ਕੀ ਭਾਜਪਾ ਦਾ ‘ਕਾਂਗਰਸੀਕਰਨ’ ਹੋ ਰਿਹਾ ਹੈ?

ਕੀ ਭਾਜਪਾ ਦਾ ‘ਕਾਂਗਰਸੀਕਰਨ’ ਹੋ ਰਿਹਾ ਹੈ?

Home  ਮੁੱਖ ਲੇਖ  ਕੀ ਭਾਜਪਾ ਦਾ ‘ਕਾਂਗਰਸੀਕਰਨ’ ਹੋ ਰਿਹਾ ਹੈ?

ਕੀ ਭਾਜਪਾ ਦਾ ‘ਕਾਂਗਰਸੀਕਰਨ’ ਹੋ ਰਿਹਾ ਹੈ?

By

 admin

0

560

Share on Facebook

 

Tweet on Twitter

  

article-madhusudan-anand
ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦਾ ਇਕ ਹੀ ਮੰਤਰ ਹੈ ਤੇ ਉਹ ਇਹ ਕਿ ਭਾਵੇਂ ਜਿਵੇਂ ਮਰਜ਼ੀ ਕਰੋ, ਭਾਜਪਾ ਨੂੰ ਅਜਿਹੀ ਮਸ਼ੀਨ ਵਿਚ ਤਬਦੀਲ ਕਰ ਦਿਓ ਕਿ ਦੇਸ਼ ਵਿਚ ਅਤੇ ਹਰ ਸੂਬੇ ਵਿਚ ਉਸ ਦੀ ਸਰਕਾਰ ਬਣੇ। ਕਿਸੇ ਵੀ ਪਾਰਟੀ ਦਾ ਕੋਈ ਵੀ ਅਸੰਤੁਸ਼ਟ ਹੋਵੇ, ਭ੍ਰਿਸ਼ਟ ਹੋਵੇ, ਅਪਰਾਧੀ ਹੋਵੇ, ਜੇਕਰ ਚੋਣ ਜਿੱਤ ਸਕਦਾ ਹੈ ਤਾਂ ਉਸ ਨੂੰ ਤੁਰੰਤ ਪਾਰਟੀ ਵਿਚ ਸ਼ਾਮਲ ਕਰ ਲਓ। ਪਾਰਟੀ ਅੰਦਰ ਵੀ ਕਿਸੇ ਨੂੰ ਅਸਹਿਮਤੀ ਦਾ ਅਧਿਕਾਰ ਨਾ ਹੋਵੇ ਤੇ ਕਿਸੇ ਵੀ ਨੇਤਾ ਦਾ ਕਦ ਜਾਂ ਪ੍ਰਭਾਵ ਅਜਿਹਾ ਨਾ ਹੋਵੇ ਜੋ ਅੱਗੇ ਚੱਲ ਕੇ ਚੁਣੌਤੀ ਬਣ ਜਾਵੇ।
ਮਧੁਸੂਦਨ ਆਨੰਦ
ਅਜੀਬ ਅੰਤਰਵਿਰੋਧ ਹੈ। ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਯਸ਼ਵੰਤ ਸਿਨਹਾ ਵਰਗੇ ਆਪਣੇ ਬੁਜ਼ਰਗ ਆਗੂਆਂ ਨੂੰ ਮਾਰਗ ਦਰਸ਼ਕ ਮੰਡਲ ਵਿਚ ਭੇਜ ਕੇ ਗੈਰ ਸਰਗਰਮ ਜਾਂ ਸ਼ੋਭਾ ਦੀ ਵਸਤੂ ਵਾਂਗ ਬਣਾਇਆ ਹੋਇਆ ਹੈ। ਦੂਜੇ ਪਾਸੇ ਐਸ.ਐਮ. ਕ੍ਰਿਸ਼ਨਾ ਵਰਗੇ ਬਜ਼ੁਰਗ ਕਾਂਗਰਸੀ ਆਗੂਆਂ ਨੂੰ ਉਨ੍ਹਾਂ ਦੇ ਸਿਆਸੀ ਤਜਰਬੇ ਅਤੇ ਸੀਨੀਆਰਤਾ ਦਾ ਆਦਰ ਕਰਨ ਦੇ ਭਰੋਸੇ ਨਾਲ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।
ਜੇਕਰ ਨਾਰਾਇਣ ਦੱਤ ਤਿਵਾੜੀ ਵਰਗੇ ਸੀਨੀਅਰ ਕਾਂਗਰਸੀ ਨੇਤਾ ਬੁਢਾਪੇ ਵਿਚ ਆਂਧਰਾ ਪ੍ਰਦੇਸ਼ ਦੇ ਰਾਜ ਭਵਨ ਨਾਲ ਜੁੜੇ ਵਿਵਾਦਾਂ ਕਾਰਨ ਬੇਦਖ਼ਲ ਹੋ ਕੇ ਜਨਤਕ ‘ਥੂ ਥੂ’ ਦੇ ਸ਼ਿਕਾਰ ਨਾ ਹੋਏ ਹੁੰਦੇ ਤਾਂ ਭਾਰਤੀ ਜਨਤਾ ਪਾਰਟੀ ਹਾਲ ਹੀ ਦੀਆਂ ਉਤਰਾਖੰਡ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਪਾਰਟੀ ਵਿਚ ਸ਼ਾਮਲ ਕਰ ਲੈਂਦੀ। ਪਰ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਰੋਹਿਤ ਸ਼ੇਖ਼ਰ ਨੂੰ ਹੀ ਪਾਰਟੀ ਵਿਚ ਸ਼ਾਮਲ ਕੀਤਾ ਜੋ ਵਿਧਾਨ ਸਭਾ ਦੀ ਸੀਟ ਲਈ ਟਿਕਟ ਚਾਹੁੰਦੇ ਸਨ ਤੇ ਨਾਰਾਇਣ ਦੱਤ ਤਿਵਾੜੀ ਤੋਂ ਚੋਣਾਂ ਵਿਚ ਸਹਿਯੋਗ ਦਾ ਭਰੋਸਾ ਲੈ ਕੇ ਉਨ੍ਹਾਂ ਨੂੰ ਬੇਰੰਗ ਹੀ ਵਿਦਾ ਕਰ ਦਿੱਤਾ। ਹੁਣ ਕਰੀਬ 91 ਸਾਲ ਦਾ ਆਦਮੀ, ਜੋ ਉਂਜ ਵੀ ਪਿਛਲੇ ਦਿਨੀਂ ਹਸਪਤਾਲ ਰਹਿ ਕੇ ਪਰਤਿਆ ਸੀ, ਚੋਣਾਂ ਵਿਚ ਕਿਸ ਕੰਮ ਦਾ ਸੀ। ਹਰੀਸ਼ ਰਾਵਤ ਸਰਕਾਰ ਦੇ ਕਈ ਸੀਨੀਅਰ ਮੰਤਰੀ ਉਂਜ ਵੀ ਥੋਕ ਦੇ ਭਾਅ ਨਾਲ ਪਾਲਾ ਬਦਲ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਤਿਵਾੜੀ ਦੀ ਪ੍ਰਸੰਗਿਕਤਾ ਕਿਸੇ ਕੰਮ ਦੀ ਨਹੀਂ ਰਹੀ ਪਰ ਐਸ.ਐਮ. ਕ੍ਰਿਸ਼ਨਾ ਦੀ ਪ੍ਰਸੰਗਿਕਤਾ ਹੈ।
ਉਨ੍ਹਾਂ ਦੀ ਸਿਆਸੀ ਦਿਖ ਕਾਫ਼ੀ ਹੱਦ ਤਕ ਸਾਫ਼-ਸੁਥਰੀ ਹੈ। ਉਹ ਵੋਕਕਾਲਿਗਾ ਭਾਈਚਾਰੇ ਤੋਂ ਆਉਂਦੇ ਹਨ, ਜਿਸ ਦੀ ਕਰਨਾਟਕ ਵਿਚ ਆਬਾਦੀ ਕਰੀਬ 13 ਫ਼ੀਸਦੀ ਹੈ। ਅਗਲੇ ਸਾਲ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਤੇ 2013 ਵਿਚ ਕਰਨਾਟਕ ਦੀ ਸੱਤਾ ਗਵਾਉਣ ਵਾਲੀ ਭਾਜਪਾ 2018 ਵਿਚ ਉਸ ਨੂੰ ਵਾਪਸ ਹਥਿਆਉਣਾ ਚਾਹੁੰਦੀ ਹੈ। ਮੁਸ਼ਕਲ ਇਹ ਹੈ ਕਿ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੁਰੱਪਾ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਰੀ ਹੋਣ ਮਗਰੋਂ ਪਾਰਟੀ ਵਿਚ ਮੁੜ ਧਾਕ ਪੈ ਗਈ ਹੈ ਪਰ ਲਿੰਗਾਇਤ ਭਾਈਚਾਰੇ ਦੇ ਭਾਰੀ ਸਮਰਥਨ ਦੇ ਬਾਵਜੂਦ ਚੋਣ ਜਿੱਤਾਂ ਲਈ ਉਸ ਨੂੰ ਦੂਸਰੇ ਪ੍ਰਭਾਵਸ਼ਾਲੀ ਭਾਈਚਾਰੇ ਵੋਕਾਕਲਿਗਾ ਦੇ ਸਮਰਥਨ ਦੀ ਵੀ ਸਖ਼ਤ ਜ਼ਰੂਰਤ ਹੈ।
ਇਸ ਸਮਰਥਨ ਨੂੰ ਦਿਵਾਉਣ ਦੀ ਕੋਸ਼ਿਸ਼ ਬਦਲੇ ਐਸ.ਐਮ. ਕ੍ਰਿਸ਼ਨਾ ਨੂੰ ਕੀ ਹਾਸਲ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਏਨਾ ਤਾਂ ਸਾਫ਼ ਹੈ ਕਿ ਜਿਸ ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ, ਰਾਜਪਾਲ ਤੇ ਵਿਦੇਸ਼ ਮੰਤਰੀ  ਵਰਗੇ ਅਹੁਦੇ ਦਿੱਤੇ, ਉਸ ਵਿਚ ਉਨ੍ਹਾਂ ਦੀ ਕੋਈ ਪੁਛ ਨਹੀਂ ਰਹਿ ਗਈ ਸੀ। ਸਰਗਰਮ ਸਿਆਸਤ ਅਜਿਹੀ ਚੀਜ਼ ਹੈ, ਜੋ ਮੁਰਦਾ ਸਰੀਰ ਵਿਚ ਵੀ ਜਾਨ ਪਾ ਦਿੰਦੀ ਹੈ। ਇਹੀ ਕਾਰਨ ਹੈ ਕਿ ਜਿੱਥੇ ਕਰੀਬ 84 ਸਾਲਾ ਐਸ.ਐਮ. ਕ੍ਰਿਸ਼ਨਾ ਦੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਭਾਜਪਾ ਆਪਣਾ ਹੌਸਲਾ ਵਧਾਉਣ ਦਾ ਦਾਅਵਾ ਕਰ ਰਹੀ ਹੈ, ਉਥੇ ਐਸ.ਐਮ.ਕ੍ਰਿਸ਼ਨਾ ਨੂੰ ਲੱਗ ਰਿਹਾ ਹੋਵੇਗਾ ਕਿ ਹਾਲੇ ਮੈਂ ਨਿਸ਼ਾਨੇ ਤੋਂ ਖੁੰਝਿਆ ਨਹੀਂ ਤੇ ਹੋ ਸਕਦਾ ਹੈ ਕਿ ਕੋਈ ਸਿਮ-ਸਿਮ ਦਰਵਾਜ਼ਾ ਖੁੱਲ੍ਹ ਜਾਵੇ।
ਉਧਰ ਕਾਂਗਰਸ ਏਨੀ ਵਾਰ ਬਿਖਰੀ ਤੇ ਟੁੱਟੀ ਹੈ ਕਿ ਉਸ ਦਾ ਹੋਣਾ ਹੀ ਆਪਣੇ ਆਪ ਵਿਚ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। 1967 ਵਿਚ ਰਾਮ ਮਨੋਹਰ ਲੋਹੀਆ ਦੇ ਗੈਰ ਕਾਂਗਰਸਵਾਦ ਦੇ ਨਾਅਰੇ ਦੇ ਸਿੱਟੇ ਵਜੋਂ ਕਈ ਸੂਬਿਆਂ ਵਿਚ ਸਾਂਝੀਆਂ ਸਰਕਾਰਾਂ ਬਣੀਆਂ। ਬਾਅਦ ਵਿਚ ਕਾਂਗਰਸ ਦੇ ਵੀ ਇੰਡੀਕੇਟ-ਸਿੰਡੀਕੇਟ ਵਿਚ ਟੁਕੜੇ ਹੋ ਗਏ। ਪਰ ਆਪਣੇ ਸਾਹਸ, ਕਲਪਨਾਸ਼ੀਲਤਾ ਤੇ ਸਮਾਜਵਾਦੀ ਨਾਅਰਿਆਂ ਨਾਲ ਇੰਦਰਾ ਗਾਂਧੀ ਨੇ ਕਾਂਗਰਸ ਨੂੰ ਫੇਰ ਤੋਂ ਨਵਾਂ ਕਰਨਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ ਨੇ ਮਜ਼ਬੂਤ ਸੂਬਾਈ ਆਗੂਆਂ ਨੂੰ ਉਭਰਨ ਨਹੀਂ ਦਿੱਤਾ ਅਤੇ ਸੱਤਾ ਨੂੰ ਕਾਫ਼ੀ ਹੱਦ ਤਕ ਕੇਂਦਰ ਵਿਚ ਰੱਖਿਆ। ਹੌਲੀ ਹੌਲੀ ਕਾਂਗਰਸ ਨਹਿਰੂ-ਗਾਂਧੀ ਪਰਿਵਾਰ ਦੀ ਬਣ ਗਈ। ਨਹਿਰੂ-ਗਾਂਧੀ ਪਰਿਵਾਰ ਦੀ ਅਗਵਾਈ ਹੀ ਉਹ ਗੰਢ ਸਿੱਧ ਹੋਈ ਜੋ ਕਾਂਗਰਸੀਆਂ ਨੂੰ ਆਪਸ ਵਿਚ ਜੋੜ ਕੇ ਰੱਖਦੀ ਹੈ। ਰਾਜੀਵ ਗਾਂਧੀ ਦੇ ਜ਼ਮਾਨੇ ਤਕ ਇਹ ਪੈਟਰਨ ਕਰੀਬ ਕਰੀਬ ਸੁਰੱਖਿਅਤ ਢੰਗ ਨਾਲ ਚਲਦਾ ਰਿਹਾ। ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੋਂ ਕੋਈ ਖ਼ਤਰਾ ਨਾ ਮੰਨ ਕੇ 10 ਜਨਪਥ ਨੇ ਉਨ੍ਹਾਂ ਨੂੰ ਸੱਤਾ ਸੌਂਪੀ ਸੀ ਪਰ ਉਹ ਉਸਤਾਦਾਂ ਦੇ ਵੀ ਉਸਤਾਦ ਸਿੱਧ ਹੋਏ ਤੇ ਅਰਜੁਨ ਸਿੰਘ ਤੇ ਨਾਰਾਇਣ ਦੱਤ ਤਿਵਾੜੀ ਦੀ ਸਾਂਝੀ ਅਗਵਾਈ ਵਿਚ ਕਾਂਗਰਸ ਫੇਰ ਤੋਂ ਟੁੱਟ ਗਈ। ਪਰ ਅੱਗੇ ਚੱਲ ਕੇ ਨਹਿਰੂ-ਗਾਂਧੀ ਪਰਿਵਾਰ ਦੀ ਅਗਵਾਈ ਹੇਠ ਉਹ ਫਿਰ ਇਕ ਵਾਰ ਇਕਜੁਟ ਹੋ ਗਈ। ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਸਾਧਾਰਨ ਪਰ ‘ਚੰਗੇ ਸ਼ਾਸਨ’ ਦੇ ਬਾਵਜੂਦ ਉਸ ਨੂੰ 2004 ਵਿਚ ਮੁੜ ਲੋਕਮਤ ਹਾਸਲ ਨਹੀਂ ਹੋਇਆ ਤੇ ਸੋਨੀਆ ਗਾਂਧੀ ਨੇ ਕਰੀਬ ਰਿਮੋਟ ਕੰਟਰੋਲ ਨਾਲ 10 ਸਾਲਾਂ ਤਕ ਮਨਮੋਹਨ ਸਿੰਘ ਸਰਕਾਰ ਚਲਾਈ।
ਇਸ ਨੂੰ ਕਾਂਗਰਸ ਦਾ ਗੁਣ ਕਹੋ ਜਾਂ ਔਗੁਣ, ਉਸ ਨੂੰ ਬੰਨ੍ਹ ਕੇ ਰੱਖਣ ਵਾਲੀ ਰੱਸੀ ਨਹਿਰੂ-ਗਾਂਧੀ ਪਰਿਵਾਰ ਹੀ ਹੈ। ਇਹ ਰੱਸੀ ਆਜ਼ਾਦੀ ਦੇ ਸੰਘਰਸ਼ ਵਿਚ ਨਹਿਰੂ ਪਰਿਵਾਰ ਦੇ ਅਸਾਧਾਰਨ ਯੋਗਦਾਨ, ਨਹਿਰੂ ਦੇ ਭਾਰਤ ਸੁਪਨੇ, ਇੰਦਰਾ ਗਾਂਧੀ ਦੇ ਇਸਪਾਤੀ ਸੰਕਲਪ ਤੇ ਰਾਜੀਵ ਗਾਂਧੀ ਦੀ ਕਲਪਨਾਸ਼ੀਲਤਾ ਦਾ ਸਿੱਟਾ ਹੈ, ਜਿਸ ਨੂੰ ਸੋਨੀਆ ਗਾਂਧੀ ਦੇ ਤਿਆਗ ਨੇ ਕਿਸੇ ਤਰ੍ਹਾਂ ਬਣਾਈ ਰੱਖਿਆ ਹੈ। ਪਰ ਰਾਹੁਲ ਗਾਂਧੀ ਇਸ ਮਾਮਲੇ ਵਿਚ ਕਿਤੇ ਨਹੀਂ ਠਹਿਰਦੇ। ਬਦਕਿਸਮਤੀ ਨਾਲ ਉਨ੍ਹਾਂ ਦੀ ਅਗਵਾਈ ਕਾਂਗਰਸ ਦੇ ਲਗਾਤਾਰ ਨਿਘਾਰ ਦਾ ਕਾਰਨ ਬਣਦੀ ਜਾ ਰਹੀ ਹੈ। ਕਾਂਗਰਸ ਇਸ ਵਾਰ ਗੋਆ ਤੇ ਮਣੀਪੁਰ ਤਕ ਵਿਚ ਜਿੱਤੀ ਬਾਜ਼ੀ ਹਾਰ ਗਈ ਜਦਕਿ ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਉਸ ਦਾ ਬੁਰੀ ਤਰ੍ਹਾਂ ਸਫਾਇਆ ਹੋ ਗਿਆ ਹੈ। ਸਿਰਫ਼ ਪੰਜਾਬ ਅਤੇ ਕਰਨਾਟਕ ਨੂੰ ਛੱਡ ਕੇ ਕਿਸੇ ਵੱਡੇ ਸੂਬੇ ਵਿਚ ਉਸ ਦਾ ਵਜੂਦ ਨਹੀਂ ਹੈ। ਇਸ ਲਈ ਕਾਂਗਰਸ ਵਿਚ ਹੋਰ ਵੀ ਟੁੱਟ ਭੱਜ ਹੋਣੀ ਹੈ। ਲੋਕ ਹੋਰ ਵੀ ਹਨ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਿਚ ਸ਼ਾਮਲ ਹੋਣਗੇ ਤੇ ਭਾਜਪਾ ਬਹੁਮਤ ਨਾਲ ਚੋਣ ਜਿੱਤਣ ਦੇ ਆਸਾਰ ਦੇ ਆਧਾਰ ‘ਤੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰੇਗੀ। ਪਰ ਕਾਂਗਰਸੀਆਂ ਨੂੰ ਆਪਣੇ ਵਿਚ ਸ਼ਾਮਲ ਕਰਨ ਲਈ ਉਤਾਵਲੀ ਭਾਜਪਾ ਫਿਰ ਚਾਲ, ਚਰਿੱਤਰ ਤੇ ਚਿਹਰੇ ਵਿਚ ਖ਼ੁਦ ਨੂੰ ਦੂਸਰਿਆਂ ਤੋਂ ਵੱਖਰਾ ਕਿਵੇਂ ਸਿੱਧ ਕਰੇਗੀ?  ਕੀ ਭਾਜਪਾ ਆਪਣੇ ਕਾਂਗਰੀਕਰਨ ਨੂੰ ਰੋਕਣ ਲਈ ਤਿਆਰ ਨਹੀਂ ਹੈ। ਉਸ ਵਿਚ ਅਤੇ ਕਾਂਗਰਸ ਵਿਚ ਕੱਟੜ ਹਿੰਦੁਤਵ ਤੋਂ ਇਲਾਵਾ ਨੀਤੀਆਂ ਪ੍ਰੋਗਰਾਮਾਂ ਤੇ ਸ਼ੈਲੀ ਵਿਚ ਕਿੱਥੇ ਅੰਤਰ ਹੈ?
ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦਾ ਇਕ ਹੀ ਮੰਤਰ ਹੈ ਤੇ ਉਹ ਇਹ ਕਿ ਭਾਵੇਂ ਜਿਵੇਂ ਮਰਜ਼ੀ ਕਰੋ, ਭਾਜਪਾ ਨੂੰ ਅਜਿਹੀ ਮਸ਼ੀਨ ਵਿਚ ਤਬਦੀਲ ਕਰ ਦਿਓ ਕਿ ਦੇਸ਼ ਵਿਚ ਅਤੇ ਹਰ ਸੂਬੇ ਵਿਚ ਉਸ ਦੀ ਸਰਕਾਰ ਬਣੇ। ਕਿਸੇ ਵੀ ਪਾਰਟੀ ਦਾ ਕੋਈ ਵੀ ਅਸੰਤੁਸ਼ਟ ਹੋਵੇ, ਭ੍ਰਿਸ਼ਟ ਹੋਵੇ, ਅਪਰਾਧੀ ਹੋਵੇ, ਜੇਕਰ ਚੋਣ ਜਿੱਤ ਸਕਦਾ ਹੈ ਤਾਂ ਉਸ ਨੂੰ ਤੁਰੰਤ ਪਾਰਟੀ ਵਿਚ ਸ਼ਾਮਲ ਕਰ ਲਓ। ਪਾਰਟੀ ਅੰਦਰ ਵੀ ਕਿਸੇ ਨੂੰ ਅਸਹਿਮਤੀ ਦਾ ਅਧਿਕਾਰ ਨਾ ਹੋਵੇ ਤੇ ਕਿਸੇ ਵੀ ਨੇਤਾ ਦਾ ਕਦ ਜਾਂ ਪ੍ਰਭਾਵ ਅਜਿਹਾ ਨਾ ਹੋਵੇ ਜੋ ਅੱਗੇ ਚੱਲ ਕੇ ਚੁਣੌਤੀ ਬਣ ਜਾਵੇ। ਜ਼ਾਹਰ ਹੈ ਕਿ ਇਨ੍ਹਾਂ ਔਗੁਣਾਂ ਕਾਰਨ ਕਾਂਗਰਸ ਦਾ ਇਹ ਹਸ਼ਰ ਹੋਇਆ ਅਤੇ ਇਹ ਹੀ ਔਗੁਣ ਦੂਸਰਿਆਂ ਤੋਂ ਵੱਖ ਅਤੇ ਵਿਸ਼ੇਸ਼ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਵਿਚ ਘਰ ਕਰਦੇ ਜਾ ਰਹੇ ਹਨ। ਸਾਫ਼ ਹੈ ਕਿ ਕਿਉਂ ਅਡਵਾਨੀ ਨੂੰ ਇਕ ਪਾਸੇ ਬਿਠਾਇਆ ਹੋਇਆ ਹੈ ਤੇ ਕਿਉਂ ਕ੍ਰਿਸ਼ਨਾ ਨੂੰ ਗਲੇ ਲਾਇਆ ਜਾ ਰਿਹਾ ਹੈ।