਵਿਵਾਦ ਅਜੇ ਵੀ ਕਾਇਮ ਹੈ। ਜਿੱਥੋਂ ਤੱਕ ਅਫ਼ਗਾਨਿਸਤਾਨ ਦਾ ਮਾਮਲਾ ਹੈ, ਪਾਕਿਸਤਾਨ ਅਜੇ ਟਰੰਪ ਦੇ ਦਬਾਅ ਹੇਠ ਨਹੀਂ ਆ ਰਿਹਾ। ਜੇ ਪਕਿਸਤਾਨ ਨੇ ਤਾਲਿਬਾਨ ਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਲਈ ਮਜਬੂਰ ਕਰਨ ਵਾਸਤੇ ਅਮਰੀਕਾ ਦਾ ਸਾਥ ਦਿੱਤਾ ਤਾਂ ਤਾਲਿਬਾਨ ਦਾ ਝੁਕਾਅ ਇਰਾਨ ਤੇ ਰੂਸ ਵੱਲ ਵਧ ਸਕਦਾ ਹੈ।
ਵਾਹਾਬੀ ਇਸਲਾਮ ਨੂੰ ਨਰਮ ਬਣਾਉਣਾ ਬਹੁਤ ਮੁਸ਼ਕਲ ਹੈ। ਸਾਊਦੀ ਅਰਬ ਵਿੱਚ ਆਂਧੁਨਿਕਤਾ ਲਿਆਉਣ ਦੇ ਯਤਨਾਂ ਵਿੱਚ ਕੱਟੜਤਾ ਰੁਕਾਵਟ ਬਣੀ ਹੋਈ ਹੈ। ਭਾਜਪਾ ਨੂੰ ਵੀ ਚੋਣਾਂ ਦੌਰਾਨ ਕੱਟੜਵਾਦ ਨੂੰ ਅਸਥਿਰ ਆਰਥਿਕਤਾ ਦਾ ਬਦਲ ਬਣਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਹ ਗਰੀਬਾਂ ਦੇ ਹਿੱਤਾਂ ਤੇ ਸੰਵਿਧਾਨਿਕ ਭਾਵਨਾ ਦੇ ਮਾਮਲੇ ਹਨ।
ਅਮਰੀਕਾ ਦੇ ਮਹਾਨ ਰਾਸ਼ਟਰਪਤੀ ਸਵਰਗੀ ਰੂਜ਼ਵੈਲਟ ਨੇ ਇੱਕ ਵਾਰ ਕਿਹਾ ਸੀ, ”ਮੈਂ ਲੋਕਾਂ ਦੇ ਵਿਚਾਰਾਂ ਨੂੰ ਅੱਗੇ ਪੇਸ਼ ਨਹੀਂ ਕਰਦਾ, ਮੈਂ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹਾਂ।” ਲੋਕਾਂ ਦੇ ਅਸਲੀ ਹਿੱਤਾਂ ਤੇ ਇਨ੍ਹਾਂ ਹਿੱਤਾਂ ਬਾਰੇ ਲੋਕਾਂ ਦੇ ਵਿਚਾਰਾਂ ਵਿੱਚ ਬਹੁਤ ਫਰਕ ਹੈ। ਉਨ੍ਹਾਂ ਇਹ ਵੀ ਕਿਹਾ, ”ਮੈਨੂੰ ਪੱਛਮ ਦੇ ਉਕਸਾਊ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਨੀ ਚਾਹੀਦੀ, ਪ੍ਰੰਤੂ ਸਮੁੱਚੇ ਲੋਕਾਂ ਦੇ ਅਸਲੀ ਹਿੱਤਾਂ ਦਾ ਪ੍ਰਤੀਨਿਧ ਬਣ ਕੇ ਚੱਲਣਾ ਚਾਹੀਦਾ ਹੈ।” ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ਾਂ ਭਾਵ ਅਮਰੀਕਾ ਤੇ ਭਾਰਤ ਦੀ ਅਗਵਾਈ ਕਰਨ  ਵਾਲੇ ਆਗੂਆਂ ਲਈ ਇਸ ਤੋਂ ਵਧੀਆ ਹੋਰ ਕੋਈ ਸਲਾਹ ਨਹੀਂ ਹੋ ਸਕਦੀ।