ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ?

ਕਿਉਂ ਬੇਅਸਰ ਹਨ ਮੋਦੀ-ਵਿਰੋਧੀ ਦੁਹਾਈਆਂ?

ਅਜਿਹਾ ਵੀ ਨਹੀਂ ਹੈ ਕਿ ਮੋਦੀ ਨੇ ਕੋਈ ਗ਼ਲਤੀਆਂ ਕੀਤੀਆਂ ਹੀ ਨਹੀਂ। ਬਿਨਾਂ ਕਿਸੇ ਤਿਆਰੀ ਦੇ ਅਤੇ ਸ਼ੋਹਦੇ ਢੰਗ ਨਾਲ ਕੀਤੀ ਗਈ ਨੋਟਬੰਦੀ, ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਗ਼ਲਤੀ ਸੀ। ਇਸ ਨਾਲ ਬਹੁਤ ਵੱਡੀ ਗਿਣਤੀ ਵਿੱਚ ਆਮ ਲੋਕਾਂ ਉੱਤੇ ਬਹੁਤ ਮਾੜਾ ਅਸਰ ਪਿਆ ਹੈ ਤੇ ਉਨ੍ਹਾਂ ਨੂੰ ਕਦੇ ਵੀ ਪੂਰੇ ਨਾ ਜਾ ਸਕਣ ਵਾਲੇ ਘਾਟੇ ਪਏ ਹਨ। ਇੰਨੀ ਵੱਡੀ ਗ਼ਲਤੀ ਦੇ ਬਾਵਜੂਦ ਮੋਦੀ ਸਾਫ਼ ਬਚ ਨਿੱਕਲੇ ਹਨ। ਉਹ ਖ਼ੁਦ ਨੂੰ ‘ਗ਼ਰੀਬਾਂ ਦੇ ਦੋਸਤ’ ਦੱਸਦਿਆਂ ਇਸ ਤਬਾਹਕੁਨ ਗ਼ਲਤੀ ਨੂੰ ਆਪਣੀ ਸਾਖ਼ ਹੋਰ ਵਧਾਉਣ ਦੇ ਸਾਧਨ ਵਜੋਂ ਵਰਤ ਗਏ।

ਯੋਗੇਂਦਰ ਯਾਦਵ
ਉਦਾਰਵਾਦੀ ਭਾਰਤ ਨੂੰ ਅੱਜ-ਕੱਲ੍ਹ ਨਰਿੰਦਰ ਮੋਦੀ ਦਾ ਪਰਛਾਵਾਂ ਸਤਾ ਰਿਹਾ ਹੈ। ਪਿਛਲੇ ਤਿੰਨ ਵਰ੍ਹਿਆਂ ਦੌਰਾਨ ਮੋਦੀ ਨੇ ਆਪਣਾ ਇੱਕ ਕੱਦ-ਬੁੱਤ ਤਾਕਤ ਤੇ ਪਹੁੰਚ ਚੋਖੀ ਵਧਾ ਲਈ ਹੈ। ਉਨ੍ਹਾਂ ਦੇ ਵਿਰੋਧੀ ਭਾਵੇਂ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕਰ ਰਹੇ ਹਨ ਪਰ ਉਹ ਲੜਾਈਆਂ ਹਾਰਦੇ ਜਾ ਰਹੇ ਹਨ। ਉਹ ਉਨ੍ਹਾਂ ਨੂੰ ਹਰਾ ਜਾਂ ਪਛਾੜ ਨਹੀਂ ਸਕ ਰਹੇ, ਸਗੋਂ ਇਸ ਜੰਗ ਵਿੱਚ ਮੋਦੀ ਦਿਨ-ਬ-ਦਿਨ ਹੋਰ ਮਜ਼ਬੂਤ ਹੁੰਦੇ ਜਾ ਰਹੇ ਹਨ।
ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ੍ਰੀ ਮੋਦੀ ਦੇ ਨਿਰੰਤਰ ਚੜ੍ਹਤ ਤੇ ਆਕਰਸ਼ਣ ਦਾ ਪੱਕਾ ਸਬੂਤ ਹਨ। ਉਂਜ, ਇਨ੍ਹਾਂ ਚੋਣਾਂ ਤੋਂ ਪਹਿਲਾਂ ਕੁਝ ਸ਼ੱਕ ਵੀ ਪੈਦਾ ਹੋਏ ਸਨ; 2014 ਵਿਚ ਲੋਕ ਸਭਾ ਚੋਣਾਂ ਵਿਚ ਜਿੱਤਾਂ ਹਾਸਲ ਕਰਨ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਦਿੱਲੀ ਵਿੱਚ ਰੁਕਿਆ ਤੇ ਉਸ ਤੋਂ ਬਾਅਦ ਬਿਹਾਰ ਵਿੱਚ। ਉਨ੍ਹਾਂ ਝਟਕਿਆਂ ਤੋਂ ਬਾਅਦ ਕੁਝ ਅਜਿਹਾ ਭਰਮ ਉਸਰਨਾ ਸ਼ੁਰੂ ਹੋ ਗਿਆ ਕਿ ਮੋਦੀ ਦੀ ਚੜ੍ਹਤ, ਹਾਲਾਤ ਉੱਤੇ ਵੱਧ ਨਿਰਭਰ ਹੈ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਵਿਚ ਫੁਟ ਸਦਕਾ ਹੀ ਜਿੱਤਾਂ ਹਾਸਲ ਹੁੰਦੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਕੇਰਲਾ ਤੋਂ ਲੈ ਕੇ ਮਨੀਪੁਰ ਵਿੱਚ ਦਾਖ਼ਲ ਹੋ ਜਾਣ ਅਤੇ ਫਿਰ ਸਮਾਜਵਾਦੀ ਪਾਰਟੀ-ਕਾਂਗਰਸ ਗਠਜੋੜ ਦੇ ਹਾਰ ਜਾਣ ਨਾਲ ਹੁਣ ਇਹ ਭਰਮ ਦੂਰ ਹੋ ਗਿਆ ਹੈ। ਜਿਹੜੀ ਇੱਕ ਆਸ ਸੀ ਕਿ ਸ੍ਰੀ ਮੋਦੀ ਆਪਣੀ ਹਰਮਨਪਿਆਰਤਾ ਨੂੰ ਖ਼ੁਦ ਹੀ ਖੋਰਾ ਲੁਆ ਲੈਣਗੇ, ਉਹ ਵੀ ਹੁਣ ਖ਼ਤਮ ਹੋ ਗਈ ਹੈ।
ਇਸ ਵਰਤਾਰੇ ਦਾ ਸਾਹਮਣਾ ਕਰਦਿਆਂ ਵਿਰੋਧੀ ਧਿਰ ਕੇਵਲ ਹੁਣ ਮੋਦੀਵਾਦ-ਵਿਰੋਧੀ ਸਟੈਂਡ ਲੈ ਰਹੀ ਹੈ ਕਿਉਂਕਿ ਉਹ ਕੇਵਲ ਇਹੋ ਕੁਝ ਜਾਣਦੀ ਹੈ। ਮੋਦੀਵਾਦ ਦਾ ਵਿਰੋਧ ਕਈ ਰੂਪ ਲੈ ਲੈਂਦਾ ਹੈ। ਕੁਝ ਵਾਰ, ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਮੋਦੀ ਨਾਮ ਦਾ ਬੁਲਬੁਲਾ ਆਪੇ ਫਟ ਜਾਵੇਗਾ, ਜਦੋਂ ਵੀ ਉਹ ਗ਼ਲਤੀਆਂ ਕਰਨ ਲੱਗਣਗੇ ਤੇ ਉਨ੍ਹਾਂ ਦੀਆਂ ਗ਼ਲਤੀਆਂ ਦੇ ਜਦੋਂ ਨਤੀਜੇ ਮਿਲਣ ਲੱਗਣਗੇ; ਅਜਿਹਾ ਵਾਪਰ ਜਾਵੇਗਾ। ਵਿਰੋਧੀ ਧਿਰ ਦੇ ਆਗੂ ਮੋਦੀ ਨੂੰ ਨਿਜੀ ਤੌਰ ਉੱਤੇ ਵੀ ਇਸ ਆਸ ਨਾਲ ਨਿਸ਼ਾਨਾ ਬਣਾਉਂਦੇ ਹਨ ਕਿ ਉਨ੍ਹਾਂ ਦਾ ਨੈਤਿਕਤਾ ਦਾ ਮੁਲੰਮਾ ਲਹਿ ਜਾਵੇਗਾ ਅਤੇ ਜਾਂ ਫਿਰ ਉਹ ਮੋਦੀ-ਵਿਰੋਧੀ ਤਾਕਤਾਂ ਨੂੰ ਇਕੱਠਾ ਕਰਨ ਦਾ ਯਤਨ ਕਰਦੇ ਹਨ। ਇਨ੍ਹਾਂ ਵਿਚੋਂ ਕੋਈ ਦਾਅ-ਪੇਚ ਕੰਮ ਨਹੀਂ ਕਰ ਰਿਹਾ। ਆਮ ਜਨਤਾ ਦੀਆਂ ਨਜ਼ਰਾਂ ਵਿੱਚ ਮੋਦੀ-ਵਿਰੋਧੀ ਸਿਆਸਤ ਦਾ ਕੋਈ ਅਸਰ ਨਹੀਂ ਹੋ ਰਿਹਾ।
ਅਜਿਹਾ ਵੀ ਨਹੀਂ ਹੈ ਕਿ ਮੋਦੀ ਨੇ ਕੋਈ ਗ਼ਲਤੀਆਂ ਕੀਤੀਆਂ ਹੀ ਨਹੀਂ। ਬਿਨਾਂ ਕਿਸੇ ਤਿਆਰੀ ਦੇ ਅਤੇ ਸ਼ੋਹਦੇ ਢੰਗ ਨਾਲ ਕੀਤੀ ਗਈ ਨੋਟਬੰਦੀ, ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਗ਼ਲਤੀ ਸੀ। ਇਸ ਨਾਲ ਬਹੁਤ ਵੱਡੀ ਗਿਣਤੀ ਵਿੱਚ ਆਮ ਲੋਕਾਂ ਉੱਤੇ ਬਹੁਤ ਮਾੜਾ ਅਸਰ ਪਿਆ ਹੈ ਤੇ ਉਨ੍ਹਾਂ ਨੂੰ ਕਦੇ ਵੀ ਪੂਰੇ ਨਾ ਜਾ ਸਕਣ ਵਾਲੇ ਘਾਟੇ ਪਏ ਹਨ। ਇੰਨੀ ਵੱਡੀ ਗ਼ਲਤੀ ਦੇ ਬਾਵਜੂਦ ਮੋਦੀ ਸਾਫ਼ ਬਚ ਨਿੱਕਲੇ ਹਨ। ਉਹ ਖ਼ੁਦ ਨੂੰ ‘ਗ਼ਰੀਬਾਂ ਦੇ ਦੋਸਤ’ ਦੱਸਦਿਆਂ ਇਸ ਤਬਾਹਕੁਨ ਗ਼ਲਤੀ ਨੂੰ ਆਪਣੀ ਸਾਖ਼ ਹੋਰ ਵਧਾਉਣ ਦੇ ਸਾਧਨ ਵਜੋਂ ਵਰਤ ਗਏ। ਫਿਰ ਪਾਕਿਸਤਾਨ ਦੇ ਮਾਮਲੇ ਵਿੱਚ ਅਪਣਾਈ ‘ਮਰ ਜਾ ਚਿੜੀਏ, ਜਿਉਂ ਪੈ ਚਿੜੀਏ’ ਦੀ ਨੀਤੀ ਤੇ ਉਸ ਦੇ ਅਧਿਕਾਰ-ਖੇਤਰ ਵਿੱਚ ਜਾ ਕੇ ਕੀਤੀਆਂ ਕੁਝ ਘਟਨਾਵਾਂ ਨਾਲ ਸਾਡੀਆਂ ਸਰਹੱਦਾਂ ਹੋਰ ਵੀ ਜ਼ਿਆਦਾ ਖ਼ਤਰੇ ਵਿੱਚ ਪੈ ਗਈਆਂ ਹਨ ਤੇ ਨਾਲ ਹੀ ਦੇਸ਼ ਦੇ ਸੁਰੱਖਿਆ ਬਲਾਂ ਲਈ ਵੀ ਜੋਖਿਮ ਵਧ ਗਏ ਹਨ। ਪਰ ਇਸ ਦੇ ਬਾਵਜੂਦ ਆਮ ਜਨਤਾ ਸ੍ਰੀ ਮੋਦੀ ਨੂੰ ਲਗਾਤਾਰ ਰਾਸ਼ਟਰੀ ਸੁਰੱਖਿਆ ਦਾ ਰਾਖਾ ਸਮਝ ਰਹੀ ਹੈ। ਉਨ੍ਹਾਂ ਦੀ ਸਰਕਾਰ ਨੇ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੁਝ ਨਹੀਂ ਕੀਤਾ, ਸਗੋਂ ਲਗਾਤਾਰ ਪਏ ਸੋਕਿਆਂ ਕਾਰਨ ਦਿਹਾਤੀ ਲੋਕਾਂ ਦੀ ਹਾਲਤ ਬਦਤਰ ਹੋ ਗਈ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਮੋਦੀ ਦੀ ਸਰਕਾਰ ਤੋਂ ਜ਼ਿਆਦਾ ਕਿਸਾਨ-ਵਿਰੋਧੀ ਹੋਰ ਕੋਈ ਵੀ ਸਰਕਾਰ ਨਹੀਂ ਰਹੀ। ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦਿਹਾਤੀ ਖੇਤਰਾਂ ਵਿੱਚ ਵੀ ਇੱਕ ਤੋਂ ਬਾਅਦ ਦੂਜੀ ਸਫ਼ਲਤਾ ਹਾਸਲ ਕਰਦੀ ਜਾ ਰਹੀ ਹੈ। ਉਨ੍ਹਾਂ ਦੀ ਸਰਕਾਰ ਨੇ ਬਹੁਤ ਗੱਜ-ਵੱਜ ਕੇ ‘ਸਵੱਛ ਭਾਰਤ ਮਿਸ਼ਨ’ ਅਤੇ ‘ਮੇਕ ਇਨ ਇੰਡੀਆ’ ਜਿਹੀਆਂ ਪਹਿਲਕਦਮੀਆਂ ਦਾ ਪ੍ਰਚਾਰ ਕੀਤਾ ਸੀ, ਜਦ ਕਿ ਉਨ੍ਹਾਂ ਦਾ ਵੀ ਕੋਈ ਹਾਂ-ਪੱਖੀ ਨਤੀਜਾ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ। ਫਿਰ ਵੀ ਜਨਤਾ ਇਨ੍ਹਾਂ ਪਹਿਲਕਦਮੀਆਂ ਦਾ ਸਿਹਰਾ ਮੋਦੀ ਸਿਰ ਹੀ ਬੱਝ ਰਹੀ ਹੈ। ਉਨ੍ਹਾਂ ਦੀਆਂ ਗ਼ਲਤੀਆਂ ਉਨ੍ਹਾਂ ਦੀ ਸਿਆਸੀ ਦੇਣਦਾਰੀ ਨਹੀਂ ਬਣ ਰਹੀਆਂ।
ਮੋਦੀ ਨੂੰ ਨਿਜੀ ਤੌਰ ਉੱਤੇ ਨਿਸ਼ਾਨਾ ਬਣਾਉਣ ਦੇ ਯਤਨ ਹਾਲੇ ਆਮ ਜਨਤਾ ਦੇ ਪਿੜ-ਪੱਲੇ ਨਹੀਂ ਪਏ ਹਨ। ਅਜਿਹਾ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਬਿਰਲਾ-ਸਹਾਰਾ ਦਸਤਾਵੇਜ਼ ਕਿਸੇ ਪ੍ਰਧਾਨ ਮੰਤਰੀ ਵਿਰੁੱਧ ਸਾਹਮਣੇ ਆਏ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਸਬੂਤ ਹਨ। ਇੰਦਰਾ ਗਾਂਧੀ ਵਿਰੁੱਧ ਪ੍ਰਸਿੱਧ ਹੋਇਆ ਨਾਗਰਵਾਲਾ ਮਾਮਲਾ ਭੇਤ ਹੀ ਬਣ ਕੇ ਰਹਿ ਗਿਆ ਸੀ ਤੇ ਨਾਗਰਵਾਲਾ ਦੇ ਇੰਦਰਾ ਗਾਂਧੀ ਨਾਲ ਸੰਪਰਕਾਂ ਦੇ ਜਨਤਕ ਦਸਤਾਵੇਜ਼ ਸਾਹਮਣੇ ਆਉਣ ਦਾ ਵੀ ਕੋਈ ਫ਼ਾਇਦਾ ਨਹੀਂ ਹੋ ਸਕਿਆ ਸੀ। ਇੰਜ ਹੀ ਬੋਫ਼ੋਰਜ਼ ਮਾਮਲੇ ਵਿੱਚ ਵੀ ਵਿਚੋਲਿਆਂ ਨੂੰ ਦਲਾਲ ਦਿੱਤੇ ਜਾਣ ਦੇ ਦਸਤਾਵੇਜ਼ੀ ਸਬੂਤ ਸਾਹਮਣੇ ਆਏ ਸਨ ਪਰ ਇਹ ਮਾਮਲਾ ਵੀ ਰਾਜੀਵ ਗਾਂਧੀ ਤੱਕ ਅੱਪੜਦਾ-ਅੱਪੜਦਾ ਰਹਿ ਗਿਆ ਸੀ। ਬਿਰਲਾ-ਸਹਾਰਾ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਤੋਂ ਪਹਿਲੀ ਵਾਰ ਇਹ ਪਤਾ ਲੱਗਾ ਸੀ ਕਿ ਪ੍ਰਧਾਨ ਮੰਤਰੀ ਨੂੰ ਸਿਆਸੀ ਭੁਗਤਾਨ ਕੀਤੇ ਗਏ ਸਨ ਕਿਉਂਕਿ ਉਹ ਇਸ ਗੱਲ ਦਾ ਸਿੱਧਾ ਦਸਤਾਵੇਜ਼ੀ ਸਬੂਤ ਸਨ। ਉਨ੍ਹਾਂ ਦਸਤਾਵੇਜ਼ਾਂ ਦਾ ਨਾ ਤਾਂ ਅਦਾਲਤ ਉੱਤੇ ਕੋਈ ਅਸਰ ਪਿਆ ਤੇ ਨਾ ਹੀ ਮੀਡੀਆ ਨੇ ਹੀ ਇਹ ਮੁੱਦਾ ਚੁੱਕਣਾ ਚਾਹਿਆ; ਜਿਸ ਕਰ ਕੇ ਦੇਸ਼ ਦੇ ਆਮ ਲੋਕਾਂ ਨੂੰ ਕੋਈ ਵੀ ਇਹ ਗੱਲ ਜਚਾ ਨਾ ਸਕਿਆ। ਇਹ ਗੱਲ ਰਾਫ਼ੇਲ ਸੌਦੇ ਵਿੱਚ ਤੇ ਅੰਬਾਨੀ ਭਰਾਵਾਂ ਨੂੰ ਲਾਭ ਪਹੁੰਚਾਉਣ ਦੇ ਦੋਸ਼ਾਂ ਦੇ ਮਾਮਲਿਆਂ ਵਿੱਚ ਵੀ ਸਹੀ ਹੈ। ਜਿਸ ਤਰੀਕੇ ਨਾਲ ਸ੍ਰੀ ਮੋਦੀ ਦੀਆਂ ਵਿਦਿਅਕ ਯੋਗਤਾਵਾਂ ਬਾਰੇ ਉੱਠੇ ਸੁਆਲਾਂ ਨੂੰ ਦਬਾ ਦਿੱਤਾ ਗਿਆ ਹੈ; ਇਸ ਤੋਂ ਸਗੋਂ ਹੋਰ ਵੀ ਕਈ ਅਸੁਵਿਧਾਜਨਕ ਸੁਆਲ ਉੱਠ ਖੜ੍ਹੇ ਹੋਏ ਹਨ। ਪਰ ਆਮ ਜਨਤਾ ਵਿੱਚ ਅਜਿਹੇ ਸੁਆਲ ਪੁੱਛਣ ਲਈ ਕੋਈ ਵੀ ਤਿਆਰ ਨਹੀਂ ਹੈ। ਸ੍ਰੀ ਮੋਦੀ ਨੂੰ ਜਦੋਂ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਵਿਰੋਧੀ ਧਿਰ ਉੱਤੇ ਪੁੱਠੀ ਪਈ ਹੈ।
ਜਾਤ-ਪਾਤ ਦੇ ਆਧਾਰ ‘ਤੇ ਗਠਜੋੜ ਬਣਾਉਣ ਦੇ ਪੁਰਾਣੇ ਦਾਅ-ਪੇਚ ਵੀ ਮੋਦੀ ਦੇ ਵਿਰੁੱਧ ਨਹੀਂ ਜਾ ਸਕੇ। ਅਮਿਤ ਸ਼ਾਹ ਨੂੰ ਹੁਣ ਸਮਾਜਵਾਦੀ ਪਾਰਟੀ ਦੇ ਯਾਦਵ-ਮੁਸਲਿਮ ਗਠਜੋੜ ਅਤੇ ਬਸਪਾ ਦੀ ਦਲਿਤ ਲਾਮਬੰਦੀ ਨੂੰ ਪਛਾੜਨ ਲਈ ਵਿਰੋਧੀ-ਗਠਜੋੜ ਕਾਇਮ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਸਾਲ 2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਉੱਚ-ਜਾਤੀਆਂ ਦੇ ਆਪਣੇ ਰਵਾਇਤੀ ਆਧਾਰ ਨੂੰ ਵਰਤਿਆ ਸੀ, ਉੱਥੇ ਉਸ ਨੇ ਹੇਠਲੀਆਂ ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਮਹਾਂ-ਦਲਿਤਾਂ ਨੂੰ ਵੀ ਲਾਮਬੰਦ ਕਰ ਲਿਆ ਸੀ। ਸ੍ਰੀ ਮੋਦੀ ਨੇ ਜਾਤ-ਆਧਾਰਤ ਇਸ ਗਠਜੋੜ ਨੂੰ ਸਗੋਂ ਹੋਰ ਵੀ ਹੁਲਾਰਾ ਦਿੱਤਾ ਹੈ। ਜੇ ਉੱਤਰ ਪ੍ਰਦੇਸ਼ ਵਿੱਚ ਮੋਦੀ ਵਿਰੁੱਧ ਜਾਤ-ਆਧਾਰਤ ਗਠਜੋੜ ਦੀ ਨੀਤੀ ਨੇ ਕੰਮ ਨਹੀਂ ਕੀਤਾ, ਤਾਂ ਇਹ ਨੀਤੀ ਸ਼ਾਇਦ ਹੋਰ ਵੀ ਕਿਤੇ ਕੰਮ ਨਾ ਕਰੇ।
ਇਸੇ ਲਈ ਨਿਰਾਸ਼ ਹੋ ਕੇ ਹੁਣ ਵਿਰੋਧੀ ਧਿਰ ਨੇ ਮਹਾਂਗਠਜੋੜ ਕਾਇਮ ਕਰਨ ਦੀ ਨੀਤੀ ਅਪਨਾਉਣ ਦਾ ਫ਼ੈਸਲਾ ਕਰ ਲਿਆ ਹੈ। ਸਾਲ 2019 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਸ਼ਾਇਦ ਇਹੋ ਪੈਂਤੜਾ ਅਖ਼ਤਿਆਰ ਕਰੇ। ਕੁਝ ਕਾਂਗਰਸੀ ਆਗੂਆਂ ਨੇ ਪਹਿਲਾਂ ਹੀ ਸਾਰੀਆਂ ਗ਼ੈਰ-ਭਾਜਪਾ ਪਾਰਟੀਆਂ ਨੂੰ ਇੱਕ ਰਾਸ਼ਟਰੀ ‘ਮਹਾਂਗਠਬੰਧਨ’ ਕਾਇਮ ਕਰਨ ਦਾ ਸੱਦਾ ਦੇਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੌਰਾਨ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਗਠਜੋੜ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੜੀਸਾ ਵਿੱਚ ਭਾਜਪਾ ਦੇ ਵਧਦੇ ਜਾ ਰਹੇ ਪ੍ਰਭਾਵ ਕਾਰਨ ਨਵੀਨ ਪਟਨਾਇਕ ਵੀ ਕਾਂਗਰਸ ਨਾਲ ਗਠਜੋੜ ਕਰਨ ਦੀ ਇੱਛਾ ਰੱਖ ਸਕਦੇ ਹਨ। ਮਮਤਾ ਬੈਨਰਜੀ ਵੀ ਖੱਬੀਆਂ ਪਾਰਟੀਆਂ ਨੂੰ ਛੱਡ ਕੇ ਬਾਕੀਆਂ ਲਾਲ ਗਠਜੋੜ ਕਾਇਮ ਕਰਨ ਦੇ ਯਤਨ ਕਰ ਰਹੀ ਹੈ। ਕੋਈ ਚੋਣ ਗਠਜੋੜ ਨਾ ਹੋਣ ਕਰ ਕੇ ਖੱਬੀਆਂ ਪਾਰਟੀਆਂ ਅਜਿਹਾ ਗਠਜੋੜ ਕਾਇਮ ਕਰਨ ਦੀ ਇੱਛਾ ਰੱਖ ਸਕਦੀਆਂ ਹਨ। ਰਾਸ਼ਟਰੀ ਜਨਤਾ ਦਲ-ਜਨਤਾ ਦਲ (ਯੂਨਾਈਟਿਡ) ਗਠਜੋੜ ਹਾਲੇ ਬਚਿਆ ਹੋਇਆ ਹੈ। ਭਾਜਪਾ ਵਿਰੋਧੀ ਰਾਸ਼ਟਰੀ ਮਹਾਂ-ਗਠਜੋੜ ਦਾ ਚਿਹਰਾ ਆਮ ਸਹਿਮਤੀ ਨਾਲ ਸ੍ਰੀ ਨਿਤੀਸ਼ ਕੁਮਾਰ ਹੋ ਸਕਦੇ ਹਨ।
ਹਾਲੇ ਇਸ ਵੇਲੇ ਇੰਨੀ ਛੇਤੀ ਅਜਿਹੇ ਕਿਸੇ ਚੋਣ-ਗਠਜੋੜ ਬਾਰੇ ਸਹੀ ਕਿਆਸਅਰਾਈਆਂ ਲੱਗ ਵੀ ਨਹੀਂ ਸਕਦੀਆਂ। ਇੱਥੇ 1971 ਦੇ ਮਾਮਲੇ ਨੂੰ ਚੇਤੇ ਕਰਨਾ ਵਾਜਬ ਹੋ ਸਕਦਾ ਹੈ। ਇੰਦਰਾ ਗਾਂਧੀ ਦੀ ਨਿੱਤ ਵਧਦੀ ਜਾ ਰਹੀ ਹਰਮਨਪਿਆਰਤਾ ਕਾਰਨ ਸਮੁੱਚੀ ਵਿਰੋਧੀ ਧਿਰ-ਭਾਰਤੀ ਜਨਸੰਘ, ਸਮਾਜਵਾਦੀ ਪਾਰਟੀਆਂ, ਕਾਂਗਰਸ-(ਓ) ਅਤੇ ਭਾਰਤੀ ਕਰਾਂਤੀ ਦਲ, ਸਭ ਨੇ ਮਿਲ ਕੇ ਇੱਕ ਮਹਾਂ-ਗਠਜੋੜ ਕਾਇਮ ਕੀਤਾ ਸੀ। ਤਦ ਹੋਈਆਂ ਚੋਣਾਂ ਵਿੱਚ ਇਸ ਗਠਜੋੜ ਨੂੰ ਨਹੀਂ, ਸਗੋਂ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਨੂੰ ਜਿੱਤ ਹਾਸਲ ਹੋਈ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਵਿਰੋਧੀਆਂ ਨੂੰ ਪਛਾੜਨ ਲਈ ਕੇਵਲ ਇਸ ਇੱਕੋ ਸਤਰ ਦੀ ਵਰਤੋਂ ਕੀਤੀ ਸੀ – ‘ਯੇ ਕਹਿਤੇ ਹੈਂ ਇੰਦਰਾ ਹਟਾਓ, ਮੈਂ ਕਹਿਤੀ ਹੂੰ ਗ਼ਰੀਬੀ ਹਟਾਓ’ (ਇਹ ਆਖਦੇ ਹਨ ਇੰਦਰਾ ਹਟਾਓ, ਮੈਂ ਆਖਦੀ ਹਾਂ ਗ਼ਰੀਬੀ ਹਟਾਓ)। ਸ੍ਰੀ ਮੋਦੀ ਨੇ ਵੀ ਕੁਝ ਅਜਿਹੇ ਹੀ ਸੰਕੇਤ ਦਿੱਤੇ ਹਨ। ਅਜਿਹੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿ ਜੇ ਕੋਈ ਮਹਾਂਗਠਜੋੜ ਕਾਇਮ ਹੁੰਦਾ ਹੈ, ਤਾਂ ਸਗੋਂ ਉਲਟੇ ਸ੍ਰੀ ਮੋਦੀ ਦੇ ਹੱਕ ਵਿੱਚ ਹਮਦਰਦੀ ਦੀ ਲਹਿਰ ਨਾ ਪੈਦਾ ਹੋ ਜਾਵੇ। ਖ਼ੁਦ ਨੂੰ ਪੀੜਤ ਵਜੋਂ ਦਰਸਾਉਣ ਵਿੱਚ ਸਿਆਸਤ ਖੇਡਣ ਵਿੱਚ ਮਾਹਰ ਸ੍ਰੀ ਮੋਦੀ ਵੀ ਕੇਵਲ ਅਜਿਹੀ ਕਿਸੇ ਇੱਕ ਸਤਰ ਦੀ ਵਰਤੋਂ ਕਰ ਸਕਦੇ ਹਨ ਅਤੇ ਉਸ ਦੇ ਨਤੀਜੇ ਵੀ ਕੋਈ ਬਹੁਤੇ ਵੱਖਰੇ ਨਹੀਂ ਹੋਣਗੇ।
ਇਸ ਸੰਦਰਭ ਵਿੱਚ, ਇਹ ਸਪਸ਼ਟ ਹੈ ਕਿ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ-ਜੇ.ਡੀ.ਯੂ. ਮਹਾਂ-ਗਠਜੋੜ ਤੋਂ ਇੱਕ ਝੂਠਾ ਸੰਕੇਤ ਮਿਲਿਆ ਹੈ। ਅਸੀਂ ਇਹ ਭੁਲਾ ਬੈਠੇ ਹਾਂ ਕਿ ਬਿਹਾਰ ਵਿੱਚ ਪਹਿਲੇ ਤੇ ਦੂਜੇ ਨੰਬਰ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਨੇ ਮਿਲ ਕੇ ਤੀਜੇ ਨੰਬਰ ਦੀ ਪਾਰਟੀ ਨੂੰ ਹਰਾਇਆ ਸੀ। ਅਜਿਹਾ ਦ੍ਰਿਸ਼ ਹੋਰ ਵੀ ਕਿਸੇ ਥਾਂ ਉੱਤੇ ਦੁਹਰਾਇਆ ਜਾਵੇਗਾ, ਇਸ ਦੀ ਕੋਈ ਸੰਭਾਵਨਾ ਨਹੀਂ ਹੈ। ਸ੍ਰੀ ਮੋਦੀ ਨੂੰ ਹਰਾਉਣ ਦੇ ਮੰਤਵ ਨਾਲ ਇਕੱਠੀਆਂ ਹੋਣ ਵਾਲੀਆਂ ਗ਼ੈਰ-ਭਾਜਪਾ ਪਾਰਟੀਆਂ ਦੇ ਅਸੰਗਠਤ ਗਠਜੋੜ ਦਾ ਵੀ ਭਾਰਤ ਦੇ ਵੋਟਰਾਂ ਤੋਂ ਕੋਈ ਉਤਸ਼ਾਹ ਭਰਿਆ ਹੁੰਗਾਰਾ ਮਿਲਣ ਦੀ ਬਹੁਤੀ ਸੰਭਾਵਨਾ ਨਹੀਂ ਹੈ।
ਵਿਰੋਧੀ ਧਿਰ ਦੀ ਸਿਆਸਤ ਲਈ ਇਹ ਵੇਲਾ ‘ਇਨਕਾਰ’ ਦੇ ਰੌਂਅ ਵਿੱਚ ਵਿਚਰਨ ਦਾ ਨਹੀਂ ਹੈ। ਸ੍ਰੀ ਮੋਦੀ ਦੇ ਉਭਾਰ ਨੂੰ ਕੇਵਲ ਮੋਦੀਵਾਦ ਦੇ ਵਿਰੋਧ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਨਰਿੰਦਰ ਮੋਦੀ ਕੇਵਲ ਇੱਕ ਵਿਅਕਤੀ ਹੀ ਨਹੀਂ ਹਨ, ਉਹ ਅਜਿਹੇ ਆਮ ਸਾਧਾਰਨ ਵੋਟਰ ਅੰਦਰਲੀ ਜਿਹੜਾ ਦੇਸ਼ ਵਿੱਚ ਇੱਕ ਮਜ਼ਬੂਤ ਤੇ ਫ਼ੈਸਲਾਕੁਨ ਆਗੂ ਦੀ ਚੌਧਰ ਵਾਲੀ ਇੱਛਾ ਦੀ ਨੁਮਾਇੰਦਗੀ ਕਰਦਾ ਹੈ। ਇਕ ਅਜਿਹਾ ਆਗੂ ਜਿਸ ਨੂੰ ਆਪਣੇ ਦੇਸ਼ ਦੇ ਸਭਿਆਚਾਰ ਉੱਤੇ ਮਾਣ ਹੋਵੇ ਤੇ ਆਰਥਿਕ ਪ੍ਰਗਤੀ ਦੀਆਂ ਆਮ ਲੋਕਾਂ ਦੀਆਂ ਇੱਛਾਵਾਂ ਉੱਤੇ ਪੂਰਾ ਉੱਤਰ ਸਕੇ। ਸ੍ਰੀ ਮੋਦੀ, ਦਰਅਸਲ, ਉਸ ਖ਼ਲਾਅ ਵਿੱਚ ਦਾਖ਼ਲ ਹੋ ਚੁੱਕੇ ਹਨ; ਜਿਹੜਾ ਕਾਂਗਰਸ ਤੇ ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਨੇ ਸਿਰਜਿਆ ਸੀ। ਜੇ ਸ੍ਰੀ ਮੋਦੀ ਦਾ ਮੁਕਾਬਲਾ ਕਰਨਾ ਹੈ, ਤਾਂ ਇਸ ਖ਼ਲਾਅ ਨੂੰ ਨਵੇਂ ਸੰਕਲਪ ਅਤੇ ਤਾਜ਼ਾ ਊਰਜਾ ਨਾਲ ਜ਼ਰੂਰ ਭਰਨਾ ਹੋਵੇਗਾ। ਸਥਾਪਤ ਵਿਰੋਧੀ ਪਾਰਟੀਆਂ ਸਾਹਮਣੇ ਇਸ ਵੇਲੇ ਇਹੋ ਵੱਡਾ ਕੰਮ ਕਰਨ ਵਾਲਾ ਪਿਆ ਹੈ।