ਰਾਸ਼ਟਰਵਾਦ ਦੇ ਰੰਗ

ਰਾਸ਼ਟਰਵਾਦ ਦੇ ਰੰਗ

ਅਜੋਕੇ ਸਮੇਂ ਦੇ ਸੱਤਾਵਾਨ ਵੀ ਸਭ ਕੁਝ ਆਪਣੀ ਮਰਜ਼ੀ ਮੁਤਾਬਕ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਚਾਹੇ ਸੋਸ਼ਲ ਮੀਡੀਆ ਉੱਤੇ ਹਾਵੀ ਉਨ੍ਹਾਂ ਦੇ ਹਮਾਇਤੀ ਕਿੰਨੇ ਵੀ ਦਮਗਜੇ ਕਿਉਂ ਨਾ ਮਾਰੀ ਜਾਣ। ਸੱਤਾਵਾਨ ਜਾਣਦੇ ਹਨ ਕਿ ਮੁਸਲਿਮ ਭਾਈਚਾਰੇ ਦਾ ਸਿੱਧਾ ਰੁਸੇਵਾਂ ਉਨ੍ਹਾਂ ਦੇ ਮਿਸ਼ਨ-2019 ਦੇ ਹਿੱਤ ਵਿੱਚ ਨਹੀਂ। ਇਸੇ ਲਈ ਅਜਮੇਰ ਸ਼ਰੀਫ਼ ਵਿਖੇ ਪ੍ਰਧਾਨ ਮੰਤਰੀ ਦੀ ਤਰਫ਼ੋਂ ਚਾਦਰ ਚੜ੍ਹਾਉਣਾ ਜਾਂ ਯੈਂਗੌਨ ਵਿੱਚ ਬਹਾਦੁਰਸ਼ਾਹ ਜ਼ਫ਼ਰ ਦੀ ਮਜ਼ਾਰ ‘ਤੇ ਅਕੀਦਤ ਪੇਸ਼ ਕਰਨੀ ਲੋਕਰਾਜੀ ਪ੍ਰਬੰਧ ਦੀਆਂ ਮੰਗਾਂ-ਮਜਬੂਰੀਆਂ ਦੀ ਦੇਣ ਨਹੀਂ ਬਲਕਿ ਇਸ ਅਹਿਸਾਸ ਨੂੰ ਅਸਿੱਧੇ ਤੌਰ ‘ਤੇ ਤਸਲੀਮ ਕਰਨਾ ਹੈ ਕਿ ਰਾਸ਼ਟਰਵਾਦ ਸਿਰਫ਼ ਭਗਵਾਂ ਨਹੀਂ ਹੋ ਸਕਦਾ।

ਸੁਰਿੰਦਰ ਸਿੰਘ ਤੇਜ

ਵੱਟਸਐਪ ਦੀ ਚੜ੍ਹਤ ਦੇ ਮੌਜੂਦਾ ਦੌਰ ਵਿੱਚ ਰੋਜ਼ਾਨਾ ਅਜਿਹੇ ਸੁਨੇਹੇ ਵੀ ਮਿਲਦੇ ਹਨ ਜਿਨ੍ਹਾਂ ਨੂੰ ਦੇਖਣ ਜਾਂ ਪੜ੍ਹਨ ਦੀ ਇੱਛਾ ਨਹੀਂ ਹੁੰਦੀ। ਜਦੋਂ ਇਹ ਸੋਸ਼ਲ ਮੀਡੀਆ ਟੂਲ ਅਜੇ ਨਵਾਂ ਨਵਾਂ ਆਇਆ ਸੀ ਤਾਂ ਸੁਨੇਹਿਆਂ ਦੀ ਭਰਮਾਰ ਨਹੀਂ ਸੀ ਹੁੰਦੀ। ਵਿਰਲਾ-ਟਾਵਾਂ ਸੁਨੇਹਾ ਆਪਣੇ ਹੀ ਗਰੁੱਪ ਵਿਚੋਂ ਆਉਂਦਾ ਸੀ। ਇਸੇ ਗਰੁੱਪ ਵਿੱਚ ਸੇਵਾਮੁਕਤ ਬ੍ਰਿਗੇਡੀਅਰ ਪ੍ਰੇਮ ਨਜ਼ਰਥ ਨੂੰ ਸੁਨੇਹਾ ਮਿਲਿਆ ਕਿ ਹਿੰਦੂਆਂ ਦੇ ਦੇਸ਼ ਵਿੱਚ ਬਾਕੀ ਧਰਮਾਂ ਨੂੰ ਜ਼ਿਆਦਾ ਹੀ ਖੁੱਲ੍ਹ ਦਿੱਤੀ ਜਾ ਰਹੀ ਹੈ। ਇਹ ਖੁੱਲ੍ਹ ਦੇਸ਼ ਦਾ ਰੱਤ ਚੂਸਦੀ ਜਾ ਰਹੀ ਹੈ। ਸਮਾਂ ਆ ਗਿਆ ਹੈ ਕਿ ਹਿੰਦੂ ਆਪਣੇ ਗੌਰਵ ਤੇ ਸਨਮਾਨ ਦੀ ਰਾਖੀ ਲਈ ਲਾਮਬੰਦ ਹੋਣ ਅਤੇ ਰਾਜ ਪ੍ਰਬੰਧ ਉੱਤੇ ਆਪਣੀ ਸਰਦਾਰੀ ਦੀ ਮੋਹਰ ਲਾਉਣ।
ਨਜ਼ਰਥ ਹਿੰਦੂ ਨਹੀਂ। ਉਹ ਸੀਰੀਅਨ ਕ੍ਰਿਸ਼ਚਨ ਹਨ। ਇਸਾਈ ਮੱਤ ਦੀ ਇਸ ਸ਼ਾਖਾ ਨਾਲ ਜੁੜੇ ਕਈ ਦਰਜਨ ਪਰਿਵਾਰ 16ਵੀਂ ਸਦੀ ਵਿੱਚ ਔਟੋਮਨ ਤੁਰਕਾਂ ਤੇ ਕੱਟੜਪੰਥੀ ਅਰਬਾਂ ਦੇ ਜ਼ੁਲਮਾਂ ਤੋਂ ਅੱਕ-ਥੱਕ ਕੇ ਅਰਬ ਸਾਗਰ ਦੇ ਰਸਤੇ ਪੱਛਮੀ ਭਾਰਤ ਵਿੱਚ ਆ ਗਏ ਸਨ। ਪਾਰਸੀਆਂ ਵਾਂਗ ਉਨ੍ਹਾਂ ਨੂੰ ਵੀ ਉੱਥੇ ਸ਼ਰਨ ਮਿਲੀ। ਉਹ ਆਪਣਾ ਧਰਮ ਜਾਂ ਜੀਵਨ ਸ਼ੈਲੀ ਬਦਲੇ ਬਿਨਾਂ ਗੋਆ ਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਵਸ ਗਏ। ਹੌਲੀ ਹੌਲੀ ਉਹ ਭਾਰਤੀ ਸਮਾਜ ਵਿੱਚ ਇਸ ਹੱਦ ਤਕ ਰੱਚ-ਮਿੱਚ ਗਏ ਕਿ ਉਨ੍ਹਾਂ ਨੇ ਬੱਚਿਆਂ ਦੇ ਨਾਮ ਵੀ ਹਿੰਦੂਆਂ ਵਾਲੇ ਰੱਖਣੇ ਸ਼ੁਰੂ ਕਰ ਦਿੱਤੇ। ਬ੍ਰਿਗੇਡੀਅਰ ਪ੍ਰੇਮ ਜਾਂ ਉਨ੍ਹਾਂ ਦੇ ਲੇਖਕ ਤੇ ਕਾਲਮਨਵੀਸ ਬੇਟੇ ਸਮੀਰ ਨਜ਼ਰਥ ਦੇ ਨਾਮ ਇਸੇ ਵਰਤਾਰੇ ਦਾ ਹਿੱਸਾ ਹਨ। ਪੱਛਮੀ ਭਾਰਤ ਦੇ ਤੱਟਵਰਤੀ ਇਲਾਕਿਆਂ ਵਿੱਚ ਇੱਕ ਸਮੇਂ ਅਜਿਹੀ ਸਾਂਝ ਆਮ ਹੀ ਸੀ। ਫਿਰ ਕੱਟੜਵਾਦੀ ਇਸਲਾਮ ਤੇ ਨਾਲ ਹੀ ਹਿੰਦੂਤਵ ਦੇ ਉਭਾਰ ਨੇ ਸਾਂਝ ਦੀਆਂ ਤੰਦਾਂ ਪੀਡੀਆਂ ਨਹੀਂ ਰਹਿਣ ਦਿੱਤੀਆਂ। ਮਜ਼ਹਬੀ ਪਛਾਣ ਚਿੰਨ੍ਹ ਹਰ ਪਾਸੇ ਪ੍ਰਤੱਖ ਹੋ ਗਏ ਹਨ। ਮੈਮਨ ਮੁਸਲਮਾਨਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਉਨ੍ਹਾਂ ਦੇ ਵਡੇਰੇ ਅਰਬ ਸਨ -ਖ਼ਲੀਫ਼ੇ ਦੇ ਜਵਾਈ ਮੁਹੰਮਦ ਬਿਨ-ਕਾਸਿਮ ਦੀ ਫ਼ੌਜ ਦਾ ਹਿੱਸਾ। ਬਿਨ-ਕਾਸਿਮ ਤਾਂ ਸਿੰਧ ਉੱਤੇ ਕਬਜ਼ਾ ਕਰਨ ਮਗਰੋਂ ਅਰਬ ਭੂਮੀ (ਇਰਾਕ) ਪਰਤ ਗਿਆ। ਪਿੱਛੇ ਰਹਿ ਗਏ ਫ਼ੌਜੀਆਂ ਨੇ ਮੁਕਾਮੀ ਲੋਕਾਂ ਨਾਲ ਘੁਲਣਾ-ਮਿਲਣਾ ਸ਼ੁਰੂ ਕਰ ਦਿੱਤਾ ਅਤੇ ਅਜਿਹਾ ਰਚੇ-ਮਿਚੇ ਕਿ ਕਬਾਇਲੀ ਬਿਰਤੀ ਤਿਆਗ ਦਿੱਤੀ, ਖੇਤੀ ਤੇ ਕਾਰੋਬਾਰ ਵੱਲ ਧਿਆਨ ਦੇਣ ਲੱਗੇ ਤੇ ਫਿਰ ਪੱਕੇ ਕਾਰੋਬਾਰੀ ਬਣ ਗਏ। ਗੁਜਰਾਤ ਦੇ ਬਹੁਤੇ ਮੁਸਲਮਾਨ ਕਾਰੋਬਾਰੀ ਮੈਮਨ ਹੀ ਹਨ। ਇੱਕ ਸਮੇਂ ਉਨ੍ਹਾਂ ਨੇ ਅੱਧੇ ਨਾਮ ਵੀ ਹਿੰਦੂਆਂ ਵਾਲੇ ਰੱਖਣੇ ਸ਼ੁਰੂ ਕਰ ਦਿੱਤੇ ਸਨ। ਕਾਰਪੋਰੇਟ ਘਰਾਣੇ ‘ਵਿਪਰੋ’ ਦੇ ਮੁਖੀ ਅਜ਼ੀਮ ਪ੍ਰੇਮਜੀ ਇਸੇ ਸੁਮੇਲ ਦੀ ਇੱਕ ਮਿਸਾਲ ਸਨ। ਹੁਣ ਅਜਿਹੀ ਮਿਸਾਲ ਲੱਭਣੀ ਔਖੀ ਹੋ ਗਈ ਹੈ।
ਬਹਰਹਾਲ, ਜਿਸ ਸੁਨੇਹੇ ਨੂੰ ਦੇਖ ਕੇ ਬ੍ਰਿਗੇਡੀਅਰ ਪ੍ਰੇਮ ਨਜ਼ਰਥ ਪਰੇਸ਼ਾਨ ਹੋ ਗਏ ਸਨ, ਉਹੋ ਜਿਹੇ ਸੁਨੇਹੇ ਮਿਲਣੇ ਹੁਣ ਆਮ ਹੀ ਹਨ। ਅਸੀਂ ਧਾਰਮਿਕ ਪੁਨਰ-ਸੁਰਜੀਤੀ ਦੇ ਨਾਂਅ ‘ਤੇ ਭਗਵੇਂ ਰਾਸ਼ਟਰਵਾਦ ਦੇ ਦੌਰ ਵਿੱਚੋਂ ਲੰਘ ਰਹੇ ਹਾਂ। ਕੌਮੀ ਵਸੋਂ ਦੇ ਇੱਕ ਵੱਡੇ ਵਰਗ ਦਾ ਹਾਵ-ਭਾਵ ਅਤੇ ਦੇਸ਼ ਦੇ ਹਾਕਮਾਂ ਦੇ ਰੰਗ-ਢੰਗ ਕੌਮੀ ਇਤਿਹਾਸ ਦਾ ਨਸਲੀ ਸੁਧਾਰ ਕਰਨ ਲਈ ਦ੍ਰਿੜ੍ਹ ਜਾਪਦੇ ਹਨ। ਨਸਲੀ ਸੁਧਾਰ ਦੇ ਇਸੇ ਅਮਲ ਰਾਹੀਂ ਸਾਰੇ ‘ਵਿਦੇਸ਼ੀ’ ਹੁਕਮਰਾਨਾਂ ਦਾ ਦਾਨਵੀਕਰਨ ਕੀਤਾ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਜਾਂ ਇੱਕ ਦਰਜਨ ਸੂਬਾਈ ਸਰਕਾਰਾਂ ਇਸੇ ਨਵੇਂ ‘ਰਾਸ਼ਟਰੀ’ ਫ਼ਲਸਫ਼ੇ ਮੁਤਾਬਕ ਕਾਨੂੰਨ ਬਣਾਉਣ ਦੀ ਸਥਿਤੀ ਵਿੱਚ ਹਨ। ਉਹ ਅਜਿਹਾ ਕਰ ਵੀ ਰਹੀਆਂ ਹਨ। ਲੋਕਾਂ ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕੀ ਬੋਲਣਾ ਹੈ  ਇਹ ਸਭ ਕੁਝ ਤੈਅ ਕਰਨ ਦਾ ਸਿਲਸਿਲਾ ਜਾਰੀ ਹੈ। ਕਦੇ ਧਰਮ ਨਿਰਪੇਖਤਾ ਨੂੰ ਭਾਰਤੀ ਜੀਵਨ ਸ਼ੈਲੀ ਦੀ ਰੂਹੇ-ਰਵਾਂ ਮੰਨਿਆ ਜਾਂਦਾ ਸੀ, ਹੁਣ ਹਿੰਦੂਤਵ ਨੂੰ ਇਹ ਦਰਜਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਆਜ਼ਾਦਾਨਾ ਤੇ ਤਾਰਕਿਕ ਸੁਹਜ ਵਾਲਿਆਂ ਦੀਆਂ ਹੱਤਿਆਵਾਂ ਵੱਖਰੇ ਤੌਰ ‘ਤੇ ਚਿੰਤਾਵਾਂ ਪੈਦਾ ਕਰ ਰਹੀਆਂ ਹਨ। ਪਰ ਕੀ ਇਹ ਪ੍ਰਾਜੈਕਟ ਸਥਾਈ ਰੂਪ ਗ੍ਰਹਿਣ ਕਰ ਸਕੇਗਾ?
ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਹੁਕਮਰਾਨ ਧਿਰ ਵੱਲੋਂ ਲੋਕਾਂ ਉੱਤੇ ਇੱਕ ਵਿਸ਼ੇਸ਼ ਧਰਮ ਜਾਂ ਇੱਕ ਵਿਸ਼ੇਸ਼ ਜੀਵਨ ਸ਼ੈਲੀ ਠੋਸਣ ਦੇ ਯਤਨ ਕੀਤੇ ਜਾਂਦੇ ਹਨ ਤਾਂ ਮੁੱਢ ਵਿੱਚ ਤਾਂ ਕਾਮਯਾਬੀ ਵਾਲਾ ਪ੍ਰਭਾਵ ਬਣਦਾ ਹੈ ਪਰ ਹੌਲੀ ਹੌਲੀ ਇਸ ਜ਼ਬਰਦਸਤੀ ਖ਼ਿਲਾਫ਼ ਅਕੇਵਾਂ ਵੀ ਸਿਰ ਚੁੱਕਣ ਲੱਗਦਾ ਹੈ। ਸਮਰਾਟ ਅਸ਼ੋਕ ਨੇ ਕਾਲਿੰਗਾ ਉੱਤੇ ਕਹਿਰ ਢਾਹੁਣ ਅਤੇ ਲੱਖਾਂ ਜਾਨਾਂ ਲੈਣ ਮਗਰੋਂ ਪਸ਼ਚਾਤਾਪ ਵਜੋਂ ਬੁੱਧ ਮੱਤ ਧਾਰਨ ਕਰ ਲਿਆ ਅਤੇ ਫਿਰ ਨਵੇਂ ਨਵੇਂ ਜਨੂਨ ਵਿੱਚ ਆਪਣੀ ਸਮੁੱਚੀ ਪ੍ਰਜਾ ਉੱਤੇ ਇਹੋ ਧਰਮ ਠੋਸਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਉਸ ਦੇ ਜੀਵਨ-ਕਾਲ ਦੌਰਾਨ ਤਾਂ ਬੋਧੀਸੱਤਵ ਦਾ ਪਸਾਰਾ ਹਰ ਪਾਸੇ ਦੇਖਣ ਨੂੰ ਮਿਲਿਆ, ਪਰ ਮਰਦਿਆਂ ਹੀ ਹਿੰਦੂ ਧਰਮ ਵੱਧ ਜਲੌਅ ਨਾਲ ਸੁਰਜੀਤ ਹੋ ਗਿਆ। 14ਵੀਂ ਸਦੀ ਦੇ ਮੁੱਢ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਦੀ ਹਕੂਮਤ ਹੁਣ ਵਾਲੇ ਸਮੁੱਚੇ ਅਫ਼ਗ਼ਾਨਿਸਤਾਨ ਤੋਂ ਲੈ ਕੇ ਪੂਰਬ ਵਿੱਚ ਕਾਮਰੂਪ (ਅਸਾਮ) ਅਤੇ ਮੌਜੂਦਾ ਊਧਮਪੁਰ ਤੋਂ ਲੈ ਕੇ ਕੋਚੀ (ਕੇਰਲਾ) ਤਕ ਫੈਲ ਗਈ। ਅਜਿਹੇ ਪਸਾਰੇ ਦੇ ਬਾਵਜੂਦ ਉਸ ਨੂੰ ਮਹਿਜ਼ 7 ਸਾਲਾਂ ਦੇ ਅੰਦਰ ਯਕੀਨ ਹੋ ਗਿਆ ਕਿ ਉਹ ਨਾ ਤਾਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਸਕੇਗਾ ਅਤੇ ਨਾ ਹੀ ਚੈਨ ਨਾਲ ਸ਼ਾਸਨ ਕਰ ਸਕੇਗਾ। ਉਸ ਨੇ ਚੁਪ-ਚੁਪੀਤਿਆਂ ਸੂਫ਼ੀਵਾਦ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ। ਕਾਰਿੰਦਿਆਂ ਤਕ ਬਦਲੀਆਂ ਨੀਤੀਆਂ ਦਾ ਸੁਨੇਹਾ ਖ਼ੁਦ-ਬਖ਼ੁਦ ਪਹੁੰਚਣਾ ਸ਼ੁਰੂ ਹੋ ਗਿਆ। ਅਮੀਰ ਖ਼ੁਸਰੋ ਤੇ ਹੋਰ ਸੂਫ਼ੀਆਂ ਦਾ ਉਭਾਰ ਉਸੇ ਯੁੱਗ ਤੋਂ ਆਰੰਭ ਹੋਇਆ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਅੰਤਾਂ ਦਾ ਤੁਅੱਸਬੀ ਮੰਨਿਆ ਜਾਂਦਾ ਰਿਹਾ ਹੈ, ਪਰ ਹਿੰਦੂ ਅਹਿਲਕਾਰਾਂ ਨੂੰ ਸ਼ਾਹੀ ਦਰਬਾਰ ਵਿੱਚ ਥਾਂ ਦੇਣ ਦਾ ਜੋ ਸਿਲਸਿਲਾ ਅਲਾਉਦੀਨ ਖ਼ਿਲਜੀ ਨੇ ਸ਼ੁਰੂ ਕੀਤਾ ਸੀ, ਉਸ ਦਾ ਸਿਖ਼ਰ ਛੇ ਸਦੀਆਂ ਬਾਅਦ ਆਲਮਗੀਰੀ ਹਕੂਮਤ ਵਿੱਚ ਦੇਖਿਆ ਗਿਆ ਜਿਸ ਦੇ ਹਿੰਦੂ ਅਹਿਲਕਾਰਾਂ ਦੀ ਨਫ਼ਰੀ 42 ਫ਼ੀਸਦੀ ਤਕ ਜਾ ਪਹੁੰਚੀ।
ਇੱਕ ਗੱਲ ਸਾਫ਼ ਹੈ ਕਿ ਕੋਈ ਵੀ ਹਕੂਮਤ ਆਪਣੀ ਵਸੋਂ ਦੇ ਕਿਸੇ ਵੱਡੇ-ਛੋਟੇ ਵਰਗ ਨੂੰ ਬਹੁਤਾ ਸਮਾਂ ਨਾਰਾਜ਼ ਕਰਕੇ ਨਹੀਂ ਰੱਖ ਸਕਦੀ। ਸਿਤਮਗਰੀ ਦਾ ਦੌਰ ਬਗ਼ਾਵਤਾਂ ਨੂੰ ਜਨਮ ਦਿੰਦਾ ਹੈ; ਹਕੂਮਤੀ ਜ਼ੋਰ ਨਾਲ ਬਗ਼ਾਵਤਾਂ ਦੀ ਸ਼ਿੱਦਤ ਤਾਂ ਮੱਠੀ ਪਾਈ ਜਾ ਸਕਦੀ ਹੈ, ਇਨ੍ਹਾਂ ਦੀ ਸੁਲਗ਼ਣ ਨਹੀਂ ਰੋਕੀ ਜਾ ਸਕਦੀ। ਜਦੋਂ ਵੀ ਇਹ ਖ਼ਤਮ ਹੋਈਆਂ ਹਨ, ਸੁਲ੍ਹਾ-ਸਫ਼ਾਈ ਵਾਲੇ ਅਮਲ ਰਾਹੀਂ ਹੀ ਹੋਈਆਂ ਹਨ। ਆਜ਼ਾਦ ਭਾਰਤ ਵਿੱਚ ਅਸੀਂ ਅਜਿਹਾ ਅਮਲ ਆਮ ਹੀ ਵੇਖਦੇ ਆ ਰਹੇ ਹਾਂ। 1857 ਦੇ ਸੰਗਰਾਮ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ। ਅੰਗਰੇਜ਼ਾਂ ਨੇ ਇੱਕ ਵਾਰ ਭਾਰਤੀ ਸੰਗਰਾਮੀਆਂ ਦਾ ਸਫ਼ਾਇਆ ਕਰਨ ਲਈ ਅੰਤਾਂ ਦਾ ਕਹਿਰ ਢਾਹਿਆ, ਪਰ ਬਗ਼ਾਵਤ ਕੰਟਰੋਲ ਵਿੱਚ ਆਉਂਦਿਆਂ ਹੀ ਕੰਪਨੀ ਰਾਜ ਖ਼ਤਮ ਕਰਕੇ ਅਤੇ ਭਾਰਤ ਨੂੰ ਸਿੱਧੇ ਤੌਰ ‘ਤੇ ਬ੍ਰਿਟਿਸ਼ ਪਾਰਲੀਮੈਂਟ ਅਧੀਨ ਲਿਆ ਕੇ ਪ੍ਰਸ਼ਾਸਨਿਕ, ਆਰਥਿਕ ਤੇ ਰਾਜਸੀ ਸੁਧਾਰਾਂ ਦਾ ਕਾਜ ਆਰੰਭਿਆ। ਇਸੇ ਨੀਤੀ ਅਧੀਨ ਹਕੂਮਤੀ ਪ੍ਰਬੰਧ ਵਿੱਚ ਭਾਰਤੀਆਂ ਦੀ ਸ਼ਮੂਲੀਅਤ ਵਧਾਈ ਗਈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਸੁਧਾਰਾਂ ਨੇ ਹੀ ਆਜ਼ਾਦੀ ਦੀ ਤਾਂਘ ਪ੍ਰਚੰਡ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ।
ਅਜੋਕੇ ਸਮੇਂ ਦੇ ਸੱਤਾਵਾਨ ਵੀ ਸਭ ਕੁਝ ਆਪਣੀ ਮਰਜ਼ੀ ਮੁਤਾਬਕ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਚਾਹੇ ਸੋਸ਼ਲ ਮੀਡੀਆ ਉੱਤੇ ਹਾਵੀ ਉਨ੍ਹਾਂ ਦੇ ਹਮਾਇਤੀ ਕਿੰਨੇ ਵੀ ਦਮਗਜੇ ਕਿਉਂ ਨਾ ਮਾਰੀ ਜਾਣ। ਸੱਤਾਵਾਨ ਜਾਣਦੇ ਹਨ ਕਿ ਮੁਸਲਿਮ ਭਾਈਚਾਰੇ ਦਾ ਸਿੱਧਾ ਰੁਸੇਵਾਂ ਉਨ੍ਹਾਂ ਦੇ ਮਿਸ਼ਨ-2019 ਦੇ ਹਿੱਤ ਵਿੱਚ ਨਹੀਂ। ਇਸੇ ਲਈ ਅਜਮੇਰ ਸ਼ਰੀਫ਼ ਵਿਖੇ ਪ੍ਰਧਾਨ ਮੰਤਰੀ ਦੀ ਤਰਫ਼ੋਂ ਚਾਦਰ ਚੜ੍ਹਾਉਣਾ ਜਾਂ ਯੈਂਗੌਨ ਵਿੱਚ ਬਹਾਦੁਰਸ਼ਾਹ ਜ਼ਫ਼ਰ ਦੀ ਮਜ਼ਾਰ ‘ਤੇ ਅਕੀਦਤ ਪੇਸ਼ ਕਰਨੀ ਲੋਕਰਾਜੀ ਪ੍ਰਬੰਧ ਦੀਆਂ ਮੰਗਾਂ-ਮਜਬੂਰੀਆਂ ਦੀ ਦੇਣ ਨਹੀਂ ਬਲਕਿ ਇਸ ਅਹਿਸਾਸ ਨੂੰ ਅਸਿੱਧੇ ਤੌਰ ‘ਤੇ ਤਸਲੀਮ ਕਰਨਾ ਹੈ ਕਿ ਰਾਸ਼ਟਰਵਾਦ ਸਿਰਫ਼ ਭਗਵਾਂ ਨਹੀਂ ਹੋ ਸਕਦਾ।
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)