70 ਸਾਲਾਂ ਚ ਪਹਿਲੀ ਵਾਰ ਨਹੀਂ ਦਿਤਾ ਜਾਵੇਗਾ ਸਾਹਿਤ ਦਾ ਨੋਬੇਲ ਪੁਰਸਕਾਰ

70 ਸਾਲਾਂ ਚ ਪਹਿਲੀ ਵਾਰ ਨਹੀਂ ਦਿਤਾ ਜਾਵੇਗਾ ਸਾਹਿਤ ਦਾ ਨੋਬੇਲ ਪੁਰਸਕਾਰ

ਕੋਪਨਹੇਗਨ, ਬਿਊਰੋ ਨਿਊਜ਼ :
ਸੰਸਾਰ ਦੇ ਚੰਦ ਕੁ ਸੁਪ੍ਰਸਿੱਧ ਪੁਰਸਕਾਰਾਂ ਚ ਵਿਸ਼ੇਸ਼ ਸਥਾਨ ਰੱਖਣ ਵਾਲੇ ‘ਨੋਬੇਲ ਪੁਰਸਕਾਰ’ ਦਾ ਸਾਹਿਤਕ ਵੰਨਗੀ ਵਾਲਾ ਖਾਨਾ ਇਸ ਵਾਰ ਖਾਲੀ ਛੱਡਣ ਦਾ ਦੁਖਦ ਫੈਸਲਾ ਲੈ ਲਿਆ ਗਿਆ ਹੈ। ਇਸ ਬਾਰੇ ਐਲਾਨ ਕਰਦਿਆਂ ਸਵੀਡਿਸ਼ ਅਕੈਡਮੀ ਨੇ ਕਿਹਾ ਹੈ ਕਿ ਇਸ ਸਾਲ ਸਾਹਿਤ ਦੇ ਖੇਤਰ ਚ ਨੋਬੇਲ ਪੁਰਸਕਾਰ ਨਹੀਂ ਦਿੱਤਾ ਜਾਵੇਗਾ। ਅਕੈਡਮੀ ਦੇ ਅੰਤਰਿਮ ਸਥਾਈ ਸਕੱਤਰ ਐਂਡਰਜ਼ ਓਲਸਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ 2019 ਦੇ ਨੋਬੇਲ ਸਾਹਿਤ ਪੁਰਸਕਾਰ ਦੇ ਨਾਲ ਹੀ 2018 ਦਾ ਪੁਰਸਕਾਰ ਦਿੱਤਾ ਜਾਵੇਗਾ।
ਅਕੈਡਮੀ ਮੁਤਾਬਕ ਇਹ ਫ਼ੈਸਲਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਅਤੇ ਹੋਰ ਮੁੱਦਿਆਂ ਕਾਰਨ ਜਥੇਬੰਦੀ ਦੇ ਅਕਸ ਨੂੰ ਪੁੱਜੇ ਨੁਕਸਾਨ ਕਾਰਨ ਲਿਆ ਗਿਆ ਹੈ। ਇਸ ਦਾ ਕਾਰਨ ਮੁੱਖ ਰੂਪ ਚ ਸਵੀਡਿਸ਼ ਕਲਾਕਾਰ ਯਾਂ ਕਲੋਡ ਅਰਨਾਲਟ ਉਤੇ ਲੱਗੇ ਔਰਤਾਂ ਦੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ਾਂ ਨੂੰ ਮੰਨਿਆ ਜਾ ਰਿਹਾ ਹੈ। ਯਾਂ ਕਲੋਡ ਅਰਨਾਲਟ ਨੋਬੇਲ ਪੁਸਕਾਰ ਦੇਣ ਵਾਲੀ ਸਵੀਡਿਸ਼ ਅਕੈਡਮੀ ਦੀ ਮੈਂਬਰ ਅਤੇ ਕਵੀ ਕੈਟਰੀਨਾ ਫਰੌਸਟਨਸਨ ਦਾ ਪਤੀ ਹੈ।
ਜ਼ਿਕਰਯੋਗ ਹੈ ਕਿ ਨੋਬੇਲ ਪੁਰਸਕਾਰਾਂ ਦੇ ਇਤਿਹਾਸ ਦੇ ਕਰੀਬ 70 ਸਾਲਾਂ ਚ ਪਹਿਲੀ ਵਾਰ ਹੈ ਕਿ ਇਹ ਪੁਰਸਕਾਰ ਨਹੀਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਹਿਕ ਵਾਰੀ ਅਕੈਡਮੀ ਨੇ ਪੁਰਸਕਾਰ ਚ ਦੇਰੀ ਦਾ ਐਲਾਨ 1949 ਚ ਵੀ ਕੀਤਾ ਸੀ। ਪੁਰਸਕਾਰ ਦੇ ਐਲਾਨ ਨੂੰ ਅੱਗੇ ਪਾਉਣ ਪਿੱਛੇ ਦਲੀਲ ਦਿੱਤੀ ਗਈ ਹੈ ਕਿ ਜਿਨਸੀ ਸ਼ੋਸ਼ਣ ਅਤੇ ਵਿੱਤੀ ਗੜਬੜੀਆਂ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਅਕੈਡਮੀ ਨੋਬੇਲ ਜੇਤੂ ਦੀ ਚੋਣ ਕਰਨ ਦੀ ਹਾਲਤ ਚ ਹੀ ਨਹੀਂ ਹੈ। ਆਲਮੀ ਪੱਧਰ ‘ਤੇ ਇਸ ਬਾਬਤ ਚੱਲੀ ਮੁਹਿੰਮ ਦੌਰਾਨ ਲੰਘੇ ਨਵੰਬਰ ਤੋਂ ਅਕੈਡਮੀ ਵਿਵਾਦਾਂ ਚ ਘਿਰ ਗਈ ਸੀ। ਸਵੀਡਨ ਦੇ ਰਸੂਖਦਾਰ ਕਲਾਕਾਰ ਯਾਂ ਕਲੋਡ ਅਰਨਾਲਟ ਉਤੇ 18 ਔਰਤਾਂ ਨੇ ਬਲਾਤਕਾਰ, ਜਿਨਸੀ ਸ਼ੋਸ਼ਣ ਜਾਂ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਅਕੈਡਮੀ ਮੈਂਬਰ ਅਤੇ ਕਵੀ ਕੈਟਰੀਨਾ ਫਰੌਸਟਨਸਨ ਨੇ ਆਪਣੇ ਪਤੀ ‘ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਅਕੈਡਮੀ ਦੇ 18 ਮੈਂਬਰਾਂ ਚ ਇਸ ਮੁੱਦੇ ਦੇ ਹੱਲ ਨੂੰ ਲੈ ਕੇ ਤਕਰਾਰ ਪੈਦਾ ਹੋ ਗਈ ਅਤੇ ਪਿਛਲੇ ਕੁਝ ਹਫ਼ਤਿਆਂ ਚ ਛੇ ਮੈਂਬਰਾਂ ਨੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।