ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ‘ਤੇ ਚਿੰਤਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ‘ਤੇ ਚਿੰਤਨ

ਸਿੱਖ ਜਗਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਤੋਰ ਜ਼ਿੰਮੇਵਾਰ ਸਿੱਖ ਸੰਸਥਾਵਾਂ ਐਸ.ਜੀ.ਪੀ.ਸੀ. ਅਤੇ ਡੀ.ਐਸ.ਜੀ.ਪੀ.ਸੀ. ਦੇ ਤਹਿਤ ਆਉਂਦੇ ਇਤਿਹਾਸਕ ਗੁਰਦੁਆਰਿਆਂ ਦੇ ਸੇਵਾ ਪ੍ਰਬੰਧਾਂ ਨੂੰ ਚਲਾਉਣ ਲਈ ਇਹ ਬਹੁਤ ਹੀ ਅਹਿਮ ਹੈ ਕਿ ਇਨ੍ਹਾਂ ਸੰਸਥਾਵਾਂ ਦਾ ਨਿਰੋਲ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਸਿੱਖੀ ਜਜ਼ਬੇ ਵਾਲੇ ਇਮਾਨਦਾਰ ਸਿੱਖ ਸੇਵਾਦਾਰਾਂ ਦੇ ਹੱਥਾਂ ਵਿੱਚ ਹੀ ਹੋਵੇ ਨਾ ਕਿ ਰਾਜਨੀਤਕ ਲੋਕਾਂ ਦੇ ਹੱਥਾਂ ਵਿੱਚ, ਜਿਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅਜਿਹੇ ਲੋਕਾਂ ਦਾ ਮਕਸਦ ਤਾਂ ਸਿਸਟਮ ਦੀਆਂ ਖ਼ਾਮੀਆਂ ਦਾ ਫ਼ਾਇਦਾ ਲੈਂਦਿਆਂ ਗੁਰਦੁਆਰਾ ਪ੍ਰਬੰਧਾਂ ਵਿੱਚ ਘੁਸਪੈਠ ਕਰਕੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣਾ ਹੀ ਹੈ।
ਹਰਪ੍ਰੀਤ ਸਿੰਘ
ਮੋਬਾਈਲ : 780-200-9289
asian.vision.canada@gmail.com
ਗੁਰਦੁਆਰਾ ਉਹ ਪਵਿੱਤਰ ਪਾਠਸ਼ਾਲਾ ਹੈ ਜਿੱਥੇ ਭੇਦ-ਭਾਵ, ਰੰਗ-ਰੂਪ, ਨਸਲ, ਅਖੌਤੀ ਊਚ-ਨੀਚ, ਅਮੀਰੀ-ਗ਼ਰੀਬੀ ਅਤੇ ਖਿੱਤਿਆਂ ਦੇ ਵਖਰੇਵਿਆਂ ਨੂੰ ਮਨਫ਼ੀ ਕਰਨ ਦੀ ਸਿੱਖਿਆ ਦੇਣ ਵਾਲਾ ਗਿਆਨ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਮੁੱਖ ਧੁਰਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸ੍ਰਿਸ਼ਟੀ ਦੀ ਵੰਨ-ਸੁਵੰਨਤਾ (ਅਨੇਕਤਾ) ਵਿਚੋਂ ਇੱਕ ਅਕਾਲ ਪੁਰਖ ਨੂੰ ਤੱਕਣ, ਸਮਝਣ ਅਤੇ ਮਹਿਸੂਸ ਕਰਨ ਦਾ ਗੁਰ ਦਸਦਿਆਂ ਜੀਵ ਨੂੰ ਆਪਣੀ ਜੀਵਨ ਧਾਰਾ ਨੂੰ ਅੱਗੇ ਤੋਰਨ ਦਾ ਵੱਲ ਸਿਖਾਉਂਦੀ ਹੈ। ਗੁਰਬਾਣੀ, ਜੀਵ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦਿਆਂ ਉਸ ਨੂੰ ਗੁਣਾਂ ਦਾ ਧਾਰਨੀ ਬਣਾ ਕੇ, ਸੋਹਣਾ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦਿਆਂ ਉਸ ਦਾ ਮਾਰਗ ਦਰਸ਼ਨ ਕਰਦੀ ਹੈ। ਸਿੱਖ ਦਾ ਗੁਰਦੁਆਰੇ ਜਾਣ ਦਾ ਮੁੱਖ ਮੰਤਵ ਹੀ ਗੁਰੂ ਦੇ ਹੁਕਮ ਨੂੰ ਸਮਝਣ, ਵਿਚਾਰਨ, ਵਿਹਾਰਨ ਅਤੇ ਪ੍ਰਚਾਰਨ ਦਾ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਦੁਨੀਆਂ ਨੂੰ ਕਦੇ ਬੋਲ ਕੇ ਨਹੀਂ ਦਸਦਾ ਕਿ ਉਹ ਕੌਣ ਹੈ। ਉਸ ਦੀ ਗੁਰਮਤਿ ਜੀਵਨਸ਼ੈਲੀ ਹੀ ਉਸ ਦੇ ਗੁਣਾਂ ਨੂੰ ਪ੍ਰਗਟ ਕਰਦੀ ਹੈ। ਉਸ ਦਾ ਹਰ ਕਦਮ ਗੁਰੂ ਦੇ ਹੁਕਮ ਵਿੱਚ ਹੈ, ਸਿੱਖ (ਸਿਖਿਆਰਥੀ) ਦਾ ਚਾਲਚਲਣ, ਕਾਰ-ਵਿਹਾਰ ਅਤੇ ਬੋਲ-ਬਾਣੀ ਗੁਰੂ ਗਿਆਨ ਦੇ ਪ੍ਰਭਾਵ ਅਧੀਨ ਹੋ ਜਾਂਦੀ ਹੈ। ਜਦੋਂ ਗੁਰਸਿੱਖ ਦਾ ਜੀਵਨ ਗੁਰਬਾਣੀ ਅਨੁਸਾਰ ਢਲ ਜਾਂਦਾ ਹੈ ਫਿਰ ਈਰਖਾ, ਨਫ਼ਰਤ, ਦਵੈਤ, ਮਾੜੀ ਬੋਲੀ ਅਤੇ ਵਹਿਮ-ਭਰਮ ਜਿਹੇ ਔਗੁਣ ਉਸ ਵਿਚੋਂ ਸਦਾ ਲਈ ਲੋਪ ਹੋ ਜਾਂਦੇ ਹਨ ਅਤੇ ਉਹ ਸਮਾਜ ਵਿੱਚ ਸਰਬੱਤ ਦੇ ਭਲੇ ਦਾ ਮਜੱਸਮਾ ਬਣ ਕੇ ਵਿਚਰਦਾ ਹੈ। ਇੱਕ ਅਕਾਲ ਪੁਰਖ ‘ਦਾਤੇ’ ਉਪਰ ਉਸ ਦਾ ਵਿਸ਼ਵਾਸ ਇੰਨਾ ਪ੍ਰਪੱਕ ਹੋ ਜਾਂਦਾ ਹੈ ਕਿ ਉਹ ਕਿਸੇ ਦੁਨਿਆਵੀ ਜਾਂ ਅਖੌਤੀ ਦਾਤੇ ਨੂੰ ਟਿੱਚ ਜਾਣਦਾ ਹੈ।
ਦੁਨਿਆਵੀ ਲਾਲਚ ਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਵਿਕਾਰ ਉਸ ਵਿਚੋਂ ਲੋਪ ਹੋ ਜਾਂਦੇ ਹਨ। ਗੁਰੂ ਦੁਆਰਾ ਪ੍ਰਾਪਤ ਕੀਤੇ ਗਿਆਨ ਕਾਰਨ ਉਹ ਹਮੇਸ਼ਾਂ ਖੇੜੇ ਵਿੱਚ ਰਹਿੰਦਾ ਹੈ, ਉਹ ਅਕਾਲ ਪੁਰਖ ਦੀ ਸਿਰਜਣਾ ਨੂੰ ਪਿਆਰ ਕਰਦਾ ਹੈ, ਮਾਣਦਾ ਹੈ, ਉਸ ਦੀ ਸੰਭਾਲ ਕਰਦਾ ਹੈ ਅਤੇ ਉਹ ਗੁਰਦੁਆਰੇ ਤੋਂ ਗੁਰਬਾਣੀ ਸਿਧਾਂਤਾਂ ਮੁਤਾਬਕ ਸਿੱਖਿਆ ਮੁਹੱਇਆ ਕਰਵਾਉਣ ਲਈ ਆਪਣੇ ਗੁਰੂ ਦਾ ਸੇਵਾਦਾਰ ਬਣ ਕੇ ਵਿਚਰਦਾ ਹੈ। ਗੁਰਦੁਆਰਾ ਗਿਆਨ ਵੰਡਣ ਵਾਲੀ ਪਾਠਸ਼ਾਲਾ ਤੋਂ ਇਲਾਵਾ ਮਨੁੱਖਤਾ ਦੇ ਸਮੁੱਚੇ ਵਿਕਾਸ ਲਈ ਵੀ ਅਹਿਮ ਰੋਲ ਨਿਭਾਉਂਦਾ ਹੈ। ਇੱਥੋਂ ਗਿਆਨ ਪ੍ਰਾਪਤ ਕਰਕੇ ਸਿੱਖ ਗੁਰੂ ਆਸੇ ਮੁਤਾਬਕ ਸਿਹਤਮੰਦ ਸਮਾਜ ਸਿਰਜਣ ਵਿੱਚ ਯੋਗਦਾਨ ਪਾਉਂਦਾ ਹੈ। ਨਿਰਸੰਦੇਹ, ਗੁਰਦੁਆਰੇ ਤੋਂ ਗੁਰੂ ਦੇ ਸਿਧਾਂਤ ਦਾ ਪ੍ਰਚਾਰਪਸਾਰ ਤਾਂ ਹੀ ਸੰਭਵ ਹੋਵੇਗਾ ਜੇ ਇਸ ਦੇ ‘ਸੇਵਾਦਾਰ’ ਪ੍ਰਬੰਧਕੀ ਸੇਵਾਵਾਂ ਨੂੰ ਗੁਰਮਤਿ ਸਿਧਾਂਤ ਦੇ ਜ਼ਾਬਤੇ ਵਿੱਚ ਰਹਿ ਕੇ ਗੁਰਮਤਿ ਅਨੁਸਾਰ ਚਲਾਉਣਗੇ।
ਹਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.15ੱ1.ਜੀ.ਪੀ.ਸੀ.) ਦੀ ਹੋਈ ਚੋਣ ਨੂੰ ਵੇਖਦਿਆਂ ਇੰਜ ਲੱਗਿਆ ਕਿ ਇਹ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲਿਆਂ ਦੀ ਚੋਣ ਨਾ ਹੋ ਕੇ ਕੋਈ ਤਾਕਤ ਅਜ਼ਮਾਈ ਦਾ ਮੈਦਾਨ ਹੋਵੇ। ਜਿਵੇਂ ਧਾੜਵੀ ਕਿਸੇ ਚੀਜ਼ ਨੂੰ ਹਥਿਆਉਣ ਲਈ ਰਣਨੀਤਕ
ਪੈਂਤੜੇਬਾਜ਼ੀਆਂ ਅਪਣਾ ਕੇ ਆਪਣੇ ਦੁਸ਼ਮਣ ਨੂੰ ਪਛਾੜਨ ਲਈ ਹਰ ਜਾਇਜ਼-ਨਾਜਾਇਜ਼ ਹੀਲਾ ਵਰਤ ਰਹੇ ਹੋਣ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨ ਵਾਲੀ ਕਿਸੇ ਸੰਸਥਾ ਵਿੱਚ ਸੇਵਾਦਾਰ ਬਣ ਕੇ ਨੁਮਾਇੰਦਾ ਰੋਲ ਕਰਨ ਵਾਲੇ ਲੋਕਾਂ ਦੀ ਜਨਤਕ ਬੋਲ-ਚਾਲ, ਇੱਕ-ਦੂਜੇ ਪ੍ਰਤੀ ਸੋਚ ਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਵਰਤੇ ਗਏ ਹੱਥਕੰਢਿਆਂ ਨੂੰ ਦੇਖ ਕੇ ਹੈਰਾਨੀ ਹੋਈ ਕਿ ਇਹ ਭੱਦਰ ਪੁਰਸ਼ ਉਨ੍ਹਾਂ ਪਵਿੱਤਰ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਉਤਾਵਲੇ ਹਨ ਜਿੱਥੋਂ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਿਨ੍ਹਾਂ ਗੁਰਦੁਆਰਿਆਂ ਅੰਦਰ ਬਿਰਾਜਮਾਨ ‘ਗੁਰੂ’ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਮਨੁੱਖਤਾ ਨੂੰ ਪਿਆਰ ਦਾ ਗਿਆਨ ਬਖ਼ਸ਼ਦਾ ਹੈ ਤੇ ਹੰਕਾਰ ਨੂੰ ਤਿਆਗਣ ਦੀ ਬਾਤ ਪਾਉਂਦਾ ਹੈ। ਕੀ ਇਹ ਲੋਕ ਉਨ੍ਹਾਂ ਪਵਿੱਤਰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਨਗੇ?
ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਕੁਝ ਕੁ ਦਾਅਵੇਦਾਰਾਂ ਵੱਲੋਂ ਸ਼ਰਾਬ ਵੰਡਣ ਅਤੇ ਗ਼ੈਰਇਖ਼ਲਾਕੀ ਕੰਮਾਂ ਦੀਆਂ ਖ਼ਬਰਾਂ ਨੇ ਉਨ੍ਹਾਂ ਦੀ ਨੀਅਤ, ਮਾਨਸਿਕਤਾ, ਬੌਧਿਕਤਾ, ਗੁਣਬਾਣੀ ਸੋਝੀ ਅਤੇ ਕੌਮੀ ਜਵਾਬਦੇਹੀ ਉੱਤੇ ਸਿਰਫ਼ ਸਵਾਲੀਆਂ ਚਿੰਨ੍ਹ ਹੀ ਨਹੀਂ ਲਾਏ ਸਗੋਂ ਉਨ੍ਹਾਂ ਦੀ ਪਿੱਠ ‘ਤੇ ਖੜ੍ਹੀਆਂ ਸਬੰਧਿਤ ਪਾਰਟੀਆਂ/
ਧਿਰਾਂ ਦੇ ਮੋਹਰੀ ਲੋਕਾਂ ਦੇ ਕਿਰਦਾਰ ਨੂੰ ਵੀ ਜੱਗ-ਜ਼ਾਹਰ ਕੀਤਾ ਹੈ, ਜਿਨ੍ਹਾਂ ਨੇ ਅਜਿਹੇ ਉਮੀਦਵਾਰਾਂ ਦੀ ਚੋਣ ਕੀਤੀ ਹੈ, ਉਨ੍ਹਾਂ ਵਿਅਕਤੀਆਂ ਦਾ ਆਪਣਾ ਗੁਰਸਿੱਖੀ ਪੱਧਰ ਕੀ ਹੋਵੇਗਾ? ਗੁਰਦੁਆਰੇ ਦੀ ਸੇਵਾ-ਸੰਭਾਲ ਪ੍ਰਾਪਤ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਮੋਹਰੀਆਂ ਅਤੇ ਉਮੀਦਵਾਰਾਂ ਦੀਆਂ ਤਕਰੀਰਾਂ ਵਿੱਚ ਵਿਅਕਤੀਗਤ ਦੂਸਣਬਾਜ਼ੀ, ਇੱਕ-ਦੂਜੇ ਨੂੰ ਘਟੀਆ ਸਾਬਿਤ ਕਰਨ, ਅਸਭਿਅਕ ਭਾਸ਼ਾ ਦੀ ਵਰਤੋਂ, ਗੁਰਮਤਿ ਚਿੰਤਨ ਦੀ ਘਾਟ ਅਤੇ ਵਰਤਮਾਨ ਕੌਮੀ ਚੁਣੌਤੀਆਂ ਪ੍ਰਤੀ ਚਰਚਾ ਦੀ ਘਾਟ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਸੀ ਕਿ ਸੇਵਾਦਾਰ ਬਣਨ ਦੇ ਦਾਅਵੇਦਾਰਾਂ ਅੰਦਰ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਸੰਕਲਪ ਕਿਹੋ ਜਿਹਾ ਹੋਵੇਗਾ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ-ਸੰਭਾਲ ਤਹਿਤ ਅਨੇਕਾਂ ਇਤਿਹਾਸਕ ਗੁਰਦੁਆਰੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅੰਮ੍ਰਿਤਸਰ ਤੋਂ ਬਾਅਦ ਇਹ ਦੂਜੀ ਵੱਡੀ ਅਤੇ ਅਹਿਮ ਸਿੱਖ ਸੰਸਥਾ ਹੈ। ਇਨ੍ਹਾਂ ਸੰਸਥਾਵਾਂ ਲਈ ਮੌਜੂਦਾ ਚੋਣ ਪ੍ਰਣਾਲੀ ਮੁਕੰਮਲ ਤੌਰ ‘ਤੇ ਭਾਵੇਂ ਗੁਰਮਤਿ ਸਿਧਾਂਤਾਂ ਦੀ ਤਰਜ਼ਮਾਨੀ ਨਹੀਂ ਕਰਦੀ ਕਿਉਂਕਿ ਇਹ ਸਿੱਧੇ ਤੌਰ ਉੱਤੇ ਭਾਰਤ ਦੇ ਕੇਂਦਰੀ ਕਾਨੂੰਨ ਤਹਿਤ ਹੈ। ਸਰਕਾਰ ਦੀ ਦੇਖਰੇਖ ਹੇਠ ਹੋਣ ਕਾਰਨ ਇਹ ਚੋਣਾਂ ਬਿਲਕੁਲ ਰਾਜਨੀਤਕ ਚੋਣ ਢੰਗ-ਤਰੀਕੇ ਅਨੁਸਾਰ ਹੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸਿੱਧੇ ਤੌਰ ਉੱਤੇ ਰਾਜਨੀਤਕ ਪ੍ਰਭਾਵ ਝਲਕਦਾ ਹੈ। ਰਾਜਨੀਤਕ ਪਾਰਟੀਆਂ ਵੀ ਆਪਣੀ ਰਾਜਸੱਤਾ ਦਾ ਅਸਰ ਇਨ੍ਹਾਂ ਚੋਣਾਂ ਵਿੱਚ ਵਰਤਦੀਆਂ ਹਨ ਅਤੇ ਕੁਝ ਪਾਰਟੀਆਂ ਇਨ੍ਹਾਂ ਰਾਹੀ ਰਾਜਸੱਤਾ ਪ੍ਰਾਪਤ ਕਰਨ ਜਾਂ ਇਸ ਉੱਤੇ ਬਣੇ ਰਹਿਣ ਲਈ ਇਨ੍ਹਾਂ ਕਮੇਟੀਆਂ ਨੂੰ ਹੱਥਠੋਕੇ ਵੱਜੋਂ ਵੀ ਵਰਤਦੀਆਂ ਹਨ। ਸਿੱਖ ਜਗਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਤੋਰ ਜ਼ਿੰਮੇਵਾਰ ਸਿੱਖ ਸੰਸਥਾਵਾਂ ਐਸ.ਜੀ.ਪੀ.ਸੀ. ਅਤੇ ਡੀ.ਐਸ.ਜੀ.ਪੀ.ਸੀ. ਦੇ ਤਹਿਤ ਆਉਂਦੇ ਇਤਿਹਾਸਕ ਗੁਰਦੁਆਰਿਆਂ ਦੇ ਸੇਵਾ ਪ੍ਰਬੰਧਾਂ ਨੂੰ ਚਲਾਉਣ ਲਈ ਇਹ ਬਹੁਤ ਹੀ ਅਹਿਮ ਹੈ ਕਿ ਇਨ੍ਹਾਂ ਸੰਸਥਾਵਾਂ ਦਾ ਨਿਰੋਲ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਸਿੱਖੀ ਜਜ਼ਬੇ ਵਾਲੇ ਇਮਾਨਦਾਰ ਸਿੱਖ ਸੇਵਾਦਾਰਾਂ ਦੇ ਹੱਥਾਂ ਵਿੱਚ ਹੀ ਹੋਵੇ ਨਾ ਕਿ ਰਾਜਨੀਤਕ ਲੋਕਾਂ ਦੇ ਹੱਥਾਂ ਵਿੱਚ, ਜਿਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅਜਿਹੇ ਲੋਕਾਂ ਦਾ ਮਕਸਦ ਤਾਂ ਸਿਸਟਮ ਦੀਆਂ ਖ਼ਾਮੀਆਂ ਦਾ ਫ਼ਾਇਦਾ ਲੈਂਦਿਆਂ ਗੁਰਦੁਆਰਾ ਪ੍ਰਬੰਧਾਂ ਵਿੱਚ ਘੁਸਪੈਠ ਕਰਕੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣਾ ਹੀ ਹੈ। ਉਂਜ, ਸਿੱਖ ਜਗਤ ਦਾ ਇਸ ਗੱਲ ਉੱਤੇ ਚਿੰਤਨ ਕਰਨਾ ਬਣਦਾ ਹੈ ਕਿ ਜਿਸ ਖਿੱਤੇ ਵਿੱਚ 15 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਹੋਣ, ਉੱਤੇ ਸਿਰਫ਼ ਤਿੰਨ ਲੱਖ ਅੱਸੀ ਹਜ਼ਾਰ ਲੋਕ ਹੀ ਆਪਣੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਪ੍ਰਬੰਧਕਾਂ ਦੀ ਚੋਣ ਕਰਨ ਦੀ ਯੋਗਤਾ ਰੱਖਦੇ ਹੋਣ ਅਤੇ ਉਨ੍ਹਾਂ ਵਿੱਚ ਵੀ ਅੱਗਿਓਂ ਸਿਰਫ਼ ਇੱਕ ਲੱਖ ਪੰਜੱਤਰ ਹਜ਼ਾਰ ਲੋਕ ਹੀ ਇਨ੍ਹਾਂ ਪ੍ਰਬੰਧਕਾਂ ਦੀ ਚੋਣ ਵਿੱਚ ਹਿੱਸਾ ਲੈਣ। ਇਸ ਤੋਂ ਵੱਧ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਪੂਰਨ ਰੂਪ ਵਿੱਚ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਦੀ ਚੁਣੀ ਗਈ ਕਮੇਟੀ ਨੂੰ 15 ਲੱਖ ਸਿੱਖਾਂ ਵਿਚੋਂ ਤਕਰੀਬਨ ਲੱਖ ਕੁ ਸਿੱਖਾਂ ਦੀ ਹੀ ਵੋਟ ਨਾਲ ਚੁਣਿਆ ਗਿਆ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਕਰੋੜ ਤੋਂ ਵਧੇਰੇ ਦਾ ਸਾਲਾਨਾ ਬਜਟ ਹੈ, ਜਿਸ ਨੂੰ ਖ਼ਰਚਣ ਦਾ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਕੋਲ ਹੀ ਹੁੰਦਾ ਹੈ। ਗੁਰਦੁਆਰਿਆਂ ਵਿੱਚ ਕਰੋੜਾਂ ਰੁਪਏ ਦਸਵੰਧ ਦੇਣ ਵਾਲੇ ਸਿੱਖਾਂ ਨੂੰ ਇਹ ਸੋਚਣਾ ਪੈਣਾ ਹੈ ਕਿ ਉਨ੍ਹਾਂ ਮਿਹਨਤ ਦੀ ਕਮਾਈ ਵਿਚੋਂ ਗੁਰਬਾਣੀ ਪ੍ਰਚਾਰ-ਪਸਾਰ ਅਤੇ ਕੌਮ ਦੇ ਹਿੱਤਾਂ ਲਈ ਦਿੱਤੇ ਦਸਵੰਧ ਦੀ ਗੁਰਮਤਿ ਅਨੁਸਾਰ ਸੁਚਾਰੂ ਵਰਤੋਂ ਤਾਂ ਹੀ ਸੰਭਵ ਹੋਵੇਗੀ ਜੇਕਰ ਉਹ ਆਪਣੇ ਦਸਵੰਧ ਦੀ ਵਰਤੋਂ ਕਰਨ ਵਾਲਿਆਂ ਦੀ ਚੋਣ ਵਿੱਚ ਗੁਰੂ ਦੀ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
-ਸੰਪਾਦਕ, ਏਸ਼ੀਅਨ ਵਿਜ਼ਨ, ਐਡਮੰਟਨ (ਕੈਨੇਡਾ)