ਵਿਸਾਖੀ ਦਾ ਮੇਲਾ

ਵਿਸਾਖੀ ਦਾ ਮੇਲਾ

ਸ਼ੇਰ ਸਿੰਘ ਕੰਵਲ
ਸਿੱਧਾਂ ਜੋਗੀਆਂ ਦੇ ਸਮੇਂ ਜਿਵੇਂ ਪੰਜਾਬ ਸਮੇਤ ਭਾਰਤ ਵਿਚ ਜੋਗੀ ਪੀਰ ਜਾਂ ਗੁੱਗੇ ਪੀਰ ਦੇ ਮੇਲੇ ਥਾਈਂ ਥਾਈਂ ਲਗਦੇ ਸਨ। ਵਿਸਾਖੀ ਦਾ ਮੇਲਾ ਅੱਜ ਪੰਜਾਬ ਤੇ ਦੁਨੀਆਂ ਵਿਚ ਜਿੱਥੇ ਕਿਤੇ ਵੀ ਪੰਜਾਬੀ ਅਥਵਾ ਸਿੱਖ ਵਸਦੇ ਹਨ ਸ਼ਾਇਦ ਹੋਰਨਾਂ ਸਭ ਮੇਲਿਆਂ ਨਾਲੋਂ ਵੱਧ ਥਾਂਵਾਂ ਉੱਤੇ ਅਤੇ ਵਧੇਰੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਜਾਂਦਾ ਹੈ। ਮੁੱਢੋਂ ਨਿਰਸੰਦੇਹ ਵਿਸਾਖੀ ਵਿਚ ਮੌਸਮੀ ਤਿਉਹਾਰ ਹੈ। ਪੁਰਾਤਨ ਸਮੇਂ ਤੋਂ ਜਦੋਂ ਕਣਕ ਦੀ ਫਸਲ ਪੱਕਦੀ ਅਤੇ ਇਸ ਨੂੰ ਦਾਤੀ ਪੈਣ ਦਾ ਭਾਵ ਇਹ ਦਿਨ ਆਉਂਦਾ ਤਾਂ ਇਸ ਤਿਉਹਾਰ ਨੂੰ ਪਿੰਡੀਂ ਗਰਾਈਂ ਮੇਲਿਆਂ ਦੇ ਰੂਪ ਵਿਚ ਮਨਾਇਆ ਜਾਂਦਾ ਸੀ। ਓਦੋਂ ਇਨ੍ਹਾਂ ਮੇਲਿਆਂ ਉੱਤੇ ਨਿਰਸੰਦੇਹ ਸਭਿਆਚਾਰਕ ਪ੍ਰਭਾਵ ਹੀ ਹਾਵੀ ਹੁੰਦਾ ਸੀ ਅਤੇ ਮੇਲਾ ਆਉਂਦੇ ਹੀ ਹਰ ਕੋਈ ਮੇਲੇ ‘ਤੇ ਜਾਣਾ ਚਾਹੁੰਦਾ ਸੀ। ਕੋਈ ਵੀ ਕਿਸੇ ਤੋਂ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ
‘ਆਪ ਗਏ ਵਿਸਾਖੀ! ਮੈਂ ਬ੍ਹਵਾਂ ਜਵਾਂ ਦੀ ਰਾਖੀ?
ਤੇ ਜਦ ਗੁਰੂ ਕਾਲ ਵਿਚ ਥਾਂ ਥਾਂ ਵਿਸਾਖੀ ਦੇ ਮੇਲੇ ਲੱਗਣ ਲੱਗ ਪਏ ਤਾਂ ਸਿੱਖਾਂ ਕਹਾਣ ਘੜ ਲਿਆ
ਵਿਸਾਖੀ ਘਰ ਘਰ! ਦੀਵਾਲੀ ਅੰਮ੍ਰਿਤਸਰ!!
ਪੰਜਾਬੀਆਂ ਲਈ ਵਿਸਾਖੀ ਕਣਕ ਦੀ ਵਾਢੀ ਦਾ ਤਿਉਹਾਰ ਤਾਂ ਹੈ ਹੀ ਪਰ ਸੰਨ 1699 ਦੀ ਵਿਸਾਖੀ ਦਾ ਦਿਨ ਸਿੱਖਾਂ ਲਈ ਸਿਰਾਂ ਦੀ ਵਾਢੀ ਦਾ ਦਿਨ ਹੋ ਨਿਬੜਿਆ ਜਦ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ‘ਤੇ ਕਲਗੀਧਰ ਪਿਤਾ ਨੇ ਆਪਣੀ ਕਿਰਪਾਨ ਵਿਚੋਂ ਖਾਲਸੇ ਨੂੰ ਪ੍ਰਗਟ ਕੀਤਾ ਸੀ। ਪੰਜਾਬ ਅਤੇ ਵਿਸ਼ਵ ਵਿਚ ਵੱਸਦੇ ਪੰਜਾਬੀਆਂ ਅਥਵਾਂ ਸਿੱਖਾਂ ਦੇ ਇਸ ਸਬੰਧ ਵਿਚ ਥਾਂ ਥਾਂ ਅਜਿਹੇ ਮੇਲਿਆਂ ਨੂੰ ਲਗਾਉਣ ਤੇ ਇਸ ਤਿਉਹਾਰ ਨੂੰ ਮਨਾਉੇਣ ਦਾ ਮੂਲ ਕਾਰਨ ਅੱਜ ਏਹੀ ਹੈ।
ਉਂਝ ਸਿੱਖ ਧਰਮ ਨਾਲ ਵਿਸਾਖੀ ਦਾ ਚਿਰੋਕਣੇ ਸਮੇਂ ਤੋਂ ਹੀ ਗੂੜ੍ਹਾ ਸਬੰਧ ਹੈ। ਭਾਵੇਂ ਵਿਸਾਖੀ ਦਾ ਪਹਿਲਾ ਤਿਉਹਾਰ ਤੀਸਰੇ ਪਾਤਸ਼ਾਹ ਸੀ੍ਰ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਡੱਲਾ ਨਿਵਾਸੀ ਭਾਈ ਪਾਰੋ ਨੇ ਗੋਇੰਦਵਾਲ ਸਾਹਿਬ ਵਿਖੇ ਮਨਾਉਣਾ ਸ਼ੁਰੂ ਕੀਤਾ ਪਰ ਇਤਿਹਾਸ ਦਸਦਾ ਹੈ ਕਿ ਇਸ ਤੋਂ ਪਹਿਲੋਂ ਪਹਿਲੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਵਿਸਾਖੀ ਦੇ ਮੇਲੇ ਉੱਤੇ ਹੀ ਹਰਿਦੁਆਰ ਵਿਖੇ ਕਰਤਾਰਪੁਰ ਵੱਲ ਪਾਣੀ ਸੁੱਟ ਕੇ ਪੰਡਤਾਂ ਦਾ ਭਰਮ ਜਾਲ ਤੋੜਿਆ ਸੀ ਤੇ ਇਸੇ ਦਿਨ ਹੀ ਆਪ ਜੀ ਨੇ ਧਰਤ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ ਸੀ। ਸੰਨ 1665 ‘ਚ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਕਾਲੇ ਸ੍ਰੀ ਗੁਰੂ ਤੇਗ਼ ਬਹਾਦਰ ਸਬੰਧੀ ‘ਗੁਰੂ ਲਾਧੋਂ ਰੇ’ ਦਾ ਪੱਲਾ ਇਸੇ ਦਿਨ ਫੇਰਿਆ ਸੀ। ਵਿਸਾਖੀ ਦੇ ਦਿਨ ਹੀ ਸੰਨ 1675 ਦਸਮ ਪਿਤਾ ਜੀ ਗੁਰੂ ਗੱਦੀ ਸੰਭਾਲਦੇ ਹਨ ਤੇ ਵਿਸਾਖੀ ਦੇ ਇਸੇ ਦਿਨ ਹੀ ਆਪ ਜੀ ਦਾ ਆਨੰਦ ਕਾਰਜ ਮਾਤਾ ਸੁੰਦਰੀ ਜੀ ਨਾਲ ਹੋਇਆ। ਇਸੇ ਦਿਨ ਹੀ ਸੰਨ 1714 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਸਢੌਰਾ ਜਿੱਤ ਕੇ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਹੀ ਦਰਬਾਰ ਸਜਾਇਆ ਸੀ। ਸੰਨ 1721 ਨੂੰ ਤੱਤ ਖਾਲਸੇ ਤੇ ਬੰਦਈ ਖਾਲਸੇ ਦਾ ਝਗੜਾ ਵੀ ਵਿਸਾਖੀ ਨੂੰ ਹੀ ਖਤਮ ਹੋਇਆ ਸੀ। ਸੰਨ 1733 ਵਿਚ ਕਪੂਰ ਸਿੰਘ ਫ਼ੈਜ਼ਲਪੁਰੀਏ ਨੂੰ ਨਵਾਬੀ ਵੀ ਇਸੇ ਦਿਨ ਮਿਲੀ ਸੀ। ਸੰਨ 1743 ਵਿਚ ਦੀਵਾਨ ਜਸਪਤ ਰਾਇ ਦਾ ਕਤਲ ਤੇ ਕਾਹਨੂੰਵਾਣੇ ਛੰਭ ਦਾ ਘੱਲੂਘਾਰਾ ਵਿਸਾਖੀ ਦੇ ਦਿਨ ਹੀ ਆਪਣੇ ਆਪ ਨੂੰ ਮਹਾਰਾਜਾ ਐਲਾਨਿਆ ਸੀ। ਸੰਨ 1869 ਵਿਚ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਨਾ ਮਿਲਣਵਰਤਣ ਲਹਿਣ ਵਿਸਾਖੀ ਦੇ ਦਿਨ ਹੀ ਸ਼ੁਰੂ ਕੀਤੀ ਸੀ। ਸੰਨ 1919 ਵਿਚ ਜਨਰਲ ਡਾਇਰ ਨੇ ਜੱਲ੍ਹਿਆਂ ਵਾਲੇ ਬਾਗ਼ ਵਿਚ ਨਿਹੱਥੇ ਪੰਜਾਬੀਆਂ ਦੇ ਜਲਸੇ ਉੱਤੇ ਗੋਲੀਆਂ ਅੰਨ੍ਹੇਵਾਹ ਇਸੇ ਦਿਨ ਵਰ੍ਹਾਈਆਂ ਸਨ ਤੇ ਸੰਨ 1978 ਦੀ ਵਿਸਾਖੀ ਦੇ ਦਿਨ ਹੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਸਾਕੇ ਵਿਚ ਫੌਜਾ ਸਿੰਘ ਤੇ ਉਨ੍ਹਾਂ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਸ ਤਰ੍ਹਾਂ ਹੋਰ ਵੀ ਅਨੇਕ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਹਨ ਜੋ ਵਿਸਾਖੀ ਦੇ ਦਿਨ ਵਾਪਰੀਆਂ।
ਪਰ ਇਕ ਗੱਲ ਪ੍ਰਤੱਖ ਹੈ ਕਿ ਪੰਥ ਅਤੇ ਪੰਜਾਬ ਦੇ ਪ੍ਰਸੰਗ ਵਿਚ ਵਿਸਾਖੀ ਦੇ ਦਿਨ ਉੱਤੇ ਘਟੀਆਂ ਘਟਨਾਵਾਂ ਦੀ ਲੜੀ ਵਿਚ ‘ਮੇਰੂ’ ਅਥਵਾ ਮਾਲਾ ਦਾ ਸ੍ਰਿਮਣਕਾ ਸੰਨ 1699 ਦੀ ਵਿਸਾਖੀ ਹੀ ਹੈ ਜਿਸ ਦਿਨ ਕੇਸਗੜ੍ਹ ਦੇ ਸਥਾਨ ‘ਤੇ ਦਰਵੇਸ਼ ਪਾਤਸ਼ਾਹ ਦਸਮ ਪਿਤਾ ਨੇ ਸਭ ਜਾਤਾਂ ਵਰਣਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਪੰਚ ਪ੍ਰਣਾਲੀ ਅਤੇ ਪੰਚ ਪ੍ਰਧਾਨੀ ਖਾਲਸੇ ਦੀ ਸਿਰਜਣਾ ਕੀਤੀ ਸੀ। ਯਾਦ ਰਹੇ ਕਿ ਇਸ ਵਿਸਾਖੀ ਦੇ ਦੀਵਾਨ ਵਿਚ ਜਦ ਗੁਰਾਂ ਨੇ ਸੀਸ ਮੰਗੇ ਤਾਂ ਉਨ੍ਹਾਂ ਸਾਹਮਣੇ ਭਾਵੇਂ ਲਾਹੌਰ ਦਾ ਦਇਆ ਰਾਮ ਖੱਤਰੀ ਆਇਆ ਭਾਵੇਂ ਧਰਮ ਦਾਸ ਦਿੱਲੀ ਦਾ ਜੱਟ। ਭਾਵੇਂ ਸਾਹਿਬ ਚੰਦ ਬਿਦਰ ਦਾ ਨਾਈ ਤੇ ਭਾਵੇਂ ਮੁਹਕਮ ਚੰਦ ਦੁਆਰਕਾ ਦਾ ਛੀਂਬਾ ਜਾਂ ਹਿੰਮਤ ਰਾਇ ਜਗਨਨਾਥ ਪੂਰੀ ਦਾ ਝੀਵਰ, ਸਤਿਗੁਰਾਂ ਨੇ ਬਿਨਾਂ ਉਨ੍ਹਾਂ ਦਾ ਜਾਤ ਗੋਤ ਤੇ ਖਿੱਤਾ ਕਿੱਤਾ ਵੇਖੇ ਉਨ੍ਹਾਂ ਨੂੰ ਇਕੋ ਬਾਟੇ ‘ਚੋਂ ਅੰਮ੍ਰਿਤ ਛਕਾਇਆ ਤੇ ਫਿਰ ਬੇਨਤੀ ਕਰਕੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਯਾਦ ਰਹੇ ਕਿ ਸੰਸਾਰ ਉੱਤੇ ਸਿੱਖ ਕੌਮ ਹੀ ਇਕੋ ਕੌਮ ਹੈ ਜਿਸ ਨੂੰ ਆਪਣੇ ਜਨਮ ਦੀ ਸਹੀ ਮਿਤੀ ਦਾ ਪਤਾ ਹੈ ਤੇ ਜਿਸਦੇ ਰਹਿਬਰ ਅਥਵਾ ਗੁਰੂ ਨੇ ਆਪਣੇ ਆਪ ਨੂੰ ਉਸਦਾ ਚੇਲਾ ਅਥਵਾ ਚੇਰਾ ਕਿਹਾ ਹੈ।
ਅੱਜ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਸਿੱਖ, ਜਿਸ ਧਰਤੀ ਉੱਤੇ ਸਾਹਿਬਾਂ ਇਹ ਇਤਿਹਾਸਕ ਘਟਨਾ ਘਟਾਈ ਸੀ ਉਸ ਦੇ ਸੰਦੇਸ਼ ਤੋਂ ਦੂਰ ਹੋ ਰਹੇ ਹਨ ਪਰ ਇਸ ਪ੍ਰਸੰਗ ਵਿਚ ਪ੍ਰਵਾਸੀ ਸਿੱਖਾਂ ਦੀ ਸਥਿਤੀ ਉਨ੍ਹਾਂ ਤੋਂ ਕਿਤੇ ਸੰਤੋਸ਼ ਜਨਕ ਦਿਸਦੀ ਹੈ। ਇਸ ਦੇ ਪ੍ਰਮਾਣ ਵਜੋਂ ਇਸ ਦਿਹਾੜੇ ਜਿਸ ਤਰ੍ਹਾਂ ਦੇ ਨਗਰ ਕੀਰਤਨ ਲੰਡਨ (ਇੰਗਲੈਂਡ), ਵੈਨਕੂਵਰ, ਟੋਰਾਂਟੋ (ਕਨੇਡਾ), ਸਟਾਕਟਨ ਤੇ ਨਿਊਯਾਰਕ (ਅਮਰੀਕਾ) ਅਤੇ ਹੋਰ ਵੀ ਕਈ ਮੁਲਕਾਂ ਵਿਚ ਨਿਕਲਦੇ ਹਨ ਤੇ ਜਿਸ ਉਤਸ਼ਾਹ ਨਾਲ ਸਿੱਖ ਇਨ੍ਹਾਂ ਵਿਚ ਚਾਓ ਨਾਲ ਸ਼ਾਮਲ ਹੁੰਦੇ ਹਨ ਇਸ ਤੋਂ ਉਨ੍ਹਾਂ ਦਾ ਸਿੱਖੀ ਪ੍ਰਤੀ ਪ੍ਰਤੱਖ ਝਲਕਦਾ ਹੈ। ਸਿੱਖਾਂ ਦੀ ਅਜੋਕੀ ਵਿਦੇਸ਼ੀ ਪੀੜ੍ਹੀ ਨੇ ਜਿਸ ਕਦਰ ਖਾਲਸੇ ਦੇ ਕੇਸਰੀ ਨਿਸ਼ਾਨਾਂ ਨੂੰ ਆਪਣੇ ਹੱਥਾਂ ਵਿਚ ਸੰਭਾਲਿਆ ਹੈ, ਇਹ ਵਿਸ਼ਵ ਦੀ ਦੁਮੇਲ ‘ਤੇ ਸਿੱਖੀ ਦੇ ਚੜ੍ਹਦੇ ਸੂਰਜ ਦਾ ਪ੍ਰਸੰਸਾ ਜਨਕ ਸੰਕੇਤ ਹੈ। ਦਿਨ ਆਵੇਗਾ ਜਦੋਂ ਨਵੀਂ ਪੀੜ੍ਹੀ ਦੇ ਅੱਜ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆਂ ‘ਚੋਂ ਕੁਝ ਸਿੱਖੀ ਦੀ ਅਸਲ ਵਿਚਾਰਧਾਰਾ ਦੀ ਮਿਸ਼ਾਲ ਲੈ ਕੇ ਸਿੱਖੀ ਦੇ ਪਾਸਾਰ ਅਥਵਾ ਉਜਿਆਲੇ ਭਵਿੱਖ ਵੱਲ ਵਧਣਗੇ। ਇੰਝ ਹੀ ਆਪਣੇ ਸਭਿਆਚਾਰ ਚੋਂ ਆ ਕੇ ਓਦਰੇ ਪੰਜਾਬੀਆਂ ਦੇ ਨਵੀਂ ਪੀੜ੍ਹੀ ਦੇ ਬੱਚੇ ਭੰਗੜੇ ਗਿੱਧੇ ਨੂੰ ਅਪਣਾਅ ਕੇ ਆਪਣੇ ਸਭਿਆਚਾਰ ਵੱਲ ਮੁੜ ਰਹੇ ਹਨ ਪਰ ਇਸਦੇ ਮੁਕਾਬਲੇ ਪੰਜਾਬ ਅਥਵਾ ਦੇਸ਼ ਵਿਚਲੇ ਗਵੱਈਆਂ, ਗੀਤਕਾਰਾਂ ਨੇ ਨੱਚਣ ਵਾਲਿਆਂ/ਵਾਲੀਆਂ ਦਾ ਰੁਝਾਨ ਨੀਵਾਣ ਵੱਲ ਜਾ ਰਿਹਾ ਹੈ।
ਨਿਰਸੰਦੇਹ ਵਿਸਾਖੀ ਦਾ ਮੂਲ ਸਥਾਨ ਸ੍ਰੀ ਆਨੰਦਪੁਰ ਸਾਹਿਬ ਹੀ ਹੈ ਕਿਉਂਕਿ ਇਹ ਖਾਲਸੇ ਦਾ ਜਨਮ ਅਸਥਾਨ ਹੈ ਪਰ ਆਪਣੀ ਥੋੜ੍ਹੀ ਆਰਜਾ ਵਿਚ ਮਹਾਨ ਕਾਰਜਾਂ ਨੂੰ ਨਪੇਰੇ ਚਾੜ੍ਹਦੇ ਸਤਿਗੁਰਾਂ ਨੇ ਜ਼ਿੰਦਗੀ ਦੇ ਮਘਦੇ ਸੰਘਰਸ਼ ਵਿਚ ਆਪਣਾ ਕਰਮ ਕੱਸਾ ਖੋਹਲ ਜਿੱਥੇ ਕੁਝ ਦਮ ਮਾਰਿਆ ਅਥਵਾ ਆਰਾਮ ਵਿਸ਼ਰਾਮ ਕੀਤਾ। ਇਹ ਅਸਥਾਨ ਅੱਜ ਪੰਜਾਬ ਅਤੇ ਸਿੱਖ ਇਤਿਹਾਸ ਵਿਚ ਸ੍ਰੀ ਦਮਦਮਾ ਸਾਹਿਬ ਕਰਕੇ ਪ੍ਰਸਿੱਧ ਹੈ। ਇਹ ਇਲਾਕਾ ਸ਼ਮਸਦੀਨ ਅਲਤਮਸ਼ ਦੇ ਜ਼ਮਾਨੇ ਗੁੱਜਰਾਂ ਦਾ ਹੁੰਦਾ ਸੀ। ਇਨ੍ਹਾਂ ਦੇ ਮੁਖੀਏ ਨੇ ਮੁਸਲਮਾਨ ਹੋ ਕੇ ਇਸ ਇਲਾਕੇ ਦੀ ਚੌਧਰ ਹਾਸਲ ਕੀਤੀ ਸੀ ਪਰ ਉਸਦੇ ਔਤ ਹੋਣ ਕਾਰਨ ਇਹ ਇਲਾਕਾ ਉਸਦੀ ਲੜਕੀ ‘ਸ਼ਾਹਬੋ’ ਦੇ ਹਿੱਸੇ ਆਇਆ ਤੇ ਮਗਰੋਂ ਸ਼ਾਹਬੋ ਜਾਂ ‘ਸਾਬੋ ਕੀ ਤਲਵੰਡੀ’ ਕਿਹਾ ਜਾਣ ਲੱਗਾ। ਦਸਮ ਪਾਤਸ਼ਾਹ ਦੇ ਸਮੇਂ ਵਿਚ ਤਲਵੰਡੀ ਨੇੜਲੇ ਅਠਤਾਲੀ ਪਿੰਡਾਂ ਦੇ ਮਾਲਕ ਚੌਧਰੀ ਸਲੇਮ ਦਾ ਪੁੱਤਰ ਡੱਲਾ ਇਸ ਇਲਾਕੇ ਦਾ ਮਾਲਕ ਸੀ। ਜਦ ਦਸਮ ਪਾਤਸ਼ਾਹ ਔਕੜਾਂ ਝਾਗਦੇ ਹੋਏ ਇਸ ਇਲਾਕੇ ਵਿਚ ਆਏ ਤਾਂ ਇਸਨੇ ਬੜੀ ਸ਼ਰਧਾ ਤੇ ਪ੍ਰੇਮ ਸਾਹਿਤ ਸਤਿਗੁਰਾਂ ਨੂੰ ਆਪਣੇ ਪਿੰਡ ਠਹਿਰਾਇਆ। ਮਗਰੋਂ ਇਹੀ ਡੱਲਾ ਦਸਮ ਪਿਤਾ ਤੋਂ ਅੰਮ੍ਰਿਤ ਛਕ ਕੇ ਭਾਈ ਡੱਲਾ ਸਿੰਘ ਬਣ ਕੇ ਸਿੱਖ ਜਗਤ ਵਿਚ ਪ੍ਰਸਿੱਧ ਹੋਇਆ। ਇਸ ਅਸਥਾਨ ‘ਤੇ ਨਿਵਾਸ ਰਖਦਿਆਂ ਸਤਿਗੁਰਾਂ ਨੇ ਆਪਣੇ ਕਈ ਮਹਾਨ ਕਰਤਵਾਂ ਦੀ ਪੂਰਤੀ ਕੀਤੀ। ਇਥੋਂ ਹੀ ਆਪ ਜੀ ਨੇ ਸਿੱਖ ਸੰਗਤਾਂ ਦੇ ਨਾਓਂ ਹੁਕਮਨਾਮੇ ਜਾਰੀ ਕੀਤੇ ਜਿਸ ਕਰਕੇ ਇਸ ਜਗਾਹ ਦਾ ਨਾਮ ‘ਤਖ਼ਤ ਸ੍ਰੀ ਦਮਦਮਾ ਸਾਹਿਬ’ ਪਿਆ। ਇਥੇ ਗੁਰੂ ਸਾਹਿਬ ਨੌਂ ਮਹੀਨੇ ਨੌਂ ਦਿਨ ਠਹਿਰੇ ਸਨ। ਇਹ ਨਗਰ ਬਠਿੰਡਾ-ਰਾਮਾ ਸੜਕ ਉੱਤੇ ਬਠਿੰਡੇ ਤੋਂ ਤੀਹ ਕੁ ਕਿਲੋਮੀਟਰ ਤੇ ਸਥਿਤ ਹੈ। ਇਥੇ ਹੀ ਦਸਮ ਪਾਤਸ਼ਾਹ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਦੀ ਬਾਣੀ ਸੰਮਿਲਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕੀਤੀ ਸੀ ਅਤੇ ਇਸ ਕਾਰਜ  ਉਪਰੰਤ ਬਚਦੀਆਂ ਕਲਮਾਂ ਤੇ ਸਿਆਹੀ ਸਰੋਵਰ ਪ੍ਰਵਾਹ ਕਰਕੇ ਇਸ ਨੂੰ ‘ਗੁਰੂ ਕੀ ਕਾਸ਼ੀ’ ਹੋਣ ਦਾ ਵਰ ਦਿੱਤਾ ਸੀ। ਇਥੇ ਹੀ ਦਸਮ ਪਿਤਾ ਨੇ ਚੌਧਰੀ ਡੱਲੇ ਦੇ ਸੂਰਮਿਆਂ ਦੀ ਬੰਦੂਕ ਨਾਲ ਪਰਖ ਕੀਤੀ ਸੀ। ਇਥੇ ਗੁਰੂ ਸਾਹਿਬ ਦੀਆਂ ਕਈ ਨਿਸ਼ਾਨੀਆਂ ਸਾਂਭੀਆਂ ਪਈਆਂ ਹਨ ਜਿਨ੍ਹਾਂ ਵਿਚ ਇਕ ਛੋਟੇ ਆਕਾਰ ਦੀ ਬੀੜ, ਸਤਿਗੁਰਾਂ ਦੀ ਇਕ ਵੱਡੀ ਤੇ ਛੋਟੀ ਦਸਤਾਰ, ਵੱਡਾ ਤੇ ਛੋਟਾ ਚੋਲਾ, ਇਕ ਤੇਗਾ ਤੇ ਸ੍ਰੀ ਸਾਹਿਬ, ਸਤਿਗੁਰ ਦੇ ਬਾਜ਼ ਦੀ ਡੋਰ ਤੇ ਆਪ ਜੀ ਦਾ ਰੇਬ ਪਜਾਮਾ ਤੇ ਇਕ ਰੇਬ ਪਜਾਮਾ ਮਾਤਾ ਸਾਹਿਬ ਕੌਰ ਜੀ ਦਾ। ਇਥੇ ਗੁਰੂ ਸਾਹਿਬ ਜੀ ਨੇ ਸਵਾ ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਸੀ। ਉਪਰੋਕਤ ਕਾਰਨਾਂ ਅਤੇ ਇਸ ਅਸਥਾਨ ਦੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿਚ ਵਿਸਾਖੀ ਦਾ ਪ੍ਰਮੁੱਖ ਸਥਾਨ ਸ੍ਰੀ ਦਮਦਮਾ ਸਾਹਿਬ ਹੀ ਹੈ। ਉਂਝ ਭਾਵੇਂ ਸ੍ਰੀ ਆਨੰਦਪੁਰ, ਤਖਤੂਪੁਰਾ ਅਤੇ ਹੋਰ ਅਨੇਕ ਹੀ ਸਥਾਨਾਂ ਉੱਤੇ ਪੰਜਾਬ ਵਿਚ ਵਿਸਾਖੀ ਦੇ ਮੇਲੇ ਲਗਦੇ ਤੇ ਭਰਦੇ ਹਨ। ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਵੀ ਇਹ ਪੁਰਬ ਮੇਲੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜਿੱਤੇ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂ ਸਿੱਖਾਂ ਦਾ ਜੱਥਾ ਇਸ ਵਿਚ ਸ਼ਾਮਲ ਹੋਣ ਲਈ ਸੁਖਾਵੇਂ ਹਾਲਾਤਾਂ ਵਿਚ ਹਰ ਸਾਲ ਪਹੁੰਚਦਾ ਹੈ।
ਦਸਮ ਪਿਤਾ ਜੀ ਦੇ ਦਮਦਮਾ ਸਾਹਿਬ ਦੀ ਵਿਸਾਖੀ ਪੰਜਾਬ ਦਾ ਇਕ ਪ੍ਰਮੁੱਖ ਮੇਲਾ ਹੈ ਜਿੱਤੇ ਦੇਸ਼ ਵਿਦੇਸ਼ ‘ਚੋਂ ਸਿੱਖ ਸ਼ਰਧਾਲੂ ਬੜੇ ਚਾਅ ਉਮਾਹ ਨਾਲ ਪਹੁੰਚਦੇ ਹਨ। ਇਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਬਿਨਾਂ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ, ਗੁਰਦੁਆਰਾ ਜੰਡਸਰ ਤੇ ਗੁਰਦੁਆਰਾ ਮਹੱਲਸਰ ਆਦਿਕ ਇਤਿਹਾਸਕ ਸਥਾਨ ਹਨ। ਸਾਹਿਬਾਂ ਨੇ ਇਸ ਅਸਥਾਨ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਸੀ, ਜੋ ਇਸ ਤਖ਼ਤ ਦੇ ਪਹਿਲੇ ਜਥੇਦਾਰ ਬਣੇ।
ਸਤਿਗੁਰਾਂ ਦੇ ਵਰੋਸਾਏ ਇਸ ਪਵਿੱਤਰ ਅਸਥਾਨ ਉੱਤੇ ਲੱਗਦਾ ਪੰਜਾਬ ਦਾ ਇਹ ਮੇਲਾ ਵੀ ਇਕ ਦਰਸ਼ਨੀ ਮੇਲਾ ਹੈ, ਜੋ ਵੇਖਿਆ ਹੀ ਬਣਦਾ ਹੈ। ਸਿੱਖ ਸੰਗਤਾਂ ਪੈਦਲ ਤੇ ਵੱਖ ਵੱਖ ਕਿਸਮ ਦੇ ਵਾਹਨਾਂ ਤੇ ਸਵਾਰ ਹੋ ਪਹੁੰਚ ਮੇਲੇ ਵਿਚ ਅਕਹਿ ਅਲੌਕਿਕ ਰੌਣਕਾਂ ਲਾ ਦਿੰਦੀਆਂ ਹਨ। ਸ਼ਰਧਾ ਵਿਭੋਰ ਸਿੱਖ ਗੁਰੂ ਮਹਿਮਾ ਵਿਚ ਮਗਨ ਹੋਏ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ ਤੇ ਬਾਹਰ ਮੇਲੇ ਵਿਚ ਮਸਤ ਮੇਲੀ ਵੀ! ਜਿਵੇਂ ਇਹ ਮੇਲਾ ਧਰਮ ਅਤੇ ਸਭਿਆਚਾਰ ਦਾ ਕੋਈ ਸੁੰਦਰ ਸੰਗਮ ਹੋਵੇ ਪਰ ਇਹ ਸੰਗਮ ਆਮ ਕਰਕੇ ਮਗਰੋਂ ਇਕ ਤ੍ਰਿਵੈਣੀ ਦਾ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਕਈ ਸਿਆਸੀ ਪਾਰਟੀਆਂ ਇਸ ਤੇ ਸਿਆਸਤ ਦੇ ਤੰਬੂ ਸ਼ਾਮਿਆਨੇ ਆਣ ਤਾਣਦੀਆਂ ਹਨ। ਉਂਝ ਇਸ ਪਵਿੱਤਰ ਅਸਥਾਨ ਉੱਤੇ ਵਿਸਾਖੀ ਦੇ ਇਸ ਸ਼ੁਭ ਦੇ ਇਸ ਸ਼ੁਭ ਅਵਸਰ ਤੇ ਇੱਥੇ ਸ੍ਰੀ ਆਖੰਡ ਪਾਠ ਹੋਣ ਉਪਰੰਤ ਧਾਰਮਿਕ ਦੀਵਾਨ ਸਜਦੇ ਹਨ। ਅੰਮ੍ਰਿਤ ਸੰਚਾਰ ਹੁੰਦੇ ਹਨ। ਉਘੇ ਰਾਗੀ ਢਾਡੀ ਗੁਰੂ ਜਸ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸ਼ਾਨਦਾਰ ਨਗਰ ਕੀਰਤਨ ਵਿਚ ਸ਼ਬਦਈ ਜਥੇ ਸ਼ਬਦ ਪੜ੍ਹਦੇ ਅਤੇ ਸਿੰਘ ਖਾਲਸਾਈ ਖੇਡਾਂ ਦੇ ਕਰਤਬ ਦਿਖਾਉਂਦੇ ਹਨ।
ਵਿਸਾਖੀ ਦੇ ਇਸ ਦਿਨ ਦਿਹਾਰ ਨੂੰ ਦੇਸ਼ ਵਿਦੇਸ਼ਾਂ ਵਿਚ ਵਸਦੇ ਸਿੱਖ ਅਥਵਾ ਪੰਜਾਬੀ ਧਾਰਮਿਕ ਅਤੇ ਸਭਿਆਚਾਰਕ ਪੱਖੋਂ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਵਿਸਾਖੀ ਦੇ ਇਸ ਨਜ਼ਾਰੇ ਨੂੰ ਬੰਨ੍ਹਣ ਦਾ ਇਕ ਨਿਮਾਣਾ ਜਿਹਾ ਯਤਨ ਮੈਂ ਇਕ ਕਵਿਤਾ ਦੁਆਰਾ ਇੰਝ ਕੀਤਾ ਹੈ :

ਵਿਸਾਖੀ
ਅੱਜ ਵਈ ਵਿਸਾਖੀ ਐ!
ਹਾਂ! ਅੱਜ ਜੀ ਵਿਸਾਖੀ ਐ!

ਸੋਹਣੇ ਸੋਹਣੇ ਸੋਹਣ ਸਿੰਘਾ,
ਸੋਹਣੇ ਸੋਹਣੇ ਮੁੱਖ ਵਿਚੋਂ
ਕਿੰਨੀ ਸੋਹਣੀ ਆਖੀ ਐ!!!

ਅੱਜ ਵਈ ਵਿਸਾਖੀ ਐ?
ਹਾਂ! ਅੱਜ ਵੀ ਵਿਸਾਖੀ ਐ!

ਚੋਬਰਾਂ ਨੇ ਲੀੜਾ ਲੱਤਾ,
ਰੂਹ ਨਾ’ ਬਣਾਇਆ ਹੋਇਆ।
ਖਿੱਚੀਆਂ ਨੇ ਟੌਹਰਾਂ,
ਬੜੀ ਰੀਝ ਨਾਲ ਪਾਇਆ ਹੋਇਆ।

ਗਹਿਣੇ ਗੱਟੇ ਸੋਹਣੀਆਂ ਨੇ,
ਅੰਗੋ ਅੰਗ ਪਾਏ ਨੇ।
ਫੰਧ ਕੀ ਬਣਾਏ ਨੇ।

ਮੇਲੇ ਦੀ ਤਿਆਰੀ ‘ਚ,
ਸਰੂਰ ਜਿਹਾ ਛਾਇਆ ਏ।
ਨਵਾਂ ਸੂਟ ਤਾਏ ਨੇ,
ਸੁਆ ਕੇ ਤਾਜ਼ਾ ਪਾਇਆ ਏ।

ਬਾਬਾ ਜੀ ਨੇ ਭਾਵੇਂ ਹੁਣ,
ਮੇਲੇ ਨਹੀਓਂ ਜਾਵਣਾ।
ਏਨਾ ਗਿਆ ਗੁਜ਼ਰਿਆ ਨਹੀਂ,
ਦਿਨ ਨਹੀਂ ਮਨਾਵਣਾ।

ਆਖਿਆ ਪੁੱਤਾਂ ਨੂੰ ਸਾਊ
ਮੇਲੇ ਤੁਸੀਂ ਜਾ ਆਓ
ਵੇਖ ਆਵੋ ਮੇਲਾ
ਤੇ ਜੁਆਕਾਂ ਨੂੰ ਵਿਖਾ ਆਓ।

ਡੰਗਰਾਂ ਨੂੰ ਜਾਣੋਂ ਪਹਿਲਾਂ,
ਪੱਠਾ ਦੱਥਾ ਪਾ ਜਾਇਓ।
ਬੰਨ੍ਹ ਕੇ ਤੇ ਨਿੰਮ ਥੱਲੇ,
ਪਾਣੀ ਵੀ ਵਖਾ ਜਾਇਓ।

ਵਹੁਟੀਆਂ ਨੂੰ ਕਿਹਾ,
ਵੰਡ ਮੱਝਾਂ ਨੂੰ ਰਲ਼ਾ ਭਾਈ।
ਮੇਰੇ ਲਈ ਛੰਨਾ ਭਾਈ,
ਖੀਰ ਦਾ ਬਣਾ ਜਿਓ।

ਔਹਨੂੰ ਚੰਗੂ ਬੰਨ੍ਹ ਜਾਇਓ,
ਖੂੰਡਾ ਨਾ ਤੁੜਾਵੇ ਕਿਤੇ
ਬੂਰੀ ਨਾਲ ਬੈਠੀ ਜਿਹੜੀ,
ਭੈਂਗੀ ਜਿਹੀ ਲਾਖੀ ਐ!

ਮੈਂ ਤਾਂ ਏਹੀ ਆਖਣਾ ਸੀ,
ਮੇਲਾ ਗੇਲਾ ਵੇਖ ਆਵੋ।
ਰਤਨੇ ਨੇ ਦਸਿਆ ਸੀ,
ਅੱਜ ਵਈ ਵਿਸਾਖੀ ਐ!!
ਆਹ੍ਹੋ ਵਈ ਵਿਸਾਖੀ ਐ!!!

ਜਾਗਰ ਨੇ ਨਾਰਾ ਮੀਣਾ,
ਪੁੱਜ ਕੇ ਸ਼ਿੰਗਾਰੇ ਨੇ।
ਪਾਈਆਂ ਘੁੰਗਰਾਲਾਂ,
ਸਿੰਗ ਚੋਪੜੇ ਸਿੰਨੇ।

ਝੱਗੀਆਂ ਦੇ ਉੱਤੇ ਸ਼ੀਸ਼ੇ,
ਕਿੰਨੇ ਸੋਹਣੇ ਲੱਗਦੇ…।
ਲੋਗੜੀ ਦੇ ਫੁੱਲ ਕਿਵੇ,
ਝਾਲਰਾਂ ਨਾ ਸੱਜਦੇ।

ਗੱਡੀਆਂ ਦੀ ਦੌੜ ਹੋਣੀ,
ਮੇਲਾ ਮਸਾਂ ਆਇਆ ਏ।
ਜਾਗਰ ਦਾ ਚਿੱਤ,
ਬਿਨ ਪੀਤੇ ਨਸ਼ਿਆਇਆ ਏ।

ਨਾਰੇ ਮੀਣੇ ਉੱਡਣਾ ਹੈ,
ਤੀਰ ਜਿਉਂ ਕਮਾਨ ਚੋਂ।
ਪਟਕਾ ਤੇ ਝੰਡੀ ਅੱਜ,
ਲੈਣੇ ਨੇ ਮੈਦਾਨ ‘ਚੋ।

ਘਿਓ ਨਾਲ਼ਾਂ ਦਿੱਤੀਆਂ,
ਤੇ ਚਾਰੀਆਂ ਨਹਾਰੀਆਂ।
ਨਾਰੇ ਮੀਣੇ ਦੇਣੀਆਂ ਨੇ,
ਸਿਰ ਆਈਆਂ ਵਾਰੀਆਂ।

ਜਾਗਰ ਨੂੰ ਏਹੇ ਪੁੱਤ,
ਜਾਨ ਤੋਂ ਪਿਆਰੇ ਨੇ।
ਮੇਲੇ ਵਾਲੀ ਝੀਲ,
ਬਣ ਸ਼ੂਕਦੇ ਸ਼ਿਕਾਰੇ ਨੇ।

ਸ਼ੌਕੀਆਂ ਵੀ ਵੇਖ ਵੇਖ,
ਲੁੱਟਣੇ ਨਜ਼ਾਰੇ ਨੇ।
ਜਿੱਤਣਾ ਹੀ ਜਿੱਤਣਾ।
ਇਹ ਅੱਗੇ ਕਿਤੇ ਹਾਰੇ ਨੇ?

ਸੇਰ ਲਹੂ ਵਧ ਜਾਣਾ,
ਗ਼ਜ਼ ਚੌੜੀ ਹਿੱਕ ਹੋਣੀ।
ਜਾਗਰ ਦੇ ਬਾਰੇ ਜਿਹੜੀ,
ਗੱਲ ਲੋਕਾਂ ਭਾਖੀ ਐ।

ਚਾਅ ਕਿੰਨਾ ਮੇਲੇ ਵਾਲਾ,
ਪਿੰਡ ‘ਚੋਂ ਮੁੰਢੀਰ ਭੱਜੀ।
ਰਾਹ ਚੋਂ ਕਿਵੇਂ ਕੂਕੀ ਜਾਵੇ,
ਅੱਜ ਵਈ ਵਿਸਾਖੀ ਐ!!
ਓ ਅੱਜ ਵਈ ਵਿਸਾਖੀ ਐ!!!

ਗੱਤਕੇ ਦੇ ਪੈਂਤਰੇ ਤੇ
ਛਾਲਾਂ, ਘੋਲ ਹੋਣੇ ਨੇ।
ਬੋਰੀ, ਕੌਡੀ, ਦੌੜਾਂ,
ਹੋਣ ਸੈਅ ਕਲੋਲ ਹੋਣੇ ਨੇ।

ਮੋਢੇ ਨਾਲ, ਮੋਢਾ ਮੇਲੇ,
ਸੱਜਣਾਂ ਨਾ’ ਵੱਜਣਾ।
ਵੇਖ ਵੇਖ ਸੱਜਣਾਂ ਨੂੰ,
ਅੱਖੀਆਂ ਨਾ ਰੱਜਣਾ।

ਭੀੜ ‘ਚ ਅਹੁ ਹੱਥਾਂ ‘ਚੋਂ,
ਰੁਮਾਲੇ ਵੱਟੇ ਗਏ ਨੇ।
ਕਦੋਂ ਦੇ ਸੀ ਬਚਦੇ ਜੋ,
ਮੇਲੇ ਪੱਟੇ ਗਏ ਨੇ।

ਚਾਹ ਕੇ ਕਿਸੇ ਤੱਤੀਆਂ,
ਜਲੇਬੀਆਂ ਕਢਾਈਆਂ ਨੇ
ਪੂਰ ਹੀ ਪਕੌੜਿਆਂ ਦਾ,
ਮਾਂਜਤਾ ਦੋਂਹ ਬਾਈਆਂ ਨੇ।

ਉੱਡ ਪਏ ਚਿੰਡੋਲਾਂ ਉੱਤੇ,
ਚੁੰਨੀਆਂ ਗਰਾਰੇ ਨੇ।
ਆਸ਼ਕ ਵੀ ਹੇਠਾਂ ਖੜ੍ਹੇ,
ਕਰਦੇ ਇਸ਼ਾਰੇ ਨੇ।

ਮੇਲੇ ਉੱਤੇ ਸ਼ਰ੍ਹੇਆਮ,
ਦੇਸੀ ਦਾਰੂ ਬੁੱਕਦੀ।
ਪੁਲਿਸ ਤੋਂ ਬਿਫ਼ਰੀ,
ਜਵਾਨੀ ਕਿੱਥੇ ਝੁੱਕਦੀ।

ਫਿਰਦੀਆਂ ਟੋਲੀਆਂ ਨੇ,
ਬੱਕਰੇ ਬੁਲਾਉਂਦੀਆਂ।
ਨੈਣਾਂ ਵਾਲੇ ਹੱਥਾਂ ਵਾਲੇ,
ਪੇਚੇ ਕਿਵੇਂ ਪਾਉਂਦੀਆਂ।

ਅੰਝਾਣਿਆਂ ਵੀ ਡੰਝ ਲਾਹੀ,
ਜੇਬਾਂ ਜਦੋਂ ਹੋਈਆਂ ਖਾਲੀ।
ਚਿੱਤ ਲਾਉਣ ਟਿੱਬੇ ਛੋਹੀ,
ਕੋਟਲਾ ਛਪਾਕੀ ਐ।

ਮੁੜ ਆਇਆ ਬਚਪਨਾ,
ਜੁਆਨੀ ਹਾਏ ਚੇਤੇ ਆਈ।
ਜਦੋਂ ਪਤਾ ਲੱਗਿਆ ਕਿ,
ਅੱਜ ਜੀ ਵਿਸਾਖੀ ਐ!!
ਹਾਂ ਵਈ ਵਿਸਾਖੀ ਐ!!!

ਵਿੱਝੜ ਗਿਆ ਮੇਲਾ,
ਲੋਕੀ ਘਰਾਂ ਨੂੰ ਨੇ ਆਂਵਦੇ।
ਥੱਕੇ ਥੱਕੇ ਪੈਰਾਂ ਸੰਗ,
ਵਾਟ ਨੇ ਮੁਕਾਂਵਦੇ।

ਖੁਸ਼ੀ ਖੁਸ਼ੀ ਰਾਹ ‘ਚ,
ਖੁੱਲ੍ਹੇ ਬੋਤਲਾਂ ਦੇ ਡੱਟ ਨੇ।
ਝੁੱਟ ਬਣੇ ਦੋ,
ਇਕ ਦੂਜੇ ਤੋਂ ਨਾ ਘੱਟ ਨੇ।

ਵਿਹੰਦਿਆਂ ਹੀ ਵਿਹੰਦਿਆਂ,
ਕੀ ਵਾਰਦਾਤ ਹੋਈ ਏ।
ਚੀਕਾਂ ਲਲਕਾਰਿਆਂ ਨੇ,
ਚੱਕੀ ਕੋਈ ਝੋਈ ਏ।

ਡਾਂਗ ਤੇ ਗੰਡਾਸੀ ਸੰਦੀ,
ਖੁੱਲ੍ਹੀ ਖੇਡ ਚੱਲੀ ਏ।
ਕਣਕਾਂ ਨੇ ਦਹਿਲੀਆਂ,
ਤੇ ਦੜੀ ਹਰ ਬੱਲੀ ਏ।

ਲਹੂ ਦੀਆਂ ਰੇਤਾ ਵਿਚ,
ਵੱਗੀਆਂ ਤਤ੍ਹੀਰੀਆਂ।
ਚੱਟੀਆਂ ਸ਼ਰਾਬ ਸਭ,
ਸ਼ੀਰੀਆਂ ਸਕੀਰੀਆਂ।

ਰੋਂਵਦੇ ਸੁਹਾਗ ਭੈਣਾਂ,
ਰੋਂਦੇ ਪਏ ਵੀਰ ਨੇ।
ਮਾਪੇ ਅਤੇ ਬੱਚੇ,
ਮੂਲ ਧਰਦੇ ਨਾ ਧਰਿ ਨੇ।

ਸਰ੍ਹਵਾਂ ਤੇ ਛਾ ਗਏ,
ਹਨੇਰੇ ਲੱਖ ਸੋਗ ਦੇ।
ਥੰਮ੍ਹਦੇ ਨਾ ਨੀਰ ਵੇਖੋ,
ਕਿੱਲੇ ਬੱਧੀ ਜੋਗ ਦੇ।

ਗੱਲ ਵਧਗੀ ਬਤੈਡ,
ਪਰ੍ਹੇ ਲੱਗੀ ਜਾਂ ਪਚੈਤ।
ਫੇਰ ਬੁੱਧ ਸਿਹੁੰ ਨਿਹੰਗ ਨੇ,
ਸੁਣਾਈ ਆਣ ਸਾਖੀ ਐ।

ਅਸੀਂ ਖਾਲਸਾ ਜੀ! ਰੋਕੇ,
ਅਸੀਂ ਕਿੰਨੀ ਵਾਰੀ ਟੋਕੇ।
ਤੁਸੀਂ ਮੋੜੇ ਕਦੇ ਮੁੜੇ?
ਥੋਡੀ ਆਹਾ ਈ ਵਿਸਾਖੀ ਐ?
ਹਾਲ ਵਈ! ਵਿਸਾਖੀ ਐ?

ਭੁੱਲੇ ਹੋਏ ਖਾਲਸਾ ਜੀ,
ਪਿੱਛਾ ਈ ਭੁਲਾਇਆ ਐ।
ਅਸਲੀ ਤਿਹਾਰ ਦਾ ਤਾਂ,
ਚੇਤਾ ਹੀ ਨਾ ਆਇਆ ਹੈ।

ਯਾਦ ਥੋਨੂੰ? ਪਿਤਾ ਜਦੋਂ
ਸੱਦੇ ਭਿਜਵਾਏ ਸੀ।
ਪ੍ਰੇਮ ਨਾਲ ਪਿਆਰੇ
ਦੂਰ ਦੂਰ ਤੋਂ ਬੁਲਾਏ ਸੀ।

ਕੱਢ ਕਿਰਪਾਨ ਫੇਰ
ਇੰਵੇਂ ਸੀ ਵੰਗਾਰਿਆ
‘ਆਵੋ ਜੀਹਨੇ ਸੀਸ ਦੇਣਾ’
ਰੋਹ ਨਾ’ ਪੁਕਾਰਿਆ।

ਨਾਈ ਛੀਂਬਾ ਝਿਉਰ
ਫੇਰ ਜੋ ਵੀ ਸਾਹਵੇਂ ਆ ਗਿਆ।
ਖੱਤਰੀ ਜਾਂ ਜੱਟ
ਸੀਸ ਦੇ ਕੇ ਸਿੱਖੀ ਪਾ ਗਿਆ।

ਅੰਮ੍ਰਿਤ ਇਕ ਬਾਟੇ ਵਿਚੋਂ,
ਸਭ ਨੂੰ ਛਕਾਇਆ ਸੀ।
ਗੁਰੂ ਕੀਤਾ ਪੰਥ ਨੂੰ,
ਤੇ ਚੇਲਾ ਅਖਵਾਇਆ ਸੀ।

ਸੰਦੇਸ਼ ਓਸ ਪਿਤਾ ਦਾ,
ਤੂੰ ਭੁੱਲ ਗਿਐਂ ਖਾਲਸਾ।
ਗ਼ੈਰ ਪੈਰੀਂ, ਤਦੇ ਹੀ ਤਾਂ,
ਰੁਲ਼ ਰਿਹੈਂ ਖਾਲਸਾ।

ਕੌਮ ਨੂੰ ਹੈ ਲੱਗ ਗਈ,
ਚੌਧਰ ਸਿਉਂਕਿ ਉਏ।
ਸ਼ਾਨ ਰਹਿਜੇ ਪੰਥ ਦੀ,
ਕੋਈ ਸੋਚ ਲਾ ਵਿਉਂਤ ਉਏ।

ਭੁੱਲ ਪ੍ਰੇਮ ਦੀ ਨਾ ਤਾਨ,
ਨਾ ਓਏ ਛੱਡ ਕਿਰਪਾਨ।
ਖਰੇ ਜੁਦਾ ਜੁ ਨਾਸ,
ਮਜ਼ਲੂਮ ਵਾਲੀ ਰਾਖੀ ਐ।

ਆਹਾ ਸੀ ਸੁਨੇਹਾ ਦੇਣਾ
ਗੁੱਝਾ ਪ੍ਰਤੱਖ ਜਾਣ
ਰੰਗਲਾ ਤਿਉਹਾਰ ਕਿੰਨਾ
ਨੂਰੀ ਅਤੇ ਖ਼ਾਕੀ ਐ।

ਅੱਜ ਓਹ ਵਿਸਾਖੀ ਹੈ।
ਹਾਂ ਅੱਜ ਜੀ ਵਿਸਾਖੀ ਐ!!