ਬਾਬਾਵਾਦੀ ਸਿਆਸਤ ਵੱਧਣ-ਫੁੱਲਣ ਦੇ ਕਾਰਨ ਤੇ ਲੋਕ ਮਸਲੇ

ਬਾਬਾਵਾਦੀ ਸਿਆਸਤ ਵੱਧਣ-ਫੁੱਲਣ ਦੇ ਕਾਰਨ ਤੇ ਲੋਕ ਮਸਲੇ

ਰਣਜੀਤ ਸਿੰਘ ਘੁੰਮਣ (ਡਾ.)’ (ਸੰਪਰਕ: 98722- 20714)
ਡੇਰਾ ਸਿਰਸਾ ਦੇ ਮੁਖੀ ਗੁਰਮੀਤਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਬਲਾਤਕਾਰ ਕੇਸ ਵਿੱਚ ਸਜ਼ਾ ਸੁਣਾਏ ਜਾਣ ਬਾਅਦ ਸਿਆਸਤਦਾਨਾਂ ਵਲੋਂ ਅਜਿਹੇ ਗੁੰਡਿਆਂ ਨੂੰ ਦਿੱਤੀ ਜਾਂਦੀ ਸ਼ਹਿ ਅਤੇ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਵਿਰੁਧ ਮੂੰਹ ਵਿੱਚ ਘੁੰਗਣੀਆਂ ਪਾਏ ਰੱਖਣ ਦੀ ਢੀਠਤਾਈ ਸ਼ਰੇਆਮ ਸਾਹਮਣੇ ਆਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਤਾਜ਼ਾ ਟਿੱਪਣੀ ਵਿੱਚ ਕਿਹਾ ਹੈ ਕਿ ਰਾਜਨੀਤਕ ਪਾਰਟੀਆਂ ਬਾਬਿਆਂ ਦਾ ਸਿਆਸੀ ਲਾਹਾ ਲੈਂਦੀਆਂ ਹਨ।
ਲੋਕਾਂ ਦੀਆਂ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਕ ਸਮੱਸਿਆਵਾਂ ਜਿਵੇਂ ਜਿਵੇਂ ਵਧਦੀਆਂ ਜਾਂਦੀਆਂ ਹਨ ਅਤੇ ਰਾਜਨੀਤਿਕ ਨੇਤਾਵਾਂ ਤੇ ਸਰਕਾਰਾਂ ਕੋਲੋਂ ਉਨ੍ਹਾਂ ਦਾ ਹੱਲ ਨਹੀਂ ਹੁੰਦਾ, ਲੋਕ ਡੇਰੇ ਵਾਲੇ ਬਾਬਿਆਂ ਦੀ ਸ਼ਰਨ ਵਿੱਚ ਜਾ ਪਹੁੰਚਦੇ ਹਨ। ਸਾਲ 1991 ਵਿੱਚ ਸ਼ੁਰੂ ਹੋਏ ਆਰਥਿਕ ਸੁਧਾਰਾਂ ਤੋਂ ਅਜਿਹਾ ਵਰਤਾਰਾ ਵੱਧ ਗਿਆ ਅਤੇ ਰਾਜਨੀਤਿਕ ਪਾਰਟੀਆਂ, ਸਰਕਾਰਾਂ ਅਤੇ ਬਾਬਿਆਂ ਵਿੱਚ ‘ਨੇੜਤਾ’ ਗੂੜ੍ਹੀ ਹੋਈ ਹੈ। ਬਾਬੇ ਲੋਕਾਂ ਨੂੰ ਤਰਕ ਅਧਾਰਿਤ ਸੋਚ ਤੋਂ ਦੂਰ ਰੱਖਣ ਵਿੱਚ ਕਾਮਯਾਬ ਹਨ। ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਆਪਣੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਲਈ ਮੁਸੀਬਤਾਂ ਪੈਦਾ ਨਾ ਕਰਨ ਅਤੇ ‘ਬਾਬੇ’ ਇਨ੍ਹਾਂ ਮਸਲਿਆਂ ਦੇ ਹੱਲ ਲਈ ਜਿਹੜਾ ਰਾਹ ਵਿਖਾਉਂਂਦੇ ਹਨ, ਉਹ ਸਰਕਾਰਾਂ ਨੂੰ ਬਹੁਤ ਭਾਉਂਦਾ ਹੈ। ਵੋਟਾਂ ਦੀ ਲੋੜ ਨੇ ਸਿਆਸਤਦਾਨਾਂ ਲਈ ‘ਬਾਬਿਆਂ’ ਦੀ ਮਹੱਤਤਾ ਹੋਰ ਵੀ ਵਧਾ ਦਿੱਤੀ ਹੈ।
ਮਸਲਾ ਬਹੁਤ ਗੰਭੀਰ ਅਤੇ ਟੇਢਾ ਹੈ। ਸ਼ਾਇਦ ਹੀ ਕੋਈ ਸਮਾਜ ਹੋਵੇ ਜਿਥੇ ਬਾਬੇ ਮੌਜੂਦ ਨਾ ਹੋਣ। ਪੰਜਾਬ ਵਿੱਚ ਵੱਡੀ ਗਿਣਤੀ ਧਾਰਮਿਕ ਬਾਬੇ ਹਰ ਰੋਜ਼ ਹਜ਼ਾਰਾਂ ਦੁਖੀਆਂ ਦਾ ‘ਕਲਿਆਣ’ ਕਰ ਰਹੇ ਹਨ। ਖਾਸ ਕਰਕੇ ਐਤਵਾਰ ਨੂੰ ਇਨ੍ਹਾਂ ਡੇਰਿਆਂ ਉਪਰ ਖਾਸ ਰੌਣਕਾਂ ਹੁੰਦੀਆਂ ਹਨ। ਇਥੋਂ ਤਕ ਕਿ ਡੇਰਿਆਂ ਦੇ ਪ੍ਰਬੰਧਕਾਂ ਨੇ ਆਪਣੇ ਸੇਵਾਦਾਰਾਂ ਦੀ ਡਿਊਟੀ ਜੀ.ਟੀ. ਰੋਡ ਵਰਗੀਆਂ ਮਹੱਤਵਪੂਰਨ ਸੜਕਾਂ ਉਤੇ ਆਵਾਜਾਈ ਦੇ ਪ੍ਰਬੰਧ ਲਈ ਲਾਈ ਹੁੰਦੀ ਹੈ। ਸ਼ਰਧਾਲੂਆਂ ਵਿੱਚ ਰਾਜਸੀ ਨੇਤਾ, ਵੱਡੇ ਛੋਟੇ ਅਫਸਰ, ਗਰੀਬ, ਅਮੀਰ, ਕਿਸਾਨ, ਮਜ਼ਦੂਰ, ਪੜ੍ਹੇ ਲਿਖੇ, ਅਨਪੜ੍ਹ, ਛੋਟੇ ਦੁਕਾਨਦਾਰ ਤੇ ਵੱਡੇ ਵਪਾਰੀ, ਉਦਯੋਗਪਤੀ ਸਭ ਹੁੰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਸਮਾਜ ਦੇ ਹਰੇਕ ਵਰਗ ਦੇ ਵੱਡੀ ਗਿਣਤੀ ਲੋਕ ਇਨ੍ਹਾਂ ਬਾਬਿਆਂ ਦੇ ਡੇਰਿਆਂ ਵਿੱਚ ਹਾਜ਼ਰੀ ਭਰਦੇ ਹਨ ਤਾਂ ਉਥੇ ਕੁਝ ਨਾ ਕੁਝ ਤਾਂ ਅਜਿਹਾ ਹੁੰਦਾ ਹੀ ਹੋਵੇਗਾ ਜਿਸ ਤੋਂਂ ਪ੍ਰਭਾਵਿਤ ਹੋ ਕੇ ਉਹ ਵਕਤ ਕੱਢ ਲੈਂਦੇ ਹਨ। ਇਹ ਲੋਕ ਕਿਸੇ ਇਕ ਧਰਮ ਦੇ ਪੈਰੋਕਾਰ ਨਹੀਂ ਹੁੰਦੇ ਹਨ। ਉਨ੍ਹਾਂ ਦੇ ਆਪੋ ਆਪਣੇ ਧਰਮ ਗ੍ਰੰਥਾਂ ਵਿੱਚ ਸਾਰੇ ਮਸਲਿਆਂ ਦਾ ਹੱਲ ਮੌਜੂਦ ਹੈ, ਫਿਰ ਵੀ ਉਹ ਡੇਰਿਆਂ ਤੋਂ ਸੁਖ, ਸ਼ਾਂਤੀ ਅਤੇ ਦੁੱਖਾਂ ਕਲੇਸ਼ਾਂ ਦੀ ਨਵਿਰਤੀ ਭਾਲਦੇ ਹਨ । ਆਖ਼ਰ ਕਿਉ? ਇਹ ਪਰੰਪਰਾ ਲੰਬੇ ਸਮੇਂ ਤੋਂ ਸਮਾਜ ਵਿੱਚ ਚਲਦੀ ਆ ਰਹੀ ਹੈ। ਇਹ ਲੰਬੀ ਬਹਿਸ ਦਾ ਵਿਸ਼ਾ ਹੈ। ਪਰ ਇਕ ਗੱਲ ਜ਼ਰੂਰ ਹੈ ਕਿ ਜਦੋਂ ਵੀ ਸਮਾਜ/ਧਰਮ ਵਿੱਚ ਵਿਗਾੜ ਪੈਦਾ ਹੋਏ ਹਨ, ਕੋਈ ਨਾ ਕੋਈ ਸੁਧਾਰ ਲਹਿਰ ਸ਼ੁਰੂ ਹੁੰਦੀ ਰਹੀ ਹੈ। ਉਮੀਦ ਹੈ ਹੁਣ ਵੀ ਅਜਿਹਾ ਜ਼ਰੂਰ ਹੋਵੇਗਾ
ਪੰਜਾਬ ਅੱਜ ਇਕ ਅਜਿਹੀ ਹੀ ਨ੍ਹੇਰੀ ਗਲੀ ਦੇ ਮੋੜ ‘ਤੇ ਖੜ੍ਹਾ ਹੈ। ਬਾਬਿਆਂ ਕਾਰਨ ਉਭਰੇ ਮਸਲਿਆਂ ਕਾਰਨ ਲੋਕ ਮਸਲੇ ਦੱਬਦੇ ਜਾ ਰਹੇ ਹਨ। ਹੁਣ ਵਰਗੇ ਵਰਤਾਰੇ ਕਾਰਨ ਲੋਕ ਮਸਲੇ, ਲੋਕ ਲਹਿਰਾਂ ਅਤੇ ਵਿਚਾਰੇ ਲੋਕ ਫਿਰ ਸਿਫ਼ਰ ‘ਤੇ ਪਹੁੰਚ ਜਾਂਦੇ ਹਨ। ਇਸ ਵਿਚੋਂ ਕੁਝ ਅਜਿਹੇ ਸਵਾਲ ਉਭਰਦੇ ਹਨ ਜਿਨ੍ਹਾਂ ਦਾ ਜਵਾਬ ਲੱਭਣਾ ਅਤੇ ਦੱਸਣਾ ਮੁਸ਼ਕਲ ਜਾਪਦਾ ਹੈ।
ਸੰਗਠਿਤ ਸਮਾਜ ਵਿ?ੱਚ ਰਹਿੰਦਿਆਂ ਮਨੁੱਖ ਨੇ ਆਪਣੇ ਜੀਵਨ ਨੂੰ ਨਿਯਮਬੱਧ ਕਰਨ ਲਈ ਹੋਰ ਵਿਵਸਥਾਵਾਂ ਤੋਂ ਇਲਾਵਾ ਧਰਮ ਦੀ ਉਤਪਤੀ ਕੀਤੀ। ਧਰਮ ਇਕ ਜੀਵਨ ਜਾਚ ਬਣ ਗਿਆ ਪਰ ਸੱਤਾ ਦੀ ਸਿਆਸਤ ਨੇ ਇਸ ਨੂੰ ਨਿਜ ਤਕ ਸੀਮਤ ਨਹੀਂ ਰਹਿਣ ਦਿੱਤਾ। ਆਪਣੇ ਸੁਆਰਥਾਂ ਦੀ ਪੂਰਤੀ ਲਈ ਇਸ ਨੂੰ ਇਕ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਕੌਣ ਨਹੀਂ ਜਾਣਦਾ ਕਿ ਰਾਜ ਅਤੇ ਧਰਮ ਦਾ ਮੁੱਢ ਕਦੀਮ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ। ਦੋਵੇਂ ਇਕ ਦੂਸਰੇ ਦੀ ਮਦਦ ਕਰਦੇ ਰਹੇ ਹਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ । ਅੱਜ ਵੀ ਸੱਤਾ ‘ਤੇ ਕਾਬਜ਼ ਹੋਣ ਅਤੇ ਕਾਬਜ਼ ਰਹਿਣ ਲਈ ਧਰਮ ਦਾ ਸਹਾਰਾ ਲਿਆ ਜਾ ਰਿਹਾ ਹੈ।
ਬਾਬਾ ਪ੍ਰਥਾ ਦੀ ਲੋਕਪ੍ਰਿਅਤਾ ਦੀ ਜੜ੍ਹ ਆਰਥਿਕ, ਸਮਾਜਿਕ, ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਮਸਲਿਆਂ ਵਿੱਚ ਪਈ ਹੋਈ ਹੈ । ਨਿਤ ਵਧ ਰਹੀ ਬੇਰੁਜ਼ਗਾਰੀ, ਗਰੀਬੀ, ਤੰਗੀ-ਤੁਰਸ਼ੀ, ਆਰਥਿਕ ਨਾ-ਬਰਾਬਰੀ ਅਤੇ ਭੁੱਖ ਮਰੀ ਦੇ ਹੱਲ ਲੋਕ ਬਾਬਿਆਂ ਦੇ ਡੇਰਿਆਂ ਤੋਂ ਢੂੰਡਦੇ ਹਨ। ਐਲੋਪੈਥੀ ਦੇ ਮਹਿੰਗੇ ਇਲਾਜ ਕਰਵਾ ਸਕਣ ਦੀ ਸਮਰੱਥਾ ਨਾ ਹੋਣ ਕਾਰਨ ਲੋਕ ਬਾਬਿਆਂ ਵੱਲੋਂ ਦਿੱਤੀ ਸੁਆਹ ਦੀ ਚੁਟਕੀ ਉਪਰ ਭਰੋਸਾ ਕਰਨ ਲਈ ਮਜਬੂਰ ਹੋ ਜਾਂਦੇ ਹਨ । ਅਨਪੜ੍ਹਤਾ, ਚੇਤਨਾ ਦਾ ਨੀਵਾਂ ਪੱਧਰ, ਸਹੀ ਸਿੱਖਿਆ ਦੀ ਘਾਟ, ਪਰਿਵਾਰਕ ਕਲੇਸ਼ ਆਦਿ ਬਾਬਿਆਂ ਦੀ ਹੋਂਦ ਅਤੇ ਪ੍ਰਫੁਲਤਾ ਦੇ ਸਮਾਜਿਕ ਕਾਰਨ ਹਨ। ਧਾਰਮਿਕ ਸੰਸਕਾਰ, ਅੰਧ-ਵਿਸ਼ਵਾਸ, ਸਵਰਗ ਦੀ ਲਾਲਸਾ ਅਤੇ ਨਰਕ ਦਾ ਡਰ, ਅਗਲਾ ਜਨਮ ਸੁਆਰਨ ਦਾ ਲਾਰਾ, ਗ਼ੈਬੀ ਸ਼ਕਤੀਆਂ ਦੀ ਹੋਂਦ ਵਿੱਚ ਵਿਸ਼ਵਾਸ, ਰਾਸ਼ੀ ਫਲ ਆਦਿ ਬਾਬਿਆਂ ਦੀ ਮਹਾਨਤਾ ਦੇ ਧਾਰਮਿਕ ਕਾਰਨ ਹਨ। ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਸਮਾਜ ਦੀ ਧਰਮ, ਜਾਤ, ਬੋਲੀ, ਰੰਗ ਰੂਪ ਅਤੇ ਲਿੰਗ ਦੇ ਆਧਾਰ ‘ਤੇ ਵੰਡ ਇਸ ਦੇ ਰਾਜਨੀਤਕ ਕਾਰਨ ਹਨ। ਜੇਕਰ ਕੋਈ ਵਿਅਕਤੀ ਜਾਂ ਸੰਸਥਾ ਵੱਲੋਂ ਬਾਬਿਆਂ ਦੀਆਂ ਗਤੀਵਿਧੀਆਂ ਉਜਾਗਰ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤਾਂ ਉਸ ਆਵਾਜ਼ ਨੂੰ ਵਿੰਗੇ-ਟੇਢੇ ਤਰੀਕੇ ਅਪਣਾ ਕੇ ਦਬਾਉਣ ਦੇ ਯਤਨ ਕੀਤੇ ਜਾਂਦੇ ਹਨ। ਇਥੋਂ ਤਕ ਕਿ ਮੌਕੇ ਦੀਆਂ ਸਰਕਾਰਾਂ ਜਾਂ ਰਾਜਨੀਤਕ ਪਾਰਟੀਆਂ ਚੁੱਪ ਰਹਿਣਾ ਬਿਹਤਰ ਸਮਝਦੀਆਂ ਹਨ। ਲੋਕ ਲਹਿਰਾਂ ਦੀ ਘਾਟ ਵੀ ਅਜਿਹੇ ਵਰਤਾਰੇ ਲਈ ਜ਼ਿੰਮੇਵਾਰ ਹੈ।
ਲੋਕਾਂ ਦੇ ਅਸਲ ਮਸਲੇ ਕਿਸੇ ਵੀ ਰਾਜਨੀਤਕ ਪਾਰਟੀ ਨੇ ਸੰਜੀਦਗੀ ਨਾਲ ਆਪਣੇ ਏਜੰਡੇ ਵਿੱਚ ਸ਼ਾਮਲ ਨਹੀਂ ਕੀਤੇ ਹੁੰਦੇ। ਹੁਣ ਸਿਆਸਤ ਲੋਕਾਂ ਦੀ ਸੇਵਾ ਲਈ ਨਹੀਂ, ਆਪਣੇ ਹਿੱਤਾਂ ਲਈ ਕੀਤੀ ਜਾਂਦੀ ਹੈ। ਸਰਕਾਰਾਂ ਦਾ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੰਬੇ ਸਮੇਂ ਦੀਆਂ ਲੋੜਾਂ ਪ੍ਰਤੀ ਅਵੇਸਲਾਪਣ, ਰਿਸ਼ਵਤਖੋਰੀ, ਪ੍ਰਸ਼ਾਸਕੀ ਬਦ-ਇੰਤਜ਼ਾਮੀ, ਲਾਪ੍ਰਵਾਹੀ ਆਦਿ ਬਾਬਿਆਂ ਦੀ ਮਾਨਤਾ ਵਧਾਉਣ ਵਿੱਚ ਯੋਗਦਾਨ ਬਣ ਰਹੇ ਹਨ ।
ਲੋਕਾਂ ਸਾਹਮਣੇ ਚਾਰ ਜਾਂ ਪੰਜ ਵਿਕਲਪ ਹਨ: ਇਕ- ਬਾਬਿਆਂ ਦਾ ਓਟ-ਆਸਰਾ ਭਾਲਣਾ; ਦੂਜਾ- ਬੇਵਸੀ ਨਾਲ ਦਿਨਕਟੀ ਕਰੀ ਜਾਣਾ; ਤੀਜਾ- ਮਜਬੂਰ ਹੋ ਕੇ ਖ਼ੁਦਕੁਸ਼ੀ ਦਾ ਰਾਹ ਚੁਣਨਾ; ਚੌਥਾ- ਹਿੰਸਾ ਦਾ ਰਾਹ ਅਪਣਾ ਲੈਣਾ ਅਤੇ ਪੰਜਵਾਂ- ਲੋਕ ਲਹਿਰਾਂ ਰਾਹੀਂ ਰਾਜਨੀਤੀ ‘ਚ ਨਵੀਆਂ ਉਸਾਰੂ ਪਿਰਤਾਂ ਪਾਉਂਦਿਆਂ ਇਸ ਨੂੰ ਸਰਬੱਤ ਦੇ ਭਲੇ ਲਈ ਵਰਤਣਾ।
ਸੱਭਿਆ ਸਮਾਜ ਵਿੱਚ ਪਹਿਲੇ ਚਾਰ ਵਿਕਲਪਾਂ ਦੀ ਕੋਈ ਥਾਂ ਨਹੀਂ। ਪਰ ਹਾਲਾਤ ਇੰਨੇ ਦੁੱਭਰ ਹੋ ਚੁੱਕੇ ਹਨ ਕਿ ਸਿਆਸਤਦਾਨ, ਧਾਰਮਿਕ ਆਗੂ ਤੇ ਬੁੱਧੀਜੀਵੀ ਪਹਿਲੇ ਚਾਰੇ ਵਿਕਲਪਾਂ ਤੋਂ ਨਹੀਂ ਘਬਰਾਉਂਦੇ ਅਤੇ ਇਨ੍ਹਾਂ ਪ੍ਰਤੀ ਚਿੰਤਤ ਵੀ ਨਜ਼ਰ ਨਹੀਂ ਆਉਂਦੇ ਹਨ। ਜੇ ਇਹ ਘਬਰਾਉਂਦੇ ਹਨ ਤਾਂ ਕੇਵਲ ਪੰਜਵੇਂ ਵਿਕਲਪ ਤੋਂ ਕਿਉਂਕਿ ਚੇਤਨ ਲੋਕ ਸ਼ਕਤੀ ਇਨ੍ਹਾਂ ਨੂੰ ਆਪਣੀ ਪ੍ਰਭੁਤਾ ਲਈ ਖ਼ਤਰਾ ਮਹਿਸੂਸ ਹੁੰਦਾ ਹੈ।ਪਰ ਇਹ ਇੰਨੇ ਚੁਸਤ ਹਨ ਕਿ ਹਰ ਸੰਭਵ ਯਤਨ ਕਰਕੇ ਕੋਈ ਨਾ ਕੋਈ ਅਜਿਹਾ ਤੱਕਲਾ ਗੱਡ ਦਿੰਦੇ ਹਨ ਜਿੱਥੇ ਇਨ੍ਹਾਂ ਦੇ ਵਿਰੁੱਧ ਉਠਿਆ ਰੋਹ ਸ਼ਾਂਤ ਹੋ ਜਾਏ। ਅਜਿਹਾ ਵਰਤਾਰਾ ਸੱਤਾ ਦੀ ਖੇਡ ਵਿੱਚ ਰੁਝੀ ਲਗਪਗ ਹਰੇਕ ਸਿਆਸੀ ਪਾਰਟੀ ਸਮੇਂ ਸਮੇਂ ਵਰਤਾਉਂਦੀ ਰਹਿੰਦੀ ਹੈ।
ਮਸਲਾ ਬਹੁਤ ਸੰਜੀਦਾ ਹੈ। ਇਕ ਪਾਸੇ ਸਮਾਜ ਲਈ ਰਹਿਣਯੋਗ ਥਾਂ ਬਣਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਸੁਲਝਾਉਣ ਦਾ ਸਵਾਲ ਹੈ, ਦੂਜੇ ਪਾਸੇ ਉਪਰੋਕਤ ਵਰਤਾਰੇ ਨਾਲ ਨਜਿੱਠਣ ਦਾ ਮਸਲਾ। ਇਸ ਲਈ ਸਮਾਜ  ਨੂੰ ਜਾਗਰੂਕ ਕਰਨ ਲਈ ਗਿਆਨ ਰੂਪੀ ਦੀਵੇ ਨਾਲ ਹਨੇਰਾ ਦੂਰ ਕਰਨ ਦੀ ਲੋੜ ਹੈ। ਪਰ ਇਸ ਸਾਰੇ ਵਰਤਾਰੇ ਵਿੱਚ ਇਹ ਬਿਲਕੁਲ ਨਹੀਂ ਸਮਝ ਲੈਣਾ ਚਾਹੀਦਾ ਕਿ ਧਰਮ ਅਤੇ ਰਾਜਨੀਤੀ ਲੋਕਾਂ ਦੇ ਮਸਲਿਆਂ ਦੇ ਉਲਟ ਹਨ। ਧਰਮ ਅਤੇ ਰਾਜਨੀਤੀ ਨੂੰ ਅੰਨ੍ਹੇਵਾਹ ਨਿੰਦਣਾ ਵੀ ਠੀਕ ਨਹੀਂ। ਧਰਮ ਜੀਵਨ ਜਾਚ ਸਿਖਾਉਂਦਾ ਹੈ ਅਤੇ ਇਹ ਹਰ ਵਿਅਕਤੀ ਦਾ ਨਿਜੀ ਮਾਮਲਾ ਹੈ। ਪਰ ਇਸ ਨੂੰ ਦੂਜੇ ਧਰਮਾਂ ਜਾਂ ਵਿਅਕਤੀਆਂ ਨੂੰ ਨੀਵਾਂ ਦਿਖਾਉਣ ਜਾਂ ਦੂਜੇ ਧਰਮ ਦੇ ਪੈਰੋਕਾਰਾਂ ਦੀ ਭਾਵਨਾਵਾਂ ਨੂੰ ਠੇਸ ਪੰਹੁਚਾਉਣ ਲਈ ਨਹੀਂ ਵਰਤਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਇਕ ਹਥਿਆਰ ਦੇ ਰੂਪ ਵਿੱਚ ਵਰਤਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਦਰਅਸਲ, ਨਾ ਤਾਂ ਧਰਮ ਅਤੇ ਨਾ ਹੀ ਸਿਆਸਤ ਆਪਣੇ ਆਪ ਵਿੱਚ ਮਾੜੇ ਹਨ ; ਜੇ ਮਾੜੇ ਹਨ ਤਾਂ ਉਹ ਧਾਰਮਿਕ ਅਤੇ ਰਾਜਨੀਤਕ ਨੇਤਾ ਜੋ ਧਰਮ ਨੂੰ ਲੋਕਾਂ ਵਿੱਚ ਵੰਡੀਆਂ ਪਾਉਣ ਅਤੇ ਲੜਾਉਣ ਲਈ ਵਰਤਦੇ ਹਨ। ਅੱਜ ਅਜਿਹੇ ਅਨਸਰਾਂ ਨੂੰ ਪਛਾਣਨ ਅਤੇ ਨਿਖੇੜਨ ਦੀ ਲੋੜ ਹੈ। ਧਰਮ ਅਤੇ ਰਾਜਨੀਤੀ ਦੀ ਵਾਗਡੋਰ ਉਨ੍ਹਾਂ ਆਗੂਆਂ ਦੇ ਹੱਥ ਵਿੱਚ ਦੇਣ ਦੀ ਲੋੜ ਹੈ ਜੋ ਲੋਕ ਮਸਲਿਆਂ ਨੂੰ ਆਪਣਾ ਏਜੰਡਾ ਬਣਾਉਣ ਅਤੇ ਸਹੀ ਦਿਸ਼ਾ ਵਿੱਚ ਸਰਬਤ ਦਾ ਭਲਾ ਕਰਨ।
(‘ਲੇਖਕ ‘ਕਰਿੱਡ’, ਚੰਡੀਗੜ੍ਹ ਵਿੱਚ ਅਰਥ ਸ਼ਾਸਤਰ ਦਾ ਪ੍ਰੋਫੈਸਰ ਹੈ।)