ਧੌਂਸਬਾਜ਼ੀ ਬਣੀ ਸਿਆਸੀ ਲਾਮਬੰਦੀ ਦਾ ਹਥਿਆਰ

ਧੌਂਸਬਾਜ਼ੀ ਬਣੀ ਸਿਆਸੀ ਲਾਮਬੰਦੀ ਦਾ ਹਥਿਆਰ

ਸਰਜੀਕਲ ਸਟਰਾਈਕਾਂ ਤੋਂ ਬਾਅਦ ਕਸ਼ਮੀਰ ਵਿੱਚ ਸਾਡੇ ਸੈਨਿਕ ਮਾਰੇ ਜਾ ਰਹੇ ਹਨ; ਅਤਿਵਾਦੀ ਹੁਣ ਵੀ ਇਹੋ ਸਭ ਕੁਝ ਕਰ ਰਹੇ ਹਨ; ਪੱਥਰਬਾਜ਼ਾਂ ਦਾ ‘ਧੰਦਾ’ ਅਜੇ ਵੀ ਜਾਰੀ ਹੈ। ਇਸ ਤੋਂ ਵੀ ਬੁਰਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸਾਡੇ ਉੱਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ, ਜਦੋਂਕਿ ਚੀਨ ਅਜੇ ਵੀ ਬੇਲਗਾਮ ਹੈ। ਗੁਆਂਢੀਆਂ ਨੇ ਉਦਾਸੀਨ ਰਹਿਣ ਦਾ ਮਾਰਗ ਅਪਣਾਇਆ ਹੈ। ਅਸੀਂ ਇਹ ਨਹੀਂ ਜਾਣਦੇ ਕਿ ਟਰੰਪ ਪ੍ਰਸ਼ਾਸਨ ਸਾਡੇ ਲਈ ਜਾਂ ਸਾਡੇ ਨਾਲ ਕੀ ਕਰੇਗਾ? ਕੀ ਉਨ੍ਹਾਂ ਸਾਰਿਆਂ ਨੂੰ ਬੇਦਖ਼ਲ ਕਰ ਦਿੱਤਾ ਜਾਏਗਾ, ਜਿਹੜੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਨਰਿੰਦਰ ਮੋਦੀ ਦੀ ਵਾਹ-ਵਾਹੀ ਕਰਦੇ ਰਹੇ ਸਨ?

ਹਰੀਸ਼ ਖਰੇ
ਕਲਪਨਾ ਕਰੋ ਕਿ ਮੰਗਲ ਗ੍ਰਹਿ ਤੋਂ ਜੇਕਰ ਕੋਈ ਮਾਨਵ ਵਿਗਿਆਨੀ ਇਸ ਹਫ਼ਤੇ ਭਾਰਤ ਆਇਆ ਹੁੰਦਾ ਤਾਂ ਉਸ ਨੂੰ ਇਹ ਜਾਣਨ ਲਈ ਭਾਰੀ ਮੁਸ਼ੱਕਤ ਕਰਨੀ ਪੈਣੀ ਸੀ ਕਿ ਜਲੰਧਰ ਦੀ ਇੱਕ 20 ਵਰ੍ਹਿਆਂ ਦੀ ਕੁੜੀ ਨੂੰ ਲੈ ਕੇ ਏਨਾ ਹੱਲਾ ਕਿਉਂ ਮੱਚਿਆ ਹੋਇਆ ਹੈ। ਇਸ ਮਾਨਵ ਵਿਗਿਆਨੀ ਨੂੰ ਇਹ ਤਾਂ ਬਿਲਕੁਲ ਹੀ ਸਮਝ ਨਹੀਂ ਸੀ ਆਉਣਾ ਕਿ ਇਸ ਮੁਟਿਆਰ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ‘ਰਾਸ਼ਟਰ-ਵਿਰੋਧੀ’ ਤਖ਼ਤੀ ਅਪਲੋਡ ਕੀਤੇ ਜਾਣ ਤੋਂ ਇੱਕ ਅਰਬ ਤੋਂ ਵੱਧ ਭਾਰਤੀਆਂ ਵਿੱਚ ਅਸੁਰੱਖਿਆ ਤੇ ਸਹਿਮ ਦਾ ਭਾਵ ਕਿਉਂ ਭਰਿਆ ਜਾ ਰਿਹਾ ਹੈ। ਇੱਕ ਮਜ਼ਬੂਤ ਤੇ ਦਮਦਾਰ ਗਣਤੰਤਰ ਵਾਲੇ ਸਾਰੇ ਸਾਜ਼ੋ-ਸਾਮਾਨ ਨਾਲ ਲੈਸ ਹੋਣ ਦੇ ਬਾਵਜੂਦ ਭਾਰਤ ਵਿੱਚ ਏਨੇ ਵਿਆਪਕ ਪੈਮਾਨੇ ਉੱਤੇ ਅਸੁਰੱਖਿਆ, ਬੇਚੈਨੀ ਤੇ ਘਬਰਾਹਟ ਕਿਉਂ ਪੈਦਾ ਕੀਤੀ ਜਾ ਰਹੀ ਹੈ।
ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ‘ਤੇ ਹੋਈਆਂ ਮਿਹਰਾਂ ਨੂੰ ਗਿਣੀਏ। ਅਸੀਂ ਖੁਸ਼ਨਸੀਬ ਹਾਂ ਸਾਡੇ ਕੋਲ ਸਾਡੇ ਪ੍ਰਧਾਨ ਮੰਤਰੀ ਵਰਗਾ ਤਾਕਤਵਰ ਵਿਅਕਤੀ ਮੌਜੂਦ ਹੈ ਜੋ ਬੇਹੱਦ ਦਮਦਾਰ ਭਾਸ਼ਨਕਾਰ ਹੈ ਅਤੇ ਅਨਪੜ੍ਹ ਭੀੜ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਗਿਆਨਵਾਨ ਪ੍ਰੋਫ਼ੈਸਰਾਂ ਅਤੇ ਸੂਚਨਾ ਤਕਨੀਕ (ਆਈਟੀ) ਜਗਤ ਦੇ ਪੇਸ਼ੇਵਰਾਂ ਨੂੰ ਸੰਮੋਹਿਤ ਕਰਨ ਦੀ ਸਮਰੱਥਾ ਨਾਲ ਲੈਸ ਹੈ। ਸਾਡੀ ਅਰਥਵਿਵਸਥਾ ਚੋਖੀ ਮਜ਼ਬੂਤ ਹੈ ਅਤੇ ਕੌਮੀ ਵਿਕਾਸ ਦਰ (ਜੀਡੀਪੀ) 7 ਫ਼ੀਸਦੀ ਤੋਂ ਵੱਧ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ (ਉਹ ਵੀ ਹਾਰਵਰਡ ਤੇ ਆਕਸਫੋਰਡ ਦੇ ਉਨ੍ਹਾਂ ਤਮਾਮ ਅਰਥਸ਼ਾਸਤਰੀਆਂ ਦੇ ਘੱਟ ਵਿਕਾਸ ਦੇ ਅਨੁਮਾਨਾਂ ਦੇ ਬਾਵਜੂਦ)। ਹੁਕਮਰਾਨ ਧਿਰ ਕੋਲ ਲੋਕ ਸਭਾ ਵਿੱਚ ਨਿੱਗਰ ਬਹੁਮਤ ਹੈ। ਉਸ ਨੇ ਹਾਲ ਹੀ ਵਿੱਚ ਪੂਰੇ ਭਾਰਤ ਵਿੱਚ ਸਥਾਨਕ ਚੋਣਾਂ ਜਿੱਤੀਆਂ ਹਨ। ਪਿਛਲੇ ਛੇ ਮਹੀਨਿਆਂ ਦੇ ਅੰਦਰ ਸਾਰਾ ਕਾਲਾ ਧਨ ਕੌਮੀ ਅਰਥਚਾਰੇ ਵਿੱਚੋਂ ਬਾਹਰ ‘ਖਿੱਚ’ ਲਿਆ ਗਿਆ ਹੈ; ਦਹਿਸ਼ਤਗਰਦੀ ਲਈ ਆਉਂਦੇ ਫੰਡਾਂ ਦੇ ਸਰੋਤਾਂ ਦਾ ਗਲ ਘੁੱਟ ਦਿੱਤਾ ਗਿਆ ਹੈ; ਅਸੀਂ ਹੁਣ ਇਕੋ ਸਮੇਂ 104 ਉਪਗ੍ਰਹਿ ਪੁਲਾੜ ਵਿਚ ਦਾਗ਼ਣ ਦੇ ਵਿਸ਼ਵ ਰਿਕਾਰਡ ਦੇ ਮਾਲਕ ਹਾਂ; ਅਸੀਂ ਇੱਕ ਮਿਸਾਈਲ ਇੰਟਰਸੈਪਟਰ ਦੀ ਵੀ ਸਫ਼ਲ ਪਰਖ਼ ਕੀਤੀ ਹੈ ਅਤੇ ਅਸੀਂ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਸਰਹੱਦ ਪਾਰ ਦਹਿਸ਼ਤਗਰਦਾਂ ਦੇ ਠਿਕਾਣਿਆਂ ਉੱਤੇ ਵੀ ਹਮਲੇ ਕਰ ਸਕਦੇ ਹਾਂ। ਇੱਕ ਮਜ਼ਬੂਤ ਰਾਸ਼ਟਰ ਵਾਲੀਆਂ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਇੱਕ ਤਾਕਤਵਰ ਨੇਤਾ ਦੀ ਅਗਵਾਈ ਦੇ ਬਾਵਜੂਦ ਅਸੀਂ ਆਪਣਾ ਤਮਾਸ਼ਾ ਕਿਉਂ ਬਣਾ ਰਹੇ ਹਾਂ? ਅਸੀਂ ਇਹ ਸਾਬਿਤ ਕਰਨ ਲਈ ਕਿ ਸਾਡੇ ਵਿੱਚ ਰਾਸ਼ਟਰਵਾਦੀ ਦਮਖ਼ਮ ਦੀ ਘਾਟ ਨਹੀਂ, ਕਬਾਇਲੀਆਂ ਵਾਲੀਆਂ ਰਹੁ-ਰੀਤਾਂ ‘ਤੇ ਕਿਉਂ ਉਤਾਰੂ ਹਾਂ?
ਮੰਨਿਆ ਕਿ ਕਿਸੇ ਵੀ ਦੂਜੇ ਦੇਸ਼ ਦੀ ਤਰ੍ਹਾਂ ਸਾਨੂੰ ਵੀ ਲਗਾਤਾਰ ਰਾਸ਼ਟਰਵਾਦ ਨੂੰ ਪਰਿਭਾਸ਼ਿਤ ਕਰਨ, ਉਸ ਬਾਰੇ ਸਪਸ਼ਟੀਕਰਨ ਦੇਣ ਅਤੇ ਉਸ ਦੇ ਰੰਗ ਦੁਬਾਰਾ ਭਰਨ ਦੀ ਜੱਦੋ-ਜਹਿਦ ਵਿਚੋਂ ਗੁਜ਼ਰਨਾ ਪੈਂਦਾ ਹੈ। ਆਜ਼ਾਦੀ ਤੋਂ ਬਾਅਦ ਦੇ ਆਰੰਭਕ ਵਰ੍ਹਿਆਂ ਦੌਰਾਨ ਨਾ ਤਾਂ ਸਾਡੇ ਰਾਜਨੇਤਾ ਅਤੇ ਨਾ ਹੀ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਸਾਰੇ, ਕਿਸੇ ਵਿਦੇਸ਼ੀ ਤੋਂ ਭੈਅਭੀਤ ਸਾਂ। ਗਾਂਧੀ ਜੀ ਦੇ ਇਖ਼ਲਾਕੀ ਆਭਾਮੰਡਲ ਦੇ ਵਾਰਿਸ ਹੋਣ ਅਤੇ ਆਜ਼ਾਦੀ ਅੰਦੋਲਨ ਦੇ ਜਾਂਨਸ਼ੀਨ ਹੋਣ ਦੇ ਨਾਤੇ ਨਹਿਰੂ ਤੇ ਪਟੇਲ ਨੇ ਰਾਸ਼ਟਰਵਾਦੀ ਸੰਵਾਦ ਸ਼ੁਰੂ ਕੀਤਾ ਸੀ ਜਿਸ ਦੀਆਂ ਜੜ੍ਹਾਂ ਸਾਡੀ ਸੱਭਿਅਤਾ ਦੀ ਅਮੀਰਾਨਾ ਧਰੋਹਰ ਵਿੱਚ ਸਨ। ਹਾਂ, ਇਸ ਮਗਰੋਂ ਇੱਕ ਦਹਾਕੇ ਦੌਰਾਨ 1962, 1965 ਤੇ 1971 ਵਿੱਚ ਹੋਈਆਂ ਤਿੰਨ ਜੰਗਾਂ ਨੇ ਇਸ ਸਥਿਤੀ ਨੂੰ ਕਾਫ਼ੀ ਹੱਦ ਤਕ ਬਦਲ ਦਿੱਤਾ।
ਇਹ ਸਹੀ ਹੈ ਕਿ ਸ਼ੀਤ ਯੁੱਧ ਸਮੇਂ ਸਾਡੀਆਂ ਸਿਆਸੀ ਜਮਾਤਾਂ ਨੂੰ ਆਪਣੇ ਵਿਰੋਧੀਆਂ ਦੇ ਕਿਸੇ ਮਹਾਂਸ਼ਕਤੀ ਦੇ ਪ੍ਰਭਾਵ ਹੇਠ ਹੋਣ ਦੇ ਦੋਸ਼ ਲਾਉਣ ਦੀ ਆਦਤ ਸੀ। ਖੱਬੇ ਪੱਖੀ ਸਾਡੇ ਸਿਆਸਤਦਾਨਾਂ ‘ਤੇ ਅਮਰੀਕੀਆਂ ਸਾਹਮਣੇ ਨਿਤਾਣੇ ਹੋਣ ਦਾ ਸ਼ੱਕ ਕਰਦੇ ਰਹੇ ਅਤੇ ਸੱਜੇ ਪੱਖੀ ਤੱਤ, ਮੁਲਕ ਦੀ ਸਰਕਾਰ ਉੱਤੇ ਰੂਸ ਦੀਆਂ ਉਂਗਲਾਂ ‘ਤੇ ਨੱਚਣ ਦੇ ਦੋਸ਼ ਲਾਉਂਦੇ ਰਹੇ। ਵਿਦੇਸ਼ੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਵਜੋਂ ਪੇਸ਼ ਕਰ ਕੇ ਵਿਰੋਧੀਆਂ ਦਾ ਅਪਮਾਨ ਕਰਨ ਲਈ ਅੰਦਰੂਨੀ ਵਿਵਾਦਾਂ ਅਤੇ ਮਤਭੇਦਾਂ ਨੂੰ ਖ਼ਾਸ ਤਰ੍ਹਾਂ ਪੇਸ਼ ਕੀਤਾ ਜਾਣ ਲੱਗਿਆ। ਪਰ ਆਮ ਲੋਕਾਂ ਨੇ ਅਦਭੁੱਤ ਤਰੀਕੇ ਨਾਲ ਦੇਸ਼ ਪਿਆਰ ਦੇ ਜਜ਼ਬੇ ਵਿੱਚ ਵਿਸ਼ਵਾਸ ਬਣਾਈ ਰੱਖਿਆ। 1991 ਦੇ ਉਦਾਰਵਾਦ ਮਗਰੋਂ ਸ਼ੰਕੇ ਫਿਰ ਉੱਭਰੇ। ਭਾਵੇਂ ਉਦੋਂ ਤਕ ਮੱਧਵਰਗ ਨੇ ਆਲਮੀ ਪਿੰਡ ਵਿੱਚ ਬਿਹਤਰੀਨ ਸੰਭਾਵਨਾਵਾਂ ਸਾਹਮਣੇ ਆਪਣੀ ਹੋਂਦ ਕਾਇਮ ਰੱਖਦਿਆਂ, ਪੂਰੀ ਸੂਝ ਤੋਂ ਕੰਮ ਲੈਂਦਿਆਂ ਅਤੇ ਸਿੱਖਦਿਆਂ ਕਾਬਲੀਅਤ, ਮਿਆਰ ਅਤੇ ਆਤਮ-ਵਿਸ਼ਵਾਸ ਹਾਸਲ ਕਰ ਲਿਆ ਸੀ। ਯੂਪੀਏ-1 ਦੇ ਕਾਰਜਕਾਲ ਸਮੇਂ ਅਮਰੀਕਾ ਨਾਲ ਪਰਮਾਣੂ ਸਮਝੌਤੇ ਸਮੇਂ ਰਾਸ਼ਟਰਵਾਦ ਦਾ ਮੁੱਦਾ ਵਿਆਪਕ ਪੱਧਰ ‘ਤੇ ਉੱਠਿਆ ਸੀ। ਦਰਅਸਲ, ਖੱਬੇ ਅਤੇ ਸੱਜੇ ਪੱਖੀਆਂ ਦੋਵਾਂ ਨੇ ਸੋਚਿਆ ਕਿ ਅਮਰੀਕੀ ਸਾਡੇ ਨਾਲੋਂ ਕਿਤੇ ਚਲਾਕ ਹਨ ਅਤੇ ਅਸੀਂ ਉਨ੍ਹਾਂ ਨੂੰ ਸਾਡੇ ਦੇਸ਼ ਨੂੰ ਦੋਹੀਂ ਹੱਥੀਂ ਲੁੱਟਣ ਤੋਂ ਨਹੀਂ ਰੋਕ ਸਕਾਂਗੇ। ਪਰ ਭਾਰਤੀ ਰਾਸ਼ਟਰਵਾਦ ਉਦੋਂ ਸਵੈ-ਵਿਸ਼ਵਾਸੀ ਸੀ ਅਤੇ ਉਹ ਮਸਲਾ ਜ਼ਿਆਦਾ ਹਲਚਲ ਜਾਂ ਘਿਨਾਉਣੇਪਣ ਤੋਂ ਬਿਨਾਂ ਸੁਲਝ ਗਿਆ। ਅਸਲ ਵਿੱਚ ਨਰਿੰਦਰ ਮੋਦੀ ਨੂੰ ਕੌਮੀ ਵਿਸ਼ਵਾਸ ਰਾਜਗੱਦੀ ਦੇ ਨਾਲ ਵਿਰਸੇ ਵਿੱਚ ਮਿਲਿਆ ਅਤੇ ਉਨ੍ਹਾਂ ਨੇ ਇਸ ਦੀ ਸੁਰ ਨੂੰ ਉਚੇਰਾ ਕੀਤਾ। ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦਾ ਬਹੁਤਾ ਹਿੱਸਾ ਮੈਡੀਸਨ ਸਕੁਏਅਰ ਗਾਰਡਨ ਜਿਹੀਆਂ ਥਾਵਾਂ ‘ਤੇ ਭਾਸ਼ਣ ਦਿੰਦਿਆਂ, ਵਿਦੇਸ਼ੀ ਧਰਤੀਆਂ ਤੋਂ ਪ੍ਰਸ਼ੰਸਾ ਅਤੇ ਪ੍ਰਵਾਨਗੀ ਲੈਂਦਿਆਂ ਗੁਜ਼ਾਰਿਆ।
ਫਿਰ ਹਵਾ ਦਾ ਰੁਖ਼ ਬਦਲ ਗਿਆ। ਬਿਹਾਰ ਵਿੱਚ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਦੀ ਸਾਂਝੀ ਤਾਕਤ ਨੇ ਮੋਦੀ ਦੇ ਬੇਲਗਾਮ ਰੱਥ ਨੂੰ ਰੋਕਿਆ। ਦੇਸ਼ ਦੇ ਨਾਗਰਿਕ ਆਤਮ-ਵਿਸ਼ਵਾਸ ਦੀ ਸੋਸ਼ੇਬਾਜ਼ੀ ਦੇ ਆਰ-ਪਾਰ ਦੇਖਣਾ ਸ਼ੁਰੂ ਕਰਨ ਲੱਗੇ। ਇਸ ਲਈ ਕੋਈ ਨਵੀਂ ਜੁਗਤ, ਨਵੀਂ ਨੀਤੀ ਘੜਨੀ ਅਤੇ ਨਵੀਂ ਉਲਝਣ ਪੈਦਾ ਕਰਨੀ ਹੀ ਪੈਣੀ ਸੀ। ਸੋ ‘ਜੇਐੱਨਯੂ’ ਵਿਵਾਦ ਉੱਠਿਆ। ਲੋਕ ਧਾਰਨਾਵਾਂ ਬਣਾਉਣ ਦੇ ਮਾਹਰ ਉਸਤਾਦਾਂ ਨੂੰ ਰਾਤੋ-ਰਾਤ ‘ਰਾਸ਼ਟਰਵਾਦ’ ਸਬੰਧੀ ਵਾਦ-ਵਿਵਾਦ ਸ਼ੁਰੂ ਕਰਨ ਲਈ ਮਿਹਨਤ ਕਰਨੀ ਪਈ। ਥੋੜ੍ਹੀ ਜਿਹੀ ਹਿੰਸਾ, ਗਲੀਆਂ ਵਿੱਚ ਥੋੜ੍ਹਾ ਜਿਹਾ ਲਹੂ ਡੁੱਲ੍ਹਣਾ ਅਤੇ ਇੱਕ ਝੰਡਾ ਲਹਿਰਾਉਣਾ ਇਹ ਸਭ ਅਸਰਦਾਰ ਮਿਸ਼ਰਣ ਸਾਬਿਤ ਹੋਏ। ਰਾਸ਼ਟਰਵਾਦ ਦਾ ਨਵਾਂ ਮੰਗਪੂਰਨ, ਅਲੰਕਾਰਮਈ ਤੇ ਵੰਡਣ ਵਾਲਾ ਸੰਕਲਪ ਪੈਦਾ ਕਰਨ ਲਈ ਇਲੈਕਟ੍ਰੌਨਿਕ ਮੀਡੀਆ ਨੇ ਇਸ ਸਭ ਨੂੰ ਭੋਲੇਪਣ ਅਤੇ ਖ਼ੁਸ਼ੀ ਨਾਲ ਪ੍ਰਸਾਰਤ ਕੀਤਾ।
ਇਸ ਲਈ, ਹੁਣ ਇੱਕ ਲੜਕੀ ਦੀ ਇਹ ਕਹਿਣ ਦੀ ਹਿੰਮਤ ਕਿਵੇਂ ਹੋਈ ਕਿ ਉਹ ਡਰਦੀ ਨਹੀਂ? ਉਹ ਕਿਸੇ ਦੀ ਧੌਂਸ ਨਹੀਂ ਮੰਨਦੀ। ਸੱਤਾਧਾਰੀ ਪਾਰਟੀ ਅਤੇ ਇਸ ਦੇ ‘ਕਾਰਜਕਰਤਾ’ ਅਪਮਾਨਤ ਮਹਿਸੂਸ ਕਰ ਰਹੇ ਹਨ: ਸੁਣ ਬੀਬਾ, ਸਾਡੇ ਕੋਲ ਡਰਾਉਣ, ਧਮਕਾਉਣ ਅਤੇ ਧੱਕੇਸ਼ਾਹੀ ਕਰਨ ਦਾ ਰਾਜ ਵੱਲੋਂ ਸਮਰਥਿਤ ਬਲਪੂਰਵਕ ਏਕਾਧਿਕਾਰ ਹੈ। ਸਿਰਫ਼ ਅਸੀਂ ਇਕੱਲਿਆਂ ਨੇ ਇਹ ਤੈਅ ਕਰਨਾ ਹੈ ਕਿ ਕੌਣ ਰਾਸ਼ਟਰਵਾਦੀ ਹੈ ਅਤੇ ਕੌਣ ਰਾਸ਼ਟਰ ਵਿਰੋਧੀ ਹੈ। ਅਸੀਂ ਸੜਕਾਂ ਅਤੇ ਕੈਂਪਸ ਵਿੱਚ ਹਿੰਸਾ ਰਾਹੀਂ ਆਪਣੇ ਫ਼ੈਸਲਿਆਂ ਦੀ ਹਮਾਇਤ ਕਰਾਂਗੇ। ਜਿਹੜੇ ਭਗਵਾਂ ਰਾਸ਼ਟਰਵਾਦ ਦੀ ਸਾਡੀ ਨੀਲੀ ਕਿਤਾਬ ਨਾਲ ਸਹਿਮਤ ਨਹੀਂ, ਉਨ੍ਹਾਂ ਨਾਲ ਉਸੇ ਤਰ੍ਹਾਂ ਨਿਪਟਿਆ ਜਾਏਗਾ। ਇਹ ਫ਼ੈਸਲਾ ਅਸੀਂ ਕਰਨਾ ਹੈ ਕਿ ਕਿਸ ਨੂੰ ਇਸ ਜਾਂ ਉਸ ਕੈਂਪਸ ਵਿੱਚ ਬੋਲਣ ਦਾ ਅਧਿਕਾਰ ਹੈ। ਯੂਨੀਵਰਸਿਟੀਆਂ ਨੂੰ ਵਿਰੋਧ ਅਤੇ ਅਸਹਿਮਤੀ ਦੀਆਂ ਨਰਸਰੀਆਂ ਦੇ ਕੇਂਦਰ ਵਜੋਂ ਖ਼ਤਮ ਕਰਨਾ ਹੋਏਗਾ।
ਧੌਂਸਵਾਦ ਦੀ ਝਾਕੀ ਦਾ ਇਹੀ ਅਸਲ ਪ੍ਰਾਰੂਪ ਹੈ। ਸੱਤਾਧਾਰੀ ਜਮਾਤ ਦੇ ਪ੍ਰਬੰਧਕ ਜਾਣਦੇ ਹਨ ਕਿ ਕਾਫ਼ੀ ਕੁਝ ਸਹੀ ਨਹੀਂ ਹੋਇਆ ਜਾਂ ਉਮੀਦਾਂ ਮੁਤਾਬਕ ਲਾਹੇਵੰਦਾ ਸਾਬਤ ਨਹੀਂ ਹੋਇਆ। ਸਰਜੀਕਲ ਸਟਰਾਈਕਾਂ ਤੋਂ ਬਾਅਦ ਕਸ਼ਮੀਰ ਵਿੱਚ ਸਾਡੇ ਸੈਨਿਕ ਮਾਰੇ ਜਾ ਰਹੇ ਹਨ; ਅਤਿਵਾਦੀ ਹੁਣ ਵੀ ਇਹੋ ਸਭ ਕੁਝ ਕਰ ਰਹੇ ਹਨ; ਪੱਥਰਬਾਜ਼ਾਂ ਦਾ ‘ਧੰਦਾ’ ਅਜੇ ਵੀ ਜਾਰੀ ਹੈ। ਇਸ ਤੋਂ ਵੀ ਬੁਰਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸਾਡੇ ਉੱਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ, ਜਦੋਂਕਿ ਚੀਨ ਅਜੇ ਵੀ ਬੇਲਗਾਮ ਹੈ। ਗੁਆਂਢੀਆਂ ਨੇ ਉਦਾਸੀਨ ਰਹਿਣ ਦਾ ਮਾਰਗ ਅਪਣਾਇਆ ਹੈ। ਅਸੀਂ ਇਹ ਨਹੀਂ ਜਾਣਦੇ ਕਿ ਟਰੰਪ ਪ੍ਰਸ਼ਾਸਨ ਸਾਡੇ ਲਈ ਜਾਂ ਸਾਡੇ ਨਾਲ ਕੀ ਕਰੇਗਾ? ਕੀ ਉਨ੍ਹਾਂ ਸਾਰਿਆਂ ਨੂੰ ਬੇਦਖ਼ਲ ਕਰ ਦਿੱਤਾ ਜਾਏਗਾ, ਜਿਹੜੇ ਮੈਡੀਸਨ ਸਕੁਏਅਰ ਗਾਰਡਨ ਵਿਖੇ ਨਰਿੰਦਰ ਮੋਦੀ ਦੀ ਵਾਹ-ਵਾਹੀ ਕਰਦੇ ਰਹੇ ਸਨ?
ਜੇਕਰ ਆਲਮੀ ਘਟਨਾਕ੍ਰਮ ਤੋਂ ਕੋਈ ਰਾਹਤ ਮਿਲਦੀ ਨਹੀਂ ਦਿਸ ਰਹੀ ਤਾਂ ਦੇਸ਼ ਦੇ ਹਾਲਾਤ ਵੀ ਕੋਈ ਖੁਸ਼ਨੁਮਾ ਨਹੀਂ ਹਨ। ਮਿਸਾਲ ਦੇ ਤੌਰ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਹ ਦਰਸਾ ਹੀ ਦੇਣਗੇ ਕਿ ਨੌਜਵਾਨ ਪੀੜ੍ਹੀ ਨੇ ਖ਼ੁਦ ਨੂੰ ਮੋਦੀ ਦੇ ਅਸਰ ਤੋਂ ਆਜ਼ਾਦ ਕਰ ਲਿਆ ਹੈ। ‘ਅੱਛੇ ਦਿਨਾਂ’ ਦੀਆਂ ਹਵਾਈ ਉਮੀਦਾਂ ਪੈਦਾ ਕਰਕੇ ‘ਇਤਿਹਾਸਕ ਜਨਾਦੇਸ਼’ ਤਾਂ ਪ੍ਰਾਪਤ ਕਰ ਲਿਆ ਸੀ, ਪਰ ਇਸ ਦੇ ਨਾਲ ਹੀ ਇਹ ਵੀ ਪਤਾ ਹੈ ਕਿ ਵਧਾ-ਚੜ੍ਹਾ ਕੇ ਕੀਤੇ ਗਏ ਵਾਅਦਿਆਂ ਕਾਰਨ ਮਾਯੂਸੀ ਦਾ ਜਵਾਰ ਵੀ ਉੱਠੇਗਾ ਹੀ। ਲਿਹਾਜ਼ਾ, ਜਨਤਾ ਦਾ ਮਨਪਰਚਾਵਾ ਇੱਕ ਵੱਖਰੇ ਤਾਲ ਨਾਲ ਹੀ ਕਰਨਾ ਪਵੇਗਾ। ਬੇਚੈਨੀ ਤੇ ਗ਼ੈਰ-ਯਕੀਨੀ ਵਿੱਚ ਫਸੇ ਭਾਰਤੀਆਂ ਦੀਆਂ ਮਾਨਤਾਵਾਂ ਤੇ ਵਿਹਾਰ ਨੂੰ ਨਵੀਂ ਚੈੱਕ-ਲਿਸਟ ਨਾਲ ਕਿਤੇ ਨਾ ਕਿਤੇ ਹੋਰ ਉਲਝਾਉਣਾ ਹੋਵੇਗਾ। ਇਖ਼ਲਾਕੀ ਪੁਲੀਸਿੰਗ ਵਿੱਚ ਵਿਚਾਰਾਂ ਉੱਤੇ ਕੰਟਰੋਲ ਵੀ ਜੋੜਨਾ ਪਵੇਗਾ।
ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਗੁਰਮਿਹਰ ਕੌਰ ਦੇ ਉਦਾਰ ਰਾਸ਼ਟਰਵਾਦ ਤੋਂ ਉਭਾਰਿਆ ਹੰਗਾਮਾ ਰਾਜਨੀਤਕ ਚਾਲ ਹੈ, ਜਿਸ ਦਾ ਮਕਸਦ ਧੌਂਸਵਾਦੀ ਰਾਜਨੀਤੀ ਨੂੰ ਸੰਸਥਾਗਤ ਰੂਪ ਦੇਣਾ ਹੈ। 2019 ਦੀ ਸਿਆਸੀ ਜੰਗ ਲਈ ਇਸ ਦੇ ਜ਼ਰੀਏ ਮੈਦਾਨ ਤਿਆਰ ਕਰਨ ਦੇ ਹੀਲੇ ਚੱਲ ਰਹੇ ਹਨ। ਮਾਹਰ ਰਣਨੀਤੀਕਾਰ ਆਪਣੀ ਸ਼ਾਤਿਰ-ਦਿਮਾਗ਼ੀ ਤੇ ਰਾਜਸੀ ਵਿਰੋਧੀ ਦੀ ਸੋਚ ਤੋਂ ਅੱਗੇ ਜਾ ਕੇ ਉਸ ਨੂੰ ਮਾਤ ਦੇਣ ਦੀ ਆਪਣੀ ਸਮਰੱਥਾ ਉੱਤੇ ਵੱਧ ਭਰੋਸਾ ਕਰਦੇ ਹਨ। ਉਹ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਵਿਉਂਤਬੰਦੀ ਸ਼ੁਰੂ ਕਰ ਦਿੰਦੇ ਹਨ। ਜੇਕਰ ਨੇਤਾ ਨੂੰ ਦੁਬਾਰਾ ਚੁਣਿਆ ਜਾਣਾ ਹੈ ਤਾਂ ਸਾਡੀ ਰਾਜਸੀ ਰਕਤਧਾਰਾ ਵਿੱਚ ਕੁਝ ਨਵੇਂ ਡਰ, ਕੁਝ ਨਵੇਂ ਤੌਖ਼ਲੇ ਤਾਂ ਭਰਨੇ ਹੀ ਪੈਣਗੇ। ਇਸੇ ਤਰ੍ਹਾਂ ਸਾਡੀ ਕੌਮਪ੍ਰਸਤ ਚਾਹਤਾਂ ਤੇ ਜਜ਼ਬਿਆਂ ਦੀ ਪਾਵਨਤਾ ਨੂੰ ਪਲੀਤ ਕਮਜ਼ੋਰੀਆਂ ਵਾਲੀ ਪਰਤ ਤੇ ਪੈਕਿੰਗ ਚੜ੍ਹਾਉਣੀ ਪਵੇਗੀ। ਇਹੋ ਕੁਝ ਹੁਣ ਵਾਪਰ ਰਿਹਾ ਹੈ।