ਅੱਯਾਸ਼ੀ ਦੇ ਅੱਡੇ ਨਹੀਂ ਹਨ ਸਾਰੇ ਡੇਰੇ…

ਅੱਯਾਸ਼ੀ ਦੇ ਅੱਡੇ ਨਹੀਂ ਹਨ ਸਾਰੇ ਡੇਰੇ…

ਸੰਨ 1966 ਵਿੱਚ ਇਸ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤਕ ਪਹਿਲੀ ਵਾਰ ਹੋਇਆ ਹੈ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੋਵੇ। ਕੁਝ ਹਫ਼ਤੇ ਪਹਿਲਾਂ ਤਕ ਇਸ਼ਤਿਹਾਰੀ ਮੁਹਿੰਮ ਹਰਿਆਣਾ ਵਿੱਚ ‘ਮਨੋਹਰ ਰਾਜ’ ਦੇ 1000 ਦਿਨਾਂ ਦੇ ਸੋਹਲੇ ਗਾ ਰਹੀ ਸੀ। ਮਨੋਹਰ ਲਾਲ ਖੱਟਰ ਦਾ ਖੁਸ਼ਨੁਮਾ ਅਤੇ ਸੁਖਾਵਾਂ ਰਾਜ। ਭਾਰਤੀ ਸਿਆਸਤ ਦੇ ਨਵੇਂ ਐਲਾਨੇ ‘ਚਾਣਕਯ’ ਭਾਵ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ। ਅਤੇ ਹੁਣ ਹਰਿਆਣਾ ਬਲ ਰਿਹਾ ਹੈ। ਚਾਣਕਯ ਦੀ ਦੂਰਦ੍ਰਿਸ਼ਟੀ ਦੇ ਤਾਂ ਕਹਿਣੇ ਹੀ ਕੀ ਹਨ!
ਹਰੀਸ਼ ਖਰੇ
ਗੁਰਮੀਤ ਰਾਮ ਰਹੀਮ ਸਿੰਘ ਨੇ ਸਾਰੇ ਡੇਰਿਆਂ ਅਤੇ ਸਾਰੇ ਗੁਰੂਆਂ ਨੂੰ ਬਦਨਾਮੀ ਦਿਵਾਈ ਹੈ ਹਾਲਾਂਕਿ ਸਾਰਿਆਂ ਨੂੰ ਇੱਕੋ ਰੱਸੇ ਫਾਹੇ ਟੰਗਣਾ ਇਸ ਸਾਰੀ ਜਮਾਤ ਨਾਲ ਅਨਿਆਂ ਹੋਵੇਗਾ। ਡੇਰੇ ਅਤੇ ਆਸ਼ਰਮ ਭਾਰਤੀ ਸਮਾਜਿਕ ਦ੍ਰਿਸ਼ਾਵਲੀ ਦਾ ਅਟੁੱਟ ਹਿੱਸਾ ਰਹੇ ਹਨ। ਮੈਂ ਡੇਰਿਆਂ ਤੇ ਆਸ਼ਰਮਾਂ ਨੂੰ ਬਦਲਦੀ ਸਮਾਜਿਕ ਵਿਵਸਥਾ ਦਾ ਸੁਭਾਵਿਕ ਪ੍ਰਗਟਾਵਾ ਮੰਨਣ ਨੂੰ ਤਰਜੀਹ ਦਿੰਦਾ ਹਾਂ; ਇਹ ਸਮਾਜ ਵਿਚਲੀਆਂ ਉਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਟਿਕਾਣੇ ਸਮਝੇ ਜਾਂਦੇ ਹਨ ਜਿਨ੍ਹਾਂ ਨੂੰ ਰਵਾਇਤੀ ਧਰਮ ਚਾਹੇ ਪੂਰੀਆਂ ਕਰਨ ਦੇ ਯੋਗ ਹਨ ਜਾਂ ਨਹੀਂ। ਹਰ ਸੰਗਠਿਤ ਧਰਮ ਵਿੱਚ ਇੱਕ ਕਿਸਮ ਦੇ ‘ਪੰਡਿਤ’ ਅਤੇ ‘ਮਹੰਤ’ ਪੈਦਾ ਹੋ ਜਾਂਦੇ ਹਨ ਜੋ ਦਹਾਕਾ-ਦਰ-ਦਹਾਕਾ ਵੱਧ ਕੱਟੜ ਹੁੰਦੇ ਜਾਂਦੇ ਹਨ। ਅਜਿਹਾ ਕਰ ਕੇ ਜਿੱਥੇ ਉਹ ਵਿਅਕਤੀਵਾਦ ਦਾ ਗਲਾ ਘੁੱਟਦੇ ਹਨ, ਉੱਥੇ ਪੈਰੋਕਾਰਾਂ ਉੱਤੇ ਪੁਰਾਤਨਪੰਥੀ ਕੱਟੜਤਾ ਲੱਦੀ ਚਲੇ ਜਾਂਦੇ ਹਨ। ਕੋਈ ਨਾ ਕੋਈ ਸਮਾਂ ਅਜਿਹਾ ਆਉਂਦਾ ਹੈ, ਜਦੋਂ ਅਜਿਹੇ ਕੱਟੜਪੰਥੀ ਅਨੁਸਰਣਵਾਦ ਖ਼ਿਲਾਫ਼ ਅਸਹਿਮਤੀ ਤੋਂ ਵਿਦਰੋਹ ਉਪਜਦਾ ਹੈ ਅਤੇ ਫਿਰ ਨਵੀਂ ਸੰਪਰਦਾ, ਨਵਾਂ ਡੇਰਾ, ਨਵਾਂ ਮੱਠ ਹੋਂਦ ਵਿੱਚ ਆਉਂਦਾ ਹੈ।
ਆਧੁਨਿਕ ਮੁਹਾਵਰੇ ਵਿੱਚ ਡੇਰੇ ਅਤੇ ਆਸ਼ਰਮ ਸਿਵਿਲ ਸੁਸਾਇਟੀ ਦੇ ਕਾਰਜਸ਼ੀਲ ਪ੍ਰਗਟਾਵੇ ਵਰਗੇ ਹੀ ਹਨ ਜੋ ਸਮਾਜ ਦੇ ਵਿਭਿੰਨ ਹਿੱਸਿਆਂ ਨੂੰ ਸਮਾਜਿਕ ਸੁਰੱਖਿਆ ਅਤੇ ਤਸੱਲੀ ਦੇਣ ਵਿੱਚ ਸਰਕਾਰ ਦੀ ਨਾਕਾਮੀ ਕਾਰਨ ਪੈਦਾ ਹੋਏ ਖਲਾਅ ਨੂੰ ਭਰਦੇ ਹਨ। ਲਾਇਨਜ਼ ਕਲੱਬ ਜਾਂ ਰੋਟਰੀ ਕਲੱਬ ਵਾਂਗ ਡੇਰਾ ਸੱਚਾ ਸੌਦਾ ਵੀ ਸਮਾਜਿਕ ਤੌਰ ‘ਤੇ ਲਾਹੇਵੰਦ ਕਾਰਜਾਂ ਵਿੱਚ ਰੁੱਝੇ ਹੋਣ ਦਾ ਦਾਅਵਾ ਕਰਦਾ ਹੈ।
ਸਾਰੇ ਸਮਿਆਂ ਅਤੇ ਹਰ ਉਮਰ ਦੇ ਲੋਕ ਕਦੇ ਨਾ ਕਦੇ ਅਧਿਆਤਮਿਕ ਸਾਂਝ ਦੀ ਲੋੜ ਮਹਿਸੂਸ ਕਰਦੇ ਹਨ। ਇੱਕ ਕਾਮਯਾਬ ਗੁਰੂ ਆਪਣੇ ਅਨੁਯਾਈਆਂ ਨਾਲ ਇੱਕ ਅਨੂਠਾ ਰਿਸ਼ਤਾ ਬਣਾਉਣ ਦੇ ਯੋਗ ਹੁੰਦਾ ਹੈ; ਇੱਕ ਪਰਸਪਰ ਅਨੁਕੂਲ ਮਿੱਥ ਘੜ ਲਈ ਜਾਂਦੀ ਹੈ ਕਿ ਗੁਰੂ ਨਾਲ ਨੇੜਤਾ ਦੁਆਰਾ ਅਨੁਯਾਈ ਉੱਤੇ ਕ੍ਰਿਪਾ ਹੋ ਗਈ ਹੈ; ਹਰ ਸ਼ਰਧਾਲੂ ਨੂੰ ਇਹ ਮਹਿਸੂਸ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ‘ਬਾਬਾ ਜੀ’ ਨਾਲ ਉਸ ਦਾ ਉੱਚ ਸ਼੍ਰੇਣੀ ਦਾ ਬਹੁਤ ਹੀ ਖ਼ਾਸ ਰਿਸ਼ਤਾ ਹੈ। ਬਾਹਰੀ ਲੋਕ ਤਾਂ ਭਾਵੇਂ ਡੇਰਿਆਂ ਦਾ ਮਖੌਲ ਉਡਾਉਣ, ਪਰ ਸ਼ਰਧਾਲੂਆਂ ਨੂੰ ਉੱਥੇ ਵਾਸਤਵਿਕ ਆਨੰਦ ਮਹਿਸੂਸ ਹੁੰਦਾ ਹੈ ਜਿਸ ਵਿੱਚ ਸ਼ਮੂਲੀਅਤ ਅਤੇ ਅਲਹਿਦਗੀ ਦੇ ਸੰਸਕਾਰ ਸ਼ਾਮਲ ਹਨ। ਹਰ ਡੇਰਾ ਆਪਣੀ ਖ਼ਾਸ ਇੱਕਮੁੱਠਤਾ ਉਪਜਾਉਂਦਾ ਹੈ ਜਿਸ ਨੂੰ ਜ਼ਿਆਦਾਤਰ ਸ਼ਰਧਾਲੂ ਬਹੁਤ ਹੀ ਸਮੱਰਥ ਬਣਾਉਣ ਵਾਲੀ ਸਮਝਦੇ ਹਨ ਜੋ ਉਨ੍ਹਾਂ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਵਾਂ ਨਾਲ ਸਿੱਝਣ ਵਿੱਚ ਮਦਦ ਕਰਦੀ ਹੈ। ਡੇਰੇ ਸ਼ਪਸ਼ਟ ਤੌਰ ‘ਤੇ ਵਿਕਲਪਕ ਮੁੱਲਾਂ ਦਾ ਵੱਖਰਾ ਸੰਸਾਰ ਸਿਰਜਦੇ ਹਨ ਜਿੱਥੇ ਪੈਰੋਕਾਰ ਸਤਿਕਾਰਤ ਅਤੇ ਲੋੜੀਂਦੇ ਮਹਿਸੂਸ ਕਰਦੇ ਹਨ। ਇਹ ਡੇਰੇ ਸ਼ਰਧਾਲੂ ਨੂੰ ਮਨਜ਼ੂਰੀ ਅਤੇ ਪ੍ਰਵਾਨਤਾ ਦਿੰਦੇ ਹਨ।
ਅਸਲ ਜੀਵਨ ਵਿੱਚ ਜ਼ਿਆਦਾਤਰ ਲੋਕਾਂ ਨੂੰ ਕਿਸੇ ਆਗੂ, ਗੁਰੂ ਜਾਂ ਕਿਸੇ ਰੋਲ ਮਾਡਲ ਦਾ ਅਨੁਸਰਣ ਕਰਨ ਦੀ ਲੋੜ ਪੈਂਦੀ ਹੈ ਜਿਸ ਨੂੰ ਉਹ ਬੌਂਦਲਾ ਦੇਣ ਵਾਲੀ ਇਸ ਜ਼ਾਲਮ ਦੁਨੀਆਂ ਨੂੰ ਸਮਝਣ ਵਿੱਚ ਆਪਣੀ ਮਦਦ ਕਰਨ ਦੇ ਯੋਗ ਸਮਝਦੇ ਹਨ। ਇਹ ਕਮਜ਼ੋਰੀ ਸਿਰਫ਼ ਗ਼ਰੀਬਾਂ ਤਕ ਹੀ ਮਹਿਦੂਦ ਨਹੀਂ ਹੈ, ਇੱਥੋਂ ਤਕ ਸਮਾਜ ਦੇ ਬਹੁਤ ਧਨਾਢ ਅਤੇ ਰੱਜੇ-ਪੁੱਜੇ ਤਬਕੇ ਵੀ ਬਾਬਿਆਂ ਅਤੇ ਗੁਰੂਆਂ ਵੱਲ ਝੁਕਾਅ ਦੀ ਪ੍ਰਵਿਰਤੀ ਰੱਖਦੇ ਹਨ। ਮਿਸਾਲ ਵਜੋਂ ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਉਨ੍ਹਾਂ ਦੇ ਉੱਚ ਸ਼੍ਰੇਣੀ ਦੇ ਪੈਰੋਕਾਰਾਂ ਵੱਲ ਦੇਖੋ ਜੋ ਉਸ ਦੇ ਪੈਰੋਕਾਰ ਹੋਣ ਸਦਕਾ ਖ਼ੁਦ ਨੂੰ ਮੁੱਲਵਾਨ ਮਹਿਸੂਸ ਕਰਦੇ ਹਨ।
ਗੁਰਮੀਤ ਰਾਮ ਰਹੀਮ ਸਿੰਘ ਦੇ ‘ਰੱਬ ਦਾ ਦੂਤ’ ਹੋਣ ਦੇ ਦਾਅਵਿਆਂ ਉੱਤੇ ਬਹੁਤ ਸਾਰੇ ਲੋਕ ਹੱਸਦੇ ਹਨ। ਪਰ ਯਕੀਨਨ, ਉਸ ਕੋਲ ਵਿਲੱਖਣ ਪ੍ਰਬੰਧਕੀ ਯੋਗਤਾ ਅਤੇ ਮਾਰਕੀਟਿੰਗ ਦੀ ਕਲਾ ਹੈ ਜਿਸ ਉੱਤੇ ਕਿਸੇ ਵੀ ਲੋਕ ਸੰਪਰਕ ਅਧਿਕਾਰੀ ਨੂੰ ਹਸਦ ਹੋ ਸਕਦਾ ਹੈ। ਕਈਆਂ ਨੂੰ ਉਸ ਦੀ ਸੁਰ ਬਹੁਤ ਹੀ ਗੰਵਾਰੂ ਅਤੇ ਅਸਭਿਅਕ ਲੱਗਦੀ ਹੈ, ਪਰ ਇਸ ਵਿੱਚ ਕੁਝ ਵੀ ਝੂਠਾ ਨਹੀਂ ਹੈ। ਉਹ ਹੋਰ ਬਾਬਿਆਂ ਜਿਵੇਂ ਰਾਮਦੇਵ ਵਾਂਗ ਗੇਰੂਏ ਚੋਲੇ ਵਿੱਚ ਨਹੀਂ ਲੁਕਦਾ, ਉਹ ਆਪਣੇ ਬਿਸਕੁਟ, ਫੇਸਵਾਸ਼ ਅਤੇ ਟੁੱਥਪੇਸਟ ਵੇਚਣ ਲਈ ਸਾਡੇ ‘ਰਾਸ਼ਟਰਵਾਦ’ ਦੀ ਦੁਹਾਈ ਨਹੀਂ ਦਿੰਦਾ।
ਮੈਂ ਸੋਚਦਾ ਹਾਂ ਕਿ ਇਹ ਸਾਰੇ ਬਾਬੇ ਅਤੇ ਡੇਰੇ ਜਿਸ ਗੱਲ ਵਿੱਚ ਖਤਾ ਖਾਂਦੇ ਹਨ, ਉਹ ਹੈ ਭ੍ਰਿਸ਼ਟ ਸਿਆਸਤਦਾਨਾਂ ਦੇ ਪ੍ਰਲੋਭਨਾਂ ਦੇ ਬਹਿਕਾਵੇ ਵਿੱਚ ਆ ਜਾਣਾ; ਜਾਂ ਫਿਰ ਇਹ ਸੋਚਣਾ ਕਿ ਉਹ ਸਿਆਸਤਦਾਨ ਨੂੰ ਆਪਣੇ ਖ਼ੁਦ ਦੇ ਨਫ਼ੇ ਲਈ ਵਰਤ ਸਕਦੇ ਹਨ। ਕੋਈ ਨਹੀਂ- ਅਤੇ ਇਸ ਦਾ ਮਤਲਬ ਕੋਈ ਵੀ ਕਦੇ ਸਿਆਸਤਦਾਨਾਂ ਤੋਂ ਜਿੱਤ ਨਹੀਂ ਸਕਿਆ।
ਮੈਨੂੰ ਡੇਰੇ ਵੱਲੋਂ ਕੀਤੀ ਗਈ ਸਿਆਸਤਦਾਨ ਦੀ ਚੋਣ ਦੀ ਸਮਝ ਨਹੀਂ ਪੈਂਦੀ। ਮੈਂ ਤਾਂ ਇਹ ਮੰਨਦਾ ਹਾਂ ਕਿ ਇਹ ਡੇਰੇ ਕੁਝ ਬਹੁਤ ਹੁਸ਼ਿਆਰ ਅਤੇ ਘਾਗ ਆਦਮੀਆਂ ਵੱਲੋਂ ਚਲਾਏ ਜਾਂਦੇ ਹਨ। ਅਤੇ ਇਨ੍ਹਾਂ ਸਰਬ-ਗਿਆਨੀ ਵਿਅਕਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡੇਰੇ, ਹਿੰਦੂਤਵ ਪ੍ਰੋਜੈਕਟ ਦੇ ਸੁਭਾਵਿਕ ਦੁਸ਼ਮਣ ਹਨ। ਹਿੰਦੂਤਵ ਪ੍ਰਾਜੈਕਟ ਦਾ ਅੰਤਿਮ ਟੀਚਾ ਤਾਂ ਹਿੰਦੂ ਸਮਾਜ ਦੇ ਸਾਰੇ ਤਬਕਿਆਂ ਉੱਤੇ ਇਕੋ ਵਿਵਸਥਾ ਲਾਗੂ ਕਰਨਾ ਹੈ ਜਦੋਂਕਿ ਡੇਰੇ ਅਤੇ ਆਸ਼ਰਮ ਵਿਵਸਥਿਤ ਵਖਰੇਵੇਂ ਦੇ ਟਿਕਾਣੇ ਹਨ।
ਜੇਕਰ ਪਿਛਲੇ ਸ਼ੁੱਕਰਵਾਰ ਹੋਈ ਹਿੰਸਾ ਨੂੰ ਡੇਰਾ ਸਿਰਸਾ ਦਾ ਵਿਖੰਡਨ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
ਸੰਨ 1966 ਵਿੱਚ ਇਸ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤਕ ਪਹਿਲੀ ਵਾਰ ਹੋਇਆ ਹੈ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੋਵੇ। ਕੁਝ ਹਫ਼ਤੇ ਪਹਿਲਾਂ ਤਕ ਇਸ਼ਤਿਹਾਰੀ ਮੁਹਿੰਮ ਹਰਿਆਣਾ ਵਿੱਚ ‘ਮਨੋਹਰ ਰਾਜ’ ਦੇ 1000 ਦਿਨਾਂ ਦੇ ਸੋਹਲੇ ਗਾ ਰਹੀ ਸੀ। ਮਨੋਹਰ ਲਾਲ ਖੱਟਰ ਦਾ ਖੁਸ਼ਨੁਮਾ ਅਤੇ ਸੁਖਾਵਾਂ ਰਾਜ। ਭਾਰਤੀ ਸਿਆਸਤ ਦੇ ਨਵੇਂ ਐਲਾਨੇ ‘ਚਾਣਕਯ’ ਭਾਵ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ। ਅਤੇ ਹੁਣ ਹਰਿਆਣਾ ਬਲ ਰਿਹਾ ਹੈ। ਚਾਣਕਯ ਦੀ ਦੂਰਦ੍ਰਿਸ਼ਟੀ ਦੇ ਤਾਂ ਕਹਿਣੇ ਹੀ ਕੀ ਹਨ!
ਸ਼ਾਇਦ ਸਭ ਤੋਂ ਜ਼ਿਆਦਾ ਨਿਰਾਸ਼ ਸਮੂਹ ਤਾਂ ਨਾਗਪੁਰ ਵਿਚਲੇ ਸੰਚਾਲਕ ਹੋਣਗੇ ਕਿਉਂਕਿ ਆਰਐੱਸਐੱਸ ਦਾ ਇੱਕ ਹੋਰ ਪੋਸਟਰ ਬੌਇ ਇੰਨਾ ਨਾਕਾਮ ਸਾਬਿਤ ਹੋਇਆ ਹੈ। ਆਰਐੱਸਐੱਸ ਬੜੇ ਉੱਦਮ ਨਾਲ ਇਹ ਨਜ਼ਰੀਆ ਉਭਾਰਦੀ ਹੈ ਕਿ ਸਵੈਮਸੇਵਕ ਬਣਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਨਤਕ ਅਹੁਦੇ ਲਈ ਢੁੱਕਵੇਂ ਗੁਣਾਂ ਦੀ ਖ਼ੁਦ-ਬ-ਖ਼ੁਦ ਬਖ਼ਸ਼ਿਸ਼ ਹੋ ਜਾਂਦੀ ਹੈ।
ਇਹ ਨਾਗਪੁਰ ਵਾਲਿਆਂ ਦਾ ਮੰਤਰ ਤਾਂ ਹੋ ਸਕਦਾ ਹੈ, ਪਰ ਹਰਿਆਣਾ ਵਿੱਚ ਆਰਐੱਸਐੱਸ ਦਾ ਤਜ਼ਰਬਾ ਸੂਬੇ ਨੂੰ ਕਾਫ਼ੀ ਮਹਿੰਗਾ ਪਿਆ ਹੈ। 16 ਮਹੀਨਿਆਂ ਵਿੱਚ ਦੂਜੀ ਵਾਰ ਸੂਬੇ ਨੂੰ ਵਿਆਪਕ ਗੜਬੜ ਅਤੇ ਅਵਿਵਸਥਾ ਨਾਲ ਦੋ-ਚਾਰ ਹੋਣਾ ਪਿਆ ਹੈ। ਅਜਿਹਾ ਸਿਰਫ਼ ਇਸ ਕਰਕੇ ਹੋਇਆ ਕਿਉਂਕਿ ਮੁੱਖ ਮੰਤਰੀ ਸਵੈਮਸੇਵਕ ਤੋਂ ਪ੍ਰਸ਼ਾਸਕ ਬਣਨ ਵਿੱਚ ਨਾਕਾਮ ਰਹੇ। ਕਿਸੇ ਨੂੰ ਵੀ ਮੁੱਖ ਮੰਤਰੀ (ਜਿਵੇਂ ਯੋਗੀ ਆਦਿੱਤਿਆਨਾਥ) ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਕਿੰਨੇ ਵੀ ਸਲਾਹਕਾਰ ਅਤੇ ਅਧਿਕਾਰੀ ਦਿੱਤੇ ਜਾ ਸਕਦੇ ਹਨ, ਪਰ ਜਦੋਂ ਭੀੜ ਪੈਂਦੀ ਹੈ ਤਾਂ ਸਿਖਰਲੇ ਅਹੁਦੇਦਾਰ ਅਤੇ ਉਸ ਦੀ ਪ੍ਰਤੀਕਿਰਿਆ ਹੀ ਫ਼ੈਸਲਾ ਲੈਣ ਉੱਤੇ ਭਾਰੂ ਪੈਂਦੀ ਹੈ। ਅਨਾੜੀ ਤਾਂ ਅਨਾੜੀ ਹੀ ਰਹਿਣਗੇ।
ਕੁਝ ਹਫ਼ਤੇ ਪਹਿਲਾਂ ਹਰਿਆਣਾ ਦੇ ਇੱਕ ਸਾਬਕਾ ਮੁੱਖ ਸਕੱਤਰ ਰਾਮ ਸਹਾਏ ਵਰਮਾ ਨੇ ਮੇਰੇ ਕੋਲ ਆ ਕੇ ਕੌਫ਼ੀ ਦਾ ਕੱਪ ਸਾਂਝਾ ਕੀਤਾ। ਉਨ੍ਹਾਂ ਨੇ ਮੇਰੇ ਲਈ ਆਪਣੀ ਨਵੀਨਤਮ ਪੁਸਤਕ ‘ਮਾਈ ਐਨਕਾਊਂਟਰਜ਼ ਵਿਦ ਦਿ ਥ੍ਰੀ ਲਾਲਜ਼ ਔਫ ਹਰਿਆਣਾ’ ਦੀ ਇੱਕ ਕਾਪੀ ਲਿਆਉਣ ਦੀ ਮਿਹਰਬਾਨੀ ਕੀਤੀ। ਉਦੋਂ ਤੋਂ ਇਹ ਮੇਰੇ ਵੱਲੋਂ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ ਦੇ ਢੇਰ ਵਿੱਚ ਪਈ ਰਹੀ ਸੀ। ਹਰਿਆਣਾ ਵਿੱਚ ਸਰਕਾਰੀ ਵਿਵਸਥਾ ਦੀਆਂ ਧੱਜੀਆਂ ਉਡਾਏ ਜਾਣ ਵਾਲੇ ਲੰਮੇ ਦਿਨ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਨੂੰ ਮੈਂ ਆਵੇਗ ਵਿੱਚ ਆ ਕੇ ਰਾਮ ਵਰਮਾ ਸਾਹਿਬ ਦੀ ਪੁਸਤਕ ਚੁੱਕੀ। ਮੈਂ ਇਹ ਸਮਝਣਾ ਚਾਹੁੰਦਾ ਸੀ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਹਰਿਆਣਾ ਵਿਚਲਾ ਪ੍ਰਸ਼ਾਸਕੀ ਢਾਂਚਾ ਅਚਾਨਕ ਇੰਨਾ ਪਰਨਿਰਭਰ ਕਿਉਂ ਹੋ ਗਿਆ ਹੈ।
ਹਰਿਆਣਾ ਕਾਡਰ ਦੇ ਬਿਹਤਰੀਨ ਅਧਿਕਾਰੀਆਂ ਵਿੱਚੋਂ ਇੱਕ ਐੱਸ.ਕੇ. ਮਿਸਰਾ ਵੱਲੋਂ ਲਿਖਿਆ ਗਿਆ ਇਸ ਦਾ ਮੁਖਬੰਧ ਆਪਣੇ ਆਪ ਵਿੱਚ ਲਾਭਦਾਇਕ ਸੀ। ਆਪਣੇ ਹੀ ਅੰਦਾਜ਼ ਵਿੱਚ ਮਿਸਰਾ ਸਾਹਿਬ ਨੇ ਉਨ੍ਹਾਂ ਗੁਣਾਂ ਦਾ ਵਰਣਨ ਕੀਤਾ ਜੋ ਇੱਕ ਮੁੱਖ ਮੰਤਰੀ ਨੂੰ ਸਿਰਮੌਰ ਆਗੂ ਬਣਾਉਂਦੇ ਹਨ।
ਬੰਸੀ ਲਾਲ ਦੀ ਸਾਖ਼ ਕਦੇ ਵੀ ਬਹੁਤੀ ਚੰਗੀ ਨਹੀਂ ਰਹੀ, ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦਾ ਕੋਈ ਵੀ ਮੁੱਖ ਮੰਤਰੀ ਯੋਗ ਪ੍ਰਸ਼ਾਸਕ ਵਜੋਂ ਉਨ੍ਹਾਂ ਦੇ ਰਿਕਾਰਡ ਅਤੇ ਪ੍ਰਸਿੱਧੀ ਦੇ ਪਾਸਕੂ ਵੀ ਨਹੀਂ ਹੋ ਸਕਿਆ। ਸ੍ਰੀ ਮਿਸਰਾ ਵਰਣਨ ਕਰਦੇ ਹਨ ਕਿ ਮੁੱਖ ਮੰਤਰੀ ਦੇ ਮੁੱਢਲੇ ਗੁਣ ਸ਼ਾਇਦ ਇਹ ਹੋਣੇ ਚਾਹੀਦੇ ਹਨ: ”ਜਿੱਥੋਂ ਤਕ ਪ੍ਰਸ਼ਾਸਕੀ ਅਨੁਭਵ ਦਾ ਸਬੰਧ ਸੀ ਬੰਸੀ ਲਾਲ, ਬਿਲਕੁਲ ਅਣਜਾਣ ਸਨ। ਇਸ ਲਈ ਇਹ ਗੱਲ ਹੋਰ ਵੀ ਸ਼ਲਾਘਾਯੋਗ ਹੈ ਕਿ ਸਾਨੂੰ ਆਪਣਾ ਭਰੋਸਾ ਤੇ ਸਮਰਥਨ ਦੇ ਕੇ ਅਤੇ ਅਨੈਤਿਕ ਵਿਹਾਰ ਵਾਲੇ ਸਿਆਸਤਦਾਨਾਂ ਤੋਂ ਸਾਡੀ ਰੱਖਿਆ ਕਰਕੇ ਉਹ ਅਫ਼ਸਰਸ਼ਾਹੀ ਨੂੰ ਸੂਬੇ ਦੀ ਭਲਾਈ ਲਈ ਵਰਤਣ ਦੇ ਯੋਗ ਹੋ ਸਕੇ ਸਨ।”
ਸ੍ਰੀ ਮਿਸਰਾ ਨੇ ਦੇਵੀ ਲਾਲ ਨੂੰ ‘ਦਰਿਆ ਦਿਲ, ਦੁਰਭਾਵਨਾ ਰਹਿਤ ਅਤੇ ਰੂੜੀਵਾਦੀ ਧਾਰਨਾ ਵਾਲੇ ਜਾਟ ਦੇ ਉਲਟ ਘੱਟ ਬਦਲੇਖੋਰ’ ਵਿਅਕਤੀ ਦੇ ਗੁਣਾਂ ਵਾਲਾ ਦੱਸਿਆ ਹੈ। ਆਪਣੀ ਗ਼ਲਤੀ ਮਹਿਸੂਸ ਕਰਨ ਅਤੇ ਇਸ ਨੂੰ ਸੁਧਾਰਨ ਦੇ ਗੁਣ ਵਾਲੇ ਵੀ। ਬਸ ਇੰਨੀ ਗੱਲ ਸੀ।
ਮੈਂ ਉਮੀਦ ਕਰਦਾ ਹਾਂ ਕਿ ਰਾਮ ਵਰਮਾ ਨੇ ਸ੍ਰੀ ਖੱਟਰ ਨੂੰ ਵੀ ਆਪਣੀ ਪੁਸਤਕ ਦੀ ਕਾਪੀ ਭੇਟ ਕਰਨ ਬਾਰੇ ਸੋਚਿਆ ਹੋਵੇਗਾ। ਮੁੱਖ ਮੰਤਰੀ ਨੂੰ ਯਕੀਨਨ ਇਸ ਤੋਂ ਲਾਭ ਮਿਲੇਗਾ।
ਚੰਡੀਗੜ੍ਹ ਵਿੱਚ ਸੀਬੀਆਈ ਦਾ ਦਫ਼ਤਰ ਮੇਰੀ ਰਿਹਾਇਸ਼ ਤੋਂ ਥੋੜ੍ਹੀ ਹੀ ਦੂਰ ਹੈ। ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਦਾ ਦਫ਼ਤਰ ਇੰਨੀ ਨੇੜੇ ਹੋਣ ਸਦਕਾ ਮੈਂ ਹਮੇਸ਼ਾਂ ਦੁੱਗਣਾ ਸੁਰੱਖਿਅਤ ਮਹਿਸੂਸ ਕੀਤਾ ਹੈ। ਪਰ ਪਿਛਲੇ ਤਿੰਨ ਦਿਨ (ਵੀਰਵਾਰ ਤੋਂ ਸ਼ਨਿਚਰਵਾਰ) ਸੀਬੀਆਈ ਦੀ ਮੌਜੂਦਗੀ ਪੁਆੜੇ ਦਾ ਸਬੱਬ ਬਣੀ ਰਹੀ ਹੈ। ਸਾਰਾ ਖੇਤਰ ਕੰਡਿਆਲੀ ਘੁਮਾਅਦਾਰ ਤਾਰ ਨਾਲ ਘਿਰਿਆ ਰਿਹਾ ਹੈ। ਰੋਕਾਂ ਆਪਣੇ ਆਪ ਵਿੱਚ ਵੱਡਾ ਵਿਘਨ ਹੁੰਦੀਆਂ ਹਨ। ਅਤੇ ਵਿਘਨ ਪੈਣ ‘ਤੇ ਖਿੱਝ ਆਉਣੀ ਸੁਭਾਵਿਕ ਹੀ ਹੈ।
ਸਾਡੇ ਖਿੱਤੇ ਵਿੱਚ ਹੋਈ ਹਿੰਸਾ ਅਤੇ ਮੌਤਾਂ ਨੇ ਮਨ ਬੜਾ ਖੱਟਾ ਕੀਤਾ। ਪਰ ਫਿਰ ਵੀ ਮੈਂ ਪੰਜਾਬ ਅਤੇ ਹਰਿਆਣਾ ਦੇ ਫਾਜ਼ਿਲ ਜੱਜਾਂ ਦੇ ਮਾਣ ਵਿੱਚ ਕੌਫ਼ੀ ਦਾ ਕੱਪ ਉਠਾਉਂਦਾ ਹਾਂ ਜਿਨ੍ਹਾਂ ਨੇ ਕਾਨੂੰਨ ਦਾ ਰਾਜ ਯਕੀਨੀ ਬਣਾਇਆ। ਆਓ, ਮੇਰਾ ਸਾਥ ਦਿਉ!
ਈਮੇਲ: kaffeeklatsch0tribuneindia.com