ਪੰਜਾਬੀ ਰਾਜ ਭਾਸ਼ਾ ਨਾਲ ਪੰਜਾਬ ਵਿਧਾਨ ਵਿਸ਼ਵਾਸ਼ਘਾਤ

ਪੰਜਾਬੀ ਰਾਜ ਭਾਸ਼ਾ ਨਾਲ ਪੰਜਾਬ ਵਿਧਾਨ ਵਿਸ਼ਵਾਸ਼ਘਾਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਕਲੰਕ ਖੱਟਿਆ
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ , ਪੰਜਾਬ ਵਿਧਾਨ ਸਭਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬੀ ਰਾਜ ਭਾਸ਼ਾ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਸ਼ਵਾਸ਼ਘਾਤ ਕਰਕੇ, ਆਪਣੇ ਮੱਥੇ ਲਈ, ਇੱਕ ਹੋਰ ਵੱਡਾ ਕਲੰਕ ਖੱਟ ਲਿਆ ਹੈ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਰ ਇੱਕ ਪੰਜਾਬੀ ਪ੍ਰੇਮੀ ਦੀ ਆਤਮਾ ਉਸ ਵੇਲੇ ਵਲੂੰਦਰੀ ਗਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਵਿੱਚ, ਪੰਜਾਬ ਦੀ ਰਾਜ ਭਾਸ਼ਾ, ਪੰਜਾਬੀ ਬੋਲੀ ਦਾ ਬੜੀ ਬੇਰਹਿਮੀ ਤੇ ਬੇਸ਼ਰਮੀ ਨਾਲ ਰੱਜ ਕੇ ਅਪਮਾਨ ਕੀਤਾ ਹੈ । ਸੋਮਵਾਰ 19 ਜੂਨ ਨੂੰ ਪੰਜਾਬ ਵਿਧਾਨ ਸਭਾ ਵਿੱਚ, ਪੰਜਾਬ ਦੇ ਰਾਜਪਾਲ ਦੇ ਭਾਸ਼ਨ ਲਈ, ਸਦਨ ਵਿੱਚ ਇੱਕ ਮੈਂਬਰ ਵੱਲੋਂ ਪੇਸ਼ ਕੀਤੇ ਧੰਨਵਾਦ ਦੇ ਮਤੇ ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਕਰਸ਼ਾਹਾਂ ਵੱਲੋਂ ਅੰਗਰੇਜ਼ੀ ਵਿੱਚ ਤਿਆਰ ਕੀਤਾ ਭਾਸ਼ਨ ਪੜ੍ਹਿਆ।ਮੌਜੂਦਾ ਪੰਜਾਬ ਦੀ ਸਿਰਜਣਾਂ, ਪੰਜਾਬੀ ਭਾਸ਼ਾ ਦੇ ਅਧਾਰ ਤੇ ਪਹਿਲੀ ਨਵੰਬਰ 1966 ਨੂੰ ਹੋਈ ਸੀ। ਇਸ ਨਵੇਂ ਪੰਜਾਬ ਦੇ ਹੋਂਦ ਵਿੱਚ ਆਊਂਣ ਪਿੱਛੋਂ, ਅੱਧੀ ਸਦੀ ਬਾਅਦ, ਇਹ ਪਹਿਲਾ ਮੌਕਾ ਸੀ ਕਿ, ਭਾਸ਼ਾਈ ਅਧਾਰ ਤੇ ਕਾਇਮ ਕੀਤੇ ਗਏ ਪੰਜਾਬ ਦੀ ਵਿਧਾਨ ਸਭਾ ਵਿੱਚ, ਕਿਸੇ ਮੁੱਖ ਮੰਤਰੀ ਨੇ ਰਾਜ ਭਾਸ਼ਾ ਨੂੰ ਅਪਮਾਨਤ ਕਰਨ ਲਈ ਅਜੇਹੀ ਹਮਾਕਤ ਕੀਤੀ ਹੋਵੇ। ਮੇਰੀ ਜਾਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬੀ ਰਾਜ ਭਾਸ਼ਾ ਨਾਲ, ਪੰਜਾਬ ਵਿਧਾਨ ਸਭਾ ਵਿੱਚ ਵਿਸ਼ਵਾਸ਼ਘਾਤ ਕਰਕੇ, ਆਪਣੇ ਮੱਥੇ ਲਈ, ਇੱਕ ਹੋਰ ਵੱਡਾ ਕਲੰਕ ਖੱਟ ਲਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੰਜਾਬ ਦੀ ਮਾਂ ਬੋਲੀ ਨੂੰ ਅਪਮਾਣਿਤ ਕੀਤਾ ਹੈ, ਉੱਥੇ ਨਾਲ ਹੀ, ਪੰਜਾਬੀ ਸੂਬਾ ਲਹਿਰ ਵਿੱਚ ਸ਼ਹੀਦ ਹੋਏ, ਸ਼ਹੀਦਾਂ ਦੀ ਸ਼ਹਾਦਤ ਦੀ ਵੀ ਸਦਨ ਵਿੱਚ, ਘੋਰ ਬੇਅਦਬੀ ਕੀਤੀ ਹੈ।ਪੰਜਾਬੀ ਸੂਬੇ ਦੇ ਉਨ੍ਹਾਂ ਲੱਖਾਂ ਪੰਜਾਬੀਆਂ ਦਾ ਵੀ ਅਪਮਾਨ ਕੀਤਾ ਹੈ ਜਿਨ੍ਹਾਂ ਨੇ, ਪੰਜਾਬੀ ਭਾਸ਼ਾ ਦੇ ਆਧਾਰ ਤੇ, ਪੰਜਾਬੀ ਸੂਬਾ ਕਾਇਮ ਕਰਨ ਲਈ, ਲਾਏ ਗਏ ਅਕਾਲੀ ਮੋਰਚਿਆਂ ਵਿੱਚ, ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਅਨੇਕਾ ਤਸੀਹੇ ਝੱਲੇ ਤੇ ਕੁਰਬਾਨੀਆਂ ਕੀਤੀਆਂ।

ਕਿਸੇ ਬੋਲੀ ਦੇ ਇਤਿਹਾਸ ਵਿੱਚ ਅਤੇ ਭਾਸ਼ਾਈ ਸੱਭਿਆਚਾਰ ਦੇ ਇਤਹਾਸ ਵਿੱਚ, ਇਸ ਤੋਂ ਵੱਡੀ ਵਿਡੰਬਣਾ ਤੇ ਘੋਰ ਅਨਿਆਏ ਹੋਰ ਕੀ ਹੋ ਸਕਦਾ ਹੈ ਕਿ ਜੇ ਉਸ ਸੂਬੇ ਦਾ ਮੁੱਖ ਮੰਤਰੀ, ਜਿਸ ਸੂਬੇ ਦੀ ਹੋਂਦ ਦਾ ਅਧਾਰ ਹੀ ਪੰਜਾਬੀ ਭਾਸ਼ਾ ਹੋਵੇ ਅਤੇ ਮੁੱਖ ਮੰਤਰੀ ਦੀਆਂ ਜ਼ਿਮੇਵਾਰੀਆਂ ਵਿੱਚ, ਇੱਕ ਵੱਡੀ ਜ਼ਿੰਮੇਵਾਰੀ ਇਹ ਵੀ ਸ਼ਾਮਲ ਹੋਵੇ ਕਿ ਉਸਨੇ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਰਾਜ ਭਾਸ਼ਾ (ਸੋਧ) ਐਕਟ 2008 ਦਾ ਨਾ ਸਿਰਫ਼ ਇੰਨ-ਬਿੰਨ ਪਾਲਣ ਕਰਨਾ ਹੈ ਸਗੋਂ ਇਸ ਨੂੰ ਸਰਕਾਰ ਵਿੱਚ ਹਰ ਪੱਧਰ ਤੇ ਲਾਗੂ ਕਰਨ ਲਈ ਇੱਕ ਪਹਿਰੇਦਾਰ ਦੀ ਜ਼ਿੰਮੇਵਾਰੀ ਵੀ ਨਿਭਾਊਂਣੀ ਹੈ ਤੇ ਉਹ ਮੁੱਖ ਮੰਤਰੀ ਜੇ ਇੱਕ ਗ਼ੁਲਾਮ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਰਅਜ ਭਾਸ਼ਾ ਨੂੰ ਪਿੱਠ ਦੇ ਦੇਵੇ ਤਾਂ ਫਿਰ ਏਸ ਤੌਂ ਅਪਰਾਧਜਨਕ ਮੰਜ਼ਰ ਹੋਰ ਕੀ ਹੋ ਸਕਦਾ ਹੈ।

ਇਸ ਤੋਂ ਵੀ ਵੱਧ ਸ਼ਰਮ ਵਾਲੀ ਗੱਲ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਅਤੇ ਲੀਡਰ ਨੇ ਪੰਜਾਬ ਦੀ ਮਾਂ ਬੋਲੀ ਦਾ ਸਦਨ ਵਿੱਚ ਅਪਮਾਨ ਕੀਤੇ ਜਾਣ ਦੇ ਮਸਲੇ ਤੇ ਨਾ ਕੋਈ ਕਿੰਤੂ ਪ੍ਰੰਤੂ ਕੀਤਾ ਅਤੇ ਨਾ ਹੀ ਕੋਈ ਆਵਾਜ਼ ਹੀ ਉਠਾਈ ਹੈ।ਪੰਜਾਬੀ ਮਾਂ ਬੋਲੀ ਪ੍ਰਤੀ, ਪੰਜਾਬ ਦੀਆ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਅਜੇਹਾ ਅਭਾਵਾਤਮਿਕ ਅਤੇ ਨਿਖੇਧੀ ਪੂਰਨ ਰਵੱਈਆਂ, ਇਸ ਗੱਲ ਦੀ ਪੇਸ਼ੀਨਗੋਈ ਕਰਦਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਭਵਿੱਖ, ਪੰਜਾਬ ਵਿੱਚ ਹੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਰਾਜਨੀਤਕ ਪਾਰਟੀਆਂ ਦੇ ਅਵੇਸਲੇ ਲੀਡਰਾਂ ਦੀ ਦੇਖ ਰੇਖ ਵਿੱਚ ਸੁਰੱਖਿਅਤ ਨਹੀਂ ਹੈ।

ਇਸ ਬੇਹੱਦ ਨਿਖੇਧੀਜਨਕ ਸਥਿੱਤੀ ਦੀ ਰੌਸ਼ਨੀ ਵਿੱਚ, ਦੇਸ-ਪ੍ਰਦੇਸ਼ ਵਿੱਚ ਸਜੱਗ ਪੰਜਾਬੀ ਭਾਸ਼ਾ ਪ੍ਰੇਮੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਹੋਰ ਸੁਬਾਈ ਪੱਧਰ ਦੀਆਂ ਸਾਹਿਤਕ ਜੱਥੇਬੰਦੀਆਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਮਾਂ ਬੋਲੀ ਦੇ ਹੋ ਰਹੇ ਘੋਰ ਅਪਮਾਨ, ਤੇ ਜ਼ਾਹਰਾ ਅਧੋਗਤੀ ਵਿਰੁੱਧ ਲਾਮਬੰਦ ਹੋ ਕੇ , ਇਸ ਵੱਡੀ ਚੁਨੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਬੜੇ ਜ਼ੋਰ ਨਾਲ ਆਵਾਜ਼ ਉਠਾਊਣੀ ਚਾਹੀਦੀ ਹੈ। ਅਸੀ ਆਊਂਣ ਵਾਲੇ ਦਿਨਾਂ ਵਿੱਚ ਪੰਜਾਬੀ ਮਾਤ ਭਾਸ਼ਾ ਨਾਲ ਜੁੜੀਆਂ, ਸਾਹਿਤਕ ਜੱਥੇਬੰਦੀਆਂ ਦੇ ਸਾਰਥਿਕ ਹੁੰਘਾਰੇ ਦੀ ਉਡੀਕ ਕਰਾਂਗੇ।